ਹੇ ਨਾਨਕ! ਨਾਮ ਤੋਂ ਸੱਖਣਾ ਰਹਿ ਕੇ ਸਾਰਾ ਜਗਤ ਹੀ ਵਿਅਰਥ ਜੀਵਨ ਗੁਜ਼ਾਰ ਜਾਂਦਾ ਹੈ ॥੧॥
ਪਵੜੀ
ਹੇ ਪ੍ਰਭੂ! ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਪਵਿਤ੍ਰ (ਕਰਨ ਵਾਲੀ ਹੁੰਦੀ) ਹੈ।
ਉਹ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿਚ ਇਸ ਧੂੜ ਦੀ ਤਾਂਘ ਹੈ।
(ਅਜੇਹੇ ਮਨੁੱਖ ਇਸ ਚਰਨ-ਧੂੜ ਦੇ ਟਾਕਰੇ ਤੇ ਦੁਨੀਆ ਵਾਲਾ) ਧਨ ਨਹੀਂ ਲੋੜਦੇ, ਸੁਰਗ ਦੀ ਭੀ ਤਾਂਘ ਨਹੀਂ ਰੱਖਦੇ,
ਉਹ ਤਾਂ ਆਪਣੇ ਅਤਿ ਪਿਆਰੇ ਪ੍ਰਭੂ ਦੀ ਪ੍ਰੀਤ ਵਿਚ ਅਤੇ ਗੁਰਮੁਖਾਂ ਦੀ ਚਰਨ-ਧੂੜ ਵਿਚ ਹੀ ਮਸਤ ਰਹਿੰਦੇ ਹਨ।
ਮਾਇਆ ਦੇ ਕੋਈ ਜੰਜਾਲ ਉਹਨਾਂ ਤੇ ਜ਼ੋਰ ਨਹੀਂ ਪਾ ਸਕਦੇ,
ਜੇਹੜੇ ਮਨੁੱਖ ਇਕ ਪਰਮਾਤਮਾ ਦੀ ਓਟ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦੇ।
ਪ੍ਰਭੂ ਨੇ ਜਿਨ੍ਹਾਂ ਦੇ ਹਿਰਦੇ ਵਿਚ ਆਪਣਾ ਨਾਮ ਵਸਾ ਦਿੱਤਾ ਹੈ,
ਹੇ ਨਾਨਕ! ਉਹ ਭਗਵਾਨ ਦਾ ਰੂਪ ਪੂਰੇ ਸੰਤ ਹਨ ॥੪॥
ਅਨੇਕਾਂ ਧਾਰਮਿਕ ਭੇਖ ਕੀਤਿਆਂ, ਧਰਮ-ਚਰਚਾ ਕਰਨ ਨਾਲ, ਮਨ ਦੇ ਹਠ ਨਾਲ ਸਮਾਧੀਆਂ ਲਾਇਆਂ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ।
ਨਾਨਕ ਆਖਦਾ ਹੈ- ਜਿਸ ਤੇ ਪ੍ਰਭੂ ਦੀ ਮਿਹਰ ਹੋਵੇ, ਉਹੀ ਭਗਤ ਬਣ ਸਕਦਾ ਹੈ, ਉਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ ॥੧॥
ਪਉੜੀ
ਨਿਰੀਆਂ ਮੂੰਹ ਦੀਆਂ ਗੱਲਾਂ ਨਾਲ,
