ਦਾਸ ਨਾਨਕ ਆਖਦਾ ਹੈ ਜੇ ਮਨੁੱਖ ਦਾ ਮਨ ਪਰਮਾਤਮਾ ਦਾ ਸਿਮਰਨ ਕਰੇ, ਤਾਂ ਮਨੁੱਖ ਮਨ ਦੀ ਇਕਾਗ੍ਰਤਾ ਨਾਲ ਸੁਆਸ ਸੁਆਸ (ਨਾਮ ਜਪ ਕੇ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ।
ਇਸ ਤਰੀਕੇ ਨਾਲ ਮੱਛੀ ਦੀ ਚੰਚਲਤਾ ਵਾਲਾ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਤੇ ਸਰੀਰ ਭੀ ਵਿਕਾਰਾਂ ਵਿਚ ਖਚਿਤ ਨਹੀਂ ਹੁੰਦਾ ॥੩॥੯॥
(ਜੇਹੜਾ ਮਨੁੱਖ ਮਾਲਿਕ-ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਨਹੀਂ ਵੇਖਦਾ, ਪ੍ਰਭੂ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ) ਉਸ ਦੀ ਮਾਇਆ ਦੀ ਤ੍ਰਿਸ਼ਨਾ ਨਹੀਂ ਮੁੱਕਦੀ, ਉਸ ਦਾ ਮਨ ਵਿਕਾਰਾਂ ਵਲੋਂ ਨਹੀਂ ਹਟਦਾ, ਉਸ ਦਾ ਹਿਰਦਾ-ਸਰੋਵਰ ਮੈਂ ਮੈਂ ਦੀਆਂ ਲਹਿਰਾਂ ਨਾਲ ਭਰਪੂਰ ਰਹਿੰਦਾ ਹੈ।
ਉਹੀ ਜੀਵਨ-ਬੇੜਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਦੇ) ਪਾਣੀਆਂ ਉਤੇ ਤਰ ਕੇ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ ਜਿਸ ਵਿਚ ਸਦਾ-ਥਿਰ ਰਹਿਣ ਵਾਲਾ ਨਾਮ-ਸੌਦਾ ਹੈ।
ਜਿਸ ਮਨ ਵਿਚ ਨਾਮ-ਮੋਤੀ ਵੱਸਦਾ ਹੈ, ਉਸ ਮਨ ਨੂੰ ਉਹ ਮੋਤੀ ਵਿਕਾਰਾਂ ਵਲੋਂ ਬਚਾ ਲੈਂਦਾ ਹੈ, ਸੱਚੇ ਨਾਮ ਵਿਚ ਜੁੜੇ ਰਹਿਣ ਦੇ ਕਾਰਨ ਉਸ ਮਨ ਵਿਚ ਤ੍ਰੇੜ ਨਹੀਂ ਆਉਂਦੀ (ਉਹ ਮਨ ਮਾਇਆ ਵਿਚ ਡੋਲਦਾ ਨਹੀਂ)।
ਪ੍ਰਭੂ ਦੇ ਡਰ-ਅਦਬ ਵਿਚ ਰੱਤਾ ਹੋਇਆ ਜੀਵਾਤਮਾ ਪ੍ਰਭੂ ਦੇ ਗੁਣਾਂ ਵਿਚ ਪਰਵਿਰਤ ਰਹਿਣ ਕਰਕੇ ਅੰਦਰ ਹੀ ਹਿਰਦੇ-ਤਖ਼ਤ ਉਤੇ ਟਿਕਿਆ ਰਹਿੰਦਾ ਹੈ (ਬਾਹਰ ਨਹੀਂ ਭਟਕਦਾ) ॥੧॥
