ਦੁਨੀਆ ਵਾਲੀ ਸਿਆਣਪ, ਤੇ, ਦੁਨੀਆ ਵਾਲੀ ਵਡਿਆਈ-ਇਹਨਾਂ ਨੂੰ ਮੈਂ ਅੱਗ ਵਿਚ ਸਾੜ ਦਿੱਤਾ ਹੈ।
ਚਾਹੇ ਕੋਈ ਮੈਨੂੰ ਚੰਗਾ ਆਖੇ ਚਾਹੇ ਕੋਈ ਮੰਦਾ ਆਖੇ, ਮੈਂ ਤਾਂ ਆਪਣਾ ਸਰੀਰ (ਠਾਕੁਰ ਦੇ ਚਰਨਾਂ ਵਿਚ) ਭੇਟ ਕਰ ਦਿੱਤਾ ਹੈ ॥੧॥
ਹੇ ਮਾਲਕ! ਹੇ ਪ੍ਰਭੂ! ਜੇਹੜਾ ਭੀ ਕੋਈ (ਵਡ-ਭਾਗੀ) ਤੇਰੀ ਸਰਨ ਆ ਪੈਂਦਾ ਹੈ, ਤੂੰ ਮੇਹਰ ਕਰ ਕੇ ਉਸ ਦੀ ਰੱਖਿਆ ਕਰਦਾ ਹੈਂ।
ਹੇ ਦਾਸ ਨਾਨਕ! (ਆਖ-) ਹੇ ਹਰੀ ਜੀ! ਹੇ ਮੁਰਾਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਇੱਜ਼ਤ ਰੱਖ ॥੨॥੪॥
ਮੈਂ ਉਸ (ਗੁਰੂ, ਸਾਧ) ਤੋਂ ਕੁਰਬਾਨ ਜਾਂਦਾ ਹਾਂ ਜੇਹੜਾ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ।
ਉਸ ਗੁਰੂ ਦਾ ਸਾਧੂ ਦਾ ਦਰਸਨ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ ਦਾ ਨਾਮ ਵੱਸਦਾ ਹੈ ॥੧॥ ਰਹਾਉ ॥
ਹੇ ਸੁਆਮੀ! ਹੇ ਸਰਬ-ਵਿਆਪਕ ਪ੍ਰਭੂ! ਤੂੰ ਸਦਾ ਹੀ ਪਵਿਤ੍ਰ ਹੈਂ, ਪਰ ਅਸੀਂ ਮੈਲੇ ਜੀਵਨ ਵਾਲੇ ਹਾਂ, ਅਸੀਂ ਤੈਨੂੰ ਕਿਵੇਂ ਮਿਲ ਸਕਦੇ ਹਾਂ?
ਸਾਡੇ ਦਿਲ ਵਿਚ ਕੁਝ ਹੋਰ ਹੁੰਦਾ ਹੈ, ਸਾਡੇ ਮੂੰਹ ਵਿਚ ਕੁਝ ਹੋਰ ਹੁੰਦਾ ਹੈ (ਮੂੰਹੋਂ ਅਸੀਂ ਕੁਝ ਹੋਰ ਆਖਦੇ ਹਾਂ), ਅਸੀਂ ਮੰਦ-ਭਾਗੀ ਹਾਂ, ਅਸੀਂ ਸਦਾ ਕੂੜੀ ਮਾਇਆ ਦੇ ਗਾਹਕ ਬਣੇ ਰਹਿੰਦੇ ਹਾਂ ॥੧॥
ਹੇ ਹਰੀ! ਹੇ ਸੁਆਮੀ! ਤੇਰਾ ਨਾਮ ਸਾਡਾ ਵਿਖਾਵਾ ਹੈ (ਅਸੀਂ ਵਿਕਾਰੇ ਦੇ ਤੌਰ ਤੇ ਜਪਦੇ ਹਾਂ), ਪਰ ਸਾਡੇ ਹਿਰਦੇ ਵਿਚ ਸਦਾ ਮੰਦੇ ਖ਼ਿਆਲ ਭਰੇ ਰਹਿੰਦੇ ਹਨ।
ਹੇ ਦਾਸ ਨਾਨਕ! (ਆਖ-) ਹੇ ਸੁਆਮੀ! ਮੈਂ ਤੇਰੀ ਸਰਨ ਆ ਪਿਆ ਹਾਂ, ਜਿਵੇਂ ਹੋ ਸਕੇ ਮੈਨੂੰ (ਇਸ ਪਖੰਡ ਤੋਂ) ਬਚਾ ਲੈ ॥੨॥੫॥
ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸੋਹਣੀ (ਮਨੁੱਖੀ) ਕਾਂਇਆਂ ਬਦ-ਸ਼ਕਲ ਹੀ ਜਾਣੋ।
ਜਿਵੇਂ ਜੇ ਕਿਸੇ ਕੰਜਰੀ ਦੇ ਘਰ ਪੁੱਤਰ ਜੰਮ ਪਏ, ਤਾਂ ਉਸ ਦਾ ਨਾਮ ਹਰਾਮੀ ਪੈ ਜਾਂਦਾ ਹੈ (ਭਾਵੇਂ ਉਹ ਸ਼ਕਲੋਂ ਸੋਹਣਾ ਭੀ ਪਿਆ ਹੋਵੇ) ॥੧॥ ਰਹਾਉ ॥
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮਾਲਕ-ਪ੍ਰਭੂ ਨਹੀਂ (ਚੇਤੇ) ਉਹ ਮਨੁੱਖ ਬਦ-ਸ਼ਕਲ ਹਨ; ਉਹ ਕੋਹੜੀ ਹਨ।
ਜਿਵੇਂ ਕੋਈ ਗੁਰੂ ਤੋਂ ਬੇ-ਮੁਖ ਮਨੁੱਖ (ਭਾਵੇਂ ਚਤੁਰਾਈ ਦੀਆਂ) ਬਹੁਤ ਗੱਲਾਂ ਕਰਨੀਆਂ ਜਾਣਦਾ ਹੋਵੇ, ਪਰ, ਪਰਮਾਤਮਾ ਦੀ ਦਰਗਾਹ ਵਿਚ ਉਹ ਭ੍ਰਸ਼ਟਿਆ ਹੋਇਆ ਹੀ (ਗਿਣਿਆ ਜਾਂਦਾ) ਹੈ ॥੧॥
ਹੇ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਪ੍ਰਭੂ ਦਇਆਵਾਨ ਹੁੰਦਾ ਹੈ ਉਹ ਮਨੁੱਖ ਸੰਤ ਜਨਾਂ ਦੇ ਪੈਰ ਪਰਸਦੇ ਰਹਿੰਦੇ ਹਨ।
ਗੁਰੂ ਦੀ ਸੰਗਤ ਵਿਚ ਮਿਲ ਕੇ ਵਿਕਾਰੀ ਮਨੁੱਖ ਭੀ ਚੰਗੇ ਆਚਰਨ ਵਾਲੇ ਬਣ ਜਾਂਦੇ ਹਨ ਤੇ ਗੁਰੂ ਦੇ ਪਾਏ ਹੋਏ ਪੂਰਨਿਆਂ ਉੱਤੇ ਤੁਰ ਕੇ ਉਹ ਵਿਕਾਰਾਂ ਦੇ ਪੰਜੇ ਵਿਚੋਂ ਬਚ ਨਿਕਲਦੇ ਹਨ ॥੨॥੬॥ ਛੇ ਸ਼ਬਦਾਂ ਦਾ ਸੰਗ੍ਰਹ।
ਰਾਗ ਦੇਵਗੰਧਾਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮਾਂ! ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨਾ ਚਾਹੀਦਾ ਹੈ।
ਪਰਮਾਤਮਾ ਜਦੋਂ ਦਇਆਵਾਨ ਹੁੰਦਾ ਹੈ, ਤਾਂ (ਹਿਰਦੇ ਦਾ) ਕੌਲ-ਫੁੱਲ ਖਿੜ ਪੈਂਦਾ ਹੈ। ਹੇ ਮਾਂ! ਸਦਾ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ ॥੧॥ ਰਹਾਉ ॥