ਸ਼ਾਸਤਰਾਂ ਦੀਆਂ ਅਨੇਕ ਕਿਸਮ ਦੀਆਂ ਜੁਗਤੀਆਂ ਵਰਤਿਆਂ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਹੋ ਸਕਦੀ।
ਪਰਮਾਤਮਾ ਨਾਲ ਉਹੀ ਜਾਣ-ਪਛਾਣ ਪਾਣ ਵਾਲਾ ਹੁੰਦਾ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪੱਕਾ ਨਿਵਾਸ ਬਣੇ।
ਨਿਰਾ ਪ੍ਰਭੂ-ਮਿਲਾਪ ਦੀਆਂ ਗੱਲਾਂ ਆਖਣ ਸੁਣਨ ਨਾਲ ਪ੍ਰਭੂ-ਮਿਲਾਪ ਨਹੀਂ ਹੋ ਸਕਦਾ।
ਜਿਸ ਦੇ ਹਿਰਦੇ ਵਿਚ ਪਰਮਾਤਮਾ ਦੀ ਰਜ਼ਾ ਪੱਕੀ ਟਿਕੀ ਰਹੇ, ਉਹੀ ਅਸਲ ਗਿਆਨੀ ਹੈ।
ਉਸ ਨੂੰ ਸਾਰਾ ਦੁਖ-ਸੁਖ ਇਕ-ਸਮਾਨ ਪ੍ਰਤੀਤ ਹੁੰਦਾ ਹੈ।
ਜੇਹੜਾ ਗੁਰੂ ਦੀ ਰਾਹੀਂ ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦਾ ਵਿਚਾਰਵਾਨ ਬਣ ਜਾਵੇ,
ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰੇ, ਉਸ ਦੀ ਸਾਂਝ ਪਰਮਾਤਮਾ ਨਾਲ ਬਣਦੀ ਹੈ ॥੫॥
ਜਗਤ ਵਿਚ ਉਹਨਾਂ ਬੰਦਿਆਂ ਨੇ ਸਿਰਫ਼ ਕਹਣ-ਮਾਤ੍ਰ ਹੀ ਮਨੁੱਖਾ ਜਨਮ ਲਿਆ, ਪਰ ਜੀਵਨ ਦਾ ਸਹੀ ਰਸਤਾ ਸਮਝਣ ਤੋਂ ਬਿਨਾ ਉਹ ਪਸ਼ੂ ਡੰਗਰ ਹੀ ਰਹੇ (ਪਸ਼ੂਆਂ ਵਾਲੀ ਜ਼ਿੰਦਗੀ ਹੀ ਗੁਜ਼ਾਰਦੇ ਰਹੇ)।
ਹੇ ਨਾਨਕ! ਉਹ ਮਨੁੱਖ ਗੁਰੂ ਦੀ ਰਾਹੀਂ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਜਿਸ ਦੇ ਮੱਥੇ ਉਤੇ (ਪੂਰਬਲੇ ਕਰਮਾਂ ਦੇ ਚੰਗੇ ਕਰਮਾਂ ਦੇ) ਭਾਗ ਜਾਗ ਪੈਣ ॥੧॥
ਪਉੜੀ
ਮਨੁੱਖ ਇਸ ਜਨਮ ਵਿਚ ਸਿਰਫ਼ ਪਰਮਾਤਮਾ ਦਾ ਸਿਮਰਨ ਕਰਨ ਲਈ ਜਨਮਿਆ ਹੈ,
ਪਰ ਜੰਮਦਿਆਂ ਹੀ ਇਸ ਨੂੰ ਠਗਣੀ ਮਾਇਆ ਠੱਗ ਲੈਂਦੀ ਹੈ।
