ਹੇ ਮਨ! ਪਰਮਾਤਮਾ ਦਾ ਇਕ ਨਾਮ ਹੀ ਸਾਰੀਆਂ ਦਵਾਈਆਂ ਦਾ ਮੂਲ ਹੈ, ਸਾਰੇ ਮੰਤ੍ਰਾਂ ਦਾ ਮੂਲ ਹੈ। ਜਿਸ ਮਨੁੱਖ ਨੇ ਆਪਣੇ ਮਨ ਵਿਚ ਪਰਮਾਤਮਾ ਵਾਸਤੇ ਸਰਧਾ ਧਾਰ ਲਈ ਹੈ,
ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹੈ, ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ॥੨॥੧੬॥
ਹੇ ਭਾਈ! (ਉਸ ਗੁਰੂ ਦੀ ਕਿਰਪਾ ਨਾਲ) ਮੇਰਾ ਪਰਮਾਤਮਾ ਨਾਲ ਪਿਆਰ ਬਣ ਗਿਆ ਹੈ,
ਉਹ ਗੁਰੂ ਮੇਰਾ ਭੀ ਸਦਾ ਲਈ ਮਦਦਗਾਰ ਬਣ ਗਿਆ ਹੈ, ਜਿਸ ਗੁਰੂ ਨੇ (ਸਰਨ ਆਏ ਹਰੇਕ ਮਨੁੱਖ ਦਾ) ਬੋਦੀ ਵਾਲਾ ਤਾਰਾ ਹੀ ਸਦਾ ਕੱਟ ਦਿੱਤਾ ਹੈ (ਜੇਹੜਾ ਗੁਰੂ ਹਰੇਕ ਸਰਨ ਆਏ ਮਨੁੱਖ ਦੇ ਦੁੱਖਾਂ ਦੀ ਜੜ੍ਹ ਹੀ ਕੱਟ ਦੇਂਦਾ ਹੈ) ॥੧॥ ਰਹਾਉ ॥
(ਹੇ ਭਾਈ! ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ) ਹੱਥ ਦੇ ਕੇ (ਦੁੱਖਾਂ ਤੋਂ) ਬਚਾਂਦਾ ਹੈ, (ਸੇਵਕਾਂ ਨੂੰ) ਆਪਣੇ ਬਣਾ ਕੇ ਉਹਨਾਂ ਦਾ ਸਾਰਾ ਦੁੱਖ-ਦਰਦ ਮਿਟਾ ਦੇਂਦਾ ਹੈ।
ਪਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ ਹੈ, ਤੇ, ਉਹਨਾਂ ਦੀ ਨਿੰਦਾ ਕਰਨ ਵਾਲਿਆਂ ਦੇ ਮੂੰਹ ਕਾਲੇ ਕਰਦਾ ਹੈ ॥੧॥
ਸਦਾ ਕਾਇਮ ਰਹਿਣ ਵਾਲਾ ਮਾਲਕ (ਆਪਣੇ ਸੇਵਕਾਂ ਦਾ ਆਪ) ਰਾਖਾ ਬਣਦਾ ਹੈ, ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ।
ਹੇ ਨਾਨਕ! ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਗੁਣ ਗਾ ਗਾ ਕੇ, ਤੇ, ਸਦਾ ਆਤਮਕ ਆਨੰਦ ਮਾਣ ਕੇ (ਦੁੱਖਾਂ ਕਲੇਸ਼ਾਂ ਵਲੋਂ) ਨਿਡਰ ਹੋ ਜਾਂਦੇ ਹਨ ॥੨॥੧੭॥
ਹੇ ਦਇਆ ਦੇ ਘਰ ਪ੍ਰਭੂ! ਤੇਰਾ ਨਾਮ (ਮੇਰੇ ਹਰੇਕ ਰੋਗ ਦੀ) ਦਵਾਈ ਹੈ,
ਪਰ ਮੈਂ ਦੁੱਖੀਏ ਨੇ ਸਮਝਿਆ ਹੀ ਨਹੀਂ ਸੀ ਕਿ ਤੂੰ ਕਿਤਨੀ ਉੱਚੀ ਆਤਮਕ ਅਵਸਥਾ ਵਾਲਾ ਹੈਂ, (ਫਿਰ ਭੀ) ਤੂੰ ਆਪ ਮੇਰੀ ਪਾਲਣਾ ਕਰਦਾ ਹੈਂ ॥੧॥ ਰਹਾਉ ॥
