ਹੇ (ਮੇਰੇ) ਮਨ! ਗੋਬਿੰਦ (ਦਾ ਨਾਮ) ਜਪ, ਹਰੀ (ਦਾ ਨਾਮ) ਜਪ। ਹਰੀ ਗੁਣਾਂ ਦਾ ਖ਼ਜ਼ਾਨਾ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਉਚਾਰਿਆ ਕਰ, ਉਹ ਪਰਮਾਤਮਾ ਸਰਬ-ਵਿਆਪਕ ਹੈ, ਨਾਸ-ਰਹਿਤ ਹੈ ॥੧॥ ਰਹਾਉ ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, (ਇਹ ਜਲ) ਉਹ ਮਨੁੱਖ ਪੀਂਦਾ ਹੈ, ਜਿਸ ਨੂੰ ਪਰਮਾਤਮਾ (ਆਪ) ਪਿਲਾਂਦਾ ਹੈ।
ਦਇਆ ਦਾ ਘਰ ਪ੍ਰਭੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਚੱਖਦਾ ਹੈ ॥੧॥
ਹੇ ਮੇਰੇ ਮਨ! ਜਿਹੜੇ ਮਨੁੱਖ ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਉਹਨਾਂ ਦਾ ਹਰੇਕ ਦੁੱਖ, ਉਹਨਾਂ ਦਾ ਹਰੇਕ ਭਰਮ, ਉਹਨਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ।
(ਪ੍ਰਭੂ ਦਾ) ਦਾਸ ਨਾਨਕ (ਭੀ ਜਦੋਂ) ਪ੍ਰਭੂ ਦਾ ਨਾਮ ਜਪਦਾ ਹੈ ਤਦੋਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ, ਜਿਵੇਂ ਪਪੀਹਾ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦਾ) ਪਾਣੀ ਪੀਣ ਨਾਲ ਰੱਜ ਜਾਂਦਾ ਹੈ ॥੨॥੫॥੧੨॥
ਹੇ (ਮੇਰੇ) ਮਨ! ਸ੍ਰੀ ਰਾਮ (ਦਾ ਨਾਮ) ਜਪਿਆ ਕਰ,
(ਉਸ ਰਾਮ ਦਾ) ਜਿਹੜਾ ਸਭ ਥਾਈਂ ਵਿਆਪਕ ਹੈ,
ਜਿਹੜਾ ਸਦਾ ਹੀ ਸਦਾ ਹੀ ਕਾਇਮ ਰਹਿਣ ਵਾਲਾ ਹੈ।
ਹੇ ਭਾਈ! ਸਦਾ ਰਾਮ ਦਾ ਨਾਮ ਬੋਲਿਆ ਕਰੋ, ਉਹ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਭ ਕੁਝ ਜਾਣਨ ਵਾਲਾ ਹੈ ॥੧॥ ਰਹਾਉ ॥
ਉਹ ਰਾਮ (ਸਭ ਥਾਈਂ) ਆਪ ਹੀ ਆਪ ਹੈ, ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈ, ਜਗਤ ਵਿਚ ਸਭਨੀਂ ਥਾਈਂ ਆਪ ਹੀ ਆਪ ਮੌਜੂਦ ਹੈ।
ਜਿਸ ਮਨੁੱਖ ਉਤੇ ਉਹ ਮੇਰਾ ਪਿਆਰਾ ਰਾਮ ਮਿਹਰ ਕਰਦਾ ਹੈ, ਉਹ ਮਨੁੱਖ ਰਾਮ ਦੇ ਨਾਮ ਦੀ ਲਗਨ ਵਿਚ ਜੁੜਦਾ ਹੈ ॥੧॥