(ਇਹ ਆਮ ਪਰਚਲਤ ਖ਼ਿਆਲ ਹੈ ਕਿ) ਜੀਵ ਮਾਂ ਦੇ ਪੇਟ ਵਿਚ ਪੁੱਠੇ ਲਟਕੇ ਹੋਏ ਪਰਮਾਤਮਾ ਦਾ ਭਜਨ ਕਰਦੇ ਹਨ,
ਉਥੇ ਸੁਆਸ ਸੁਆਸ ਪ੍ਰਭੂ ਨੂੰ ਸਿਮਰਦੇ ਰਹਿੰਦੇ ਹਨ।
(ਪਰ ਪ੍ਰਭੂ ਦੀ ਅਜਬ ਮਾਇਆ ਹੈ ਕਿ) ਜਿਸ ਮਾਇਆ ਨੂੰ ਜ਼ਰੂਰ ਛੱਡ ਜਾਣਾ ਹੈ, ਉਸ ਵਿਚ ਸਾਰੀ ਜ਼ਿੰਦਗੀ ਫਸੇ ਰਹਿੰਦੇ ਹਨ,
ਜੋ ਪ੍ਰਭੂ ਸਾਰੇ ਪਦਾਰਥ ਦੇਣ ਵਾਲਾ ਹੈ ਉਸ ਨੂੰ ਮਨ ਤੋਂ ਭੁਲਾ ਦੇਂਦੇ ਹਨ।
ਹੇ ਮਾਲਕ ਪ੍ਰਭੂ! ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈਂ,
ਹੇ ਨਾਨਕ! (ਆਖ-) ਉਸ ਦੇ ਮਨੋਂ ਤੂੰ ਲੋਕ ਪਰਲੋਕ ਵਿਚ ਕਦੇ ਨਹੀਂ ਵਿਸਰਦਾ ॥੬॥
ਜੀਵ ਪ੍ਰਭੂ ਦੇ ਹੁਕਮ ਵਿਚ ਜੰਮਦਾ ਹੈ, ਹੁਕਮ ਵਿਚ ਹੀ ਮਰਦਾ ਹੈ। ਕੋਈ ਜੀਵ ਪ੍ਰਭੂ ਦੇ ਹੁਕਮ ਤੋਂ ਆਕੀ ਨਹੀਂ ਹੋ ਸਕਦਾ।
ਹੇ ਨਾਨਕ! (ਸਿਰਫ਼) ਉਸ ਜੀਵ ਦਾ ਜਨਮ ਮਰਨ (ਦਾ ਗੇੜ) ਮੁੱਕਦਾ ਹੈ ਜਿਸ ਦੇ ਮਨ ਵਿਚ ਉਹ (ਹੁਕਮ ਦਾ ਮਾਲਕ ਪ੍ਰਭੂ) ਵੱਸਦਾ ਹੈ ॥੧॥
ਪਉੜੀ
ਇਹ ਜੀਵ ਅਨੇਕਾਂ ਜੂਨਾਂ ਵਿਚ ਵਾਸ ਲੈਂਦੇ ਹਨ,
ਮਿੱਠੇ ਮੋਹ ਵਿਚ ਮਸਤ ਹੋ ਕੇ ਜੂਨਾਂ ਦੇ ਗੇੜ ਵਿਚ ਫਸ ਜਾਂਦੇ ਹਨ।
ਇਸ ਮਾਇਆ ਨੇ (ਜੀਵਾਂ ਨੂੰ ਆਪਣੇ) ਤਿੰਨ ਗੁਣਾਂ ਦੇ ਵੱਸ ਵਿਚ ਕਰ ਰੱਖਿਆ ਹੈ।
ਹਰੇਕ ਜੀਵ ਦੇ ਹਿਰਦੇ ਵਿਚ ਇਸ ਨੇ ਆਪਣਾ ਮੋਹ ਟਿਕਾ ਦਿੱਤਾ ਹੈ।
ਹੇ ਸੱਜਣ! ਕੋਈ ਐਸਾ ਇਲਾਜ ਦੱਸ,
ਜਿਸ ਨਾਲ ਮੈਂ ਇਸ ਔਖੀ ਮਾਇਆ (ਦੇ ਮੋਹ-ਰੂਪ ਸਮੁੰਦਰ) ਵਿਚੋਂ ਪਾਰ ਲੰਘ ਸਕਾਂ।
ਪ੍ਰਭੂ ਆਪਣੀ ਮਿਹਰ ਕਰ ਕੇ ਜਿਸ ਜੀਵ ਨੂੰ ਸਤਸੰਗ ਵਿਚ ਮਿਲਾਂਦਾ ਹੈ,
