ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ ਜੀਵਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਉਹ) ਧਿਆਨ ਭੁੱਲ ਜਾਂਦਾ ਹੈ (ਜੋ ਉਸ ਨੂੰ ਮਾਂ ਦੇ ਪੇਟ ਵਿਚ ਰਹਿਣ ਸਮੇ ਹੁੰਦਾ ਹੈ)।
ਹੇ ਵਣਜਾਰੇ ਮਿਤ੍ਰ! (ਜਨਮ ਲੈ ਕੇ ਜੀਵ ਘਰ ਦੇ) ਹਰੇਕ ਜੀਵ ਦੇ ਹੱਥ ਉੱਤੇ (ਇਉਂ) ਨਚਾਈਦਾ ਹੈ ਜਿਵੇਂ ਜਸੋਧਾ ਦੇ ਘਰ ਵਿਚ ਸ੍ਰੀ ਕ੍ਰਿਸ਼ਨ ਜੀ ਨੂੰ।
(ਨਵਾਂ ਜਨਮਿਆ) ਜੀਵ ਹਰੇਕ ਦੇ ਹੱਥ ਵਿਚ ਨਚਾਈਦਾ ਹੈ (ਖਿਡਾਈਦਾ ਹੈ), ਮਾਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ।
ਪਰ, ਹੇ ਮੇਰੇ ਗ਼ਾਫ਼ਿਲ ਮੂਰਖ ਮਨ! ਚੇਤੇ ਰੱਖ, ਅਖ਼ੀਰ ਵੇਲੇ ਕੋਈ ਭੀ ਸ਼ੈ ਤੇਰੀ ਨਹੀਂ ਬਣੀ ਰਹੇਗੀ।
ਜੀਵ ਆਪਣੇ ਮਨ ਵਿਚ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ ਚੇਤੇ ਨਹੀਂ ਕਰਦਾ, ਜਿਸਨੇ ਇਸ ਦੀ ਬਣਤਰ ਬਣਾ ਕੇ ਇਸ ਨੂੰ ਪੈਦਾ ਕੀਤਾ ਹੈ।
ਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ) ਜੀਵ ਨੂੰ ਪ੍ਰਭੂ ਚਰਨਾਂ ਦਾ ਧਿਆਨ ਭੁੱਲ ਜਾਂਦਾ ਹੈ ॥੨॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਵਿਚ ਤੇਰਾ ਮਨ ਧਨ ਨਾਲ ਤੇ ਜਵਾਨੀ ਨਾਲ ਪਰਚ ਗਿਆ ਹੈ।
ਵਣਜਾਰੇ ਮਿਤ੍ਰ! ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤਿ ਨਾਲ ਤੂੰ (ਧਨ ਜੋਬਨ ਦੇ ਮੋਹ ਦੇ) ਬੰਧਨਾਂ ਵਿਚੋਂ ਖ਼ਲਾਸੀ ਪਾ ਸਕੇਂ।
ਜੀਵ ਮਾਇਆ (ਦੇ ਮੋਹ) ਵਿਚ ਇਤਨਾ ਡੌਰ-ਭੌਰਾ ਹੋ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ,
ਧਨ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਜਵਾਨੀ (ਦੇ ਨਸ਼ੇ) ਵਿਚ ਮਸਤਿਆ ਜਾਂਦਾ ਹੈ, (ਤੇ ਇਸ ਤਰ੍ਰਾਂ) ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ।
ਨਾਹ ਇਸ ਨੇ ਧਰਮ (ਭਾਵ, ਹਰਿ ਨਾਮ ਸਿਮਰਨ) ਦਾ ਵਾਪਾਰ ਕੀਤਾ, ਤੇ ਨਾਹ ਹੀ ਇਸ ਨੇ ਉੱਚੇ ਆਤਮਕ ਜੀਵਨ ਨੂੰ ਆਪਣਾ ਮਿੱਤਰ ਬਣਾਇਆ।
ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ ਜੀਵ ਨੇ ਧਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਿਆ ॥੩॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮ੍ਰਿਤ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ) (ਸਰੀਰ-) ਖੇਤ ਨੂੰ ਵੱਢਣ ਵਾਲਾ (ਜਮ) ਆ ਪਹੁੰਚਿਆ।
ਹੇ ਵਣਜਾਰੇ ਮਿਤ੍ਰ! ਜਦੋਂ ਜਮ ਨੇ (ਆ ਕੇ ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ ਤਾਂ ਕਿਸੇ (ਸਬੰਧੀ) ਨੂੰ ਸਮਝ ਨਾਹ ਪਈ ਕਿ ਇਹ ਕੀਹ ਹੋਇਆ।
ਪਰਮਾਤਮਾ ਦੇ ਇਸ ਹੁਕਮ ਤੇ ਭੇਤ ਦੀ ਕਿਸੇ ਨੂੰ ਸਮਝ ਨ ਪੈ ਸਕੀ, ਜਦੋਂ ਜਮ ਨੇ (ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ।
ਤਾਂ (ਉਸ ਦੇ ਮਿਰਤਕ ਸਰੀਰ ਦੇ) ਦੁਆਲੇ ਵਿਅਰਥ ਰੋਣ-ਕੁਰਲਾਣ ਸ਼ੁਰੂ ਹੋ ਗਿਆ। (ਉਹ ਜਿਸ ਨੂੰ ਸਾਰੇ ਹੀ ਸੰਬੰਧੀ 'ਮੇਰਾ, ਮੇਰਾ' ਕਿਹਾ ਕਰਦੇ ਸਨ) ਇਕ ਖਿਨ ਵਿਚ ਹੀ ਓਪਰਾ ਹੋ ਗਿਆ।
ਜਿਸ ਨਾਲ (ਸਾਰੀ ਉਮਰ) ਮੋਹ ਕੀਤੀ ਰੱਖਿਆ (ਤੇ ਉਸ ਦੇ ਅਨੁਸਾਰ ਜੋ ਜੋ ਕਰਮ ਕੀਤੇ, ਅੰਤ ਵੇਲੇ) ਉਹ ਕੀਤੀ ਕਮਾਈ ਸਾਹਮਣੇ ਆ ਗਈ (ਪ੍ਰਾਪਤ ਹੋ ਗਈ)।
ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ ਫ਼ਸਲ) ਵੱਢਣ ਵਾਲੇ (ਜਮਦੂਤ) ਨੇ (ਸਰੀਰ-) ਖੇਤ ਨੂੰ ਆ ਕੱਟਿਆ ॥੪॥੧॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ (ਜੀਵ) ਬਾਲਕਾਂ ਦੀ ਅਕਲ ਵਾਲਾ (ਅੰਞਾਣ) ਹੁੰਦਾ ਹੈ। (ਨਾਮ ਸਿਮਰਨ ਵਲੋਂ) ਬੇ-ਪਰਵਾਹ ਰਹਿੰਦਾ ਹੈ।
ਹੇ ਵਣਜਾਰੇ ਮਿਤ੍ਰ! (ਬਾਲ ਉਮਰੇ ਜੀਵ ਮਾਂ ਦਾ) ਦੁੱਧ ਪੀਂਦਾ ਹੈ ਤੇ ਖੇਡਾਂ ਵਿਚ ਹੀ ਪਰਚਾਈਦਾ ਹੈ, (ਉਸ ਉਮਰੇ) ਮਾਪਿਆਂ ਦਾ (ਆਪਣੇ) ਪੁੱਤਰ ਨਾਲ (ਬੜਾ) ਪਿਆਰ ਹੁੰਦਾ ਹੈ।
ਮਾਂ ਪਿਉ ਦਾ ਪੁੱਤਰ ਨਾਲ ਬਹੁਤ ਪਿਆਰ ਹੁੰਦਾ ਹੈ। ਮਾਇਆ ਦਾ (ਇਹ) ਮੋਹ ਸਾਰੀ ਸ੍ਰਿਸ਼ਟੀ ਨੂੰ (ਹੀ ਵਿਆਪ ਰਿਹਾ ਹੈ)।
(ਜੀਵ ਨੇ ਪਿਛਲੇ ਜਨਮਾਂ ਵਿਚ) ਕਰਮਾਂ ਦਾ ਜੋ ਸੰਗ੍ਰਹ ਕਮਾਇਆ, ਉਹਨਾਂ ਦੇ ਸੰਜੋਗ ਅਨੁਸਾਰ (ਜਗਤ ਵਿਚ) ਜਨਮਿਆ, (ਤੇ ਇਥੇ ਆ ਕੇ ਮੁੜ ਉਹਨਾਂ ਅਨੁਸਾਰ) ਕਰਣੀ ਕਰਦਾ ਹੈ ਕਾਰ ਕਮਾਂਦਾ ਹੈ।
ਦੁਨੀਆ ਮਾਇਆ ਦੇ ਮੋਹ ਵਿਚ ਡੁੱਬ ਰਹੀ ਹੈ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਸ ਮੋਹ ਵਿਚੋਂ) ਖ਼ਲਾਸੀ ਨਹੀਂ ਹੋ ਸਕਦੀ।
