ਮਸੂਲੀਆਂ ਨੇ ਕਈ ਹੀਲੇ ਸੋਚੇ, ਕਈ ਸੋਚਾਂ ਸੋਚੀਆਂ, (ਆਖ਼ਿਰ ਉਹਨਾਂ ਨੇ) ਵਿਚਾਰ ਕਰ ਕੇ ਵੇਖ ਲਿਆ (ਕਿ ਮਸੂਲ ਉਗਰਾਹੁਣ ਵਿਚ ਸਾਡੀ ਪੇਸ਼ ਨਹੀਂ ਜਾ ਸਕਦੀ), ਆਪਣੀਆਂ ਗੋਲਕਾਂ ਬੰਦ ਕਰ ਕੇ ਉਹ ਸਾਰੇ ਉੱਠ ਕੇ ਚਲੇ ਗਏ।
(ਦੋ ਤੀਰਥਾਂ ਤੇ ਹੋ ਕੇ ਸਤਿਗੁਰੂ ਅਮਰਦਾਸ ਜੀ) ਤੀਜੇ ਥਾਂ ਗੰਗਾ ਪਹੁੰਚੇ। ਉਥੇ ਇਹ ਅਜਬ ਤਮਾਸ਼ਾ ਹੋਇਆ ॥੫॥
ਨਗਰ ਦੇ ਤੁਰਨੇ-ਸਿਰ ਮਨੁੱਖ ਮਿਲ ਕੇ (ਗੁਰੂ ਅਮਰਦਾਸ ਜੀ ਦੇ ਕੋਲ) ਆਏ। (ਉਹਨਾਂ) ਗੁਰੂ ਦੀ ਓਟ ਲਈ, ਸਤਿਗੁਰੂ ਦਾ ਪੱਲਾ ਫੜਿਆ।
(ਗੁਰੂ ਪਾਸੋਂ) ਪੁੱਛ ਕੇ ਉਹਨਾਂ ਪੰਚਾਂ ਨੇ ਇਹ ਨਿਰਨਾ ਕਰ ਲਿਆ ਕਿ 'ਗੁਰੂ ਸਤਿਗੁਰੂ' 'ਗੁਰੁ ਗੋਵਿੰਦ' ਨੂੰ (ਹਿਰਦੇ ਵਿਚ ਵਸਾਣਾ ਹੀ ਅਸਲ) ਸਿਮ੍ਰਿਤੀ ਹੈ।
ਉਹਨਾਂ ਸਾਰੇ ਮਹਾਂ ਜਨਾਂ ਨੇ (ਗੁਰੂ ਪਾਸੋਂ ਪੁੱਛ ਕੇ) ਇਹ ਨਿਰਨਾ ਕਰ ਲਿਆ (ਕਿ ਜਿਵੇਂ) ਸੁਕਦੇਵ ਨੇ ਪ੍ਰਹਿਲਾਦ ਨੇ ਸ੍ਰੀ ਰਾਮ ਚੰਦਰ ਨੇ 'ਗੋਵਿੰਦ, ਗੋਵਿੰਦ' ਆਖ ਆਖ ਕੇ 'ਗੁਰ ਗੋਵਿੰਦ' ਦਾ ਨਾਮ ਸਿਮਰਿਆ ਸੀ (ਤਿਵੇਂ ਗੁਰ ਗੋਵਿੰਦ ਨੂੰ ਸਿਮਰਨਾ ਹੀ ਅਸਲ) ਸਿਮ੍ਰਿਤੀਆਂ ਤੇ ਸ਼ਾਸਤਰ ਹਨ।
(ਉਹਨਾਂ ਸੁਕ ਪ੍ਰਹਿਲਾਦ ਸ੍ਰੀ ਰਾਮ ਨੇ) ਸਰੀਰ-ਨਗਰ ਵਿਚ ਵੱਸਣ ਵਾਲੇ ਸਰੀਰ-ਕਿਲ੍ਹੇ ਵਿਚ ਵੱਸਣ ਵਾਲੇ (ਕਾਮਾਦਿਕ) ਪੰਜ ਚੋਰਾਂ ਨੂੰ ਪੰਜ ਡਾਕੂਆਂ ਨੂੰ (ਮਾਰ ਕੇ) ਉਹਨਾਂ ਦਾ (ਆਪਣੇ ਅੰਦਰੋਂ) ਨਿਸ਼ਾਨ ਹੀ ਮਿਟਾ ਦਿੱਤਾ ਸੀ।
(ਨਗਰ ਦੇ ਪੰਚਾਂ ਨੇ ਗੁਰੂ) ਨਾਨਕ ਦੀ ਰਾਹੀਂ ਗੁਰੂ ਦੇ ਉਪਦੇਸ਼ ਦੀ ਰਾਹੀਂ ਪਰਮਾਤਮਾ ਦੀ ਭਗਤੀ ਕਰਨ ਦੀ ਦਾਤ ਹਾਸਲ ਕਰ ਲਈ। (ਨਗਰ ਵਿਚ) ਸਦਾ ਕੀਰਤਨ ਹੋਣ ਲੱਗ ਪਏ-(ਇਹੀ ਉਹਨਾਂ ਮਹਾ ਜਨਾਂ ਵਾਸਤੇ) ਪੁਰਾਣਾਂ ਦੇ ਪਾਠ ਅਤੇ ਪੁੰਨ-ਦਾਨ (ਹੋ ਗਏ)।
