ਗਿਆਨ ਨਿਰੀਆਂ ਗੱਲਾਂ ਨਾਲ ਨਹੀਂ ਭਾਲਿਆ ਜਾ ਸਕਦਾ, (ਗਿਆਨ ਕਿਵੇਂ ਮਿਲ ਸਕਦਾ ਹੈ-ਇਸ ਗੱਲ ਦਾ) ਬਿਆਨ ਕਰਨਾ ਇਉਂ ਕਰੜਾ ਹੈ ਜਿਵੇਂ ਲੋਹਾ (ਭਾਵ, ਬਹੁਤ ਔਖਾ ਹੈ)।
(ਹਾਂ) ਰੱਬ ਦੀ ਮੇਹਰ ਨਾਲ ਮਿਲ ਜਾਏ ਤਾਂ ਮਿਲ ਪੈਂਦਾ ਹੈ, (ਮੇਹਰ ਤੋਂ ਬਿਨਾ ਕੋਈ) ਹੋਰ ਚਾਰਾਜੋਈ ਤੇ ਹੁਕਮ (ਵਰਤਣਾ) ਵਿਅਰਥ ਹੈ ॥੨॥
ਹੇ ਪ੍ਰਭੂ! ਜੇ ਤੂੰ (ਜੀਵ ਉੱਤੇ) ਮਿਹਰ ਦੀ ਨਜ਼ਰ ਕਰੇਂ, ਤਾਂ ਉਸ ਨੂੰ ਤੇਰੀ ਕਿਰਪਾ-ਦ੍ਰਿਸ਼ਟੀ ਨਾਲ ਸਤਿਗੁਰੂ ਮਿਲ ਪੈਂਦਾ ਹੈ।
ਇਹ (ਵਿਚਾਰਾ) ਜੀਵ (ਜਦੋਂ) ਬਹੁਤੇ ਜਨਮਾਂ ਵਿਚ ਭਟਕ ਚੁਕਿਆ (ਤੇ ਤੇਰੀ ਮਿਹਰ ਦੀ ਨਜ਼ਰ ਹੋਈ) ਤਾਂ ਇਸ ਨੂੰ ਸਤਿਗੁਰੂ ਨੇ ਆਪਣਾ ਸ਼ਬਦ ਸੁਣਾਇਆ।
ਹੇ ਸਾਰੇ ਲੋਕੋ! ਧਿਆਨ ਦੇ ਕੇ ਸੁਣੋ, ਸਤਿਗੁਰੂ ਦੇ ਬਰਾਬਰ ਦਾ ਹੋਰ ਕੋਈ ਦਾਤਾ ਨਹੀਂ ਹੈ।
ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ ਆਪਾ-ਭਾਵ ਗਵਾ ਦਿੱਤਾ ਹੈ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਪ੍ਰਭੂ ਦੀ ਪ੍ਰਾਪਤੀ ਹੋ ਗਈ,
ਜਿਸ ਸਤਿਗੁਰੂ ਨੇ ਨਿਰੋਲ ਸੱਚੇ ਪ੍ਰਭੂ ਦੀ ਸੂਝ ਪਾਈ ਹੈ। (ਭਾਵ, ਜੋ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਉਂਦੇ ਹਨ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ, ਜੋ ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸੂਝ ਦੇਂਦਾ ਹੈ) ॥੪॥
(ਸਾਰੀਆਂ) ਘੜੀਆਂ (ਮਾਨੋ) ਗੋਪੀਆਂ ਹਨ; (ਦਿਨ ਦੇ ਸਾਰੇ) ਪਹਿਰ, (ਮਾਨੋ) ਕਾਨ੍ਹ ਹਨ;
