ਪਰਮਾਤਮਾ ਦੇ ਭਗਤ (ਦੀ ਉਮਰ) ਦੇ ਜਿਤਨੇ ਭੀ ਸਾਹ ਹੁੰਦੇ ਹਨ, ਉਹ ਸਾਰੇ ਪਰਮਾਤਮਾ ਦੇ ਬਿਰਹੋਂ ਵਿਚ ਵਿੱਝੇ ਰਹਿੰਦੇ ਹਨ।
ਜਿਵੇਂ ਕੌਲ ਫੁੱਲ ਅਤੇ ਪਾਣੀ ਦਾ ਬੜਾ ਡੂੰਘਾ ਪਿਆਰ ਹੁੰਦਾ ਹੈ, ਪਾਣੀ ਦਾ ਦਰਸਨ ਕਰਨ ਤੋਂ ਬਿਨਾ ਕੌਲ-ਫੁੱਲ ਸੁੱਕ ਜਾਂਦਾ ਹੈ (ਇਹੀ ਹਾਲ ਹੁੰਦਾ ਹੈ ਭਗਤ ਜਨਾਂ ਦਾ) ॥੨॥
ਪਰਮਾਤਮਾ ਦੇ ਸੇਵਕ ਪਰਮਾਤਮਾ ਦਾ ਪਵਿੱਤਰ ਨਾਮ (ਸਦਾ) ਜਪਦੇ ਹਨ। ਗੁਰੂ ਨੇ (ਆਪਣੇ) ਉਪਦੇਸ਼ ਨਾਲ ਉਹਨਾਂ ਨੂੰ ਪਰਮਾਤਮਾ ਸਾਹਮਣੇ (ਹਰ ਥਾਂ ਵੱਸਦਾ) ਵਿਖਾ ਦਿੱਤਾ ਹੁੰਦਾ ਹੈ।
(ਨਾਮ ਦੀ ਬਰਕਤਿ ਨਾਲ ਉਹਨਾਂ ਦੇ ਅੰਦਰੋਂ) ਜਨਮਾਂ ਜਨਮਾਂਤਰਾਂ ਦੀ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ। ਉਹ ਆਤਮਕ ਜੀਵਨ ਦੇਣ ਵਾਲੇ ਹਰਿ ਨਾਮ-ਜਲ ਵਿਚ (ਸਦਾ) ਇਸ਼ਨਾਨ ਕਰਦੇ ਰਹਿੰਦੇ ਹਨ ॥੩॥
ਹੇ ਮਾਲਕ-ਪ੍ਰਭੂ! ਅਸਾਂ ਜੀਵਾਂ ਦੇ (ਚੰਗੇ ਮੰਦੇ) ਕਰਮ ਨਾਹ ਵਿਚਾਰਨੇ; ਆਪਣੇ ਸੇਵਕ-ਦਾਸ ਦੀ ਤੁਸਾਂ ਆਪ ਇੱਜ਼ਤ ਰੱਖਣੀ।
ਹੇ ਹਰੀ! ਜਿਵੇਂ ਤੈਨੂੰ ਭਾਵੈ ਮੇਰੀ ਬੇਨਤੀ-ਅਰਜ਼ੋਈ ਸੁਣ, ਮੈਂ ਦਾਸ ਨਾਨਕ ਤੇਰੀ ਸਰਨ ਪਿਆਂ ਹਾਂ ॥੪॥੩॥੫॥
(ਮਨੁੱਖ ਦਾ) ਮਨ ਹਰੇਕ ਖਿਨ ਭਟਕ ਭਟਕ ਕੇ (ਮਾਇਆ ਦੀ ਖ਼ਾਤਰ) ਬਹੁਤ ਦੌੜਦਾ ਫਿਰਦਾ ਹੈ, ਇਸ ਤਰ੍ਹਾਂ ਇਹ ਰਤਾ ਭਰ ਸਮੇ ਲਈ ਭੀ ਆਪਣੇ ਸਰੀਰ-ਘਰ ਵਿਚ (ਸ੍ਵੈ ਸਰੂਪ ਵਿਚ) ਟਿਕ ਨਹੀਂ ਸਕਦਾ।
(ਗੁਰੂ ਦਾ) ਸ਼ਬਦ (ਮਨ ਦੀ ਭਟਕਣਾ ਦੂਰ ਕਰਨ ਲਈ) ਦਵਾਈ (ਹੈ। ਜਿਵੇਂ ਮਹਾਵਤ ਹਾਥੀ ਨੂੰ ਵੱਸ ਵਿਚ ਰੱਖਣ ਲਈ ਲੋਹੇ ਦਾ ਡੰਡਾ ਉਸ ਦੇ ਸਿਰ ਉਤੇ ਮਾਰਦਾ ਹੈ, ਤਿਵੇਂ) ਗੁਰੂ ਨੇ (ਜਿਸ ਮਨੁੱਖ ਦੇ) ਸਿਰ ਉੱਤੇ ਆਪਣਾ ਸ਼ਬਦ-ਅੰਕਸ਼ ਰੱਖ ਦਿੱਤਾ, ਉਸ ਦੇ ਮਨ ਨੂੰ ਹਿਰਦੇ-ਘਰ ਵਿਚ ਹਿਰਦੇ-ਮੰਦਰ ਵਿਚ ਲਿਆ ਕੇ ਟਿਕਾ ਦਿੱਤਾ ॥੧॥
ਹੇ ਗੋਬਿੰਦ ਜੀ! (ਮੈਨੂੰ) ਸਾਧ ਸੰਗਤ ਵਿਚ ਮਿਲਾ। (ਸਾਧ ਸੰਗਤ ਵਿਚ ਮਿਲ ਕੇ) ਹੇ ਹਰੀ! (ਤੇਰਾ ਨਾਮ) ਸਿਮਰਿਆ ਜਾ ਸਕਦਾ ਹੈ।
