ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1369


ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥

(ਹੇ ਕਬੀਰ! ਇਹ ਜਾਣਦਿਆਂ ਭੀ ਕਿ ਪ੍ਰਭੂ ਦੀ ਸਿਫ਼ਤ-ਸਾਲਾਹ ਵਿਕਾਰਾਂ ਨੂੰ ਸਾੜ ਕੇ ਪ੍ਰਭੂ-ਚਰਨਾਂ ਵਿਚ ਜੋੜਦੀ ਹੈ) ਮਨੁੱਖ ਦਾ ਮਨ ਪੰਛੀ ਬਣ ਜਾਂਦਾ ਹੈ ਇਕ ਪ੍ਰਭੂ ਦਾ ਆਸਰਾ ਛੱਡ ਕੇ) ਭਟਕ ਭਟਕ ਕੇ (ਮਾਇਕ ਪਦਾਰਥਾਂ ਦੇ ਪਿੱਛੇ) ਦਸੀਂ ਪਾਸੀਂ ਦੌੜਦਾ ਹੈ।

ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥੮੬॥

(ਤੇ ਇਹ ਕੁਦਰਤਿ ਦਾ ਨਿਯਮ ਹੀ ਹੈ ਕਿ) ਜੋ ਮਨੁੱਖ ਜਿਹੋ ਜਿਹੀ ਸੰਗਤ ਵਿਚ ਬੈਠਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ ॥੮੬॥

ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ ॥

ਹੇ ਕਬੀਰ! (ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ, ਪ੍ਰਭੂ ਦੇ ਗੁਣ ਗਾਂਵਿਆਂ, ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ; ਪਰ ਸਿਫ਼ਤ-ਸਾਲਾਹ ਦੀ ਸਹੈਤਾ ਨਾਲ) ਮੈਂ (ਪ੍ਰਭੂ ਦੇ ਚਰਨ-ਰੂਪ) ਜੇਹੜੀ ਥਾਂ ਭਾਲ ਰਿਹਾ ਸਾਂ, ਉਹੀ ਥਾਂ ਮੈਨੂੰ ਲੱਭ ਪਈ ਹੈ।

ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥੮੭॥

ਹੇ ਕਬੀਰ! ਜਿਸ (ਪ੍ਰਭੂ) ਨੂੰ ਤੂੰ ਪਹਿਲਾਂ 'ਕੋਈ ਹੋਰ' ਆਖਦਾ ਸੈਂ (ਜਿਸ ਨੂੰ ਤੂੰ ਪਹਿਲਾਂ ਆਪਣੇ ਨਾਲੋਂ ਵੱਖਰਾ ਸਮਝਦਾ ਸੈਂ) ਤੂੰ (ਸਿਫ਼ਤ ਸਾਲਾਹ ਦੀ ਬਰਕਤਿ ਨਾਲ) ਬਦਲ ਕੇ ਉਸੇ ਦਾ ਹੀ ਰੂਪ ਬਣ ਗਿਆ ਹੈਂ, (ਉਸੇ ਵਿਚ ਲੀਨ ਹੋ ਗਿਆ ਹੈਂ, ਉਸੇ ਨਾਲ ਇਕ-ਮਿਕ ਹੋ ਗਿਆ ਹੈਂ) ॥੮੭॥

ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥

ਹੇ ਕਬੀਰ! (ਜੇ ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਛੱਡ ਦਿੱਤੀ, ਤਾਂ ਸੁਤੇ ਹੀ ਉਹਨਾਂ ਦਾ ਸਾਥ ਕਰੇਂਗਾ ਜੋ ਪ੍ਰਭੂ ਨਾਲੋਂ ਟੁੱਟੇ ਹੋਏ ਹਨ; ਪਰ ਵੇਖ) ਰੱਬ ਨਾਲੋਂ ਟੁੱਟੇ ਬੰਦਿਆਂ ਦਾ ਸਾਥ ਕਦੇ ਭੀ ਨਾਹ ਕਰੀਂ। ਕੇਲੇ ਦੇ ਨੇੜੇ ਬੇਰੀ ਉੱਗੀ ਹੋਈ ਹੋਵੇ,

ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ ॥੮੮॥

ਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਕੇਲਾ (ਉਸ ਦੇ ਕੰਡਿਆਂ ਨਾਲ) ਚੀਰੀਦਾ ਹੈ; ਤਿਵੇਂ (ਹੇ ਕਬੀਰ!) ਭੈੜੀ ਸੁਹਬਤਿ ਵਿਚ ਬੈਠਿਆਂ ਵਿਕਾਰਾਂ ਦੇ ਅਸਰ ਹੇਠ ਤੇਰੀ ਜਿੰਦ ਆਤਮਕ ਮੌਤੇ ਮਰ ਜਾਇਗੀ ॥੮੮॥

ਕਬੀਰ ਭਾਰ ਪਰਾਈ ਸਿਰਿ ਚਰੈ ਚਲਿਓ ਚਾਹੈ ਬਾਟ ॥

ਹੇ ਕਬੀਰ! (ਕੁਸੰਗ ਦੇ ਕਾਰਨ ਇਸ ਦੇ ਸਿਰ ਉਤੇ ਪਰਾਈ (ਨਿੰਦਿਆ) ਦਾ ਭਾਰ ਚੜ੍ਹਦਾ ਜਾਂਦਾ ਹੈ (ਭਾਰ ਭੀ ਚੜ੍ਹੀ ਜਾਂਦਾ ਹੈ, ਫਿਰ ਭੀ ਮਨੁੱਖ ਇਸ ਨਿੰਦਿਆ ਦੇ) ਰਾਹੇ ਹੀ ਤੁਰਨਾ ਪਸੰਦ ਕਰਦਾ ਹੈ;

ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ ॥੮੯॥

ਮਨੁੱਖ ਦੇ ਸਾਹਮਣੇ ਇਕ ਡਾਢਾ ਔਖਾ ਰਸਤਾ ਹੈ, ਆਪਣੇ (ਕੀਤੇ ਹੋਰ ਮੰਦ-ਕਰਮਾਂ ਦੇ) ਭਾਰ ਦਾ ਤਾਂ ਇਸ ਨੂੰ ਚੇਤਾ ਹੀ ਨਹੀਂ ਆਉਂਦਾ ॥੮੯॥

ਕਬੀਰ ਬਨ ਕੀ ਦਾਧੀ ਲਾਕਰੀ ਠਾਢੀ ਕਰੈ ਪੁਕਾਰ ॥

ਹੇ ਕਬੀਰ (ਜੇ ਤੂੰ ਧਿਆਨ ਨਾਲ ਸੁਣ ਕੇ ਸਮਝੇਂ ਤਾਂ) ਜੰਗਲ ਦੀ ਕੋਲਾ ਬਣੀ ਹੋਈ ਲੱਕੜੀ ਭੀ ਸਾਫ਼ ਤੌਰ ਤੇ ਪੁਕਾਰ ਕਰਦੀ (ਸੁਣੀਦੀ ਹੈ)

ਮਤਿ ਬਸਿ ਪਰਉ ਲੁਹਾਰ ਕੇ ਜਾਰੈ ਦੂਜੀ ਬਾਰ ॥੯੦॥

ਕਿ ਮੈਂ ਕਿਤੇ ਲੁਹਾਰ ਦੇ ਵੱਸ ਨਾ ਪੈ ਜਾਵਾਂ, ਉਹ ਤਾਂ ਮੈਨੂੰ ਦੂਜੀ ਵਾਰੀ ਸਾੜੇਗਾ ॥੯੦॥

ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ ॥

ਹੇ ਕਬੀਰ! (ਪ੍ਰਭੂ ਦੇ ਗੁਣ ਗਾਂਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਇਸ ਸਿਫ਼ਤ-ਸਾਲਾਹ ਦੀ ਬਰਕਤਿ ਨਾਲ 'ਮਨ' ਮਰ ਜਾਂਦਾ ਹੈ 'ਮਨ' ਵਿਕਾਰਾਂ ਵਲੋਂ ਹਟ ਜਾਂਦਾ ਹੈ) ਇਸ ਇੱਕ ਮਨ ਦੇ ਮਰਨ ਨਾਲ ਇਕ ਹੋਰ ਭੀ ਮਰਿਆ ਜਾਤਿ-ਅਭਿਮਾਨ, ਤੇ ਕੁਲ ਦੋ ਮਰ ਗਏ-ਮਨ ਅਤੇ ਜਾਤਿ-ਅਭਿਮਾਨ। ਫਿਰ ਦੋ ਹੋਰ ਮਰੇ-ਦੇਹ-ਅੱਧਿਆਸ ਅਤੇ ਤ੍ਰਿਸ਼ਨਾ; ਕੁੱਲ ਚਾਰ ਹੋ ਗਏ।

ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ ॥੯੧॥

ਦੋ ਹੋਰ ਮਰੇ-ਕੁਸੰਗ ਅਤੇ ਨਿੰਦਾ; ਤੇ ਇਹ ਸਾਰੇ ਛੇ ਹੋ ਗਏ, ਚਾਰ ਪੁਲਿੰਗ ('ਪੁਰਖ') ਅਤੇ ਦੋ ਇਸਤ੍ਰੀ-ਲਿੰਗ ('ਨਾਰਿ') ॥੯੧॥

ਕਬੀਰ ਦੇਖਿ ਦੇਖਿ ਜਗੁ ਢੂੰਢਿਆ ਕਹੂੰ ਨ ਪਾਇਆ ਠਉਰੁ ॥

ਹੇ ਕਬੀਰ! ਮੈਂ ਬੜੀ ਮੇਹਨਤਿ ਨਾਲ ਸਾਰਾ ਜਗਤ ਢੂੰਡ ਵੇਖਿਆ ਹੈ, ਕਿਤੇ ਵੀ ਅਜੇਹਾ ਥਾਂ ਨਹੀਂ ਲੱਭਾ (ਜਿਥੇ ਮਨ ਭਟਕਣੋਂ ਹਟ ਜਾਏ)।

ਜਿਨਿ ਹਰਿ ਕਾ ਨਾਮੁ ਨ ਚੇਤਿਓ ਕਹਾ ਭੁਲਾਨੇ ਅਉਰ ॥੯੨॥

ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ (ਉਸ ਨੂੰ ਕਿਤੇ ਭੀ ਮਨ ਦੀ ਸ਼ਾਂਤੀ ਦਾ ਥਾਂ ਨਹੀਂ ਲੱਭ ਸਕਿਆ; ਪ੍ਰਭੂ ਦਾ ਨਾਮ ਹੀ, ਜੋ ਸਤਸੰਗ ਵਿਚ ਮਿਲਦਾ ਹੈ, ਭਟਕਣ ਤੋਂ ਬਚਾਂਦਾ ਹੈ)। (ਸਿਫ਼ਤ-ਸਾਲਾਹ ਛੱਡ ਕੇ) ਕਿਉਂ ਹੋਰ ਹੋਰ ਥਾਂ ਭਟਕਦੇ ਫਿਰਦੇ ਹੋ? ॥੯੨॥

ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ॥

ਹੇ ਕਬੀਰ! (ਮਨ ਦੀ ਸ਼ਾਂਤੀ ਲਈ ਇਕੋ ਹੀ 'ਠੌਰ' ਹੈ, ਉਹ ਹੈ 'ਸਾਧ ਸੰਗਤ', ਸੋ) ਸਾਧ ਸੰਗਤ ਵਿਚ ਜੁੜਨਾ ਚਾਹੀਦਾ ਹੈ, ਸਾਧ ਸੰਗਤ ਵਾਲਾ ਸਾਥ ਤੋੜ ਨਿਭਦਾ ਹੈ;

ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥੯੩॥

ਰੱਬ ਨਾਲੋਂ ਟੁੱਟੇ ਬੰਦਿਆਂ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਇਸ ਤੋਂ ਆਤਮਕ ਮੌਤ (ਹੋਣ ਦਾ ਡਰ) ਹੈ ॥੯੩॥