ਪਉਣ ਪਾਣੀ ਤੇ ਅੱਗ, (ਮਾਨੋ) ਗਹਿਣੇ ਹਨ (ਜੋ ਉਹਨਾਂ ਗੋਪੀਆਂ ਨੇ ਪਾਏ ਹੋਏ ਹਨ)। (ਰਾਸਾਂ ਵਿਚ ਰਾਸਧਾਰੀਏ ਅਵਤਾਰਾਂ ਦਾ ਸਾਂਗ ਬਣਾ ਬਣਾ ਕੇ ਗਾਉਂਦੇ ਹਨ, ਕੁਦਰਤ ਦੀ ਰਾਸ ਵਿਚ) ਚੰਦ੍ਰਮਾ ਤੇ ਸੂਰਜ, (ਮਾਨੋ) ਦੋ ਅਵਤਾਰ ਹਨ।
ਸਾਰੀ ਧਰਤੀ (ਰਾਸ ਪਾਣ ਲਈ) ਮਾਲ ਧਨ ਹੈ, ਅਤੇ (ਜਗਤ ਦੇ ਧੰਧੇ) ਰਾਸ ਦਾ ਵਰਤਣ-ਵਲੇਵਾ ਹਨ।
(ਮਾਇਆ ਦੀ ਇਸ ਰਾਸ ਵਿਚ) ਗਿਆਨ ਤੋਂ ਸੱਖਣੀ ਦੁਨੀਆ ਠੱਗੀ ਜਾ ਰਹੀ ਹੈ, ਤੇ ਇਸ ਨੂੰ ਜਮਕਾਲ ਖਾਈ ਜਾ ਰਿਹਾ ਹੈ ॥੧॥
(ਰਾਸਾਂ ਵਿਚ) ਚੇਲੇ ਸਾਜ ਵਜਾਉਂਦੇ ਹਨ, ਅਤੇ ਉਹਨਾਂ ਚੇਲਿਆਂ ਦੇ ਗੁਰੂ ਨੱਚਦੇ ਹਨ।
(ਨਾਚ ਵੇਲੇ ਉਹ ਗੁਰੂ) ਪੈਰਾਂ ਨੂੰ ਹਿਲਾਉਂਦੇ ਹਨ ਅਤੇ ਸਿਰ ਫੇਰਦੇ ਹਨ।
(ਉਹਨਾਂ ਦੇ ਪੈਰਾਂ ਨਾਲ) ਉੱਡ ਉੱਡ ਕੇ ਘੱਟਾ ਉਹਨਾਂ ਦੇ ਸਿਰ ਵਿਚ ਪੈਂਦਾ ਹੈ।
(ਰਾਸ ਵੇਖਣ ਆਏ ਹੋਏ) ਲੋਕ (ਉਹਨਾਂ ਨੂੰ ਨੱਚਦਿਆਂ) ਵੇਖਦੇ ਹਨ ਅਤੇ ਹੱਸਦੇ ਹਨ (ਅੱਖਰੀਂ-ਲੋਕ ਵੇਖਦਾ ਹੈ ਅਤੇ ਹੱਸਦਾ ਹੈ)।
(ਪਰ ਉਹ ਰਾਸਧਾਰੀਏ) ਰੋਜ਼ੀ ਦੀ ਖ਼ਾਤਰ ਨੱਚਦੇ ਹਨ,
ਅਤੇ ਆਪਣੇ ਆਪ ਨੂੰ ਭੁਇਂ ਤੇ ਮਾਰਦੇ ਹਨ।
ਗੋਪੀਆਂ (ਦੇ ਸਾਂਗ ਬਣ ਕੇ) ਗਾਉਂਦੇ ਹਨ, ਕਾਨ੍ਹ (ਦੇ ਸਾਂਗ ਬਣ ਕੇ) ਗਾਉਂਦੇ ਹਨ,
ਸੀਤਾ, ਰਾਮ ਜੀ ਤੇ ਹੋਰ ਰਾਜਿਆਂ ਦੇ ਸਾਂਗ ਬਣ ਕੇ ਗਾਉਂਦੇ ਹਨ।
ਜਿਹੜਾ ਪ੍ਰਭੂ ਨਿਡਰ ਹੈ, ਅਕਾਰ-ਰਹਿਤ ਹੈ ਅਤੇ ਜਿਸ ਦਾ ਨਾਮ ਸਦਾ ਅਟੱਲ ਹੈ,
ਜਿਸ ਦਾ ਸਾਰਾ ਜਗਤ ਬਣਾਇਆ ਹੋਇਆ ਹੈ,
ਉਸ ਨੂੰ (ਕੇਵਲ ਉਹੀ) ਸੇਵਕ ਸਿਮਰਦੇ ਹਨ, ਜਿਨ੍ਹਾਂ ਦੇ ਅੰਦਰ (ਰੱਬ ਦੀ) ਮਿਹਰ ਨਾਲ ਚੜ੍ਹਦੀ ਕਲਾ ਹੈ, ਜਿਨ੍ਹਾਂ ਦੇ ਮਨ ਵਿਚ (ਸਿਮਰਨ ਕਰਨ ਦਾ) ਉਤਸ਼ਾਹ ਹੈ,
