ਕਿਤੇ ਪਉਣ ਹੈ ਅਤੇ ਕਿਤੇ ਪਾਣੀ ਹੈ,
ਕਿਤੇ ਕਈ ਅਗਨੀਆਂ ਅਚਰਜ ਖੇਡਾਂ ਕਰ ਰਹੀਆਂ ਹਨ;
ਧਰਤੀ ਤੇ ਧਰਤੀ ਦੇ ਜੀਵਾਂ ਦੀ ਉਤਪੱਤੀ ਦੀਆਂ ਚਾਰ ਖਾਣੀਆਂ
ਜੀਵ ਪਦਾਰਥਾਂ ਦੇ ਸੁਆਦ ਵਿਚ ਲੱਗ ਰਹੇ ਹਨ; ਇਹ ਕੁਦਰਤ ਵੇਖ ਕੇ ਮਨ ਵਿਚ ਥੱਰਾਹਟ ਪੈਦਾ ਹੋ ਰਹੀ ਹੈ।
ਕਿਤੇ ਜੀਵਾਂ ਦਾ ਮੇਲ ਹੈ, ਕਿਤੇ ਵਿਛੋੜਾ ਹੈ;
ਕਿਤੇ ਭੁੱਖ (ਸਤਾ ਰਹੀ ਹੈ), ਕਿਤੇ ਪਦਾਰਥਾਂ ਦਾ ਭੋਗ ਹੈ (ਭਾਵ, ਕਿਤੇ ਕਈ ਪਦਾਰਥ ਛਕੇ ਜਾ ਰਹੇ ਹਨ),
ਕਿਤੇ (ਕੁਦਰਤ ਦੇ ਮਾਲਕ ਦੀ) ਸਿਫ਼ਤਿ-ਸਾਲਾਹ ਹੋ ਰਹੀ ਹੈ,
ਕਿਤੇ ਔਝੜ ਹੈ, ਕਿਤੇ ਰਸਤੇ ਹਨ-ਇਹ ਅਚਰਜ ਖੇਡ ਵੇਖ ਕੇ ਮਨ ਵਿਚ ਹੈਰਤ ਹੋ ਰਹੀ ਹੈ।
(ਕੋਈ ਆਖਦਾ ਹੈ ਰੱਬ) ਨੇੜੇ ਹੈ (ਕੋਈ ਆਖਦਾ ਹੈ) ਦੂਰ ਹੈ;
(ਕੋਈ ਆਖਦਾ ਹੈ ਕਿ) ਸਭ ਥਾਈਂ ਵਿਆਪਕ ਹੋ ਕੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ-ਇਸ ਅਚਰਜ ਕੌਤਕ ਨੂੰ ਤੱਕ ਕੇ ਝਰਨਾਟ ਛਿੜ ਰਹੀ ਹੈ।
(ਰੱਬ ਦੀ) ਅਚਰਜ ਕੁਦਰਤ ਨੂੰ ਵੇਖ ਕੇ ਮਨ ਵਿਚ ਕਾਂਬਾ ਜਿਹਾ ਛਿੜ ਰਿਹਾ ਹੈ।
ਹੇ ਨਾਨਕ! ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਸਮਝਿਆ ਜਾ ਸਕਦਾ ਹੈ ॥੧॥
(ਹੇ ਪ੍ਰਭੂ!) ਜੋ ਕੁਝ ਦਿੱਸ ਰਿਹਾ ਹੈ ਤੇ ਜੋ ਕੁਝ ਸੁਣੀ ਆ ਰਿਹਾ ਹੈ, ਇਹ ਸਭ ਤੇਰੀ ਹੀ ਕਲਾ ਹੈ; ਇਹ ਭਉ ਜੋ ਸੁਖਾਂ ਦਾ ਮੂਲ ਹੈ, ਇਹ ਭੀ ਤੇਰੀ ਕੁਦਰਤ ਹੈ।
ਪਤਾਲਾਂ ਤੇ ਅਕਾਸ਼ਾਂ ਵਿਚ ਤੇਰੀ ਹੀ ਕੁਦਰਤ ਹੈ, ਇਹ ਸਾਰਾ ਅਕਾਰ (ਭਾਵ, ਇਹ ਸਾਰਾ ਜਗਤ ਜੋ ਦਿੱਸ ਰਿਹਾ ਹੈ) ਤੇਰੀ ਹੀ ਅਚਰਜ ਖੇਡ ਹੈ।