ਸਰੀਰਾਂ ਦੇ ਅੰਦਰ ਤੇ ਬਾਹਰ ਸਾਰੇ ਜਗਤ-ਖਿਲਾਰੇ ਵਿਚ ਭੀ ਇਕ ਪਰਮਾਤਮਾ ਹੀ ਵੱਸ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿਚ ਉਹੀ ਇਕ ਵਿਆਪਕ ਹੈ।
ਹਰੇਕ ਸਰੀਰ ਵਿਚ ਤੇ ਹਰ ਥਾਂ ਸਮਾਇਆ ਹੋਇਆ ਸਰਬ-ਵਿਆਪਕ ਪਰਮਾਤਮਾ ਹੀ (ਵੱਸਦਾ) ਦਿੱਸ ਰਿਹਾ ਹੈ ॥੧॥
(ਹੇ ਪ੍ਰਭੂ!) ਬੇਅੰਤ ਰਿਸ਼ੀ ਮੁਨੀ ਤੇ ਤੇਰੇ ਸੇਵਕ ਤੇਰੀ ਵਡਿਆਈ ਕਰਦੇ ਆ ਰਹੇ ਹਨ, ਪਰ, ਕਿਸੇ ਨੇ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ।
ਹੇ ਸੁਖ ਦੇਣ ਵਾਲੇ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਦਾਸ ਨਾਨਕ ਤੈਥੋਂ ਸਦਾ ਸਦਕੇ ਜਾਂਦਾ ਹੈ ॥੨॥੧॥
ਹੇ ਮਾਂ! (ਜਗਤ ਵਿਚ) ਉਹੀ ਕੁਝ ਵਰਤ ਰਿਹਾ ਹੈ ਜੋ (ਪਰਮਾਤਮਾ ਦੀ ਰਜ਼ਾ ਅਨੁਸਾਰ) ਜ਼ਰੂਰ ਵਾਪਰਨਾ ਹੈ।
ਪਰਮਾਤਮਾ ਆਪ ਆਪਣੀ ਇਸ ਜਗਤ-ਖੇਡ ਵਿਚ ਰੁੱਝਾ ਪਿਆ ਹੈ, ਕਿਤੇ ਲਾਭ ਦੇ ਰਿਹਾ ਹੈ, ਕਿਤੇ ਕੁਝ ਖੋਹ ਰਿਹਾ ਹੈ ॥੧॥ ਰਹਾਉ ॥
ਕਿਤੇ ਖੁਸ਼ੀਆਂ ਵਧ ਫੁਲ ਰਹੀਆਂ ਹਨ, ਕਿਤੇ ਵਿਸ਼ੇ-ਵਿਕਾਰਾਂ ਦੇ ਕਾਰਨ ਗ਼ਮ-ਚਿੰਤਾ ਵਧ ਰਹੇ ਹਨ, ਕਿਤੇ ਹਾਸਾ ਹੋ ਰਿਹਾ ਹੈ, ਕਿਤੇ ਰੋਣਾ ਪਿਆ ਹੋਇਆ ਹੈ।
ਕਿਤੇ ਕੋਈ ਅਹੰਕਾਰੀ ਮਨੁੱਖ ਹਉਮੈ ਦੀ ਮੈਲ ਨਾਲ ਲਿਬੜੇ ਪਏ ਹਨ, ਕਿਤੇ ਗੁਰੂ ਦੀ ਸੰਗਤ ਵਿਚ ਬੈਠ ਕੇ (ਹਉਮੈ ਦੀ ਮੈਲ ਨੂੰ) ਧੋਤਾ ਜਾ ਰਿਹਾ ਹੈ ॥੧॥
ਕੋਈ ਜੀਵ ਉਸ ਪਰਮਾਤਮਾ ਦਾ ਕੀਤਾ (ਹੁਕਮ) ਮਿਟਾ ਨਹੀਂ ਸਕਦਾ ਤੇ ਕੋਈ ਉਸ ਬਿਨਾ ਕੋਈ ਦੂਜਾ ਨਹੀਂ ਦਿੱਸਦਾ।
ਨਾਨਕ ਆਖਦਾ ਹੈ- ਮੈਂ ਉਸ ਗੁਰੂ ਤੋਂ ਕੁਰਬਾਨ ਹਾਂ ਜਿਸ ਦੀ ਕਿਰਪਾ ਨਾਲ (ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ) ਆਤਮਕ ਆਨੰਦ ਵਿਚ ਲੀਨ ਰਹਿ ਸਕੀਦਾ ਹੈ ॥੨॥੨॥