ਹੇ ਮੇਰੇ ਮਾਲਕ! ਮੇਰੇ ਉੱਤੇ ਮੇਹਰ ਕਰ (ਮੇਰੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ।
ਹੇ ਪ੍ਰਭੂ! ਸਾਡੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਸਾਨੂੰ ਆਪਣੇ ਬਣਾ ਲਵੋ, ਅਸੀਂ ਕਦੇ (ਮਨੁੱਖ ਜਨਮ ਦੀ ਬਾਜ਼ੀ) ਹਾਰ ਕੇ ਨਾਹ ਆਵੀਏ ॥੧॥
(ਹੇ ਪ੍ਰਭੂ!) ਤੇਰੀ ਸਰਨ ਪੈ ਕੇ ਮੈਂ ਆਤਮਕ ਜੀਵਨ ਵਾਲਾ ਬਣਿਆ ਰਹਿੰਦਾ ਹਾਂ (ਮੈਨੂੰ ਆਪਣੀ ਸਰਨ ਵਿਚ ਰੱਖ) ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ (ਸਭ ਉਤੇ) ਦਇਆ ਕਰਨ ਵਾਲਾ ਹੈਂ।
(ਹੇ ਭਾਈ! ਮੇਰੀ ਇਹੀ ਅਰਦਾਸ ਹੈ ਕਿ) ਮੈਂ ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹਾਂ। ਹੇ ਨਾਨਕ! (ਆਖ-) ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ॥੨॥੧੮॥
ਰਾਗ ਧਨਾਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ! ਸਾਨੂੰ ਬਚਾ ਲੈ, ਸਾਨੂੰ ਬਚਾ ਲੈ।
ਹੇ ਮੇਰੇ ਮਾਲਕ! (ਇਹਨਾਂ ਵਿਕਾਰਾਂ ਤੋਂ ਬਚਣ ਲਈ) ਅਸਾਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ! ਮੇਹਰ ਕਰ, ਆਪਣਾ ਨਾਮ ਬਖ਼ਸ਼ ॥੧॥ ਰਹਾਉ ॥
ਹੇ ਪ੍ਰਭੂ! ਇਹ ਸੰਸਾਰ-ਸਮੁੰਦਰ ਪਰਵਾਰ (ਦੇ ਮੋਹ) ਦੀ ਅੱਗ (ਨਾਲ ਭਰਿਆ ਹੋਇਆ) ਹੈ।
ਭਟਕਣਾ, ਮਾਇਆ ਦਾ ਮੋਹ, ਆਤਮਕ ਜੀਵਨ ਵਲੋਂ ਬੇ-ਸਮਝੀ-ਇਹ ਸਾਰੇ ਘੁੱਪ ਹਨੇਰੇ ਪਏ ਹੋਏ ਹਨ ॥੧॥
ਹੇ ਪ੍ਰਭੂ! ਦੁਨੀਆ ਦੇ ਸੁਖ ਮਿਲਣ ਤੇ ਜੀਵ ਨੂੰ ਅਹੰਕਾਰ ਪੈਦਾ ਹੋ ਜਾਂਦਾ ਹੈ, ਦੁੱਖ ਮਿਲਣ ਤੇ ਨਿੱਘਰੀ ਹੋਈ ਹਾਲਤ ਬਣ ਜਾਂਦੀ ਹੈ।
ਜੀਵ (ਮਾਇਆ ਵਲੋਂ ਕਿਸੇ ਵੇਲੇ) ਰੱਜਦਾ ਨਹੀਂ, ਇਸ ਨੂੰ ਮਾਇਆ ਦੀ ਤ੍ਰੇਹ ਮਾਇਆ ਦੀ ਭੁੱਖ ਚੰਬੜੀ ਰਹਿੰਦੀ ਹੈ ॥੨॥
ਹੇ ਪ੍ਰਭੂ! ਜੀਵ ਆਪਣੇ ਮਨ ਵਿਚ ਵਾਸਨਾ ਖੜੀਆਂ ਕਰ ਕੇ ਵਿਸ਼ੇ-ਵਿਕਾਰਾਂ ਦੇ ਕਾਰਨ ਰੋਗ ਸਹੇੜ ਲੈਂਦਾ ਹੈ।
ਇਹ ਵੱਡੇ ਆਕੀ (ਕਾਮਾਦਿਕ) ਪੰਜ ਵੈਰੀ ਇਸ ਦੇ ਨਾਲ ਚੰਬੜੇ ਰਹਿੰਦੇ ਹਨ ॥੩॥
