(ਹੇ ਪਰਮਾਤਮਾ!) ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਜਿਸ ਜੀਵ ਨੂੰ ਤੂੰ ਆਪ ਹੀ ਮਤਿ ਦੇਂਦਾ ਹੈਂ, ਉਸੇ ਪਾਸੋਂ ਹਰਿ-ਨਾਮ ਸਿਮਰਿਆ ਜਾ ਸਕਦਾ ਹੈ।
ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੈਂਦਾ ਹੈ।
ਉਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਾਨਸਕ ਡਾਵਾਂਡੋਲ ਦਸ਼ਾ ਮੁੱਕ ਜਾਂਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ।
(ਹੇ ਭਾਈ!) ਹਰ ਥਾਂ ਪ੍ਰਭੂ ਆਪ ਹੀ ਆਪ ਮੌਜੂਦ ਹੈ, ਉਹ ਆਪ ਹੀ (ਜੀਵਾਂ ਨੂੰ) ਆਪਣੇ ਨਾਮ ਵਿਚ ਜੋੜਦਾ ਹੈ ॥੨॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਗਿਆਨ ਤੋਂ ਸੱਖਣੇ ਹੁੰਦੇ ਹਨ (ਜੀਵਨ-ਜੁਗਤਿ ਤੋਂ) ਅੰਞਾਣ ਹੁੰਦੇ ਹਨ ਉਹ ਅਹੰਕਾਰ ਵਿਚ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦਾ ਮੇਲ ਨਹੀਂ ਹੁੰਦਾ।
ਉਹ (ਆਪਣੇ ਮਾਣ ਵਿਚ ਰਹਿ ਕੇ) ਸਤਿਗੁਰੂ ਦੀ ਸਰਨ ਨਹੀਂ ਪੈਂਦੇ (ਕੁਰਾਹੇ ਪੈ ਕੇ) ਮੁੜ ਮੁੜ ਪਛੁਤਾਂਦੇ ਭੀ ਰਹਿੰਦੇ ਹਨ।
ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਇਸ ਗੇੜ ਵਿਚ ਉਹਨਾਂ ਦਾ ਆਤਮਕ ਜੀਵਨ ਗਲ ਜਾਂਦਾ ਹੈ।
ਮੇਰੇ ਕਰਤਾਰ ਨੂੰ ਇਹੀ ਚੰਗਾ ਲੱਗਦਾ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜਨਮ ਮਰਨ ਵਿਚ ਹੀ ਭਟਕਦੇ ਰਹਿਣ ॥੩॥
(ਜਿਸ ਵਡਭਾਗੀ ਮਨੁੱਖ ਦੇ) ਮੱਥੇ ਉਤੇ ਮੇਰੇ ਹਰਿ-ਪ੍ਰਭੂ ਨੇ ਆਪਣੀ ਧੁਰ ਦਰਗਾਹ ਤੋਂ (ਬਖ਼ਸ਼ਸ਼ ਦਾ) ਅਟੱਲ ਲੇਖ ਲਿਖ ਦਿੱਤਾ।
ਉਸ ਨੂੰ (ਸਭ ਵਿਕਾਰਾਂ ਤੋਂ ਹੱਥ ਦੇ ਕੇ ਬਚਾਣ ਵਾਲਾ) ਸੂਰਮਾ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਕਿਰਪਾ ਨਾਲ) ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ।