ਨਗਰ ਦੇ ਤੁਰਨੇ-ਸਿਰ ਮਨੁੱਖ ਮਿਲ ਕੇ (ਗੁਰੂ ਅਮਰਦਾਸ ਜੀ ਦੇ ਕੋਲ) ਆਏ। (ਉਹਨਾਂ) ਗੁਰੂ ਦੀ ਓਟ ਲਈ, (ਉਹਨਾਂ) ਸਤਿਗੁਰੂ ਦਾ ਪੱਲਾ ਫੜਿਆ ॥੬॥੪॥੧੦॥
ਰਾਗ ਤੁਖਾਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਸੋਹਣੇ ਲਾਲ! ਗੁਰੂ ਦੀ ਰਾਹੀਂ (ਗੁਰੂ ਦੀ ਸਰਨ ਪੈ ਕੇ) ਮੈਂ ਆਪਣਾ ਇਹ) ਮਨ (ਤੈਨੂੰ) ਦੇ ਦਿੱਤਾ ਹੈ, ਮੈਂ ਤੈਥੋਂ ਸਦਕੇ ਜਾਂਦਾ ਹਾਂ।
ਹੇ ਲਾਲ! ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁਣ ਕੇ ਮੇਰਾ ਮਨ (ਤੇਰੇ ਨਾਮ-ਰਸ ਨਾਲ) ਭਿੱਜ ਗਿਆ ਹੈ।
ਹੇ ਮੁਰਾਰੀ! (ਮੇਰਾ ਇਹ) ਮਨ (ਤੇਰੇ ਨਾਮ-ਰਸ ਨਾਲ ਇਉਂ) ਭਿੱਜ ਗਿਆ ਹੈ (ਮੇਰੇ ਅੰਦਰ ਤੇਰਾ ਇਤਨਾ) ਪਿਆਰ ਬਣ ਗਿਆ ਹੈ (ਕਿ ਇਸ ਨਾਮ-ਜਲ ਤੋਂ ਬਿਨਾ ਇਹ ਮਨ ਜੀਊ ਹੀ ਨਹੀਂ ਸਕਦਾ) ਜਿਵੇਂ ਪਾਣੀ ਦੀ ਮੱਛੀ (ਪਾਣੀ ਤੋਂ ਬਿਨਾ ਰਹਿ ਨਹੀਂ ਸਕਦੀ)।
ਹੇ ਮੇਰੇ ਮਾਲਕ! ਤੇਰਾ ਮੁੱਲ ਪਾਇਆ ਨਹੀਂ ਜਾ ਸਕਦਾ (ਤੂੰ ਕਿਸੇ ਦੁਨੀਆਵੀ ਪਦਾਰਥ ਦੇ ਇਵਜ਼ ਮਿਲ ਨਹੀਂ ਸਕਦਾ), ਤੇਰੇ ਟਿਕਾਣੇ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਹੇ ਸਾਰੇ ਗੁਣ ਦੇਣ ਵਾਲੇ ਮਾਲਕ! ਮੇਰੀ ਗਰੀਬ ਦੀ ਇਕ ਬੇਨਤੀ ਸੁਣ-
(ਮੈਨੂੰ) ਨਾਨਕ ਨੂੰ ਆਪਣਾ ਦਰਸਨ ਬਖ਼ਸ਼, ਮੈਂ ਤੈਥੋਂ ਸਦਕੇ ਹਾਂ, ਮੈਂ ਆਪਣੀ ਇਹ ਨਿਮਾਣੀ ਜਿਹੀ ਜਿੰਦ ਤੈਥੋਂ ਵਾਰਨੇ ਕਰਦਾ ਹਾਂ ॥੧॥