ਕਬੀਰ ਜਗ ਮਹਿ ਚੇਤਿਓ ਜਾਨਿ ਕੈ ਜਗ ਮਹਿ ਰਹਿਓ ਸਮਾਇ ॥

ਹੇ ਕਬੀਰ! (ਮਨ ਵਾਸਤੇ ਸ਼ਾਂਤੀ ਦੀ 'ਠੌਰ' ਪ੍ਰਭੂ ਦਾ ਨਾਮ ਹੀ ਹੈ, ਸੋ) ਜਿਨ੍ਹਾਂ ਨੇ ਜਗਤ ਵਿਚ ਜਨਮ ਲੈ ਕੇ ਉਸ ਪ੍ਰਭੂ ਨੂੰ, ਇਉਂ ਪਛਾਣ ਕੇ ਕਿ ਉਹ ਸਾਰੇ ਜਗਤ ਵਿਚ ਵਿਆਪਕ ਹੈ, ਸਿਮਰਿਆ ਹੈ (ਉਹਨਾਂ ਨੂੰ ਹੀ ਜਗਤ ਵਿਚ ਜੰਮੇ ਸਮਝੋ, ਉਹਨਾਂ ਦਾ ਹੀ ਜੰਮਣਾ ਸਫਲ ਹੈ, ਉਹੀ ਹਨ ਸਾਧ, ਤੇ ਉਹਨਾਂ ਦੀ ਸੰਗਤ ਹੀ ਸਾਧ-ਸੰਗਤ ਹੈ)।

ਜਿਨ ਹਰਿ ਕਾ ਨਾਮੁ ਨ ਚੇਤਿਓ ਬਾਦਹਿ ਜਨਮੇਂ ਆਇ ॥੯੪॥

ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਅਰਥ ਹੀ ਜੰਮੇ ॥੯੪॥

ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ॥

ਹੇ ਕਬੀਰ! (ਜੇ ਮਨ ਵਾਸਤੇ ਸ਼ਾਂਤੀ ਦੀ 'ਠੌਰ' ਚਾਹੀਦੀ ਹੈ ਤਾਂ 'ਸਾਧ ਸੰਗਤ' ਵਿਚ ਜੁੜ ਕੇ) ਇਕ ਪਰਮਾਤਮਾ ਉਤੇ ਡੋਰੀ ਰੱਖਣੀ ਚਾਹੀਦੀ ਹੈ, ਹੋਰ ਆਸਾਂ ਛੱਡ ਦੇਣੀਆਂ ਚਾਹੀਦੀਆਂ ਹਨ।

ਨਰਕਿ ਪਰਹਿ ਤੇ ਮਾਨਈ ਜੋ ਹਰਿ ਨਾਮ ਉਦਾਸ ॥੯੫॥

ਜੋ ਮਨੁੱਖ ਪਰਮਾਤਮਾ ਦੀ ਯਾਦ ਵਲੋਂ ਮੂੰਹ ਮੋੜ ਲੈਂਦੇ ਹਨ ਉਹ ਨਰਕ ਵਿਚ ਪਏ ਰਹਿੰਦੇ ਹਨ (ਸਦਾ ਦੁਖੀ ਰਹਿੰਦੇ ਹਨ) ॥੯੫॥

ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ ॥

ਹੇ ਕਬੀਰ! ਜਿਨ੍ਹਾਂ ਨੇ ਪਰਮਾਤਮਾ ਨੂੰ ਮਿਤ੍ਰ ਨਾਹ ਬਣਾਇਆ (ਪਰਮਾਤਮਾ ਨਾਲ ਸਾਂਝ ਨਾਹ ਬਣਾਈ, ਤੇ) ਕਈ ਚੇਲੇ-ਚਾਟੜੇ ਬਣਾ ਲਏ,

ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ ॥੯੬॥

(ਉਹਨਾਂ ਨੇ ਪਹਿਲਾਂ ਤਾਂ ਭਾਵੇਂ) ਪਰਮਾਤਮਾ ਨੂੰ ਮਿਲਣ ਲਈ ਉੱਦਮ ਕੀਤਾ ਸੀ, ਪਰ ਉਹਨਾਂ ਦਾ ਮਨ ਰਾਹ ਵਿਚ ਹੀ ਅਟਕ ਗਿਆ (ਚੇਲਿਆਂ-ਚਾਟੜਿਆਂ ਤੋਂ ਸੇਵਾ-ਪੂਜਾ ਕਰਾਣ ਵਿਚ ਹੀ ਉਹ ਰੁਝ ਗਏ, ਪ੍ਰਭੂ ਦਾ ਸਿਮਰਨ ਭੁਲਾ ਬੈਠੇ ਤੇ ਮਨ ਦੀ ਸ਼ਾਂਤੀ ਦੀ 'ਠੌਰ' ਨਸੀਬ ਨਾਹ ਹੋਈ) ॥੯੬॥

