ਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
(ਹੇ ਭਾਈ!) ਜੇ ਤੇਰੀਆਂ ਫ਼ੌਜਾਂ ਲੱਖਾਂ ਦੀ ਗਿਣਤੀ ਵਿਚ ਹੋਣ, ਉਹਨਾਂ ਵਿਚ ਲੱਖਾਂ ਬੰਦੇ ਵਾਜੇ ਵਜਾਣ ਵਾਲੇ ਹੋਣ, ਲੱਖਾਂ ਨੇਜ਼ਾ-ਬਰਦਾਰ ਹੋਣ, ਲੱਖਾਂ ਹੀ ਆਦਮੀ ਉੱਠ ਕੇ ਨਿੱਤ ਤੈਨੂੰ ਸਲਾਮ ਕਰਦੇ ਹੋਣ,
(ਹੇ ਭਾਈ!) ਜੇ ਲੱਖਾਂ ਬੰਦਿਆਂ ਉਤੇ ਤੇਰੀ ਹਕੂਮਤ ਹੋਵੇ, ਲੱਖਾਂ ਬੰਦੇ ਉੱਠ ਕੇ ਤੇਰੀ ਇੱਜ਼ਤ ਕਰਦੇ ਹੋਣ,
(ਤਾਂ ਭੀ ਕੀਹ ਹੋਇਆ) ਜੇ ਤੇਰੀ ਇਹ ਇੱਜ਼ਤ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨ ਪਏ, ਤਾਂ ਤੇਰੇ ਇਥੇ ਜਗਤ ਵਿਚ ਕੀਤੇ ਸਾਰੇ ਹੀ ਕੰਮ ਵਿਅਰਥ ਗਏ ॥੧॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਮੋਹ (ਮਨੁੱਖ ਵਾਸਤੇ) ਉਲਝਣ ਹੀ ਉਲਝਣ ਬਣ ਜਾਂਦਾ ਹੈ।
(ਇਸ ਉਲਝਣ ਵਿਚ ਜੀਵ ਇਤਨਾ ਫਸਦਾ ਹੈ ਕਿ) ਭਾਵੇਂ ਕਿਤਨਾ ਹੀ ਸਮਝਾਂਦੇ ਰਹੋ, ਮਨ ਅੰਨ੍ਹਾ ਹੀ ਅੰਨ੍ਹਾ ਰਹਿੰਦਾ ਹੈ (ਭਾਵ, ਮਨੁੱਖ ਨੂੰ ਸੂਝ ਨਹੀਂ ਪੈਂਦੀ ਕਿ ਮੈਂ ਕੁਰਾਹੇ ਪਿਆ ਹਾਂ) ॥੧॥ ਰਹਾਉ ॥
ਜੇ ਲੱਖਾਂ ਰੁਪਏ ਖੱਟੇ ਜਾਣ, ਲੱਖਾਂ ਰੁਪਏ ਜੋੜੇ ਜਾਣ, ਲੱਖਾਂ ਰੁਪਏ ਖ਼ਰਚੇ ਭੀ ਜਾਣ, ਲੱਖਾਂ ਹੀ ਰੁਪਏ ਆਉਣ, ਤੇ ਲੱਖਾਂ ਹੀ ਚਲੇ ਜਾਣ,
ਪਰ ਜੇ ਪ੍ਰਭੂ ਦੀ ਨਜ਼ਰ ਵਿਚ ਇਹ ਇੱਜ਼ਤ ਪਰਵਾਨ ਨਾਹ ਹੋਵੇ, ਤਾਂ (ਇਹਨਾਂ ਲੱਖਾਂ ਰੁਪਇਆਂ ਦੇ ਮਾਲਕ ਭੀ ਅੰਦਰੋਂ) ਦੁੱਖੀ ਹੀ ਰਹਿੰਦੇ ਹਨ ॥੨॥
ਲੱਖਾਂ ਵਾਰੀ ਸ਼ਾਸਤ੍ਰਾਂ ਦੀ ਵਿਆਖਿਆ ਕੀਤੀ ਜਾਏ, ਵਿਦਵਾਨ ਲੋਕ ਲੱਖਾਂ ਵਾਰੀ ਪੁਰਾਨ ਪੜ੍ਹਨ (ਤੇ ਦੁਨੀਆ ਵਿਚ ਆਪਣੀ ਵਿੱਦਿਆ ਦੇ ਕਾਰਨ ਇੱਜ਼ਤ ਹਾਸਲ ਕਰਨ),
