(ਨਿਰੀ ਮਾਇਆ ਦਾ ਲੇਖਾ ਪੜ੍ਹਾਨ ਵਾਲੇ) ਪਾਂਧੇ ਨੇ ਪਹਿਲਾਂ ਆਪਣੇ ਗਲ ਵਿਚ (ਮਾਇਆ ਦੀ) ਫਾਹੀ ਪਾਈ ਹੋਈ ਹੈ, ਫਿਰ ਉਹੀ ਫਾਹੀ ਆਪਣੇ ਵਿਦਿਆਰਥੀਆਂ ਦੇ ਗਲ ਵਿਚ ਪਾ ਦੇਂਦਾ ਹੈ ॥੫॥
ਹੇ ਮੂਰਖ (ਪੰਡਤ)! (ਨਿਰੀ ਮਾਇਆ ਦੀ ਖ਼ਾਤਰ ਪੜ੍ਹਣ ਪੜ੍ਹਾਨ ਦੇ ਕਾਰਨ ਲਾਲਚ-ਵੱਸ ਹੋ ਕੇ) ਤੂੰ ਜੀਵਨ-ਜੁਗਤਿ ਭੀ ਗਵਾ ਬੈਠਾ ਹੈਂ ਤੇ (ਪਰੋਹਤ ਹੋਣ ਕਰਕੇ) ਤੂੰ ਆਪਣੇ ਜਜਮਾਨ ਪਾਸੋਂ ਹਰ ਦਿਨ-ਦਿਹਾਰ ਤੇ ਦਾਨ ਲੈਂਦਾ ਹੈਂ, (ਪਰ) ਇਕ ਦਾਨ ਤੂੰ ਆਪਣੇ ਜਜਮਾਨ ਤੋਂ ਗ਼ਲਤ ਥਾਂ ਲੈਂਦਾ ਹੈਂ।
ਜਜਮਾਨ ਦੀ ਧੀ ਤੇਰੀ ਹੀ ਧੀ ਹੈ (ਭਾਵ, ਧੀ ਦੇ ਵਿਆਹ ਤੇ ਜਜਮਾਨ ਪਾਸੋਂ ਦਾਨ ਲੈਣਾ ਧੀ ਦਾ ਪੈਸਾ ਖਾਣਾ ਹੈ) ਇਹ ਅੰਨ ਖਾਣ ਨਾਲ (ਇਹ ਪੈਸਾ ਖਾਣ ਨਾਲ) ਤੂੰ ਆਪਣਾ ਆਤਮਕ ਜੀਵਨ ਗਵਾ ਲੈਂਦਾ ਹੈਂ ॥੬॥
ਹੇ ਮੂਰਖ! (ਇਕ ਪਾਸੇ ਮਾਇਆ ਦੇ ਲਾਲਚ ਨੇ) ਤੇਰੀ ਅਕਲ ਮਾਰੀ ਹੋਈ ਹੈ (ਤੈਨੂੰ 'ਕੁਥਾਇ ਦਾਨ' ਲੈਣ ਤੋਂ ਭੀ ਸੰਕੋਚ ਨਹੀਂ ਹੈ। ਦੂਜੇ ਪਾਸੇ) ਤੈਨੂੰ ਇਹ ਵੱਡਾ (ਆਤਮਕ) ਰੋਗ ਚੰਬੜਿਆ ਹੋਇਆ ਹੈ ਕਿ ਮੈਂ (ਵਿਦਵਾਨ) ਹਾਂ, ਮੈਂ (ਵਿਦਵਾਨ) ਹਾਂ।
ਤੂੰ ਆਪਣੇ ਅੰਦਰ (ਵੱਸਦੇ) ਪਰਮਾਤਮਾ ਨੂੰ ਪਛਾਣ ਨਹੀਂ ਸਕਿਆ, (ਇਸੇ ਵਾਸਤੇ ਤੇਰਾ ਆਪਾ) ਮਾਇਆ (ਦੇ ਲਾਲਚ) ਦੇ ਅਧੀਨ ਹੈ ॥੭॥
ਹੇ ਮੂਰਖ! (ਹੋਰਨਾਂ ਨੂੰ ਮੱਤਾਂ ਦੇਂਦਾ) ਤੂੰ ਆਪ ਕਾਮ ਵਾਸਨਾ ਵਿਚ ਕ੍ਰੋਧ ਵਿਚ (ਫਸ ਕੇ) ਕੁਰਾਹੇ ਪਿਆ ਹੋਇਆ ਹੈਂ।