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੂੰ (ਆਪਣੇ ਆਪ ਤੋਂ) ਦੂਰ ਵੱਸਦਾ ਨਾਹ ਸਮਝ (ਸੱਚਾ ਮਾਲਕ ਤੇਰੇ ਆਪਣੇ ਅੰਦਰ ਵੱਸ ਰਿਹਾ ਹੈ)।
ਉਸ ਜਗਤ-ਦੇ-ਆਸਰੇ ਪ੍ਰਭੂ ਦੀ ਜੋਤਿ ਸਭ ਜੀਵਾਂ ਦੇ ਅੰਦਰ ਮੌਜੂਦ ਹੈ। ਪ੍ਰਭੂ ਦਾ ਹੁਕਮ ਹਰੇਕ ਜੀਵ ਦੇ ਉਤੇ ਸਦਾ ਅਟੱਲ ਹੈ ॥੧॥ ਰਹਾਉ ॥
ਬ੍ਰਹਮਾ ਵਿਸ਼ਨੂੰ ਸ਼ਿਵ ਇੰਦਰ ਹੋਰ ਅਨੇਕਾਂ ਰਿਸ਼ੀ ਮੁਨੀ, ਚਾਹੇ ਕੋਈ ਤਪ ਕਰਦਾ ਹੈ ਚਾਹੇ ਕੋਈ ਤਿਆਗੀ ਹੈ,
ਉਹੀ ਪਰਮਾਤਮਾ ਦੇ ਦਰ ਤੇ ਸੋਭਾ ਪਾਂਦਾ ਹੈ ਜੋ ਪਰਮਾਤਮਾ ਦਾ ਹੁਕਮ ਮੰਨਦਾ ਹੈ (ਜੋ ਪਰਮਾਤਮਾ ਦੀ ਰਜ਼ਾ ਵਿਚ ਆਪਣੀ ਮਰਜ਼ੀ ਲੀਨ ਕਰਦਾ ਹੈ), ਆਪਣੀ ਮਨ-ਮਰਜ਼ੀ ਕਰਨ ਵਾਲੇ ਅਹੰਕਾਰੀ ਆਤਮਕ ਮੌਤੇ ਮਰਦੇ ਹਨ।
ਅਸਾਂ ਗੁਰੂ ਦੀ ਰਾਹੀਂ ਇਹ ਵਿਚਾਰ (ਕੇ ਵੇਖ) ਲਿਆ ਹੈ ਕਿ ਜੰਗਮ ਹੋਣ, ਜੋਧੇ ਹੋਣ, ਜਤੀ ਹੋਣ, ਸੰਨਿਆਸੀ ਹੋਣ,
ਪ੍ਰਭੂ ਦੀ ਸੇਵਾ-ਭਗਤੀ ਤੋਂ ਬਿਨਾ ਕਦੇ ਭੀ ਕੋਈ ਆਪਣੀ ਘਾਲ-ਕਮਾਈ ਦਾ ਫਲ ਪ੍ਰਾਪਤ ਨਹੀਂ ਕਰ ਸਕਦਾ। ਸੇਵਾ-ਸਿਮਰਨ ਹੀ ਸਭ ਤੋਂ ਸ੍ਰੇਸ਼ਟ ਕਰਣੀ ਹੈ ॥੨॥
ਹੇ ਪ੍ਰਭੂ! ਗ਼ਰੀਬਾਂ ਵਾਸਤੇ ਤੇਰਾ ਨਾਮ ਖ਼ਜ਼ਾਨਾ ਹੈ (ਗ਼ਰੀਬ ਹੁੰਦਿਆਂ ਭੀ ਉਹ ਬਾਦਸ਼ਾਹਾਂ ਵਾਲਾ ਦਿਲ ਰੱਖਦੇ ਹਨ), ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ, ਉਹਨਾਂ ਦਾ ਤੂੰ ਰਾਹਬਰ ਬਣਦਾ ਹੈਂ, ਜਿਨ੍ਹਾਂ ਨੂੰ ਕੋਈ ਮਾਣ-ਆਦਰ ਨਹੀਂ ਦੇਂਦਾ (ਨਾਮ- ਦਾਤ ਦੇ ਕੇ) ਉਹਨਾਂ ਨੂੰ (ਜਗਤ ਵਿਚ) ਆਦਰ ਦਿਵਾਂਦਾ ਹੈਂ।
ਜਿਸ ਭੀ (ਆਤਮਕ ਅੱਖਾਂ ਵਲੋਂ) ਅੰਨ੍ਹੇ ਨੇ ਗੁਰੂ-ਜੋਤੀ (ਦਾ ਪੱਲਾ) ਫੜਿਆ ਹੈ ਉਸ ਨਿਆਸਰੇ ਦਾ ਤੂੰ ਆਸਰਾ ਬਣ ਜਾਂਦਾ ਹੈਂ।