ਹੇ ਸੰਤ ਜਨੋ! ਉਸ ਪਰਮਾਤਮਾ ਦੇ ਨਾਮ ਦੀ ਵਡਿਆਈ ਵੇਖੋ, ਜਿਹੜਾ ਇਸ ਵਿਕਾਰਾਂ-ਭਰੇ ਜਗਤ ਦੀ ਵਿਕਾਰਾਂ ਦੀ ਅੱਗ ਵਿਚ ਆਪਣੇ ਭਗਤਾਂ ਦੀ ਆਪ ਇੱਜ਼ਤ ਰੱਖਦਾ ਹੈ।
ਹੇ ਨਾਨਕ! ਮੇਰੇ ਪ੍ਰਭੂ-ਪਾਤਿਸ਼ਾਹ ਨੇ (ਆਪਣੇ ਜਿਸ) ਸੇਵਕ ਦਾ ਪੱਖ ਕੀਤਾ, ਉਸ ਦੇ ਸਾਰੇ ਵੈਰੀ ਉਸ ਦੇ ਸਾਰੇ ਦੁੱਖ ਦੂਰ ਹੋ ਗਏ ॥੨॥੬॥੧੩॥
ਰਾਗ ਸਾਰੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੈਂ (ਤਾਂ ਆਪਣੇ) ਗੁਰੂ ਤੋਂ ਕੁਰਬਾਨ ਜਾਂਦਾ ਹਾਂ।
ਜਿਵੇਂ ਪਪੀਹੇ ਨੂੰ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੇ) ਪਾਣੀ ਦੀ ਪਿਆਸ ਹੁੰਦੀ ਹੈ, (ਤਿਵੇਂ ਮੇਰੇ) ਅੰਦਰ ਇਹ ਤਾਂਘ ਰਹਿੰਦੀ ਹੈ ਕਿ ਮੈਂ (ਗੁਰੂ ਦੀ ਰਾਹੀਂ) ਕਦੋਂ ਉਸ ਹਰੀ ਦਾ ਦਰਸਨ ਕਰਾਂਗਾ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ॥੧॥ ਰਹਾਉ ॥
ਹੇ ਪ੍ਰਭੂ! ਤੂੰ ਨਿਖਸਮਿਆਂ ਦਾ ਖਸਮ ਹੈਂ, ਤੂੰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ। ਹੇ ਹਰੀ! ਤੇਰਾ ਨਾਮ ਹੀ ਹੈ 'ਭਗਤਿ ਵਛਲੁ' (ਭਗਤੀ ਨੂੰ ਪਿਆਰ ਕਰਨ ਵਾਲਾ)।
ਹੇ ਪ੍ਰਭੂ! ਜਿਸ ਮਨੁੱਖ ਦੀ ਹੋਰ ਕੋਈ ਪ੍ਰਾਣੀ ਰੱਖਿਆ ਨਹੀਂ ਕਰ ਸਕਦਾ, ਤੂੰ (ਆਪ) ਉਸ ਨੂੰ (ਆਪਣਾ) ਆਸਰਾ ਦੇਂਦਾ ਹੈਂ ॥੧॥
ਹੇ ਪ੍ਰਭੂ! ਜਿਨ੍ਹਾਂ ਦਾ ਹੋਰ ਕੋਈ ਸਹਾਰਾ ਨਹੀਂ ਹੁੰਦਾ, ਤੂੰ ਉਹਨਾਂ ਦਾ ਸਹਾਰਾ ਬਣਦਾ ਹੈਂ, ਮੰਦੀ ਭੈੜੀ ਹਾਲਤ ਵਾਲਿਆਂ ਦੀ ਤੂੰ ਚੰਗੀ ਹਾਲਤ ਬਣਾਂਦਾ ਹੈਂ, ਜਿਨ੍ਹਾਂ ਨੂੰ ਕਿਤੇ ਢੋਈ ਨਹੀਂ ਮਿਲਦੀ, ਤੂੰ ਉਹਨਾਂ ਦਾ ਆਸਰਾ ਹੈਂ।
ਹੇ ਪ੍ਰਭੂ! ਦਸੀਂ ਹੀ ਪਾਸੀਂ ਜਿਧਰ ਮੈਂ ਜਾਂਦਾ ਹਾਂ, ਉਥੇ ਹੀ ਤੂੰ (ਮੇਰੇ) ਨਾਲ ਹੀ ਦਿੱਸਦਾ ਹੈਂ, (ਤੇਰੀ ਮਿਹਰ ਨਾਲ) ਮੈਂ ਤੇਰੀ ਸਿਫ਼ਤ-ਸਾਲਾਹ ਦੀ ਕਾਰ ਕਮਾਂਦਾ ਹਾਂ ॥੨॥