(ਹੇ ਭਾਈ!) ਪਰਮਾਤਮਾ ਦਾ ਨਾਮ ਹੀ ਮੇਰਾ ਪਿਉ ਹੈ ਨਾਮ ਹੀ ਮੇਰੀ ਮਾਂ ਹੈ, ਪਰਮਾਤਮਾ (ਦਾ ਨਾਮ) ਹੀ ਮੇਰਾ ਸਨਬੰਧੀ ਹੈ ਮੇਰਾ ਵੀਰ ਹੈ।
(ਮੈਂ ਸਦਾ ਪਰਮਾਤਮਾ ਦੇ ਦਰ ਤੇ ਹੀ ਅਰਜ਼ੋਈ ਕਰਦਾ ਹਾਂ ਕਿ) ਹੇ ਪ੍ਰਭੂ! ਹੇ ਹਰੀ! ਇਹ ਨਾਨਕ ਤੇਰਾ ਨਿਮਾਣਾ ਦਾਸ ਹੈ, ਇਸ ਉਤੇ ਬਖ਼ਸ਼ਸ਼ ਕਰ ਤੇ ਇਸ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ ॥੪॥॥੩॥੧੭॥੩੭॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਪਾਸੋਂ (ਪਰਮਾਤਮਾ ਨਾਲ) ਡੂੰਘੀ ਸਾਂਝ (ਪਾਣੀ) ਸਿੱਖ ਲਈ, (ਜਗਤ ਦੇ) ਮੂਲ ਪਰਮਾਤਮਾ (ਦੇ ਗੁਣਾਂ) ਨੂੰ ਵਿਚਾਰਨਾ (ਸਿੱਖ ਲਿਆ),
ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹਨਾਂ ਦੀ ਮਤਿ (ਜੋ ਪਹਿਲਾਂ ਵਿਕਾਰਾਂ ਦੇ ਕਾਰਨ) ਮੈਲੀ (ਹੋਈ ਪਈ ਸੀ) ਨਿਖਰ ਪਈ।
ਕਲਿਆਣ-ਸਰੂਪ ਪਰਮਾਤਮਾ ਨੇ (ਉਹਨਾਂ ਦੇ ਅੰਦਰੋਂ) ਮਾਇਆ (ਦਾ ਪ੍ਰਭਾਵ) ਮਿਟਾ ਦਿੱਤਾ, (ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਗਿਆ।
(ਪਰ) ਪਰਮਾਤਮਾ ਦਾ ਨਾਮ ਉਹਨਾਂ ਨੂੰ ਹੀ ਪਿਆਰਾ ਲੱਗਦਾ ਹੈ, ਜਿਨ੍ਹਾਂ ਦੇ ਮੱਥੇ ਉਤੇ ਧੁਰੋਂ (ਆਪ ਪਰਮਾਤਮਾ ਨੇ ਆਪਣੇ ਨਾਮ ਦੀ ਦਾਤ ਦਾ ਲੇਖ) ਲਿਖ ਦਿੱਤਾ ॥੧॥
ਹੇ ਸੰਤ ਜਨੋ! ਜਿਸ ਪਰਮਾਤਮਾ ਦਾ ਦਰਸਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ (ਦੱਸੋ) ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ।
ਉਸ ਪ੍ਰਭੂ ਤੋਂ ਵਿੱਛੁੜ ਕੇ ਮੈਂ ਰਤਾ ਭਰ ਸਮੇ ਲਈ ਭੀ (ਆਤਮਕ ਜੀਵਨ) ਜੀਊਂ ਨਹੀਂ ਸਕਦੀ। (ਹੇ ਸੰਤ ਜਨੋ!) ਮੈਨੂੰ ਗੁਰੂ (ਨਾਲ) ਮਿਲਾਵੋ (ਤਾਂ ਜੁ ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਨਾਮ ਦਾ ਰਸ ਪੀ ਸਕਾਂ ॥੧॥ ਰਹਾਉ ॥