ਹੋਮ ਜਪ ਆਦਿਕਾਂ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਨਹੀਂ ਬਣਦੀ, ਗੁਰੂ ਦੀ ਦਿੱਤੀ ਮੱਤ ਤੇ ਤੁਰਿਆਂ ਉਹ ਸਦਾ-ਥਿਰ ਪ੍ਰਭੂ (ਜੀਵ ਦਾ) ਦਰਦੀ ਬਣ ਜਾਂਦਾ ਹੈ।
ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਦਰ ਤੇ ਸਹਾਰਾ ਨਹੀਂ ਮਿਲਦਾ, ਜੰਮਣ ਮਰਨ ਦਾ ਨਾਸਵੰਤ ਗੇੜ ਬਣਿਆ ਰਹਿੰਦਾ ਹੈ ॥੩॥
ਹੇ ਭਾਈ! ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਦਾ ਵਡਿਆਉਣਾ ਚਾਹੀਦਾ ਹੈ, ਸੱਚੇ ਨਾਮ ਦੀ ਹੀ ਬਰਕਤਿ ਨਾਲ ਸੰਤੋਖੀ ਜੀਵਨ ਮਿਲਦਾ ਹੈ।
ਪ੍ਰਭੂ ਦੀ ਡੂੰਘੀ ਸਾਂਝ-ਰੂਪ ਰਤਨ ਨਾਲ ਮਨ ਨੂੰ ਲਿਸ਼ਕਾਣਾ ਚਾਹੀਦਾ ਹੈ, ਮੁੜ ਇਹ (ਵਿਕਾਰਾਂ ਵਿਚ) ਮੈਲਾ ਨਹੀਂ ਹੁੰਦਾ।
ਪ੍ਰਭੂ-ਮਾਲਕ ਜਦ ਤਕ ਮਨ ਵਿਚ ਵੱਸਿਆ ਰਹਿੰਦਾ ਹੈ (ਜੀਵਨ-ਸਫ਼ਰ ਵਿਚ ਵਿਕਾਰਾਂ ਵਲੋਂ) ਕੋਈ ਰੋਕ ਨਹੀਂ ਪੈਂਦੀ।
ਹੇ ਨਾਨਕ! ਆਪਾ-ਭਾਵ ਗਵਾਇਆਂ ਹੀ ਵਿਕਾਰਾਂ ਤੋਂ ਖ਼ਲਾਸੀ ਮਿਲਦੀ ਹੈ, ਤੇ ਉਹ ਸਦਾ-ਥਿਰ ਪ੍ਰਭੂ ਮਨ ਵਿਚ ਤੇ ਸਰੀਰ ਵਿਚ ਟਿਕਿਆ ਰਹਿੰਦਾ ਹੈ ॥੪॥੧੦॥
ਜਿਸ ਜੋਗੀ ਦੀ ਜੀਵਨ-ਜੁਗਤਿ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਹੈ, ਉਸ ਦੇ ਮਨ ਵਿਚ (ਵਿਕਾਰਾਂ ਵਾਲੀ) ਰਤਾ ਭੀ ਮੈਲ ਨਹੀਂ ਰਹਿ ਜਾਂਦੀ।
ਸਭਨਾਂ ਦਾ ਪਿਆਰਾ, ਸਭਨਾਂ ਦਾ ਖਸਮ ਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਦਾ ਉਸ (ਜੋਗੀ) ਦੇ ਹਿਰਦੇ ਵਿਚ ਵੱਸਦਾ ਹੈ (ਇਸ ਵਾਸਤੇ) ਜਨਮ ਮਰਨ ਦਾ ਗੇੜ ਪੈਦਾ ਕਰਨ ਵਾਲੀ ਉਸ ਦੀ ਆਤਮਕ ਅਵਸਥਾ ਮੁੱਕ ਜਾਂਦੀ ਹੈ ॥੧॥
ਹੇ ਧਰਤੀ ਦੇ ਖਸਮ-ਪ੍ਰਭੂ! ਤੇਰਾ ਕਕੋਈ ਖ਼ਾਸ ਨਾਮ ਹੈ ਤੇ ਤੇਰੀ ਕੋਈ ਖ਼ਾਸ ਜਾਤਿ ਹੈ?