ਹੇ ਹਰੀ! ਜਿਹੜਾ ਮਨੁੱਖ (ਸਾਧ ਸੰਗਤ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸੁਰਤ ਜੋੜਦਾ ਹੈ, ਉਸ ਦਾ ਹਉਮੈ ਦਾ ਰੋਗ ਦੂਰ ਹੋ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ ॥
(ਹਰੇਕ ਮਨੁੱਖ ਦੇ ਹਿਰਦੇ-) ਘਰ ਵਿਚ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਅਨੇਕਾਂ ਰਤਨ ਲਾਲ ਮੋਤੀ ਭਰੇ ਪਏ ਹਨ। (ਪਰ ਜਦ ਤਕ) ਮਨ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ, ਤਦ ਤਕ ਉਹਨਾਂ ਨੂੰ ਲੱਭ ਨਹੀਂ ਸਕੀਦਾ।
ਜਿਵੇਂ ਕੋਈ ਸੇਂਘਾ (ਧਰਤੀ ਵਿਚ) ਦੱਬਿਆ ਹੋਇਆ (ਪੁਰਾਣਾ) ਖੂਹ ਤੁਰਤ ਲੱਭ ਲੈਂਦਾ ਹੈ, ਤਿਵੇਂ (ਮਨੁੱਖ ਦੇ ਅੰਦਰ ਹੀ ਲੁਕਿਆ ਹੋਇਆ) ਨਾਮ-ਪਦਾਰਥ ਗੁਰੂ ਦੀ ਰਾਹੀਂ ਲੱਭ ਪੈਂਦਾ ਹੈ ॥੨॥
ਜਿਨ੍ਹਾਂ ਮਨੁੱਖਾਂ ਨੇ ਸਾਧੇ ਹੋਏ ਮਨ ਵਾਲਾ ਇਹੋ ਜਿਹਾ ਗੁਰੂ ਨਹੀਂ ਲੱਭਾ, ਉਹਨਾਂ ਮਨੁੱਖਾਂ ਦਾ ਜੀਊਣਾ ਸਦਾ ਫਿਟਕਾਰ-ਜੋਗ ਹੀ ਹੁੰਦਾ ਹੈ (ਉਹ ਸਦਾ ਅਜਿਹੇ ਕੰਮ ਹੀ ਕਰਦੇ ਹਨ ਕਿ ਉਹਨਾਂ ਨੂੰ ਜਗਤ ਵਿਚ ਫਿਟਕਾਰਾਂ ਪੈਂਦੀਆਂ ਰਹਿੰਦੀਆਂ ਹਨ)।
(ਅਜਿਹੇ ਮਨੁੱਖਾਂ ਨੇ) ਕੀਮਤੀ ਮਨੁੱਖਾ ਜਨਮ ਪਿਛਲੀ ਕੀਤੀ ਨੇਕ ਕਮਾਈ ਦੇ ਕਾਰਨ ਫਲ ਵਜੋਂ ਪ੍ਰਾਪਤ ਕੀਤਾ ਸੀ, ਪਰ ਹੁਣ ਉਹ ਜਨਮ ਕੌਡੀ ਦੇ ਭਾ (ਅਜਾਈਂ) ਜਾ ਰਿਹਾ ਹੈ ॥੩॥
ਹੇ ਦੁਸ਼ਟ-ਦਮਨ ਹਰੀ! ਹੇ ਪ੍ਰਭੂ! (ਮੇਰੇ ਉਤੇ) ਮਿਹਰ ਕਰ। ਕਿਰਪਾ ਕਰ ਕੇ (ਮੈਨੂੰ) ਗੁਰੂ ਮਿਲਾ।
ਦਾਸ ਨਾਨਕ ਆਖਦਾ ਹੈ- (ਜਿਹੜਾ ਮਨੁੱਖ) ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਮਨੁੱਖ ਉਹ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੪॥੪॥੬॥