ਹੇ ਮੇਰੇ ਪ੍ਰਭੂ! (ਮੇਰਾ) ਇਹ ਸਰੀਰ ਤੇਰਾ (ਦਿੱਤਾ ਹੋਇਆ ਹੈ), (ਮੇਰਾ) ਇਹ ਮਨ ਤੇਰਾ (ਬਖ਼ਸ਼ਿਆ ਹੋਇਆ ਹੈ), ਸਾਰੇ ਗੁਣ ਭੀ ਤੇਰੇ ਹੀ ਬਖ਼ਸ਼ੇ ਮਿਲਦੇ ਹਨ।
ਮੈਂ ਤੇਰੇ ਦਰਸਨ ਤੋਂ ਕੁਰਬਾਨ ਜਾਂਦਾ ਹਾਂ।
ਹੇ ਮੇਰੇ ਪ੍ਰਭੂ! (ਮੈਂ) ਤੇਰੇ ਦਰਸਨ (ਤੋਂ ਸਦਕੇ ਜਾਂਦਾ ਹਾਂ)। ਅੱਖ ਝਮਕਣ ਜਿਤਨੇ ਸਮੇ ਲਈ ਹੀ (ਮੇਰੇ ਵਲ) ਨਿਗਾਹ ਕਰ। (ਤੈਨੂੰ) ਵੇਖ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।
ਹੇ ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਸੁਣੀਂਦਾ ਹੈ। ਜੇ ਤੂੰ (ਮੇਰੇ ਉਤੇ) ਮਿਹਰ ਕਰੇਂ ਤਾਂ ਹੀ ਮੈਂ (ਤੇਰਾ ਨਾਮ ਜਲ) ਪੀ ਸਕਦਾ ਹਾਂ।
ਹੇ ਮੇਰੇ ਪ੍ਰਭੂ-ਪਤੀ! ਤੇਰੇ ਦਰਸਨ ਦੀ ਖ਼ਾਤਰ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਹੈ, ਉਸ ਤਾਂਘ ਦੀ (ਮਾਨੋ) ਪਿਆਸ ਲੱਗੀ ਹੋਈ ਹੈ (ਦਰਸਨ ਤੋਂ ਬਿਨਾ ਉਹ ਪਿਆਸ ਮਿਟਦੀ ਨਹੀਂ) ਜਿਵੇਂ ਪਪੀਹਾ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਨੂੰ ਤਾਂਘਦਾ ਰਹਿੰਦਾ ਹੈ।
ਨਾਨਕ ਆਖਦਾ ਹੈ- ਹੇ ਮੇਰੇ ਪ੍ਰਭੂ! ਮੈਨੂੰ (ਆਪਣਾ) ਦਰਸਨ ਦੇਹ, ਮੈਂ ਆਪਣੀ ਇਹ ਜਿੰਦ ਤੈਥੋਂ ਕੁਰਬਾਨ ਕਰਦਾ ਹਾਂ ॥੨॥
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਬੇਅੰਤ ਵੱਡਾ ਸ਼ਾਹ ਹੈਂ।
ਹੇ ਪ੍ਰਭੂ! ਤੂੰ (ਸਾਡਾ) ਪ੍ਰੀਤਮ ਹੈਂ, (ਸਾਡਾ) ਪਿਆਰਾ ਹੈਂ। ਤੂੰ ਸਾਡੇ ਪ੍ਰਾਣਾਂ ਦਾ ਰਾਖਾ ਹੈਂ, ਤੂੰ ਸਾਡੀ ਜਿੰਦ ਦਾ ਰਾਖਾ ਹੈਂ।