ਜਦੋਂ ਤੂੰ ਮੈਨੂੰ ਅੰਤਰ ਆਤਮੇ ਚਰਨਾਂ ਵਿਚ ਸੱਦਦਾ ਹੈਂ (ਜੋੜਦਾ ਹੈਂ) ਤਦੋਂ ਮੈਂ (ਤੈਥੋਂ) ਇਹ ਭੇਦ ਦੀ ਗੱਲ ਪੁੱਛਦਾ ਹਾਂ (ਭਾਵ, ਜਦੋਂ ਤੂੰ ਆਪਣੀ ਮੇਹਰ ਨਾਲ ਮੈਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ ਤਦੋਂ ਮੈਨੂੰ ਸਮਝ ਆਉਂਦੀ ਹੈ ਕਿ ਨਾਹ ਕੋਈ ਤੇਰਾ ਖ਼ਾਸ ਨਾਮ ਹੈ ਅਤੇ ਨਾਹ ਹੀ ਤੇਰੀ ਕੋਈ ਖ਼ਾਸ ਜਾਤਿ ਹੈ) ॥੧॥ ਰਹਾਉ ॥
ਉਹ ਬ੍ਰਾਹਮਣ ਬ੍ਰਹਮ (ਪਰਮਾਤਮਾ ਦਾ ਰੂਪ ਹੋ ਜਾਂਦਾ) ਹੈ ਜੋ ਪਰਮਾਤਮਾ ਦੇ ਗਿਆਨ-ਜਲ ਵਿਚ ਆਪਣੇ ਮਨ ਨੂੰ ਇਸ਼ਨਾਨ ਕਰਾਂਦਾ ਹੈ ਜੋ ਸਦਾ ਪ੍ਰਭੂ ਦੇ ਗੁਣ ਗਾਂਦਾ ਹੈ (ਮਾਨੋ, ਫੁੱਲਾਂ) ਪੱਤ੍ਰਾਂ ਨਾਲ ਪ੍ਰਭੂ ਨੂੰ ਪੂਜਦਾ ਹੈ,
ਜੋ ਸਿਰਫ਼ ਪਰਮਾਤਮਾ ਨੂੰ ਜੋ ਸਿਰਫ਼ ਪਰਮਾਤਮਾ ਦੇ ਨਾਮ ਨੂੰ (ਹਿਰਦੇ ਵਿਚ ਸਦਾ ਵਸਾਈ ਰੱਖਦਾ ਹੈ, ਜਿਸ ਨੂੰ) ਇਹ ਸਾਰਾ ਸੰਸਾਰ ਪ੍ਰਭੂ ਦੀ ਜੋਤਿ ਦਾ ਪਸਾਰਾ ਦਿੱਸਦਾ ਹੈ ॥੨॥
(ਜਿਉਂ ਜਿਉਂ) ਮੈਂ ਆਪਣੀ ਜੀਭ ਨੂੰ ਤੱਕੜੀ ਦੀ ਡੰਡੀ ਬਣਾਂਦਾ ਹਾਂ, ਆਪਣੇ ਇਸ ਹਿਰਦੇ ਨੂੰ ਤੱਕੜੀ ਦਾ ਇਕ ਛਾਬਾ ਬਣਾਂਦਾ ਹਾਂ, (ਇਸ ਛਾਬੇ ਵਿਚ) ਅਤੁੱਲ ਪ੍ਰਭੂ ਦਾ ਨਾਮ ਤੋਲਦਾ ਹਾਂ,
(ਤੇ ਦੂਜੇ ਛਾਬੇ ਵਿਚ ਆਪਣੇ ਅੰਦਰੋਂ ਆਪਾ-ਭਾਵ ਕੱਢ ਕੇ ਰੱਖੀ ਜਾਂਦਾ ਹਾਂ, ਤਿਉਂ ਤਿਉਂ ਇਹ ਜਗਤ ਮੈਨੂੰ) ਇਕ ਹੱਟ ਦਿੱਸਦਾ ਹੈ ਜਿਥੇ ਸਾਰੇ ਹੀ ਜੀਵ ਇਕੋ ਕਿਸਮ ਦੇ (ਭਾਵ, ਪ੍ਰਭੂ-ਨਾਮ ਦੇ) ਵਣਜਾਰੇ ਦਿੱਸਦੇ ਹਨ ਤੇ ਸਭਨਾਂ ਦੇ ਸਿਰ ਉਤੇ (ਭਾਵ, ਸਭਨਾਂ ਨੂੰ ਜਿੰਦ-ਪਿੰਡ ਦੀ ਰਾਸਿ ਦੇਣ ਵਾਲਾ) ਸ਼ਾਹ ਪਰਮਾਤਮਾ ਆਪ ਹੈ ॥੩॥
