ਹੇ ਨਾਨਕ! (ਆਖ-) ਜਿਸ ਮਨੁੱਖ ਨੇ ਪਰਮਾਤਮਾ ਦੇ ਚਰਨ ਫੜ ਲਏ, ਜੋ ਮਨੁੱਖ ਪ੍ਰਭੂ ਦੀ ਸਰਨ ਆ ਪਿਆ ॥੪॥੨੨॥੨੮॥
ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨਾਮ-ਧਨ ਵਿਹਾਝਣ ਵਲੋਂ ਹਟਾ ਕੇ ਦੁਨੀਆ ਦੇ ਧਨ ਵਲ ਲਾ ਦੇਂਦਾ ਹੈ,
ਉਹ ਮਨੁੱਖ ਦੋਹਾਂ ਜਹਾਨਾਂ ਵਿਚ (ਇਸ ਲੋਕ ਤੇ ਪਰਲੋਕ ਵਿਚ) ਗੁਨਹਗਾਰ ਅਖਵਾਂਦਾ ਹੈ ॥੧॥
ਹੇ ਭਾਈ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਜੀਵਾਂ ਨੂੰ ਉਹੀ ਕੁਝ ਸਿਰ-ਮੱਥੇ ਮੰਨਣਾ ਪੈਂਦਾ ਹੈ (ਉਹੀ ਕੁਝ ਜੀਵ ਕਰਦੇ ਹਨ)
ਪਰਮਾਤਮਾ ਆਪਣੀ ਰਚੀ ਸ੍ਰਿਸ਼ਟੀ ਬਾਰੇ ਆਪ ਹੀ ਸਭ ਕੁਝ ਜਾਣਨ ਵਾਲਾ ਹੈ ॥੧॥ ਰਹਾਉ ॥
ਹੇ ਭਾਈ! (ਜਿਸ ਮਨੁੱਖ ਪਾਸੋਂ ਪਰਮਾਤਮਾ) ਸਦਾ-ਥਿਰ ਰਹਿਣ ਵਾਲਾ (ਨਾਮ-ਸਿਮਰਨ-) ਧਰਮ ਕਰਾਂਦਾ ਹੈ, (ਨਾਮ-ਸਿਮਰਨ ਦਾ) ਨੇਕ ਭਲਾ ਕੰਮ ਕਰਾਂਦਾ ਹੈ,
ਨਾਮ-ਧਨ ਇਕੱਠਾ ਕਰਦਿਆਂ ਉਸ ਦੀ ਇਹ ਦੁਨੀਆ ਭੀ ਨਹੀਂ ਵਿਗੜਦੀ ॥੨॥
ਹੇ ਭਾਈ! (ਜੀਵਾਂ ਦੇ ਕੀਹ ਵੱਸ?) ਹਰੇਕ ਜੀਵ ਉਸੇ ਉਸੇ ਕੰਮ ਵਿਚ ਲੱਗਦਾ ਹੈ,
ਜਿਸ ਜਿਸ ਕੰਮ ਵਿਚ ਪਰਮਾਤਮਾ ਲਾਂਦਾ ਹੈ ॥੩॥
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ, ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚਿਆ ਨਹੀਂ ਜਾ ਸਕਦਾ।
(ਤੇਰਾ ਦਾਸ) ਨਾਨਕ ਤੇਰਾ ਪ੍ਰੇਰਿਆ ਹੋਇਆ ਹੀ ਤੇਰਾ ਨਾਮ ਉਚਾਰ ਸਕਦਾ ਹੈ ॥੪॥੨੩॥੨੯॥
ਹੇ ਭਾਈ! ਅੰਮ੍ਰਿਤ ਵੇਲੇ (ਉੱਠ ਕੇ) ਪਰਮਾਤਮਾ ਦਾ ਨਾਮ ਸਿਮਰਿਆ ਕਰ,
(ਇਸ ਤਰ੍ਹਾਂ) ਇਸ ਲੋਕ ਅਤੇ ਪਰਲੋਕ ਵਾਸਤੇ ਸੋਹਣਾ ਆਸਰਾ ਬਣਾਂਦਾ ਰਿਹਾ ਕਰ ॥੧॥
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਚਾਹੀਦਾ ਹੈ।
(ਸਿਮਰਨ ਦੀ ਬਰਕਤਿ ਨਾਲ) ਮਨ ਦੇ ਚਿਤਵੇ ਹੋਏ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥
ਹੇ ਭਾਈ! ਰਾਤ ਦਿਨ ਅਬਿਨਾਸ਼ੀ ਪ੍ਰਭੂ (ਦੀ ਸਿਫ਼ਤਿ-ਸਾਲਾਹ ਦੇ ਗੀਤ) ਗਾਇਆ ਕਰ।