ਵੇਦ, ਪੁਰਾਣ ਤੇ ਕਤੇਬਾਂ, (ਹੋਰ ਭੀ) ਸਾਰੀ ਵਿਚਾਰ-ਸੱਤਾ ਤੇਰੀ ਹੀ ਕਲਾ ਹੈ;
(ਜੀਵਾਂ ਦਾ) ਖਾਣ, ਪੀਣ, ਪੈਨ੍ਹਣ (ਦਾ ਵਿਹਾਰ) ਅਤੇ (ਜਗਤ ਵਿਚ) ਸਾਰਾ ਪਿਆਰ (ਦਾ ਜਜ਼ਬਾ) ਇਹ ਸਭ ਤੇਰੀ ਕੁਦਰਤ ਹੈ।
ਜਾਤਾਂ ਵਿਚ, ਜਿਨਸਾਂ ਵਿਚ, ਰੰਗਾਂ ਵਿਚ, ਜਗਤ ਦੇ ਜੀਵਾਂ ਵਿਚ ਤੇਰੀ ਹੀ ਕੁਦਰਤ ਵਰਤ ਰਹੀ ਹੈ,
(ਜਗਤ ਵਿਚ) ਕਿਤੇ ਭਲਾਈ ਦੇ ਕੰਮ ਹੋ ਰਹੇ ਹਨ, ਕਿਤੇ ਵਿਕਾਰ ਹਨ; ਕਿਤੇ ਕਿਸੇ ਦਾ ਆਦਰ ਹੋ ਰਿਹਾ ਹੈ, ਕਿਤੇ ਅਹੰਕਾਰ ਪਰਧਾਨ ਹੈ-ਇਹ ਤੇਰਾ ਅਚਰਜ ਕੌਤਕ ਹੈ।
ਪਉਣ, ਪਾਣੀ, ਅੱਗ, ਧਰਤੀ ਦੀ ਖ਼ਾਕ (ਆਦਿਕ ਤੱਤ), ਇਹ ਸਾਰੇ ਤੇਰਾ ਹੀ ਤਮਾਸ਼ਾ ਹਨ।
(ਹੇ ਪ੍ਰਭੂ!) ਸਭ ਤੇਰੀ ਕਲਾ ਵਰਤ ਰਹੀ ਹੈ, ਤੂੰ ਕੁਦਰਤ ਦਾ ਮਾਲਕ ਹੈਂ, ਤੂੰ ਹੀ ਇਸ ਖੇਲ ਦਾ ਰਚਨਹਾਰ ਹੈਂ, ਤੇਰੀ ਵਡਿਆਈ ਸੁੱਚੀ ਤੋਂ ਸੁੱਚੀ ਹੈ, ਤੂੰ ਆਪ ਪਵਿੱਤਰ (ਹਸਤੀ ਵਾਲਾ) ਹੈਂ।
ਹੇ ਨਾਨਕ! ਪ੍ਰਭੂ (ਇਸ ਸਾਰੀ ਕੁਦਰਤ ਨੂੰ) ਆਪਣੇ ਹੁਕਮ ਵਿਚ (ਰੱਖ ਕੇ) (ਸਭ ਦੀ) ਸੰਭਾਲ ਕਰ ਰਿਹਾ ਹੈ, (ਤੇ ਸਭ ਥਾਈਂ, ਇਕੱਲਾ) ਆਪ ਹੀ ਆਪ ਮੌਜੂਦ ਹੈ ॥੨॥
ਰੱਬ ਆਪ ਹੀ (ਜੀਵ-ਰੂਪ ਹੋ ਕੇ) ਪਦਾਰਥ ਦੇ ਰੰਗ ਮਾਣਦਾ ਹੈ (ਇਹ ਭੀ ਉਸ ਦੀ ਅਚਰਜ ਕੁਦਰਤ ਹੈ)। (ਸਰੀਰ) ਮਿੱਟੀ ਦੀ ਢੇਰੀ ਹੋ ਜਾਂਦਾ ਹੈ (ਤੇ ਆਖ਼ਰ ਜੀਵਾਤਮਾ-ਰੂਪ) ਭਉਰ (ਸਰੀਰ ਨੂੰ ਛੱਡ ਕੇ) ਤੁਰ ਪੈਂਦਾ ਹੈ।
