ਹੇ ਹਰੀ! ਤੂੰ ਬਹੁਤ ਅਪਹੁੰਚ ਹੈਂ, ਮਨੁੱਖ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ। ਹੇ ਸੁਆਮੀ! ਸਾਰੇ ਜੀਵ ਤੈਨੂੰ ਸੁੰਦਰ-ਸਰੂਪ ਨੂੰ ਸਿਮਰਦੇ ਹਨ।
ਹੇ ਹਰੀ! ਜਿਨ੍ਹਾਂ ਉਤੇ ਤੇਰੀ ਬਹੁਤ ਮਿਹਰ ਦੀ ਨਿਗਾਹ ਹੈ, ਉਹ ਬੰਦੇ ਗੁਰੂ ਦੀ ਸਰਨ ਪੈ ਕੇ ਤੈਨੂੰ ਸਿਮਰਦੇ ਹਨ ॥੧॥
ਇਹ ਜਗਤ-ਰਚਨਾ-ਸੁਆਮੀ ਪ੍ਰਭੂ ਨੇ ਆਪ ਹੀ ਕੀਤੀ ਹੈ, (ਇਸ ਵਿਚ) ਹਰ ਥਾਂ ਜਗਤ ਦਾ ਜੀਵਨ-ਪ੍ਰਭੂ ਆਪ ਹੀ ਵਿਆਪਕ ਹੈ।
ਜਿਵੇਂ ਪਾਣੀ ਵਿਚ ਪਾਣੀ ਦੀਆਂ ਬਹੁਤ ਲਹਿਰਾਂ ਉਠਦੀਆਂ ਹਨ, ਤੇ ਉਹ ਪਾਣੀ ਵਿਚ ਮਿਲ ਕੇ ਪਾਣੀ ਹੋ ਜਾਂਦੀਆਂ ਹਨ ॥੨॥
ਹੇ ਪ੍ਰਭੂ! ਜਿਹੜਾ (ਇਹ ਪਰਪੰਚ) ਤੂੰ ਬਣਾਇਆ ਹੈ ਇਸ ਨੂੰ ਤੂੰ ਆਪ ਹੀ ਜਾਣਦਾ ਹੈਂ, ਅਸੀਂ ਜੀਵ ਤੇਰੀ ਡੂੰਘਾਈ ਨਹੀਂ ਸਮਝ ਸਕਦੇ।
ਹੇ ਪ੍ਰਭੂ! ਅਸੀਂ ਤੇਰੇ ਬੱਚੇ ਹਾਂ, ਅਸਾਡੇ ਹਿਰਦੇ ਵਿਚ ਆਪਣੀ ਸਿਫ਼ਤ-ਸਾਲਾਹ ਟਿਕਾ ਰੱਖ, ਤਾ ਕਿ ਅਸੀਂ ਤੇਰਾ ਸਿਮਰਨ ਕਰਦੇ ਰਹੀਏ ॥੩॥
ਹੇ ਪ੍ਰਭੂ! ਤੂੰ (ਸਭ ਖ਼ਜ਼ਾਨਿਆਂ ਦਾ) ਸਮੁੰਦਰ ਹੈਂ, ਤੂੰ (ਸਭ ਅਮੋਲਕ ਪਦਾਰਥਾਂ ਨਾਲ ਭਰਿਆ) ਮਾਨਸਰੋਵਰ ਹੈਂ। ਜਿਹੜਾ ਮਨੁੱਖ ਤੇਰੀ ਸੇਵਾ-ਭਗਤੀ ਕਰਦਾ ਹੈ ਉਸ ਨੂੰ ਸਾਰੇ ਫਲ ਮਿਲ ਜਾਂਦੇ ਹਨ।
ਹੇ ਹਰੀ! ਤੇਰਾ ਦਾਸ ਨਾਨਕ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ, ਦਇਆ ਕਰ ਕੇ ਇਹ ਦਾਤ ਦੇਹ ॥੪॥੬॥
ਰਾਗ ਨਟ-ਨਾਰਾਇਨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੇ ਮਨ! ਪਰਮਾਤਮਾ ਦੀ ਸੇਵਾ-ਭਗਤੀ (ਕਰ, ਇਹ) ਮਿਹਨਤ ਫਲ ਦੇਣ ਵਾਲੀ ਹੈ।
ਗੁਰੂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ ਮੱਥੇ ਉੱਤੇ ਲਾ,
ਇਸ ਤਰ੍ਹਾਂ ਆਪਣੇ) ਸਾਰੇ ਦਰਿੱਦਰ ਨਾਸ ਕਰ ਲੈ, (ਗੁਰੂ ਦੇ ਚਰਨਾਂ ਦੀ ਧੂੜ) ਸਾਰੇ ਦੁੱਖਾਂ ਦੇ ਦਲਣ ਵਾਲੀ ਹੈ।
ਹੇ ਮਨ! ਹੇ ਮਨ! ਹੇ ਮਨ! ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਨਿਹਾਲ ਹੋ ਜਾਈਦਾ ਹੈ ॥੧॥ ਰਹਾਉ ॥
(ਇਹ ਮਨੁੱਖਾ ਸਰੀਰ) ਪਰਮਾਤਮਾ ਦਾ ਘਰ ਹੈ, ਪਰਮਾਤਮਾ ਨੇ ਆਪ ਇਸ ਨੂੰ ਸਜਾਇਆ ਹੈ, ਉਸ ਬੇਅੰਤ ਅਤੇ ਅੱਤ ਸੋਹਣੇ ਪ੍ਰਭੂ ਦਾ (ਇਹ ਮਨੁੱਖਾ ਸਰੀਰ) ਰੰਗ-ਮਹਲ ਹੈ।
ਜਿਸ ਉੱਤੇ ਪਰਮਾਤਮਾ ਨੇ ਆਪਣੀ ਕਿਰਪਾ ਕੀਤੀ, (ਉਸ ਦੇ ਹਿਰਦੇ-) ਘਰ ਵਿਚ ਉਹ ਆਪ ਆ ਵੱਸਦਾ ਹੈ। ਮੈਂ ਉਸ ਪਰਮਾਤਮਾ ਦੇ ਮਿਲਾਪ ਲਈ ਗੁਰੂ ਦਾ ਵਿਚੋਲਾ-ਪਨ ਕੀਤਾ ਹੈ (ਗੁਰੂ ਨੂੰ ਵਿਚੋਲਾ ਬਣਾਇਆ ਹੈ, ਗੁਰੂ ਦੀ ਸਰਨ ਲਈ ਹੈ। ਗੁਰੂ ਦੀ ਕਿਰਪਾ ਨਾਲ) ਉਸ ਹਰੀ ਨੂੰ ਵੇਖ ਕੇ ਨਿਹਾਲ ਹੋ ਗਈ ਹਾਂ, ਬਹੁਤ ਹੀ ਨਿਹਾਲ ਹੋ ਗਈ ਹਾਂ ॥੧॥