ਕਬੀਰ ਕਾਰਨੁ ਬਪੁਰਾ ਕਿਆ ਕਰੈ ਜਉ ਰਾਮੁ ਨ ਕਰੈ ਸਹਾਇ ॥

ਹੇ ਕਬੀਰ! (ਇਹ ਤਾਂ ਠੀਕ ਹੈ ਕਿ ਮਨ ਦੀ ਸ਼ਾਂਤੀ ਦਾ 'ਠੌਰ' ਸਾਧ ਸੰਗਤ ਹੀ ਹੈ, ਪ੍ਰਭੂ ਦੇ ਚਰਨਾਂ ਵਿਚ ਟਿਕੇ ਰਹਿਣ ਲਈ 'ਸੰਗਤ ਕਰੀਐ ਸਾਧ ਕੀ' ਸਾਧ ਸੰਗਤ ਹੀ ਇਕੋ-ਇਕ ਵਸੀਲਾ ਹੈ; ਪਰ) ਜੇ ਪਰਮਾਤਮਾ ਆਪ ਸਹੈਤਾ ਨਾਹ ਕਰੇ (ਜੇ 'ਸਾਧ' ਦੇ ਅੰਦਰ ਪਰਮਾਤਮਾ ਆਪ ਨ ਆ ਵਸੇ, ਜੇ 'ਸਾਧ' ਖ਼ੁਦਿ ਪ੍ਰਭੂ-ਚਰਨਾਂ ਵਿਚ ਨਾਹ ਜੁੜਿਆ ਹੋਵੇ) ਤਾਂ ਇਹ ਵਸੀਲਾ ਕਮਜ਼ੋਰ ਹੋ ਜਾਣ ਦੇ ਕਾਰਨ ਕੋਈ ਲਾਭ ਨਹੀਂ ਪੁਚਾਂਦਾ।

ਜਿਹ ਜਿਹ ਡਾਲੀ ਪਗੁ ਧਰਉ ਸੋਈ ਮੁਰਿ ਮੁਰਿ ਜਾਇ ॥੯੭॥

(ਇਨਸਾਨੀ ਉੱਚ ਜੀਵਨ-ਰੂਪ ਰੁੱਖ ਦੀ ਚੋਟੀ ਤੇ ਅਪੜਾਣ ਲਈ 'ਸਾਧ', ਮਾਨੋ, ਡਾਲੀਆਂ ਹਨ, ਪਰ ਭੇਖੀ ਤੇ ਚੇਲੇ-ਚਾਟੜੇ ਹੀ ਬਨਾਣ ਵਾਲੇ 'ਸਾਧ' ਕਮਜ਼ੋਰ ਟਹਿਣੀਆਂ ਹਨ) ਮੈਂ ਤਾਂ (ਅਜੇਹੀ) ਜਿਸ ਜਿਸ ਡਾਲੀ ਉੱਤੇ ਪੈਰ ਧਰਦਾ ਹਾਂ ਉਹ (ਸੁਆਰਥ ਵਿਚ ਕਮਜ਼ੋਰ ਹੋਣ ਕਰਕੇ) ਟੁੱਟਦੀ ਜਾ ਰਹੀ ਹੈ ॥੯੭॥

ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥

ਹੇ ਕਬੀਰ! ਜੋ ('ਸਾਧ' ਨਿਰਾ) ਹੋਰਨਾਂ ਨੂੰ ਮੱਤਾਂ ਦੇਂਦੇ ਹਨ, ਪਰ ਉਹਨਾਂ ਦੇ ਆਪਣੇ ਅੰਦਰ ਕੋਈ ਰਸ ਨਹੀਂ ਆਉਂਦਾ।

ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥੯੮॥

ਅਜੇਹੇ ('ਸਾਧ') ਹੋਰਨਾਂ ਦੀ ਰਾਸ-ਪੂੰਜੀ ਦੀ ਤਾਂ ਰਾਖੀ ਕਰਨ ਦਾ ਜਤਨ ਕਰਦੇ ਹਨ, ਪਰ ਆਪਣੇ ਪਿਛਲੇ ਸਾਰੇ ਗੁਣ ਮੁਕਾ ਲੈਂਦੇ ਹਨ (ਅਜੇਹੇ 'ਸਾਧ' ਭੀ ਕਮਜ਼ੋਰ ਡਾਲੀਆਂ ਹਨ, ਮਨੁੱਖਤਾ ਦੀ ਚੋਟੀ ਉਤੇ ਇਹ ਭੀ ਅਪੜਾ ਨਹੀਂ ਸਕਦੇ) ॥੯੮॥

ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ ॥

ਹੇ ਕਬੀਰ! (ਆਖ-ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਗੁਰਮੁਖਾਂ ਦੀ ਸੰਗਤ ਵਿਚ ਟਿਕਿਆ ਰਹਾਂ (ਚਾਹੇ ਮੇਰੀ ਕਿਰਤ-ਕਮਾਈ ਬਹੁਤ ਹੀ ਘਟ ਜਾਏ) ਤੇ ਮੈਂ ਜੌਂ ਦੇ ਛਿੱਲੜ ਖਾ ਕੇ ਗੁਜ਼ਾਰਾ ਕਰਾਂ।

ਹੋਨਹਾਰੁ ਸੋ ਹੋਇਹੈ ਸਾਕਤ ਸੰਗਿ ਨ ਜਾਉ ॥੯੯॥

(ਸਾਧ ਸੰਗਤ ਵਿਚ ਸਮਾਂ ਦੇਣ ਕਰਕੇ ਗ਼ਰੀਬੀ ਆਦਿਕ) ਜੇਹੜਾ ਕਸ਼ਟ ਭੀ ਆਵੇ ਪਿਆ ਆਵੇ। ਪਰ ਮੈਂ ਰੱਬ ਤੋਂ ਟੁੱਟੇ ਹੋਏ ਬੰਦਿਆਂ ਦੀ ਸੁਹਬਤਿ ਵਿਚ ਨਾਹ ਜਾਵਾਂ ॥੯੯॥

ਕਬੀਰ ਸੰਗਤਿ ਸਾਧ ਕੀ ਦਿਨ ਦਿਨ ਦੂਨਾ ਹੇਤੁ ॥

ਹੇ ਕਬੀਰ! ਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਦਿਨੋ ਦਿਨ ਪਰਮਾਤਮਾ ਨਾਲ ਪਿਆਰ ਵਧਦਾ ਹੀ ਵਧਦਾ ਹੈ।

ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ॥੧੦੦॥

ਪਰ ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਨੋ, ਕਾਲੀ ਕੰਬਲੀ ਹੈ ਜੋ ਧੋਤਿਆਂ ਭੀ ਕਦੇ ਚਿੱਟੀ ਨਹੀਂ ਹੁੰਦੀ। ਉਸ ਦੀ ਸੁਹਬਤਿ ਵਿਚ ਟਿਕਿਆਂ ਮਨ ਦੀ ਪਵਿਤ੍ਰਤਾ ਨਹੀਂ ਮਿਲ ਸਕਦੀ ॥੧੦੦॥

ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥

ਹੇ ਕਬੀਰ! (ਇਹ ਜੋ ਸਿਰ ਮੁਨਾ ਕੇ ਆਪਣੇ ਆਪ ਨੂੰ 'ਸਾਧ' ਸਮਝਦਾ ਫਿਰਦਾ ਹੈ, ਇਸ ਨੇ) ਆਪਣਾ ਮਨ ਨਹੀਂ ਮੁੰਨਿਆ (ਮਨ ਉਤੋਂ ਵਿਕਾਰਾਂ ਦੀ ਮੈਲ ਨਹੀਂ ਦੂਰ ਕੀਤੀ) ਸਿਰ ਦੇ ਕੇਸ ਮੁਨਾਇਆਂ ਤਾਂ ਇਹ 'ਸਾਧੂ' ਨਹੀਂ ਬਣ ਗਿਆ।

ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ ॥੧੦੧॥

ਜਿਸ ਭੀ ਮੰਦੇ ਕਰਮ ਦੀ ਪ੍ਰੇਰਨਾ ਕਰਦਾ ਹੈ ਮਨ ਹੀ ਕਰਦਾ ਹੈ (ਜੇ 'ਸਾਧੂ' ਬਣਨ ਦੀ ਖ਼ਾਤਰ ਹੀ ਸਿਰ ਮੁਨਾਇਆ ਹੈ ਤਾਂ) ਸਿਰ ਮੁਨਾਉਣਾ ਵਿਅਰਥ ਹੈ ॥੧੦੧॥