ਉਹਨਾਂ ਸੇਵਕਾਂ ਦੀ ਜ਼ਿੰਦਗੀ-ਰੂਪ ਰਾਤ ਸੁਆਦਲੀ ਗੁਜ਼ਰਦੀ ਹੈ-
ਇਹ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਸਿੱਖ ਲਈ ਹੈ,
ਮਿਹਰ ਦੀ ਨਜ਼ਰ ਵਾਲਾ ਪ੍ਰਭੂ ਆਪਣੀ ਬਖ਼ਸ਼ਸ਼ ਦੁਆਰਾ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।
(ਨੱਚਣ ਅਤੇ ਫੇਰੀਆਂ ਲੈਣ ਨਾਲ ਜੀਵਨ ਦਾ ਉਧਾਰ ਨਹੀਂ ਹੋ ਸਕਦਾ, ਵੇਖੋ ਬੇਅੰਤ ਪਦਾਰਥ ਤੇ ਜੀਵ ਸਦਾ ਭੌਂਦੇ ਰਹਿੰਦੇ ਹਨ) ਕੋਹਲੂ, ਚਰਖਾ, ਚੱਕੀ, ਚੱਕ,
ਥਲਾਂ ਦੇ ਬੇਅੰਤ ਵਰੋਲੇ,
ਲਾਟੂ, ਮਧਾਣੀਆਂ, ਫਲ੍ਹੇ,
ਪੰਛੀ, ਭੰਭੀਰੀਆਂ ਜੋ ਇਕ-ਸਾਹੇ ਉਡਦੀਆਂ ਰਹਿੰਦੀਆਂ ਹਨ-ਇਹ ਸਭ ਭੌਂਦੇ ਰਹਿੰਦੇ ਹਨ।
ਸੂਲ ਉੱਤੇ ਚਾੜ੍ਹ ਕੇ ਕਈ ਜੰਤ ਭਵਾਈਂਦੇ ਹਨ।
ਹੇ ਨਾਨਕ! ਭੌਣ ਵਾਲੇ ਜੀਵਾਂ ਦਾ ਅੰਤ ਨਹੀਂ ਪੈ ਸਕਦਾ।
(ਇਸੇ ਤਰ੍ਹਾਂ) ਉਹ ਪ੍ਰਭੂ ਜੀਵਾਂ ਨੂੰ (ਮਾਇਆ ਦੇ) ਜ਼ੰਜੀਰਾਂ ਵਿਚ ਜਕੜ ਕੇ ਭਵਾਉਂਦਾ ਹੈ,
ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਨੱਚ ਰਿਹਾ ਹੈ।
ਜੋ ਜੀਵ ਨੱਚ ਨੱਚ ਕੇ ਹੱਸਦੇ ਹਨ, ਉਹ (ਅੰਤ ਨੂੰ) ਰੋ ਕੇ (ਏਥੋਂ) ਤੁਰਦੇ ਹਨ।
(ਉਂਞ) ਭੀ ਨੱਚਣ ਟੱਪਣ ਨਾਲ ਕਿਸੇ ਉੱਚੀ ਅਵਸਥਾ ਤੇ ਨਹੀਂ ਅੱਪੜ ਜਾਂਦੇ, ਤੇ ਨਾ ਹੀ ਉਹ ਸਿੱਧ ਬਣ ਜਾਂਦੇ ਹਨ।
ਨੱਚਣਾ ਕੁੱਦਣਾ (ਕੇਵਲ) ਮਨ ਦਾ ਸ਼ੌਕ ਹੈ,
ਹੇ ਨਾਨਕ! ਪ੍ਰੇਮ ਕੇਵਲ ਉਹਨਾਂ ਦੇ ਮਨ ਵਿਚ ਹੀ ਹੈ ਜਿਨ੍ਹਾਂ ਦੇ ਮਨ ਵਿਚ ਰੱਬ ਦਾ ਡਰ ਹੈ ॥੨॥