ਤਾਂ ਭੀ ਜੇ ਇਹ ਇੱਜ਼ਤ ਪ੍ਰਭੂ ਦੇ ਦਰ ਤੇ ਕਬੂਲ ਨ ਹੋਵੇ ਤਾਂ ਇਹ ਸਾਰੇ ਪੜ੍ਹਨੇ ਪੜ੍ਹਾਨੇ ਵਿਅਰਥ ਗਏ ॥੩॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਪ੍ਰਭੂ ਦੇ ਦਰ ਤੇ) ਇੱਜ਼ਤ ਮਿਲਦੀ ਹੈ, ਤੇ ਕਰਤਾਰ (ਦਾ ਇਹ) ਨਾਮ ਮਿਲਦਾ ਹੈ ਉਸ ਦੀ ਆਪਣੀ ਮੇਹਰ ਨਾਲ।
ਹੇ ਨਾਨਕ! ਜੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਦਿਨ ਰਾਤ ਵੱਸਦਾ ਰਹੇ ਤਾਂ ਪਰਮਾਤਮਾ ਦੀ ਮੇਹਰ ਨਾਲ ਮਨੁੱਖ (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ ॥੪॥੧॥੩੧॥
ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿਚ ਮੈਂ (ਦੁਨੀਆ ਵਿਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ।
ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ {ਨੋਟ: ਸੰਬੰਧਕ 'ਵਿਚਿ' ਦਾ ਸੰਬੰਧ ਲਫ਼ਜ਼ 'ਦੁਖੁ' ਨਾਲ ਨਹੀਂ ਹੈ। "ਦੀਵੇ ਵਿਚਿ ਦੁਖੁ ਤੇਲੁ ਪਾਇਆ"-ਇਉਂ ਅਰਥ ਕਰਨਾ ਹੈ} ॥੧॥
ਹੇ ਲੋਕੋ! ਮੇਰੀ ਗੱਲ ਉਤੇ ਮਖ਼ੌਲ ਨ ਉਡਾਓ।
ਲੱਖਾਂ ਮਣਾਂ ਲੱਕੜ ਦੇ ਢੇਰ ਇਕੱਠੇ ਕਰ ਕੇ (ਜੇ) ਇੱਕ ਰਤੀ ਜਿਤਨੀ ਅੱਗ ਲਾ ਦੇਖੀਏ (ਤਾਂ ਉਹ ਸਾਰੇ ਢੇਰ ਸੁਆਹ ਹੋ ਜਾਂਦੇ ਹਨ। ਤਿਵੇਂ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਇੱਕ ਨਾਮ ਮੁਕਾ ਦੇਂਦਾ ਹੈ) ॥੧॥ ਰਹਾਉ ॥
ਪੱਤਲਾਂ ਉਤੇ ਪਿੰਡ ਭਰਾਣੇ (ਮਣਸਾਣੇ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ) ਹੀ ਹੈ, ਮੇਰੇ ਵਾਸਤੇ ਕਿਰਿਆ ਭੀ ਕਰਤਾਰ (ਦਾ) ਸੱਚਾ ਨਾਮ ਹੀ ਹੈ।