ਕਬੀਰ ਰਾਮੁ ਨ ਛੋਡੀਐ ਤਨੁ ਧਨੁ ਜਾਇ ਤ ਜਾਉ ॥

ਹੇ ਕਬੀਰ! ਪਰਮਾਤਮਾ ਦਾ ਨਾਮ ਕਦੇ ਨਾਹ ਭੁਲਾਈਏ, (ਜੇ ਨਾਮ ਸਿਮਰਦਿਆਂ ਅਸਾਡਾ) ਸਰੀਰ ਤੇ ਧਨ ਨਾਸ ਹੋਣ ਲੱਗੇ ਤਾਂ ਬੇਸ਼ੱਕ ਨਾਸ ਹੋ ਜਾਏ।

ਚਰਨ ਕਮਲ ਚਿਤੁ ਬੇਧਿਆ ਰਾਮਹਿ ਨਾਮਿ ਸਮਾਉ ॥੧੦੨॥

ਪਰ ਅਸਾਡਾ ਚਿੱਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜ਼ਰੂਰ ਵਿੱਝਿਆ ਰਹੇ, ਪਰਮਾਤਮਾ ਦੇ ਨਾਮ ਵਿਚ ਜ਼ਰੂਰ ਸਮਾਇਆ ਰਹੇ ॥੧੦੨॥

ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈਂ ਸਭ ਤਾਰ ॥

('ਤਨੁ ਧਨ' ਜਾਣ ਤੇ ਭੀ ਜੇ ਮੇਰਾ ਮਨ 'ਰਾਮਹਿ ਨਾਮਿ' ਸਮਾਇਆ ਰਹੇ, ਤਾਂ ਇਹ ਸੌਦਾ ਬੜਾ ਸਸਤਾ ਹੈ, ਕਿਉਂਕਿ) ਹੇ ਕਬੀਰ! (ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਸਰੀਰਕ ਮੋਹ ਦਾ ਜੇਹੜਾ ਵਾਜਾ ਮੈਂ ਸਦਾ ਵਜਾਂਦਾ ਰਹਿੰਦਾ ਸਾਂ (ਹੁਣ ਨਾਮ ਸਿਮਰਨ ਦੀ ਬਰਕਤਿ ਨਾਲ) ਉਸ ਦੀਆਂ (ਮੋਹ ਦੀਆਂ) ਸਾਰੀਆਂ ਤਾਰਾਂ ਟੁੱਟ ਗਈਆਂ ਹਨ।

ਜੰਤੁ ਬਿਚਾਰਾ ਕਿਆ ਕਰੈ ਚਲੇ ਬਜਾਵਨਹਾਰ ॥੧੦੩॥

(ਦੇਹ-ਅੱਧਿਆਸ ਦਾ ਇਹ) ਵਿਚਾਰਾ ਵਾਜਾ (ਹੁਣ) ਕੀਹ ਕਰ ਸਕਦਾ ਹੈ? ਭਾਵ, ਨਾਮ ਦੀ ਬਰਕਤਿ ਨਾਲ ਸਰੀਰਕ ਮੋਹ ਮਾਤ ਪੈ ਗਿਆ ਹੈ। (ਸਰੀਰਕ ਮੋਹ ਤਾਂ ਕਿਤੇ ਰਿਹਾ) ਉਹ ਮਨ ਹੀ ਨਹੀਂ ਰਿਹਾ ਜੋ ਸਰੀਰਕ ਮੋਹ ਦਾ ਵਾਜਾ ਵਜਾ ਰਿਹਾ ਸੀ ॥੧੦੩॥

ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥

(ਇਹ ਪੰਡਿਤ ਮੈਨੂੰ ਪਰਮਾਤਮਾ ਦੇ ਨਾਮ ਵਿਚ ਜੁੜਨ ਤੋਂ ਹੋੜਦਾ ਹੈ ਤੇ ਆਪਣੇ ਵੇਦ ਆਦਿਕ ਕਰਮ ਪੁਸਤਕਾਂ ਦੇ ਕਰਮ-ਕਾਂਡ ਦਾ ਢੋਲ ਵਜਾ ਕੇ ਮੇਰਾ ਗੁਰੂ-ਪੁਰੋਹਤ ਬਣਨਾ ਚਾਹੁੰਦਾ ਹੈ; ਪਰ) ਹੇ ਕਬੀਰ! ਮੈਂ ਅਜੇਹੇ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਆਂ, ਇਸ ਦੇ ਰਾਹ ਤੇ ਤੁਰਿਆਂ (ਸਰੀਰਕ ਮੋਹ ਦੀ) ਭਟਕਣਾ ਦੂਰ ਨਹੀਂ ਹੋ ਸਕਦੀ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430