(ਗੁਰ-ਸ਼ਬਦ ਦੀ ਬਰਕਤਿ ਨਾਲ) ਜਿਸ ਮਨੁੱਖ ਦੀ ਸੁਰਤ ਇਕ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ ਜੋ ਅੰਤਰ ਆਤਮੇ ਭਟਕਣਾ-ਰਹਿਤ ਹੋ ਜਾਂਦਾ ਹੈ ਉਸ ਨੂੰ ਸਹੀ ਜੀਵਨ-ਜੁਗਤਿ ਦੀ ਸਮਝ ਆ ਜਾਂਦੀ ਹੈ, ਸਤਿਗੁਰੂ ਉਸ ਦਾ ਜਨਮ ਮਰਨ ਦਾ ਗੇੜ ਮੁਕਾ ਦੇਂਦਾ ਹੈ।
ਉਹ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦਾ ਹੈ (ਇਸ ਤਰ੍ਹਾਂ ਆਪਣੇ ਮਨ ਦੀ) ਭਟਕਣਾ ਮੁਕਾਂਦਾ ਹੈ ਤੇ ਦਿਨ ਰਾਤ ਸਦਾ ਦਾ ਸੇਵਕ ਬਣਿਆ ਰਹਿੰਦਾ ਹੈ ॥੪॥
(ਦੁਨੀਆ ਦੇ ਮਾਇਕ ਫੁਰਨਿਆਂ ਦੀ ਪਹੁੰਚ ਤੋਂ ਦੂਰ) ਉੱਚਾ ਉਹ ਚਿੱਤ-ਆਕਾਸ਼ ਹੈ (ਉਹ ਆਤਮਕ ਅਵਸਥਾ ਹੈ) ਜਿਥੇ ਸ੍ਰਿਸ਼ਟੀ ਦਾ ਪਾਲਕ ਪਰਮਾਤਮਾ ਵਸ ਸਕਦਾ ਹੈ; ਉਸ ਪ੍ਰਭੂ (ਦੇ ਮਿਲਾਪ) ਦਾ ਉਹ ਟਿਕਾਣਾ ਅਪਹੁੰਚ ਹੈ (ਕਿਉਂਕਿ ਜੀਵ ਮੁੜ ਮੁੜ ਮਾਇਆ ਵਲ ਪਰਤਦਾ ਰਹਿੰਦਾ ਹੈ)। ਫਿਰ ਭੀ ਗੁਰੂ ਦੀ ਰਾਹੀਂ ਉਸ ਟਿਕਾਣੇ ਦਾ ਵਸਨੀਕ ਬਣ ਜਾਈਦਾ ਹੈ।
ਨਾਨਕ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਜਗਤ ਦੇ ਮੋਹ ਤੋਂ ਉਪਰਾਮ ਹੋ ਗਿਆ ਹੈ, (ਇਸ ਤਰ੍ਹਾਂ) ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪ੍ਰਭੂ ਨੂੰ ਹੀ ਵੇਖਦਾ ਹੈ ॥੫॥੧੧॥