ਹੇ ਪ੍ਰਭੂ! ਤੂੰ (ਸਾਨੂੰ) ਜਿੰਦ ਦੇਣ ਵਾਲਾ ਹੈਂ, ਸਾਰੇ ਸੁਖ ਦੇਣ ਵਾਲਾ ਹੈਂ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦੇ ਅੰਦਰ ਸਾਰੇ ਆਤਮਕ ਆਨੰਦ ਪੈਦਾ ਹੋ ਜਾਂਦੇ ਹਨ।
ਹੇ ਪ੍ਰਭੂ! ਜਿਹੋ ਜਿਹਾ ਹੁਕਮ ਤੂੰ ਕੀਤਾ ਹੁੰਦਾ ਹੈ, ਜੀਵ ਉਹੀ ਕੰਮ ਕਰਦਾ ਹੈ।
ਜਗਤ ਦੇ ਮਾਲਕ ਪ੍ਰਭੂ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ, ਉਸ ਨੇ ਗੁਰੂ ਦੀ ਸੰਗਤ ਵਿਚ (ਰਹਿ ਕੇ ਆਪਣੇ) ਮਨ ਨੂੰ ਵੱਸ ਵਿਚ ਕਰ ਲਿਆ।
ਨਾਨਕ ਆਖਦਾ ਹੈ- (ਹੇ ਪ੍ਰਭੂ! ਮੇਰੀ ਇਹ) ਨਿਮਾਣੀ ਜਿੰਦ ਤੈਥੋਂ ਸਦਕੇ ਹੈ। ਇਹ ਜਿੰਦ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ ॥੩॥
ਹੇ ਮੇਰੇ ਪ੍ਰਭੂ! ਸੰਤ ਜਨਾਂ ਦੀ ਸਰਨ ਪੈਣ ਦੀ ਬਰਕਤਿ ਨਾਲ ਤੂੰ ਮੈਨੂੰ ਗੁਣ-ਹੀਨ ਨੂੰ (ਭੀ ਵਿਕਾਰਾਂ ਤੋਂ) ਬਚਾ ਲਿਆ ਹੈ।
ਸਤਿਗੁਰੂ ਨੇ ਮੇਰਾ ਪਾਪੀ ਦਾ ਪਰਦਾ ਢੱਕ ਲਿਆ ਹੈ (ਮੇਰੇ ਪਾਪ ਨਸ਼ਰ ਨਹੀਂ ਹੋਣ ਦਿੱਤੇ)।
ਹੇ ਅਸਾਂ ਜੀਵਾਂ ਦੇ ਮਾਲਕ! ਹੇ ਸਭ ਜੀਵਾਂ ਦਾ ਪਰਦਾ ਢੱਕਣ ਦੀ ਸਮਰਥਾ ਵਾਲੇ! ਹੇ ਜਿੰਦ ਦੇਣ ਵਾਲੇ! ਹੇ ਪ੍ਰਾਣ ਦੇਣ ਵਾਲੇ! ਹੇ ਸੁਖ ਦੇਣ ਵਾਲੇ!
ਹੇ ਨਾਸ-ਰਹਿਤ ਸੁਆਮੀ! ਹੇ ਅਦ੍ਰਿਸ਼ਟ ਸੁਆਮੀ! ਹੇ ਸਭ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਰਬ-ਵਿਆਪਕ! ਹੇ ਸਿਰਜਣਹਾਰ!
ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਕੋਈ ਨਹੀਂ ਦੱਸ ਸਕਦਾ ਕਿ ਤੂੰ ਕਦੋਂ ਦਾ ਹੈਂ।
ਦਾਸ ਨਾਨਕ ਉਸ (ਗੁਰੂ) ਤੋਂ ਕੁਰਬਾਨ ਹੈ (ਜਿਸ ਦੀ ਕਿਰਪਾ ਨਾਲ) ਪਰਮਾਤਮਾ ਦਾ ਨਾਮ ਅੱਖ ਝਮਕਣ ਜਿਤਨੇ ਸਮੇ ਲਈ ਭੀ ਮਿਲ ਜਾਂਦਾ ਹੈ ॥੪॥੧॥੧੧॥