ਤੂੰ (ਧਰਮ ਪੁਸਤਕ) ਪੜ੍ਹਦਾ ਹੈਂ, ਅਰਥ ਵਿਚਾਰਦਾ ਹੈਂ, ਤੇ ਹੋਰਨਾਂ ਨੂੰ ਸੁਣਾਂਦਾ ਭੀ ਹੈਂ, ਪਰ (ਸਹੀ ਜੀਵਨ-ਰਾਹ) ਸਮਝਣ ਤੋਂ ਬਿਨਾ ਤੂੰ (ਲਾਲਚ ਦੇ ਹੜ੍ਹ ਵਿਚ) ਡੁੱਬ ਕੇ ਆਤਮਕ ਮੌਤੇ ਮਰ ਚੁਕਾ ਹੈਂ ॥੮॥
ਹੇ ਮੂਰਖ (ਪੰਡਿਤ!) ਤੂੰ (ਅੰਦਰੋਂ) ਕ੍ਰੋਧ ਨਾਲ ਸੜਿਆ ਹੋਇਆ ਹੈਂ, ਤੇਰਾ ਹਿਰਦਾ-ਥਾਂ (ਲਾਲਚ ਨਾਲ) ਗੰਦਾ ਹੋਇਆ ਪਿਆ ਹੈ।
ਹੇ ਮੂਰਖ! ਤੂੰ ਹਰੇਕ (ਜਜਮਾਨ ਦੇ) ਘਰ ਵਿਚ (ਮਾਇਕ ਦੱਛਣਾ ਵਾਸਤੇ ਤਾਂ) ਤੁਰਿਆ ਫਿਰਦਾ ਹੈਂ, ਪਰ ਪ੍ਰਭੂ ਦੇ ਨਾਮ ਦੀ ਦੱਛਣਾ ਤੂੰ ਅਜੇ ਤਕ ਕਿਸੇ ਪਾਸੋਂ ਨਹੀਂ ਲਈ ॥੯॥
ਹੇ ਮੂਰਖ! ਤੂੰ ਸੰਸਾਰ (ਦੇ ਮੋਹ-ਜਾਲ) ਵਿਚ (ਇਤਨਾ) ਉਲਝ ਰਿਹਾ ਹੈਂ ਕਿ ਇਸ ਵਿਚੋਂ ਪਾਰਲੇ ਪਾਸੇ ਨਹੀਂ ਲੰਘ ਸਕਦਾ।
ਹੇ ਮੂਰਖ! (ਤੇਰੇ ਆਪਣੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਤੈਨੂੰ (ਉਸੇ) ਕੁਰਾਹੇ ਪਾ ਦਿੱਤਾ ਹੈ (ਜਿਧਰ ਤੇਰੀ ਰੁਚੀ ਬਣੀ ਹੋਈ ਹੈ, ਤੇ) ਉਹਨਾਂ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਇਕੱਠ ਦਾ ਲੇਖ ਤੇਰੇ ਮੱਥੇ ਉਤੇ (ਇਤਨਾ) ਉਕਰਿਆ ਪਿਆ ਹੈ (ਕਿ ਤੈਨੂੰ ਸਹੀ ਰਸਤੇ ਦੀ ਸੂਝ ਨਹੀਂ ਪੈਂਦੀ, ਪਰ ਤੂੰ ਹੋਰਨਾਂ ਨੂੰ ਮੱਤਾਂ ਦੇਂਦਾ ਫਿਰਦਾ ਹੈਂ) ॥੧੦॥
ਹੇ ਮੂਰਖ! ਤੂੰ ਮਾਇਆ (ਦੇ ਮੋਹ) ਵਿਚ ਇਤਨਾ ਮਸਤ ਹੈਂ ਕਿ ਤੈਨੂੰ ਹੋਰ ਕੁਝ ਸੁੱਝਦਾ ਹੀ ਨਹੀਂ, ਤੂੰ ਸੰਸਾਰ-ਸਮੁੰਦਰ (ਦੀਆਂ ਮੋਹ ਦੀਆਂ ਲਹਰਾਂ) ਵਿਚ ਗੋਤੇ ਖਾ ਰਿਹਾ ਹੈਂ (ਆਪਣੇ ਬਚਾਉ ਵਾਸਤੇ ਤੂੰ ਕੋਈ ਉੱਦਮ ਨਹੀਂ ਕਰਦਾ)।
(ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਕਿਰਪਾ ਨਾਲ ਜੇਹੜਾ ਮਨੁੱਖ ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਇਸ ਸੰਸਾਰ-ਸਮੁੰਦਰ ਤੋਂ ਇਕ ਪਲ ਵਿਚ ਪਾਰ ਲੰਘ ਜਾਂਦਾ ਹੈ ॥੧੧॥
ਹੇ ਮੂਰਖ (ਭਾਗਾਂ ਨਾਲ) ਮਨੁੱਖਾਂ ਜਨਮ (ਮਿਲਣ) ਦੀ ਵਾਰੀ ਆਈ ਸੀ, ਪਰ (ਇਸ ਅਮੋਲਕ ਜਨਮ ਵਿਚ ਭੀ) ਤੈਨੂੰ ਪਰਮਾਤਮਾ ਭੁੱਲਿਆ ਹੀ ਰਿਹਾ।
ਹੇ ਮੂਰਖ! (ਜੇ ਖੁੰਝਿਆ ਹੀ ਰਿਹੋਂ ਤਾਂ) ਇਹ ਸਮਾਂ ਮੁੜ ਨਹੀਂ ਲੱਭ ਸਕੇਂਗਾ (ਤੇ ਮਾਇਆ ਦੇ ਮੋਹ ਵਿਚ ਫਸਿਆ ਰਹਿ ਕੇ) ਤੂੰ ਜਮ ਦੇ ਵੱਸ ਪੈ ਜਾਹਿਂਗਾ (ਜਨਮ ਮਰਨ ਦੇ ਗੇੜ ਵਿਚ ਜਾ ਪਏਂਗਾ) ॥੧੨॥
ਹੇ ਮੂਰਖ! ਤੂੰ ਪੂਰੇ ਗੁਰੂ ਦਾ ਉਪਦੇਸ਼ ਧਾਰਨ ਕਰ ਕੇ ਵੇਖ ਲੈ, (ਮਾਇਆ ਆਦਿਕ ਦੀ ਖ਼ਾਤਰ) ਤੈਨੂੰ ਕਦੇ ਹਾਹੁਕੇ ਨਹੀਂ ਲੈਣੇ ਪੈਣਗੇ (ਕਿਉਂਕਿ ਮਾਇਆ-ਮੋਹ ਦਾ ਜਾਲ ਹੀ ਟੁੱਟ ਜਾਇਗਾ),
ਪਰ ਜੇ ਪੂਰੇ ਗੁਰੂ ਦੀ ਸਰਨ ਨਹੀਂ ਪਏਂਗਾ ਤਾਂ ਕੋਈ (ਰਸਮੀ) ਗੁਰੂ (ਇਹਨਾਂ ਹਾਹੁਕਿਆਂ ਤੋਂ ਬਚਾ) ਨਹੀਂ (ਸਕਦਾ)। ਜੇਹੜਾ ਮਨੁੱਖ ਪੂਰੇ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦਾ, (ਕੁਰਾਹੇ ਪੈਣ ਕਰ ਕੇ) ਉਹ ਬਦਨਾਮੀ ਹੀ ਖੱਟਦਾ ਹੈ ॥੧੩॥
ਹੇ ਮੂਰਖ! ਆਤਮਕ ਸੁਖ ਦਾ ਖ਼ਜ਼ਾਨਾ ਪਰਮਾਤਮਾ ਤੇਰੇ ਅੰਦਰ ਵੱਸ ਰਿਹਾ ਹੈ (ਪਰ ਤੂੰ ਸੁਖ ਲੱਭਣ ਵਾਸਤੇ ਬਾਹਰ ਭਟਕਦਾ ਫਿਰਦਾ ਹੈਂ) ਬਾਹਰ ਭਟਕਦੇ ਮਨ ਨੂੰ ਰੋਕ ਕੇ ਰੱਖ!
