ਹੇ ਭਾਈ! ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਪੂਰਨਿਆਂ ਤੇ ਤੁਰ ਕੇ (ਮਾਇਆ ਦੇ ਮੋਹ ਦੀ ਜ਼ਹਿਰ ਤੋਂ) ਬਚ ਜਾਈਦਾ ਹੈ ॥੨॥
ਹੇ ਭਾਈ! ਮਨੁੱਖ ਨੇ (ਸਾਰੀ ਉਮਰ ਦੁਨੀਆ ਦੇ ਪਦਾਰਥਾਂ ਨੂੰ) ਮਿੱਠੇ ਮੰਨ ਕੇ ਖਾਧਾ, ਉਸ ਮਿੱਠੇ ਨੇ (ਉਸ ਦੇ) ਸਰੀਰ ਵਿਚ ਰੋਗ ਪੈਦਾ ਕਰ ਦਿੱਤਾ।
ਉਹ ਰੋਗ ਦੁਖਦਾਈ ਹੋ ਕੇ ਸਰੀਰ ਵਿਚ ਪੱਕਾ ਟਿਕ ਜਾਂਦਾ ਹੈ ਉਸ (ਰੋਗ) ਤੋਂ ਚਿੰਤਾ-ਗ਼ਮ ਪੈਦਾ ਹੁੰਦੀ ਹੈ।
ਦੁਨੀਆ ਦੇ ਪਦਾਰਥ ਖਵਾ ਖਵਾ ਕੇ ਉਸ ਪਰਮਾਤਮਾ ਨੇ (ਆਪ ਹੀ ਜੀਵ ਨੂੰ) ਕੁਰਾਹੇ ਪਾ ਰੱਖਿਆ ਹੈ। (ਪਰਮਾਤਮਾ ਨਾਲੋਂ ਜੀਵ ਦਾ) ਵਿਛੋੜ ਮੁੱਕਣ ਵਿਚ ਨਹੀਂ ਆਉਂਦਾ।
ਜਿਨ੍ਹਾਂ ਜੀਵਾਂ ਨੂੰ ਗੁਰੂ ਨਾਲ ਮਿਲਾ ਕੇ ਪ੍ਰਭੂ ਨੇ (ਪਦਾਰਥਾਂ ਦੇ ਭੋਗਾਂ ਤੋਂ) ਬਚਾ ਲਿਆ, ਧੁਰੋਂ ਲਿਖੇ ਅਨੁਸਾਰ ਉਹਨਾਂ ਦਾ (ਪਰਮਾਤਮਾ ਨਾਲ) ਮਿਲਾਪ ਹੋ ਗਿਆ ॥੩॥
ਹੇ ਪਿਆਰੇ ਪ੍ਰਭੂ! ਜੇਹੜੇ ਮਨੁੱਖ (ਸਦਾ) ਮਾਇਆ ਦੇ ਲਾਲਚ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਚਿੱਤ ਵਿਚ ਤੂੰ ਉੱਕਾ ਹੀ ਨਹੀਂ ਵੱਸਦਾ।
ਹੇ ਮਾਲਕ ਪ੍ਰਭੂ! ਜਿਨ੍ਹਾਂ ਨੂੰ ਤੇਰੀ ਯਾਦ ਭੁੱਲ ਜਾਂਦੀ ਹੈ ਉਹ ਸਰੀਰ (ਆਤਮਕ ਜੀਵਨ ਦੀ ਪੂੰਜੀ ਬਣਾਣ ਤੋਂ ਬਿਨਾ ਹੀ) ਮਿੱਟੀ ਹੋ ਜਾਂਦੇ ਹਨ।
(ਮਾਇਆ ਦੇ ਮੋਹ ਕਾਰਨ ਦੁੱਖੀ ਹੋ ਹੋ ਕੇ) ਉਹ ਬਥੇਰੇ ਵਿਲਕਦੇ ਹਨ, ਪਰ ਉਹਨਾਂ ਦੇ ਅੰਦਰ ਦਾ ਉਹ ਦੁੱਖ ਦੂਰ ਨਹੀਂ ਹੁੰਦਾ।
ਹੇ ਭਾਈ! ਗੁਰੂ ਨਾਲ ਮਿਲਾ ਕੇ ਜਿਨ੍ਹਾਂ ਦਾ ਜੀਵਨ ਪਰਮਾਤਮਾ ਸੋਹਣਾ ਬਣਾ ਦੇਂਦਾ ਹੈ, ਉਹਨਾਂ ਦਾ ਆਤਮਕ ਜੀਵਨ ਦਾ ਸਰਮਾਇਆ ਬਚਿਆ ਰਹਿੰਦਾ ਹੈ ॥੪॥
ਹੇ ਭਾਈ! ਜਿਥੋਂ ਤਕ ਵੱਸ ਲੱਗੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ ਨਹੀਂ ਕਰਨਾ ਚਾਹੀਦਾ,