ਇਹ ਨਾਮ ਇਸ ਲੋਕ ਵਿਚ ਪਰਲੋਕ ਵਿਚ ਹਰ ਥਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ ॥੨॥
(ਹੇ ਪ੍ਰਭੂ!) ਤੇਰੀ ਸਿਫ਼ਤਿ-ਸਾਲਾਹ ਹੀ ਮੇਰੇ ਵਾਸਤੇ ਗੰਗਾ ਤੇ ਕਾਂਸ਼ੀ (ਆਦਿਕ ਤੀਰਥਾਂ ਦਾ ਇਸ਼ਨਾਨ ਹੈ, ਤੇਰੀ ਸਿਫ਼ਤਿ-ਸਾਲਾਹ ਵਿਚ ਹੀ ਮੇਰਾ ਆਤਮਾ ਇਸ਼ਨਾਨ ਕਰਦਾ ਹੈ।
ਸੱਚਾ ਇਸ਼ਨਾਨ ਹੈ ਹੀ ਤਦੋਂ, ਜਦੋਂ ਦਿਨ ਰਾਤ ਪ੍ਰਭੂ-ਚਰਨਾਂ ਵਿਚ ਪ੍ਰੇਮ ਬਣਿਆ ਰਹੇ ॥੩॥
ਬ੍ਰਾਹਮਣ (ਜਵਾਂ ਜਾਂ ਚੌਲਾਂ ਦੇ ਆਟੇ ਦਾ) ਪਿੰਨ ਵੱਟ ਕੇ ਇਕ ਪਿੰਨ ਦੇਵਤਿਆਂ ਨੂੰ ਭੇਟਾ ਕਰਦਾ ਹੈ ਤੇ ਦੂਜਾ ਪਿੰਨ ਪਿਤਰਾਂ ਨੂੰ, (ਪਿੰਨ ਵੱਟਣ ਤੋਂ ਪਿਛੋਂ) ਉਹ ਆਪ (ਖੀਰ-ਪੂਰੀ ਆਦਿਕ ਜਜਮਾਨਾਂ ਦੇ ਘਰੋਂ) ਖਾਂਦਾ ਹੈ।
(ਪਰ) ਹੇ ਨਾਨਕ! (ਬ੍ਰਾਹਮਣ ਦੀ ਰਾਹੀਂ ਦਿੱਤਾ ਹੋਇਆ ਇਹ ਪਿੰਨ ਕਦ ਤਕ ਟਿਕਿਆ ਰਹਿ ਸਕਦਾ ਹੈ? ਹਾਂ) ਪਰਮਾਤਮਾ ਦੀ ਮੇਹਰ ਦਾ ਪਿੰਨ ਕਦੇ ਮੁੱਕਦਾ ਹੀ ਨਹੀਂ ॥੪॥੨॥੩੨॥
ਰਾਗ ਆਸਾ, ਘਰ ੪ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਦੇਵਤਿਆਂ ਨੇ ਭੀ ਤੇਰਾ ਦਰਸ਼ਨ ਕਰਨ ਵਾਸਤੇ ਦੁੱਖ ਸਹਾਰੇ, ਭੁੱਖਾਂ ਸਹਾਰੀਆਂ ਤੇ ਤੀਰਥ-ਰਟਨ ਕੀਤੇ।
ਅਨੇਕਾਂ ਜੋਗੀ ਤੇ ਜਤੀ (ਆਪੋ ਆਪਣੀ) ਮਰਯਾਦਾ ਵਿਚ ਰਹਿੰਦੇ ਹੋਏ ਗੇਰੂਏ ਰੰਗ ਦੇ ਕੱਪੜੇ ਪਾਂਦੇ ਰਹੇ ॥੧॥
ਹੇ ਮੇਰੇ ਮਾਲਿਕ! ਤੈਨੂੰ ਮਿਲਣ ਲਈ ਅਨੇਕਾਂ ਬੰਦੇ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ।