(ਹੇ ਸੰਤ ਜਨੋ! ਪਿਆਰੇ ਗੁਰੂ ਦੀ ਮਿਹਰ ਨਾਲ) ਮੈਂ ਨਿੱਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਮੈਂ ਨਿੱਤ ਪਰਮਾਤਮਾ ਦਾ ਨਾਮ ਸੁਣਦਾ ਰਹਿੰਦਾ ਹਾਂ, ਉਸ ਪਰਮਾਤਮਾ ਨੇ ਮੈਨੂੰ ਉੱਚੀ ਆਤਮਕ ਅਵਸਥਾ ਬਖ਼ਸ ਦਿੱਤੀ ਹੈ।
ਗੁਰੂ ਪਾਸੋਂ ਮੈਂ ਪਰਮਾਤਮਾ ਦੇ ਨਾਮ ਦਾ ਸੁਆਦ ਹਾਸਲ ਕੀਤਾ ਹੈ, (ਹੁਣ) ਮੇਰਾ ਮਨ ਮੇਰਾ ਤਨ (ਉਸ ਸੁਆਦ ਵਿਚ) ਮਗਨ ਰਹਿੰਦਾ ਹੈ।
(ਹੇ ਸੰਤ ਜਨੋ!) ਜਿਸ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਭਗਤੀ (ਦੀ ਦਾਤਿ) ਦਿੱਤੀ ਹੈ (ਮੇਰੇ ਵਾਸਤੇ ਤਾਂ ਉਹ) ਸਤਪੁਰਖ ਗੁਰੂ (ਸਦਾ ਹੀ) ਸਲਾਹੁਣ-ਯੋਗ ਹੈ।
ਜਿਸ ਗੁਰੂ ਪਾਸੋਂ ਮੈਂ ਪਰਮਾਤਮਾ (ਦਾ ਨਾਮ) ਪ੍ਰਾਪਤ ਕੀਤਾ ਹੈ ਉਸ ਗੁਰੂ ਨੂੰ ਮੈਂ ਆਪਣਾ ਬਣਾ ਲਿਆ ਹੈ ॥੨॥
(ਹੇ ਭਾਈ! ਸਾਰੇ ਜਗਤ ਦਾ) ਸ਼ਹਿਨਸ਼ਾਹ ਪਰਮਾਤਮਾ (ਸਭ ਜੀਵਾਂ ਨੂੰ ਸਭ) ਗੁਣਾਂ ਦੀ ਦਾਤ ਦੇਣ ਵਾਲਾ ਹੈ, ਅਸੀਂ (ਜੀਵ) ਅਉਗਣਾਂ ਨਾਲ ਭਰੇ ਰਹਿੰਦੇ ਹਾਂ।
(ਜਿਵੇਂ) ਪੱਥਰ (ਪਾਣੀ ਵਿਚ ਡੁੱਬ ਜਾਂਦੇ ਹਨ, ਤਿਵੇਂ ਅਸੀ) ਪਾਪੀ (ਜੀਵ ਵਿਕਾਰਾਂ ਦੇ ਸਮੁੰਦਰ ਵਿਚ) ਡੁੱਬੇ ਰਹਿੰਦੇ ਹਾਂ, ਪਰਮਾਤਮਾ (ਸਾਨੂੰ) ਗੁਰੂ ਦੀ ਮਤਿ ਦੇ ਕੇ (ਉਸ ਸਮੁੰਦਰ ਵਿਚੋਂ) ਪਾਰ ਲੰਘਾਂਦਾ ਹੈ।
ਹੇ ਪ੍ਰਭੂ! ਤੂੰ ਪਵਿਤ੍ਰ-ਸਰੂਪ ਹੈਂ ਤੂੰ ਗੁਣ ਬਖ਼ਸ਼ਣ ਵਾਲਾ ਹੈਂ, ਅਸੀਂ ਜੀਵ ਅਉਗਣਾਂ ਨਾਲ ਭਰੇ ਪਏ ਹਾਂ।
ਹੇ ਹਰੀ! ਅਸੀਂ ਤੇਰੀ ਸਰਨ ਆਏ ਹਾਂ, (ਸਾਨੂੰ ਅਉਗਣਾਂ ਤੋਂ) ਬਚਾ ਲੈ, (ਸਾਨੂੰ) ਮੂਰਖਾਂ ਨੂੰ ਮਹਾ ਮੂਰਖਾਂ ਨੂੰ (ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘਾ ਲੈ ॥੩॥
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੂੰ (ਆਪਣੇ) ਮਨ ਵਿਚ (ਸਦਾ) ਸਿਮਰਿਆ ਹੈ, ਉਹ ਗੁਰੂ ਦੀ ਮਤਿ ਤੇ ਤੁਰ ਕੇ ਸਦਾ ਆਤਮਕ ਅਡੋਲਤਾ ਮਾਣਦੇ ਹਨ (ਆਤਮਕ) ਆਨੰਦ ਮਾਣਦੇ ਹਨ।