ਹੇ ਨਾਨਕ! (ਆਖ-) ਮਾਇਆ ਉਸ ਦੇ ਨੇੜੇ ਨਹੀਂ (ਢੁਕ ਸਕਦੀ) ॥੭॥
(ਹਰੇਕ ਜੀਵ ਵਿਚ ਬੈਠ ਕੇ) ਸਭ ਚੰਗੇ ਮੰਦੇ ਕੰਮ ਉਹ ਪ੍ਰਭੂ ਆਪ ਕਰ ਰਿਹਾ ਹੈ (ਪ੍ਰਭੂ ਨੇ ਆਪ ਕੀਤੇ ਹਨ)।
ਪਰ ਹੇ ਨਾਨਕ! ਮੂਰਖ ਮਨੁੱਖ ਮਾਣ ਕਰਦਾ ਹੈ ਕਿ ਮੈਂ ਕਰਦਾ ਹਾਂ। ਪ੍ਰਭੂ ਦੀ ਪ੍ਰੇਰਨਾ ਤੋਂ ਬਿਨਾ ਜੀਵ ਕੁਝ ਨਹੀਂ ਕਰ ਸਕਦਾ ॥੧॥
ਪਉੜੀ
(ਜੀਵਾਂ ਪਾਸੋਂ ਚੰਗੇ ਮੰਦੇ ਕੰਮ) ਕਰਾਵਣ ਵਾਲਾ ਪ੍ਰਭੂ ਸਿਰਫ਼ ਆਪ ਹੀ ਹੈ,
ਉਸ ਨੇ ਆਪ ਹੀ ਚੰਗੇ ਮੰਦੇ ਕੰਮਾਂ ਦਾ ਖਿਲਾਰਾ ਖਿਲਾਰਿਆ ਹੋਇਆ ਹੈ।
ਇਸ ਮਨੁੱਖਾ ਜਨਮ ਵਿਚ (ਭਾਵ, ਜਨਮ ਦੇ ਕੇ) ਜਿਸ ਜਿਸ ਪਾਸੇ ਪ੍ਰਭੂ ਆਪ ਲਾਂਦਾ ਹੈ (ਉਧਰ ਹੀ ਜੀਵ ਲੱਗਦੇ ਹਨ),
ਜੇਹੜੀ (ਮਤਿ) ਪ੍ਰਭੂ ਆਪ ਜੀਵਾਂ ਨੂੰ ਦੇਂਦਾ ਹੈ, ਉਹੀ ਉਹ ਗ੍ਰਹਣ ਕਰਦੇ ਹਨ।
ਉਸ ਪ੍ਰਭੂ ਦੇ ਗੁਣਾਂ ਦਾ ਕੋਈ ਜੀਵ ਅੰਤ ਨਹੀਂ ਜਾਣ ਸਕਦਾ,
(ਜਗਤ ਵਿਚ) ਉਹੀ ਕੁਝ ਹੋ ਰਿਹਾ ਹੈ ਜੋ ਪ੍ਰਭੂ ਆਪ ਕਰਦਾ ਹੈ।
ਇਹ ਸਾਰਾ ਜਗਤ-ਖਿਲਾਰਾ ਪ੍ਰਭੂ ਤੋਂ ਹੀ ਖਿਲਰਿਆ ਹੈ,
ਹੇ ਨਾਨਕ! ਉਹ ਆਪ ਹੀ ਜੀਵਾਂ ਨੂੰ ਸਿੱਧੇ ਰਾਹੇ ਪਾਣ ਵਾਲਾ ਹੈ ॥੮॥
(ਅਸੀਂ ਜੀਵ) ਇਸਤ੍ਰੀ ਆਦਿਕ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੋ ਰਹੇ ਹਾਂ, ਪਰ ਇਹ ਮਾਇਆ ਦੀ ਫੂੰ-ਫਾਂ ਕਸੁੰਭੇ ਦੇ ਰੰਗ (ਵਾਂਗ ਖਿਨ-ਭੰਗਰ ਹੀ ਹੈ)।
ਹੇ ਨਾਨਕ! (ਆਖ-) ਮੈਂ ਤਾਂ ਉਸ ਪ੍ਰਭੂ ਦੀ ਸਰਨ ਪੈਂਦਾ ਹਾਂ (ਜਿਸ ਦੀ ਮਿਹਰ ਨਾਲ) ਹਉਮੈ ਤੇ ਮਮਤਾ ਦੂਰ ਹੋ ਜਾਂਦੀ ਹੈ ॥੧॥