ਜੇ ਤੂੰ ਗੁਰੂ ਦੇ ਦੱਸੇ ਰਸਤੇ ਉਤੇ ਤੁਰੇਂ ਤਾਂ (ਅੰਦਰ ਵੱਸਦੇ) ਪਰਮਾਤਮਾ ਦੇ ਨਾਮ ਦਾ ਰਸ ਪੀਵੇਂਗਾ, ਸਦਾ ਲਈ ਇਹ ਨਾਮ-ਰਸ ਵਰਤਦਾ ਰਹੇਂਗਾ (ਕਦੇ ਮੁੱਕੇਗਾ ਨਹੀਂ) ॥੧੪॥
ਹੇ ਮੂਰਖ! ਪਰਮਾਤਮਾ (ਦੇ ਨਾਮ) ਨੂੰ ਆਪਣੇ ਚਿੱਤ ਵਿਚ ਵਸਾ ਲੈ (ਤਦੋਂ ਹੀ ਉਸ ਨਾਲ ਮਿਲਾਪ ਹੋਵੇਗਾ), ਨਿਰੀਆਂ ਗੱਲਾਂ ਨਾਲ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ।
ਹੇ ਮੂਰਖ! ਗੁਰੂ ਦੇ ਚਰਨ ਹਿਰਦੇ ਵਿਚ ਟਿਕਾਈ ਰੱਖ, ਪਿਛਲੇ ਕੀਤੇ ਹੋਏ ਸਾਰੇ ਪਾਪ ਬਖ਼ਸ਼ੇ ਜਾਣਗੇ ॥੧੫॥
ਹੇ ਮੂਰਖ! ਜੇ ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸਿੱਖ ਲਏਂ ਤਾਂ ਤੈਨੂੰ ਸਦਾ ਆਤਮਕ ਅਨੰਦ ਮਿਲਿਆ ਰਹੇ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਜਿਤਨਾ ਹੀ (ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਮਾਇਆ ਸੰਬੰਧੀ ਹੋਰ ਹੋਰ ਲੇਖੇ) ਪੜ੍ਹਦੇ ਹਨ, ਉਤਨੀ ਹੀ ਵਧੀਕ ਅਸ਼ਾਂਤੀ ਖੱਟਦੇ ਹਨ, ਤੇ ਗੁਰੂ ਦੀ ਸਰਨ ਤੋਂ ਬਿਨਾ (ਇਸ ਅਸ਼ਾਂਤੀ ਤੋਂ) ਖ਼ਲਾਸੀ ਨਹੀਂ ਹੁੰਦੀ ॥੧੬॥
ਹੇ ਮੂਰਖ! ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖ! ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਸਦਾ ਵੱਸਦਾ ਰਹਿੰਦਾ ਹੈ,
(ਜਿਨ੍ਹਾਂ ਨੂੰ ਪ੍ਰਭੂ ਸਦਾ ਯਾਦ ਹੈ, ਉਹਨਾਂ ਦੀ ਸੰਗਤਿ ਵਿਚ ਰਹਿ ਕੇ) ਗੁਰੂ ਦੀ ਕਿਰਪਾ ਨਾਲ ਜਿਨ੍ਹਾਂ (ਹੋਰ) ਬੰਦਿਆਂ ਨੇ ਪਰਮਾਤਮਾ ਨਾਲ ਸਾਂਝ ਪਾਈ, ਉਹਨਾਂ ਮਾਇਆ ਤੋਂ ਨਿਰਲੇਪ ਪ੍ਰਭੂ (ਦਾ ਅਸਲਾ) ਸਮਝ ਕੇ ਉਸ ਨਾਲ ਮਿਲਾਪ ਪ੍ਰਾਪਤ ਕਰ ਲਿਆ ॥੧੭॥
ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਨਹੀਂ ਕੀਤਾ ਜਾ ਸਕਦਾ।
ਹੇ ਨਾਨਕ! ਜਿਨ੍ਹਾਂ ਨੂੰ ਸਤਿਗੁਰੂ ਮਿਲ ਪਏ (ਉਹ ਨਿਰੀ ਮਾਇਆ ਦੇ ਲੇਖੇ ਲਿਖਣ ਪੜ੍ਹਨ ਦੇ ਥਾਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਲੱਗ ਪੈਂਦੇ ਹਨ, ਇਸ ਤਰ੍ਹਾਂ) ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰਾਂ ਦਾ ਹਿਸਾਬ ਮੁੱਕ ਜਾਂਦਾ ਹੈ ॥੧੮॥੧॥੨॥
ਰਾਗ ਆਸਾ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਜੋਬਨ ਵਿਚ ਮੱਤੀ ਅੰਞਾਣ ਇਸਤ੍ਰੀਏ! (ਆਪਣੇ ਪਤੀ-ਪ੍ਰਭੂ ਨੂੰ ਹਿਰਦੇ ਵਿਚ ਵਸਾ ਲੈ) ਪਿਆਰਾ ਪ੍ਰਭੂ ਹੀ ਆਨੰਦ ਦਾ ਸੋਮਾ ਹੈ।
ਜਿਸ ਜੀਵ-ਇਸਤ੍ਰੀ ਨਾਲ ਪ੍ਰਭੂ-ਪਤੀ ਦਾ ਬਹੁਤਾ ਪ੍ਰੇਮ ਬਣਦਾ ਹੈ ਉਹ ਬੜੇ ਚਾਉ ਨਾਲ ਦਇਆਲ ਪ੍ਰਭੂ ਨੂੰ ਪਿਆਰ ਕਰਦੀ ਹੈ।