(ਇਸ ਤਰ੍ਹਾਂ ਦਾ) ਦੁਨੀਆ ਦੇ ਧੰਧਿਆਂ ਵਿਚ ਫਸਿਆ ਹੋਇਆ ਜੀਵ (ਜਦੋਂ) ਮਰਦਾ ਹੈ, (ਇਸ ਦੇ) ਗਲ ਵਿਚ ਸੰਗਲ ਪਾ ਕੇ ਅੱਗੇ ਲਾ ਲਿਆ ਜਾਂਦਾ ਹੈ (ਭਾਵ, ਮਾਇਆ ਵਿਚ ਵੇੜ੍ਹਿਆ ਹੋਇਆ ਜੀਵ ਜਗਤ ਨੂੰ ਛੱਡਣਾ ਨਹੀਂ ਚਾਹੁੰਦਾ ਤੇ 'ਹੰਸ ਚਲਸੀ ਡੁਮਣਾ')।
ਪਰਲੋਕ ਵਿਚ (ਭਾਵ, ਧਰਮਰਾਜ ਦੇ ਦਰਬਾਰ ਵਿਚ, ਵੇਖੋ ਪਉੜੀ ੨) ਰੱਬ ਦੀ ਸਿਫ਼ਤਿ-ਸਾਲਾਹ ਰੂਪ ਕਮਾਈ ਹੀ ਕਬੂਲ ਪੈਂਦੀ ਹੈ, ਓਥੈ (ਜੀਵ ਦੇ ਕੀਤੇ ਕਰਮਾਂ ਦਾ) ਹਿਸਾਬ ਚੰਗੀ ਤਰ੍ਹਾਂ (ਇਸ ਨੂੰ) ਸਮਝਾ ਦਿੱਤਾ ਜਾਂਦਾ ਹੈ।
(ਮਾਇਆ ਦੇ ਭੋਗਾਂ ਵਿਚ ਹੀ ਫਸੇ ਰਹਿਣ ਦੇ ਕਾਰਨ) ਓਥੇ ਮਾਰ ਪੈਂਦੇ ਨੂੰ ਕਿਤੇ ਢੋਈ ਨਹੀਂ ਮਿਲਦੀ, ਉਸ ਵੇਲੇ ਇਸ ਦੀ ਕੋਈ ਭੀ ਕੂਕ-ਪੁਕਾਰ ਸੁਣੀ ਨਹੀਂ ਜਾਂਦੀ।
ਮੂਰਖ ਮਨ (ਵਾਲਾ ਜੀਵ) ਆਪਣਾ (ਮਨੁੱਖਾ-) ਜਨਮ ਅਜਾਈਂ ਗਵਾ ਲੈਂਦਾ ਹੈ ॥੩॥
ਹਵਾ ਸਦਾ ਹੀ ਰੱਬ ਦੇ ਡਰ ਵਿਚ ਚੱਲ ਰਹੀ ਹੈ।
ਲੱਖਾਂ ਦਰੀਆਉ ਭੀ ਭੈ ਵਿਚ ਹੀ ਵਗ ਰਹੇ ਹਨ।
ਅੱਗ ਜੋ ਸੇਵਾ ਕਰ ਰਹੀ ਹੈ, ਇਹ ਭੀ ਰੱਬ ਦੇ ਭੈ ਵਿਚ ਹੀ ਹੈ।
ਸਾਰੀ ਧਰਤੀ ਰੱਬ ਦੇ ਡਰ ਦੇ ਕਾਰਨ ਹੀ ਭਾਰ ਹੇਠ ਨੱਪੀ ਪਈ ਹੈ।
ਰੱਬ ਦੇ ਭੈ ਵਿਚ ਇੰਦਰ ਰਾਜਾ ਸਿਰ ਦੇ ਭਾਰ ਫਿਰ ਰਿਹਾ ਹੈ (ਭਾਵ, ਮੇਘ ਉਸ ਦੀ ਰਜ਼ਾ ਵਿਚ ਹੀ ਉੱਡ ਰਹੇ ਹਨ)।
ਧਰਮ-ਰਾਜ ਦਾ ਦਰਬਾਰ ਭੀ ਰੱਬ ਦੇ ਡਰ ਵਿਚ ਹੈ।
ਸੂਰਜ ਭੀ ਤੇ ਚੰਦ੍ਰਮਾ ਭੀ ਰੱਬ ਦੇ ਹੁਕਮ ਵਿਚ ਹਨ,
ਕ੍ਰੋੜਾਂ ਕੋਹਾਂ ਚਲਦਿਆਂ ਦੇ ਪੈਂਡੇ ਦਾ ਓੜਕ ਨਹੀਂ ਆਉਂਦਾ।
ਸਿੱਧ, ਬੁਧ, ਦੇਵਤੇ ਤੇ ਨਾਥ-ਸਾਰੇ ਰੱਬ ਦੇ ਭੈ ਵਿਚ ਹਨ।
ਇਹ ਉੱਪਰ ਤਣੇ ਹੋਏ ਅਕਾਸ਼ (ਜੋ ਦਿੱਸਦੇ ਹਨ, ਇਹ ਭੀ) ਭੈ ਵਿਚ ਹੀ ਹਨ।