ਹੇ ਪ੍ਰਭੂ! ਤੈਂ ਇੱਕ ਤੋਂ ਲੱਖਾਂ ਬ੍ਰਹਮੰਡ ਬਣਦੇ ਹਨ, ਤੇ, ਲੱਖਾਂ ਬ੍ਰਹਮੰਡਾਂ ਤੋਂ (ਫਿਰ) ਤੂੰ ਇਕ ਆਪ ਹੀ ਆਪ ਬਣ ਜਾਂਦਾ ਹੈਂ। ਮੈਂ ਦੱਸ ਨਹੀਂ ਸਕਦਾ ਕਿ ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ।
ਹੇ ਪ੍ਰਭੂ! ਤੂੰ ਬੇਅੰਤ ਹੈਂ, ਤੇਰੀ ਹਸਤੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਹ ਸਾਰਾ ਜਗਤ ਮੈਂ ਤਾਂ ਤੇਰਾ ਹੀ ਰਚਿਆ ਤਮਾਸ਼ਾ ਵੇਖਦਾ ਹਾਂ ॥੩॥
(ਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਸੰਤ ਜਨਾਂ ਦਾ ਸੰਗ ਕਰਦਾ ਹਾਂ, ਮੈਂ ਸੰਤ ਜਨਾਂ ਨਾਲ (ਤੇਰੇ ਗੁਣਾਂ ਦਾ) ਵਿਚਾਰ-ਵਟਾਂਦਰਾ ਕਰਦਾ ਰਹਿੰਦਾ ਹਾਂ, ਤੇਰੇ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਤੇਰੇ ਚਰਨਾਂ ਵਿਚ ਸੁਰਤ ਜੋੜਦਾ ਹਾਂ।
ਦਾਸ ਨਾਨਕ ਆਖਦਾ ਹੈ, ਗੁਰੂ ਦੀ ਮੱਤ ਉਤੇ ਤੁਰਿਆਂ ਹੀ ਤੇਰਾ ਮਿਲਾਪ ਹੁੰਦਾ ਹੈ। ਹੇ ਹਰੀ! (ਮੇਰੇ) ਮਨ ਵਿਚ (ਬੜੀ) ਤਾਂਘ ਹੈ, (ਮੈਨੂੰ) ਆਪਣਾ ਦਰਸਨ ਦੇਹ ॥੪॥੧॥
ਪ੍ਰਭੂ ਜੀ ਹਰੇਕ ਦੇ ਦਿਲ ਦੀ ਜਾਣਨ ਵਾਲੇ ਹਨ ਅਤੇ ਸੁਜਾਨ ਹਨ।
(ਜਿਹੜਾ ਮਨੁੱਖ) ਹੋਰਨਾਂ ਮਨੁੱਖਾਂ ਪਾਸੋਂ ਲੁਕਾ ਕੇ ਕੋਈ ਭੈੜਾ ਕੰਮ ਕਰਦਾ ਹੈ (ਉਹ ਇਹ ਨਹੀਂ ਜਾਣਦਾ ਕਿ) ਪਰਮਾਤਮਾ ਤਾਂ ਪਿਛਲੇ ਬੀਤੇ ਸਮੇ ਦੇ ਕਰਮਾਂ ਤੋਂ ਲੈ ਕੇ ਅਗਾਂਹ ਭਵਿੱਖ ਦੇ ਕੀਤੇ ਜਾਣ ਵਾਲੇ ਸਾਰੇ ਕੰਮਾਂ ਦਾ ਵੇਖਣ ਵਾਲਾ ਹੈ ॥੧॥ ਰਹਾਉ ॥
(ਜਿਹੜੇ ਮਨੁੱਖ) ਆਪਣੇ ਆਪ ਨੂੰ ਵੈਸ਼ਨੋ ਅਖਵਾਂਦੇ ਹਨ, (ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮ ਭੀ ਕਰਦੇ ਹਨ, (ਪਰ ਜੇ ਉਹਨਾਂ ਦੇ) ਅੰਦਰ (ਮਨ ਨੂੰ) ਮੈਲਾ ਕਰਨ ਵਾਲਾ ਲੋਭ ਵੱਸ ਰਿਹਾ ਹੈ,
(ਜੇ ਉਹ) ਸਾਧ ਸੰਗਤ ਦੀ ਨਿੰਦਾ ਕਰਦੇ ਹਨ (ਤਾਂ ਉਹ ਸਾਰੇ ਮਨੁੱਖ) ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ ॥੧॥