ਮਾਇਆ (ਦੇ ਮੋਹ) ਦੇ ਕਾਰਨ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ਉਹਨਾਂ ਨੂੰ ਕਲੇਸ਼ ਵਾਪਰਿਆ ਰਹਿੰਦਾ ਹੈ, ਉਹਨਾਂ ਦਾ ਸਰੀਰ ਨਾਮ ਤੋਂ ਸੱਖਣਾ ਰਹਿੰਦਾ ਹੈ, ਉਹਨਾਂ ਦੇ ਅੰਦਰ ਨਾਮ ਵਲੋਂ ਸੁੰਞ ਬਣੀ ਰਹਿੰਦੀ ਹੈ।
ਉਹ ਮਨੁੱਖ ਪਰਮਾਤਮਾ ਦਾ ਨਾਮ ਇਕ ਖਿਨ ਲਈ ਇਕ ਪਲ ਲਈ ਭੀ ਯਾਦ ਨਹੀਂ ਕਰਦੇ। ਆਤਮਕ ਮੌਤ ਨੇ ਹਰ ਵੇਲੇ ਉਹਨਾਂ ਨੂੰ ਸਿਰੋਂ ਫੜਿਆ ਹੋਇਆ ਹੁੰਦਾ ਹੈ ॥੧॥
ਹੇ (ਮੇਰੇ) ਗੋਬਿੰਦ ਜੀ! (ਮੇਰੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੀ) ਹਉਮੈ ਅਤੇ ਮਮਤਾ ਦੀ ਜ਼ਹਰ ਦੂਰ ਕਰ।
ਹੇ ਹਰੀ! ਸਾਧ ਸੰਗਤ ਤੇਰੀ ਪਿਆਰੀ ਹੈ ਗੁਰੂ ਦੀ ਪਿਆਰੀ ਹੈ। (ਮਿਹਰ ਕਰ) ਮੈਂ ਸਾਧ ਸੰਗਤ ਵਿਚ ਮਿਲ ਕੇ ਤੇਰੇ ਨਾਮ ਦਾ ਰਸ ਮਾਣਦਾ ਰਹਾਂ ॥੧॥ ਰਹਾਉ ॥
ਹੇ ਪ੍ਰਭੂ! ਮਿਹਰ ਕਰ ਕੇ (ਮੈਨੂੰ) ਗੁਰੂ ਦੀ ਸਤ ਸੰਗਤ ਵਿਚ ਮਿਲਾਈ ਰੱਖ, ਮੈਂ ਗੁਰੂ ਦੀ ਸਰਨ (ਸਦਾ) ਪਿਆ ਰਹਾਂ।
ਹੇ ਪ੍ਰਭੂ! (ਪਾਪਾਂ ਨਾਲ ਭਾਰੇ) ਪੱਥਰ (ਹੋਏ) ਅਸਾਂ ਜੀਵਾਂ ਨੂੰ (ਪਾਪਾਂ ਵਿਚ) ਡੁੱਬ ਰਿਹਾਂ ਨੂੰ ਕੱਢ ਲੈ। ਹੇ ਪ੍ਰਭੂ ਜੀ! ਤੁਸੀਂ ਦੀਨਾਂ ਉਤੇ ਦਇਆ ਕਰਨ ਵਾਲੇ ਹੋ, ਤੁਸੀਂ ਸਾਡੇ ਦੁੱਖ ਨਾਸ ਕਰਨ ਵਾਲੇ ਹੋ ॥੨॥
ਹੇ ਹਰੀ! ਹੇ ਸੁਆਮੀ! (ਆਪਣੀ) ਸਿਫ਼ਤ-ਸਾਲਾਹ (ਮੇਰੇ) ਹਿਰਦੇ ਵਿਚ ਵਸਾਈ ਰੱਖ। (ਮਿਹਰ ਕਰ) ਤੇਰੀ ਸਾਧ ਸੰਗਤ ਵਿਚ ਮਿਲ ਕੇ (ਮੇਰੀ) ਅਕਲ (ਤੇਰੇ ਨਾਮ ਦੇ ਚਾਨਣ ਨਾਲ) ਰੌਸ਼ਨ ਹੋ ਜਾਏ।
ਪਰਮਾਤਮਾ ਦੇ ਨਾਮ ਵਿਚ ਮੇਰੀ ਪ੍ਰੀਤ ਬਣ ਗਈ ਹੈ, ਮੈਂ (ਹੁਣ) ਪਰਮਾਤਮਾ ਤੋਂ (ਸਦਾ) ਸਦਕੇ ਜਾਂਦਾ ਹਾਂ ॥੩॥
ਹੇ ਹਰੀ! ਹੇ ਪ੍ਰਭੂ! (ਮੈਂ) ਸੇਵਕ ਦੇ ਮਨੋਰਥ ਪੂਰੇ ਕਰ, ਮੈਨੂੰ ਆਪਣਾ ਨਾਮ ਬਖ਼ਸ਼, (ਤੇਰਾ ਨਾਮ ਹੀ ਮੇਰੇ ਵਾਸਤੇ) ਚਾਨਣ (ਹੈ)।
ਹੇ ਦਾਸ ਨਾਨਕ! (ਆਖ-ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਬਖ਼ਸ਼ਿਆ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਆਤਮਕ ਖਿੜਾਉ ਬਣ ਗਿਆ ॥੪॥੫॥੭॥੧੨॥੧੮॥੭॥੩੭॥