ਗੁਰੂ ਦੀ ਰਾਹੀਂ ਹੀ (ਜਦੋਂ) ਮੈਂ (ਆਪਣੇ ਹਿਰਦੇ ਵਿਚ) ਪਰਮਾਤਮਾ ਦੇ ਆ ਵੱਸਣ ਦੀ ਖ਼ਬਰ ਸੁਣੀ, (ਜਦੋਂ) ਮੈਂ ਸੋਹਣੇ ਲਾਲ-ਪ੍ਰਭੂ ਦਾ ਆਉਣਾ ਸੁਣਿਆ, ਮੇਰੇ ਮਨ ਵਿਚ ਮੇਰੇ ਤਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋ ਗਈਆਂ।
(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ ਉਸ ਪਰਮਾਤਮਾ ਨੂੰ ਮਿਲ ਕੇ ਮਸਤ-ਹਾਲ ਹੋ ਗਿਆ, ਨਿਹਾਲ ਹੋ ਗਿਆ, ਨਿਹਾਲ ਹੋ ਗਿਆ ॥੨॥੧॥੭॥
ਹੇ (ਮੇਰੇ) ਮਨ! ਗੁਰੂ ਦੀ ਸੰਗਤ ਵਿਚ ਜੁੜਿਆ ਰਹੁ, (ਇਹ ਸੰਗਤ) ਭਲੇ ਗੁਣ ਪੈਦਾ ਕਰਨ ਵਾਲੀ ਹੈ।
(ਹੇ ਮੇਰੇ ਮਨ!) ਅਕੱਥ ਪਰਮਾਤਮਾ ਦੀ ਸਿਫ਼ਤ-ਸਾਲਾਹ (ਗੁਰੂ ਦੀ ਸੰਗਤ ਵਿਚ) ਸੁਣਿਆ ਕਰ, (ਇਹ ਸਿਫ਼ਤ-ਸਾਲਾਹ) ਆਤਮਕ ਆਨੰਦ ਦੇਣ ਵਾਲੀ ਹੈ;
ਹੇ ਮਨ! ਇਹ ਸਾਰੇ ਪਾਪ ਵਿਕਾਰ ਦੂਰ ਕਰ ਦੇਂਦੀ ਹੈ;
ਹੇ ਮਨ! (ਇਹ ਕਥਾ ਤੇਰੇ ਅੰਦਰ) ਹਰਿ-ਨਾਮ ਦਾ ਲੇਖ ਲਿਖਣ-ਜੋਗੀ ਹੈ ॥੧॥ ਰਹਾਉ ॥
ਹੇ ਮਨ! ਇਸ ਸੰਸਾਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ, ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ੍ਰੇਸ਼ਟ ਕਰਮ ਹੈ।
ਹੇ ਮਨ! ਜਿਸ ਮਨੁੱਖ ਨੇ ਇਹ ਸਿਫ਼ਤ-ਸਾਲਾਹ ਸੁਣੀ ਹੈ ਜਿਸ ਮਨੁੱਖ ਨੇ ਇਹ ਸਿਫ਼ਤ-ਸਾਲਾਹ ਮਨ ਵਿਚ ਵਸਾਈ ਹੈ, ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ॥੧॥
ਹੇ ਮਨ! ਅਕੱਥ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੁਆਦ ਜਿਸ ਮਨੁੱਖ ਨੇ ਚੱਖਿਆ ਹੈ, ਇਹ ਉਸ ਮਨੁੱਖ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਕਰ ਦੇਂਦੀ ਹੈ।
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ ਕੇ ਉਸ ਦੇ ਸੇਵਕ (ਮਾਇਆ ਵਲੋਂ) ਰੱਜ ਜਾਂਦੇ ਹਨ, ਪਰਮਾਤਮਾ ਦਾ ਨਾਮ ਜਪ ਕੇ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ॥੨॥੨॥੮॥
ਜੇ ਕੋਈ ਮਨੁੱਖ (ਗੁਰੂ ਪਾਸੋਂ ਸੁਨੇਹਾ) ਲਿਆ ਕੇ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਏ;
ਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ।
ਉਹ ਮਨੁੱਖ (ਮੇਰੇ ਭਾ ਦਾ) ਭਲਾ ਹੈ ਭਾਗਾਂ ਵਾਲਾ ਹੈ।