ਤੇਰੇ ਅਨੇਕਾਂ ਨਾਮ ਹਨ, ਤੇਰੇ ਬੇਅੰਤ ਰੂਪ ਹਨ, ਤੇਰੇ ਬੇਅੰਤ ਹੀ ਗੁਣ ਹਨ, ਕਿਸੇ ਭੀ ਪਾਸੋਂ ਬਿਆਨ ਨਹੀਂ ਕੀਤੇ ਜਾ ਸਕਦੇ ॥੧॥ ਰਹਾਉ ॥
(ਤੇਰਾ ਦਰਸ਼ਨ ਕਰਨ ਵਾਸਤੇ ਹੀ ਰਾਜ-ਮਿਲਖ ਦੇ ਮਾਲਿਕ) ਆਪਣੇ ਮਹਲ-ਮਾੜੀਆਂ ਆਪਣੇ ਘਰ-ਬੂਹੇ ਹਾਥੀ ਘੋੜੇ ਆਪਣੇ ਦੇਸ ਵਤਨ ਛੱਡ ਕੇ (ਜੰਗਲੀਂ) ਚਲੇ ਗਏ।
ਅਨੇਕਾਂ ਪੀਰਾਂ ਪੈਗ਼ੰਬਰਾਂ ਗਿਆਨਵਾਨਾਂ ਤੇ ਸਿਦਕੀਆਂ ਨੇ ਤੇਰੇ ਦਰ ਤੇ ਕਬੂਲ ਹੋਣ ਵਾਸਤੇ ਦੁਨੀਆ ਛੱਡੀ ॥੨॥
ਅਨੇਕਾਂ ਬੰਦਿਆਂ ਨੇ ਦੁਨੀਆ ਦੇ ਸੁਆਦ ਸੁਖ ਆਰਾਮ ਤੇ ਸਭ ਰਸਾਂ ਦੇ ਪਦਾਰਥ ਛੱਡੇ, ਕੱਪੜੇ ਛੱਡ ਕੇ ਚਮੜਾ ਪਹਿਨਿਆ।
ਅਨੇਕਾਂ ਬੰਦੇ ਦੁਖੀਆਂ ਵਾਂਗ ਦਰਦਵੰਦਾਂ ਵਾਂਗ ਤੇਰੇ ਦਰ ਤੇ ਫ਼ਰਿਆਦ ਕਰਨ ਲਈ ਤੇਰੇ ਨਾਮ ਵਿਚ ਰੰਗੇ ਰਹਿਣ ਲਈ (ਗ੍ਰਿਹਸਤ ਛੱਡ ਕੇ) ਫ਼ਕੀਰ ਹੋ ਗਏ ॥੩॥
ਕਿਸੇ ਨੇ (ਭੰਗ ਆਦਿਕ ਪਾਣ ਲਈ) ਚੰਮ ਦੀ ਝੋਲੀ ਲੈ ਲਈ, ਕਿਸੇ ਨੇ (ਘਰ ਘਰ ਮੰਗਣ ਲਈ) ਖੱਪਰ (ਹੱਥ ਵਿਚ) ਫੜ ਲਿਆ, ਕੋਈ ਡੰਡਾ-ਧਾਰੀ ਸੰਨਿਆਸੀ ਬਣਿਆ, ਕਿਸੇ ਨੇ ਮ੍ਰਿਗ-ਛਾਲਾ ਲੈ ਲਈ, ਕੋਈ ਬੋਦੀ ਜਨੇਊ ਤੇ ਧੋਤੀ ਦਾ ਧਾਰਨੀ ਹੋਇਆ।
ਪਰ ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਤੂੰ ਮੇਰਾ ਮਾਲਿਕ ਹੈਂ, ਮੈਂ ਸਿਰਫ਼ ਤੇਰਾ ਸਾਂਗੀ ਹਾਂ (ਭਾਵ, ਮੈਂ ਸਿਰਫ਼ ਤੇਰਾ ਅਖਵਾਂਦਾ ਹਾਂ, ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਹੀ ਰਹਿੰਦਾ ਹਾਂ) ਕਿਸੇ ਖ਼ਾਸ ਸ਼੍ਰੇਣੀ ਵਿਚ ਹੋਣ ਦਾ ਮੈਨੂੰ ਕੋਈ ਮਾਣ ਨਹੀਂ ॥੪॥੧॥੩੩॥
ਰਾਗ ਆਸਾ, ਘਰ ੫ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।