ਕਿਉਂਕਿ ਉਸ ਮਨੁੱਖ ਨੂੰ ਮਿਲਿਆਂ ਪਰਮਾਤਮਾ ਵਿਸਰ ਜਾਂਦਾ ਹੈ। (ਜੇਹੜਾ ਮਨੁੱਖ ਸਾਕਤ ਦਾ ਸੰਗ ਕਰਦਾ ਹੈ) ਉਹ ਬਦਨਾਮੀ ਖੱਟ ਕੇ ਹੀ ਦੁਨੀਆ ਤੋਂ ਚਲਾ ਜਾਂਦਾ ਹੈ।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਪਰਮਾਤਮਾ ਦੀ ਦਰਗਾਹ ਵਿਚ ਥਾਂ ਨਹੀਂ ਮਿਲਦੀ, (ਉਸ ਨੂੰ ਸਗੋਂ ਉਥੇ) ਸਜ਼ਾ ਮਿਲਦੀ ਹੈ।
ਪਰ, ਹੇ ਭਾਈ! ਗੁਰੂ ਦੇ ਨਾਲ ਮਿਲਾ ਕੇ ਜਿਨ੍ਹਾਂ ਮਨੁੱਖਾਂ ਦਾ ਜੀਵਨ ਪਰਮਾਤਮਾ ਨੇ ਸੋਹਣਾ ਬਣਾ ਦਿੱਤਾ ਹੈ, ਉਹਨਾਂ ਨੂੰ ਸਫਲਤਾ ਪ੍ਰਾਪਤ ਹੁੰਦੀ ਹੈ ॥੫॥
ਹੇ ਭਾਈ! (ਵਰਤ ਨੇਮ ਆਦਿਕ) ਹਜ਼ਾਰਾਂ ਸੰਜਮ ਤੇ ਹਜ਼ਾਰਾਂ ਸਿਆਣਪਾਂ (ਜੇ ਮਨੁੱਖ ਕਰਦਾ ਰਹੇ, ਤਾਂ ਇਹਨਾਂ ਵਿਚੋਂ) ਇੱਕ ਭੀ (ਪਰਲੋਕ ਵਿਚ) ਮਦਦ ਨਹੀਂ ਕਰਦੀ।
ਜੇਹੜੇ ਮਨੁੱਖ ਪਰਮਾਤਮਾ ਵਲੋਂ ਆਪਣਾ ਮੂੰਹ ਭਵਾਈ ਰੱਖਦੇ ਹਨ, ਉਹਨਾਂ ਦੇ (ਤਾਂ) ਖ਼ਾਨਦਾਨ ਵਿਚ (ਭੀ) ਕਲੰਕ ਦਾ ਟਿੱਕਾ ਲੱਗ ਜਾਂਦਾ ਹੈ।
(ਸਾਕਤ ਮਨੁੱਖ ਹਿਰਦੇ ਵਿਚ) ਵੱਸਦੇ (ਕੀਮਤੀ ਹਰਿ-ਨਾਮ) ਪਦਾਰਥ ਨਾਲ ਸਾਂਝ ਨਹੀਂ ਪਾਂਦਾ (ਦੁਨੀਆ ਦੇ ਨਾਸਵੰਤ ਪਦਾਰਥਾਂ ਨਾਲ ਹੀ ਮੋਹ ਪਾਈ ਰੱਖਦਾ ਹੈ, ਪਰ ਕੋਈ ਭੀ) ਨਾਸਵੰਤ ਪਦਾਰਥ (ਪਰਲੋਕ ਵਿਚ) ਨਾਲ ਨਹੀਂ ਜਾਂਦਾ।
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਉਸ ਪਰਮਾਤਮਾ ਨੇ ਗੁਰੂ ਮਿਲਾ ਦਿੱਤਾ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ (ਆਪਣੇ ਹਿਰਦੇ ਵਿਚ) ਵਸਾਈ ਰੱਖਦੇ ਹਨ ॥੬॥
ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਸੇਵਾ ਸੰਤੋਖ ਗਿਆਨ ਧਿਆਨ (ਆਦਿਕ ਗੁਣ ਪੈਦਾ ਹੋ ਜਾਂਦੇ ਹਨ)।
ਉਹ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ, ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹਿੰਦਾ ਹੈ, (ਉਸ ਦਾ ਹਿਰਦਾ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਨਕਾ-ਨੱਕ ਭਰਿਆ ਰਹਿੰਦਾ ਹੈ।
(ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪ੍ਰਭੂ ਦੀ ਮੇਹਰ ਦੀ ਨਿਗਾਹ ਹੁੰਦੀ ਹੈ) ਉਹ ਮਨੁੱਖ ਦੁੱਖਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹ ਸੰਸਾਰ-ਸਮੁੰਦਰ ਤੋਂ ਪਾਰ ਪਹੁੰਚ ਜਾਂਦੇ ਹਨ।