ਜਿਨ੍ਹਾਂ ਨੂੰ ਹਰਿ-ਪ੍ਰਭੂ ਸੱਜਣ ਮਿਲ ਪੈਂਦਾ ਹੈ, ਉਹ ਆਪਣੇ ਹਿਰਦੇ-ਘਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ।
ਹੇ ਹਰੀ! ਹੇ ਪ੍ਰਭੂ! ਮਿਹਰ ਕਰ, (ਮੇਰੀ) ਬੇਨਤੀ (ਸੁਣ), (ਮੈਨੂੰ) ਆਪਣੇ ਨਾਮ ਦਾ ਸਿਮਰਨ ਦੇਹ।
(ਹੇ ਪ੍ਰਭੂ! ਤੇਰਾ) ਦਾਸ ਨਾਨਕ (ਤੇਰੇ ਦਰ ਤੋਂ) ਉਹਨਾਂ ਮਨੁੱਖਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਨ੍ਹਾਂ ਨੂੰ (ਤੇਰੀ ਮਿਹਰ ਨਾਲ) ਗੁਰੂ ਮਿਲ ਪਿਆ ਹੈ ॥੪॥੪॥੧੮॥੩੮॥
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪੰਡਿਤ ਸ਼ਾਸਤਰ ਸਿਮ੍ਰਿਤੀਆਂ (ਆਦਿਕ ਧਰਮ ਪੁਸਤਕ) ਪੜ੍ਹਦਾ ਹੈ (ਤੇ ਇਸ ਵਿਦਵਤਾ ਦਾ ਫ਼ਖ਼ਰ ਕਰਦਾ ਹੈ),
ਜੋਗੀ (ਆਪਣੇ ਗੁਰੂ) ਗੋਰਖ (ਦੇ ਨਾਮ ਦਾ ਜਾਪ) ਕਰਦਾ ਹੈ (ਤੇ ਉਸ ਦੀਆਂ ਦੱਸੀਆਂ ਸਮਾਧੀਆਂ ਆਦਿਕ ਨੂੰ ਆਤਮਕ ਜੀਵਨ ਦੀ ਟੇਕ ਬਣਾਈ ਬੈਠਾ ਹੈ),
ਪਰ ਮੈਂ ਮੂਰਖ ਨੇ (ਪੰਡਿਤਾਂ ਤੇ ਜੋਗੀਆਂ ਦੇ ਭਾਣੇ ਮੂਰਖ ਨੇ) ਪਰਮਾਤਮਾ ਦੇ ਨਾਮ ਦਾ ਜਪ ਕਰਨਾ ਹੀ (ਆਪਣੇ ਗੁਰੂ ਪਾਸੋਂ) ਸਿੱਖਿਆ ਹੈ ॥੧॥
ਹੇ ਮੇਰੇ ਰਾਮ! (ਕਿਸੇ ਨੂੰ ਧਰਮ-ਪੁਸਤਕਾਂ ਦੀ ਵਿੱਦਿਆ ਦਾ ਫ਼ਖ਼ਰ, ਕਿਸੇ ਨੂੰ ਸਮਾਧੀਆਂ ਦਾ ਸਹਾਰਾ, ਪਰ) ਮੈਨੂੰ ਸਮਝ ਨਹੀਂ ਆਉਂਦੀ (ਕਿ ਜੇ ਮੈਂ ਤੇਰਾ ਨਾਮ ਭੁਲਾ ਦਿਆਂ ਤਾਂ) ਮੇਰੀ ਕਿਹੋ ਜਿਹੀ ਆਤਮਕ ਦਸ਼ਾ ਹੋ ਜਾਇਗੀ।
(ਹੇ ਰਾਮ! ਮੈਂ ਤਾਂ ਆਪਣੇ ਮਨ ਨੂੰ ਇਹੀ ਸਮਝਾਂਦਾ ਹਾਂ-) ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ (ਤੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾ, (ਪਰਮਾਤਮਾ ਦਾ ਨਾਮ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਬੇੜੀ ਹੈ ॥੧॥ ਰਹਾਉ ॥