ਨਾਨਕ ਆਖਦਾ ਹੈ- ਹੇ ਜੀਵ! (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ (ਤੂੰ ਬੇ-ਪਰਵਾਹ ਹੈਂ), ਪਰਮਾਤਮਾ ਦਾ ਸਿਮਰਨ ਕਰ (ਸਿਮਰਨ ਦੀ ਸਹਾਇਤਾ ਨਾਲ ਹੀ ਤੂੰ ਮਾਇਆ ਦੇ ਮੋਹ ਤੋਂ) ਬਚੇਂਗਾ ॥੧॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ ਭਰ-ਜਵਾਨੀ ਦੇ ਕਾਰਨ ਜੀਵ ਦੀ ਮਤਿ (-ਅਕਲ ਇਉਂ ਹੋ ਜਾਂਦੀ ਹੈ ਜਿਵੇਂ) ਸ਼ਰਾਬ (ਵਿਚ ਗੁੱਟ ਹੈ)।
ਹੇ ਵਣਜਾਰੇ ਮਿਤ੍ਰ! (ਜੀਵ) ਦਿਨ ਰਾਤ ਕਾਮ-ਵਾਸਨਾ ਵਿਚ ਦਬਿਆ ਰਹਿੰਦਾ ਹੈ, (ਕਾਮ ਵਿਚ) ਅੰਨ੍ਹੇ ਹੋਏ ਨੂੰ ਪਰਮਾਤਮਾ ਦਾ ਨਾਮ ਚਿੱਤ ਵਿਚ (ਟਿਕਾਣ ਦੀ ਸੁਰਤਿ) ਨਹੀਂ (ਹੁੰਦੀ)।
ਪਰਮਾਤਮਾ ਦਾ ਨਾਮ ਤਾਂ ਜੀਵ ਦੇ ਹਿਰਦੇ ਵਿਚ ਨਹੀਂ ਵੱਸਦਾ, (ਨਾਮ ਤੋਂ ਬਿਨਾ) ਹੋਰ ਮਿੱਠੇ ਕਸੈਲੇ ਅਨੇਕਾਂ ਰਸਾਂ ਦੇ ਸੁਆਦ ਪਛਾਣਦਾ ਹੈ।
ਹੇ ਝੂਠੇ (ਮੋਹ ਵਿਚ ਫਸੇ ਜੀਵ)! ਤੂੰ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਪਾਈ, ਪ੍ਰਭੂ-ਚਰਨਾਂ ਵਿਚ ਤੇਰੀ ਸੁਰਤ ਨਹੀਂ, ਪਰਮਾਤਮਾ ਦੇ ਗੁਣ ਯਾਦ ਨਹੀਂ ਕੀਤੇ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਉੱਦਮ ਨਹੀਂ ਕੀਤਾ (ਇਸ ਦਾ ਨਤੀਜਾ ਇਹ ਹੋਵੇਗਾ ਕਿ) ਤੂੰ ਜਨਮ ਮਰਨ ਦੇ ਗੇੜ ਵਿਚ ਪੈ ਜਾਇਗਾ।
(ਉੱਚਾ ਆਤਮਕ ਜੀਵਨ ਬਣਾਣ ਵਾਲੇ ਸੇਵਾ-ਸਿਮਰਨ ਦੇ ਕੰਮ ਕਰਨੇ ਤਾਂ ਦੂਰ ਰਹੇ, ਕਾਮ ਵਿੱਚ ਮੱਤਾ ਹੋਇਆ ਜੀਵ) ਤੀਰਥ ਵਰਤ, ਸੁਚਿ, ਸੰਜਮ, ਪੂਜਾ ਆਦਿਕ ਕਰਮ ਕਾਂਡ ਦੇ ਧਰਮ ਭੀ ਨਹੀਂ ਕਰਦਾ।
(ਉਂਞ) ਹੇ ਨਾਨਕ! ਪਰਮਾਤਮਾ ਦੇ ਪ੍ਰੇਮ ਦੀ ਰਾਹੀਂ ਹੀ ਪ੍ਰਭੂ ਦੀ ਭਗਤੀ ਦੀ ਰਾਹੀਂ ਹੀ (ਇਸ ਕਾਮ-ਵਾਸ਼ਨਾ ਤੋਂ) ਬਚਾ ਹੋ ਸਕਦਾ ਹੈ, (ਭਗਤੀ-ਸਿਮਰਨ ਵਲੋਂ) ਦੁਚਿੱਤਾ-ਪਨ ਰੱਖਿਆਂ (ਕਾਮਾਦਿਕ ਦੀ ਸ਼ਕਲ ਵਿਚ) ਮਾਇਆ ਦਾ ਮੋਹ ਹੀ ਜ਼ੋਰ ਪਾਂਦਾ ਹੈ ॥੨॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ ਸਰ ਉੱਤੇ ਹੰਸ ਆ ਉੱਤਰਦੇ ਹਨ (ਸਿਰ ਉੱਤੇ ਧੌਲੇ ਆ ਜਾਂਦੇ ਹਨ)।
ਹੇ ਵਣਜਾਰੇ ਮਿਤ੍ਰ! (ਜਿਉਂ ਜਿਉਂ) ਜਵਾਨੀ ਘਟਦੀ ਹੈ ਬੁਢੇਪਾ (ਸਰੀਰਕ ਤਾਕਤ ਨੂੰ) ਜਿੱਤਦਾ ਜਾਂਦਾ ਹੈ (ਉਮਰ ਦਾ) ਇਕ ਇਕ ਦਿਨ ਲੰਘਦਾ ਹੈ ਉਮਰ ਘਟਦੀ ਜਾਂਦੀ ਹੈ।