(ਹੇ ਪ੍ਰਭੂ!) ਤੇਰਾ ਨਾਮ ਨਿਰੰਕਾਰ ਹੈ, ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿਚ ਨਹੀਂ ਪਈਦਾ।
ਇਹ ਜਿੰਦ ਅਤੇ ਸਰੀਰ ਸਭ ਕੁਝ ਪ੍ਰਭੂ ਦਾ ਹੀ ਹੈ, ਉਹੀ (ਜੀਵਾਂ ਨੂੰ) ਖਾਣ ਵਾਸਤੇ (ਭੋਜਨ) ਦੇਂਦਾ ਹੈ, (ਕਿਤਨਾ ਕੁ ਦੇਂਦਾ ਹੈ) ਇਹ ਅੰਦਾਜ਼ਾ ਲਾਉਣਾ ਵਿਅਰਥ ਜਤਨ ਹੈ।
ਹੇ ਜੀਵ! ਜੇ ਤੂੰ ਆਪਣੀ ਭਲਿਆਈ ਲੋੜਦਾ ਹੈਂ, ਤਾਂ ਚੰਗਾ ਕੰਮ ਕਰ ਕੇ ਭੀ ਆਪਣੇ ਆਪ ਨੂੰ ਨੀਵਾਂ ਅਖਵਾ।
ਜੇ (ਕੋਈ ਜੀਵ) ਬੁਢੇਪੇ ਨੂੰ ਪਰੇ ਹਟਾਉਣਾ ਚਾਹੇ (ਭਾਵ, ਬੁਢੇਪੇ ਤੋਂ ਬਚਣਾ ਚਾਹੇ, ਤਾਂ ਇਹ ਜਤਨ ਫ਼ਜ਼ੂਲ ਹੈ) ਬੁਢੇਪਾ ਵੇਸ ਧਾਰ ਕੇ ਆ ਹੀ ਜਾਂਦਾ ਹੈ।
ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਤਾਂ ਕੋਈ ਜੀਵ ਇੱਥੇ ਰਹਿ ਨਹੀਂ ਸਕਦਾ ॥੫॥
ਮੁਸਲਮਾਨਾਂ ਨੂੰ ਸ਼ਰਹ ਦੀ ਵਡਿਆਈ (ਸਭ ਤੋਂ ਵਧੀਕ ਚੰਗੀ ਲੱਗਦੀ ਹੈ), ਉਹ ਸ਼ਰਹ ਨੂੰ ਪੜ੍ਹ ਪੜ੍ਹ ਕੇ (ਇਹ) ਵਿਚਾਰ ਕਰਦੇ ਹਨ,
(ਕਿ) ਰੱਬ ਦਾ ਦੀਦਾਰ ਦੇਖਣ ਲਈ ਜੋ ਮਨੁੱਖ (ਸ਼ਰਹ ਦੀ) ਬੰਦਸ਼ ਵਿਚ ਪੈਂਦੇ ਹਨ, ਉਹੀ ਰੱਬ ਦੇ ਬੰਦੇ ਹਨ।
ਹਿੰਦੂ ਸ਼ਾਸਤਰ ਦੁਆਰਾ ਹੀ ਸਾਲਾਹੁਣ-ਜੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਹੁੰਦੇ ਹਨ,
ਹਰੇਕ ਤੀਰਥ ਤੇ ਨ੍ਹਾਉਂਦੇ ਹਨ, ਮੂਰਤੀਆਂ ਅਗੇ ਭੇਟਾ ਧਰਦੇ ਹਨ ਤੇ ਚੰਦਨ ਆਦਿਕ ਦੇ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ।
ਜੋਗੀ ਲੋਕ ਸਮਾਧੀ ਲਾ ਕੇ ਕਰਤਾਰ ਨੂੰ ਧਿਆਉਂਦੇ ਹਨ ਅਤੇ 'ਅਲਖ, ਅਲਖ' ਉਸ ਦਾ ਨਾਮ ਉਚਾਰਦੇ ਹਨ।