ਬੜੇ ਬੜੇ ਬਲ ਵਾਲੇ ਜੋਧੇ ਤੇ ਸੂਰਮੇ ਸਭ ਰੱਬ ਦੇ ਭੈ ਵਿਚ ਹਨ।
ਪੂਰਾਂ ਦੇ ਪੂਰ ਜੀਵ ਜੋ ਜਗਤ ਵਿਚ ਜੰਮਦੇ ਤੇ ਮਰਦੇ ਹਨ, ਸਭ ਭੈ ਵਿਚ ਹਨ।
ਸਾਰੇ ਹੀ ਜੀਵਾਂ ਦੇ ਮੱਥੇ ਤੇ ਭਉ-ਰੂਪ ਲੇਖ ਲਿਖਿਆ ਹੋਇਆ ਹੈ, ਭਾਵ, ਪ੍ਰਭੂ ਦਾ ਨਿਯਮ ਹੀ ਐਸਾ ਹੈ ਕਿ ਸਾਰੇ ਉਸ ਦੇ ਭੈ ਵਿਚ ਹਨ।
ਹੇ ਨਾਨਕ! ਕੇਵਲ ਇਕ ਸੱਚਾ ਨਿਰੰਕਾਰ ਹੀ ਭੈ-ਰਹਿਤ ਹੈ ॥੧॥
ਹੇ ਨਾਨਕ! ਇਕ ਨਿਰੰਕਾਰ ਹੀ ਭੈ-ਰਹਿਤ ਹੈ, (ਅਵਤਾਰੀ) ਰਾਮ (ਜੀ) ਵਰਗੇ ਕਈ ਹੋਰ (ਉਸ ਨਿਰੰਕਾਰ ਦੇ ਸਾਮ੍ਹਣੇ) ਤੁੱਛ ਹਨ;
(ਉਸ ਨਿਰੰਕਾਰ ਦੇ ਗਿਆਨ ਦੇ ਟਾਕਰੇ ਤੇ) ਕ੍ਰਿਸ਼ਨ (ਜੀ) ਦੀਆਂ ਕਈ ਸਾਖੀਆਂ ਤੇ ਵੇਦਾਂ ਦੇ ਕਈ ਵੀਚਾਰ ਭੀ ਤੁੱਛ ਹਨ।
(ਉਸ ਨਿਰੰਕਾਰ ਦਾ ਗਿਆਨ ਪ੍ਰਾਪਤ ਕਰਨ ਲਈ) ਕਈ ਮਨੁੱਖ ਮੰਗਤੇ ਬਣ ਕੇ ਨੱਚਦੇ ਹਨ ਤੇ ਕਈ ਤਰ੍ਹਾਂ ਦੇ ਤਾਲ ਪੂਰਦੇ ਹਨ,
ਰਾਸਧਾਰੀਏ ਭੀ ਬਜ਼ਾਰਾਂ ਵਿਚ ਆ ਕੇ ਰਾਸਾਂ ਪਾਂਦੇ ਹਨ,
ਰਾਜਿਆਂ ਤੇ ਰਾਣੀਆਂ ਦੇ ਸਰੂਪ ਬਣਾ ਬਣਾ ਕੇ ਗਾਉਂਦੇ ਹਨ ਤੇ (ਮੂੰਹੋਂ) ਕਈ ਢੰਗਾਂ ਦੇ ਬਚਨ ਬੋਲਦੇ ਹਨ,
ਲੱਖਾਂ ਰੁਪਇਆਂ ਦੇ (ਭਾਵ, ਕੀਮਤੀ) ਵਾਲੇ ਤੇ ਹਾਰ ਪਾਂਦੇ ਹਨ;
ਪਰ, ਹੇ ਨਾਨਕ! (ਉਹ ਵਿਚਾਰੇ ਇਹ ਨਹੀਂ ਜਾਣਦੇ ਕਿ ਇਹ ਵਾਲੇ ਤੇ ਹਾਰ ਤਾਂ) ਜਿਸ ਜਿਸ ਸਰੀਰ ਉੱਤੇ ਪਾਈਦੇ ਹਨ, ਉਹ ਸਰੀਰ (ਅੰਤ ਨੂੰ) ਸੁਆਹ ਹੋ ਜਾਂਦੇ ਹਨ (ਤੇ ਇਸ ਗਾਉਣ ਨੱਚਣ ਨਾਲ, ਇਹਨਾਂ ਵਾਲਿਆਂ ਤੇ ਹਾਰਾਂ ਦੇ ਪਹਿਨਣ ਨਾਲ 'ਗਿਆਨ' ਕਿਵੇਂ ਮਿਲ ਸਕਦਾ ਹੈ?)