ਹੇ ਪਿਆਰੇ ਪ੍ਰਭੂ! ਜੇਹੜਾ ਜੇਹੜਾ ਮਨੁੱਖ ਤੈਨੂੰ ਚੰਗਾ ਲੱਗਦਾ ਹੈ, ਉਸ ਉਸ ਨੂੰ ਤੂੰ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈਂ। ਉਹ ਬੰਦੇ ਸਦਾ ਲਈ ਚੰਗੇ ਜੀਵਨ ਵਾਲੇ ਹੋ ਜਾਂਦੇ ਹਨ ॥੭॥
ਹੇ ਭਾਈ! ਪਰਮਾਤਮਾ ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਰਬ-ਵਿਆਪਕ ਹੈ, ਦਇਆ ਦਾ ਘਰ ਹੈ, ਪ੍ਰਕਾਸ਼-ਰੂਪ ਹੈ। ਭਗਤਾਂ ਨੂੰ (ਸਦਾ) ਉਸ ਦਾ ਆਸਰਾ ਰਹਿੰਦਾ ਹੈ।
ਹੇ ਭਾਈ! ਭਗਤ ਉਸ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਜੇਹੜਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਤੇ, ਸਿਆਣਾ ਹੈ।
ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਸਦਾ ਕਾਇਮ ਰਹਿਣ ਵਾਲੀ ਮੋਹਰ ਲਾ ਦੇਂਦਾ ਹੈ, ਉਸ ਦਾ ਇਹ ਲੋਕ ਤੇ ਪਰਲੋਕ ਸੰਵਰ ਜਾਂਦਾ ਹੈ।
ਨਾਨਕ ਆਖਦਾ ਹੈ- ਹੇ ਭਾਈ (ਮੇਰੀ ਤਾਂ ਸਦਾ ਇਹੀ ਤਾਂਘ ਹੈ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ। ਮੈਂ (ਉਸ ਤੋਂ) ਸਦਾ ਸਦਕੇ ਜਾਂਦਾ ਹਾਂ ॥੮॥੨॥
ਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ।
(ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ ॥੧॥
ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ।
ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ-ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ ਰਹਾਉ॥
ਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ), ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ।
ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ ॥੨॥