(ਇਸ ਤਰ੍ਹਾਂ) ਦੁਨੀਆ ਦੀ ਕਾਰ ਕਰਦਾ ਹੋਇਆ ਨਿਰਮੋਹ ਰਹਿ ਕੇ ਤੂੰ (ਪ੍ਰਭੂ-ਚਰਨਾਂ ਵਿਚ) ਸਦਾ ਕਾਇਮ ਰਹਿਣ ਵਾਲੀ ਥਾਂ ਪ੍ਰਾਪਤ ਕਰ ਲਏਂਗਾ ॥੨॥
ਹੇ ਭਾਈ! ਨਾਮ-ਧਨ ਦੇ ਮਾਲਕ ਉਸ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ, (ਉਸ ਪਾਸੋਂ ਐਸਾ ਧਨ ਮਿਲਦਾ ਹੈ) ਜਿਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ।
ਉਸ ਧਨ ਨੂੰ ਆਪ ਵਰਤਦਿਆਂ ਹੋਰਨਾਂ ਵਿਚ ਵਰਤਾਂਦਿਆਂ ਜ਼ਿੰਦਗੀ ਸੁਖ ਆਨੰਦ ਨਾਲ ਬੀਤਦੀ ਹੈ ॥੩॥
ਉਸ ਮਨੁੱਖ ਨੇ ਜਗਤ ਦੇ ਜੀਵਨ ਸਰਬ-ਵਿਆਪਕ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ,
ਹੇ ਨਾਨਕ! ਜਿਸ ਨੇ ਸਾਧ ਸੰਗਤਿ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੪॥੨੪॥੩੦॥
ਹੇ ਭਾਈ! ਜਦੋਂ (ਕਿਸੇ ਮਨੁੱਖ ਉਤੇ) ਪੂਰੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ,
(ਉਹ ਮਨੁੱਖ ਹਰਿ-ਨਾਮ ਸਿਮਰਦਾ ਹੈ, ਉਸ ਦੀ ਇਹ) ਮੇਹਨਤ ਸਫਲ ਹੋ ਜਾਂਦੀ ਹੈ, ਤੇ ਉਸ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥
ਹੇ ਪ੍ਰਭੂ! (ਮੇਹਰ ਕਰ) ਤੇਰਾ ਦਰਸਨ ਸਦਾ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹੇ,
ਮੈਂ ਤੇਰੇ ਸੋਹਣੇ ਚਰਨਾਂ ਤੋਂ ਸਦਕੇ ਹੁੰਦਾ ਰਹਾਂ।
ਹੇ ਮਾਲਕ ਤੇਰੇ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ॥੧॥ ਰਹਾਉ ॥
ਹੇ ਭਾਈ! ਉਸ ਮਨੁੱਖ ਦਾ ਪਿਆਰ ਗੁਰੂ ਦੀ ਸੰਗਤਿ ਨਾਲ ਬਣ ਜਾਂਦਾ ਹੈ,
ਪੂਰਬਲੇ ਜਨਮਾਂ ਦੇ ਕੀਤੇ ਕਰਮ ਅਨੁਸਾਰ ਧੁਰ ਦਰਗਾਹ ਤੋਂ ਜਿਸ ਮਨੁੱਖ ਦੇ ਮਸਤਕ ਉਤੇ ਲਿਖਿਆ ਲੇਖ ਉੱਘੜਦਾ ਹੈ ॥੨॥
ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ, ਅਜੇਹਾ ਹੈਰਾਨ ਕਰਨ ਵਾਲਾ ਆਤਮਕ ਤੇਜ ਪ੍ਰਾਪਤ ਹੁੰਦਾ ਹੈ,
ਕਿ (ਆਧਿ, ਬਿਆਧਿ, ਉਪਾਧਿ-ਇਹ) ਤਿੰਨੇ ਹੀ ਤਾਪ (ਆਤਮਕ ਜੀਵਨ ਨੂੰ) ਸਾੜ ਨਹੀਂ ਸਕਣਗੇ ॥੩॥