(ਹੇ ਭਾਈ! ਉਸ ਦੇ ਅੱਗੇ ਅਰਦਾਸ ਕਰਿਆ ਕਰ-ਹੇ ਪ੍ਰਭੂ!) ਇਹ ਸਾਰੇ ਜੀਵ, ਇਹ ਜਗਤ, ਇਹ ਧਨ, ਜੀਵਾਂ ਦੇ ਪ੍ਰਾਣ-ਇਹ ਸਭ ਕੁਝ ਤੇਰਾ ਹੀ ਰਚਿਆ ਹੋਇਆ ਹੈ (ਤੂੰ ਹੀ ਵਿਕਾਰਾਂ ਤੋਂ ਬਚਾਣ ਦੇ ਸਮਰਥ ਹੈਂ)
ਹੇ ਨਾਨਕ! (ਜੇ ਇਹਨਾਂ ਵੈਰੀਆਂ ਤੋਂ ਬਚਣਾ ਹੈ, ਤਾਂ) ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝ ॥੪॥੧॥੧੯॥
ਹੇ ਭਾਈ! ਪਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈ।
ਉਹ ਪ੍ਰਭੂ (ਸੰਸਾਰ-ਸਮੁੰਦਰ ਤੋਂ ਪਾਰ) ਲੰਘਾਣ ਵਾਸਤੇ (ਮਾਨੋ) ਜਹਾਜ਼ ਹੈ, ਉਹ ਹਰੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਉਸ ਦੀ ਸਰਨ ਪਿਆਂ ਕੋਈ) ਦੁੱਖ ਪੋਹ ਨਹੀਂ ਸਕਦਾ ॥੧॥
ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦਾ ਨਾਮ ਜਪਿਆ ਕਰ।
ਇਹਨਾਂ ਜਤਨਾਂ ਨਾਲ ਹੀ ਸੰਸਾਰ ਦੇ ਝੰਬੇਲਿਆਂ ਦੀ ਫਾਹੀ ਕੱਟ। (ਮੈਨੂੰ ਇਸ ਤੋਂ ਬਿਨਾ) ਹੋਰ ਕੋਈ ਜੁਗਤਿ ਨਹੀਂ ਸੁੱਝਦੀ ਰਹਾਉ॥
ਹੇ ਭਾਈ! ਜੇਹੜਾ ਦਇਆ-ਦਾ-ਘਰ ਸਰਬ-ਵਿਆਪਕ ਪ੍ਰਭੂ ਸਦਾ ਹੀ (ਜੀਵਾਂ ਦੇ ਸਿਰ ਉਤੇ ਰਾਖਾ) ਹੈ ਤੇ ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ।
ਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ, ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ-ਮਰਨ ਦਾ ਗੇੜ ਦੂਰ ਕਰ ॥੨॥
ਹੇ ਭਾਈ! ਵੇਦ ਸਿੰਮ੍ਰਿਤੀ ਸ਼ਾਸਤਰ (ਹਰੇਕ ਧਰਮ ਪੁਸਤਕ ਜਿਸ ਪਰਮਾਤਮਾ ਦਾ) ਜ਼ਿਕਰ ਕਰਦਾ ਹੈ, ਭਗਤ ਜਨ (ਭੀ ਜਿਸ ਪਰਮਾਤਮਾ ਦੇ ਗੁਣਾਂ ਦਾ) ਵਿਚਾਰ ਕਰਦੇ ਹਨ,
ਸਾਧ ਸੰਗਤਿ ਵਿਚ (ਉਸ ਦਾ ਨਾਮ ਸਿਮਰ ਕੇ ਜਗਤ ਦੇ ਝੰਬੇਲਿਆਂ ਤੋਂ) ਖ਼ਲਾਸੀ ਮਿਲਦੀ ਹੈ, (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ ॥੩॥
(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ (ਦੇ ਆਤਮਕ ਜੀਵਨ) ਦਾ ਸਰਮਾਇਆ ਹੈ।