ਹੇ ਹਰੀ! ਤੇਰੇ ਚਰਨ (ਨਾਨਕ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲਣ।
ਹੇ ਪਿਆਰੇ! (ਤੇਰੇ ਦਰ ਤੋਂ ਤੇਰਾ ਦਾਸ) ਨਾਨਕ (ਇਹੋ) ਦਾਨ ਮੰਗਦਾ ਹੈ ॥੪॥੨੫॥੩੧॥
ਹੇ ਮੇਰੇ ਪਿਆਰੇ! (ਮੇਰੇ ਵਾਸਤੇ) ਉਹ ਢੋ ਢੁਕਾ,
ਜਿਸ ਦੀ ਰਾਹੀਂ (ਮੇਰੀ) ਜੀਭ ਤੇਰਾ ਨਾਮ ਉਚਾਰਦੀ ਰਹੇ ॥੧॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ,
(ਜਿਵੇਂ) ਸੰਤ ਜਨ ਸਦਾ ਤੇਰੇ ਰਸ-ਭਰੇ ਗੁਣ ਗਾਂਦੇ ਰਹਿੰਦੇ ਹਨ (ਤਿਵੇਂ ਮੈਂ ਭੀ ਗਾਂਦਾ ਰਹਾਂ) ॥੧॥ ਰਹਾਉ ॥
ਹੇ ਪ੍ਰਭੂ! ਤੇਰਾ ਨਾਮ ਸਿਮਰਨਾ (ਅਸਾਂ ਜੀਵਾਂ ਵਾਸਤੇ) ਆਤਮਕ ਜੀਵਨ ਦੇ ਬਰਾਬਰ ਹੈ।
ਜਿਸ ਮਨੁੱਖ ਉੱਤੇ ਤੂੰ ਕਿਰਪਾ ਕਰਦਾ ਹੈਂ, ਉਸ ਦੇ ਹਿਰਦੇ ਵਿਚ ਆ ਵੱਸਦਾ ਹੈਂ ॥੨॥
ਹੇ ਪ੍ਰਭੂ! ਤੇਰੇ ਸੰਤ ਜਨਾਂ ਦੀ (ਆਤਮਕ) ਭੁਖ (ਦੂਰ ਕਰਨ ਲਈ) ਤੇਰਾ ਨਾਮ ਖ਼ੁਰਾਕ ਹੈ।
ਇਹ ਖ਼ੁਰਾਕ ਤੂੰ ਹੀ ਦੇਂਦਾ ਹੈਂ, ਤੂੰ ਹੀ ਦੇ ਸਕਦਾ ਹੈਂ ॥੩॥
ਸੰਤ ਜਨ ਉਸ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ,
ਹੇ ਨਾਨਕ! ਜੋ ਸਭ ਕੁਝ ਦੇਣ ਦੇ ਸਮਰਥ ਹੈ ਅਤੇ ਜੋ (ਹਰ ਗੱਲੇ) ਸਿਆਣਾ ਹੈ ॥੪॥੨੬॥੩੨॥
ਹੇ ਭਾਈ! (ਤੇਰੀ ਉਮਰ ਦੀ ਨਦੀ) ਵਹਿੰਦੀ ਜਾ ਰਹੀ ਹੈ, ਪਰ ਤੂੰ ਇਧਰ ਧਿਆਨ ਨਹੀਂ ਕਰਦਾ।
ਤੂੰ ਨਾਸਵੰਤ ਪਦਾਰਥਾਂ ਦੇ ਮੋਹ ਦੇ ਬਾਨ੍ਹਣੂ ਹੀ ਸਦਾ ਬੰਨ੍ਹਦਾ ਰਹਿੰਦਾ ਹੈਂ ॥੧॥
ਹੇ ਭਾਈ! ਦਿਨ ਰਾਤ ਸਦਾ ਮਾਇਆ ਦੇ ਪਤੀ ਪ੍ਰਭੂ ਦਾ ਨਾਮ ਜਪਿਆ ਕਰ।
ਪ੍ਰਭੂ ਦੀ ਸਰਨ ਪੈ ਕੇ ਕੀਮਤੀ ਮਨੁੱਖਾ ਜਨਮ ਦਾ ਲਾਭ ਖੱਟ ਲੈ ॥੧॥ ਰਹਾਉ ॥
ਹੇ ਭਾਈ! ਤੂੰ ਹਾਣ ਲਾਭ ਵਿਚਾਰਨ ਤੋਂ ਬਿਨਾ ਹੀ ਵਿਕਾਰ ਕਰੀ ਜਾ ਰਿਹਾ ਹੈਂ,
ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆਪਣੇ ਹਿਰਦੇ ਵਿਚ ਤੂੰ ਇਕ ਛਿਨ ਵਾਸਤੇ ਭੀ ਨਹੀਂ ਟਿਕਾਂਦਾ ॥੨॥
ਹੇ ਭਾਈ! (ਆਪਣਾ ਸਰੀਰ) ਪਾਲਣ ਪੋਸਣ ਵਿਚ ਹੀ ਤੇਰੀ ਉਮਰ ਲੰਘਦੀ ਜਾ ਰਹੀ ਹੈ।