ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1086


ਸਾਧਸੰਗਿ ਭਜੁ ਅਚੁਤ ਸੁਆਮੀ ਦਰਗਹ ਸੋਭਾ ਪਾਵਣਾ ॥੩॥

ਉਸ ਅਬਿਨਾਸ਼ੀ ਮਾਲਕ-ਪ੍ਰਭੂ ਦਾ ਨਾਮ ਗੁਰੂ ਦੀ ਸੰਗਤ ਵਿਚ (ਰਹਿ ਕੇ) ਜਪਿਆ ਕਰ। ਪ੍ਰਭੂ ਦੀ ਹਜ਼ੂਰੀ ਵਿਚ (ਇਸ ਤਰ੍ਹਾਂ) ਇੱਜ਼ਤ ਮਿਲਦੀ ਹੈ ॥੩॥

ਚਾਰਿ ਪਦਾਰਥ ਅਸਟ ਦਸਾ ਸਿਧਿ ॥

ਜੇ ਤੂੰ ਚਾਰ ਪਦਾਰਥ ਲੋੜਦਾ ਹੈਂ, ਜੇ ਤੂੰ ਆਠਾਰਾਂ ਸਿੱਧੀਆਂ ਲੋੜਦਾ ਹੈਂ,

ਨਾਮੁ ਨਿਧਾਨੁ ਸਹਜ ਸੁਖੁ ਨਉ ਨਿਧਿ ॥

ਜੇ ਤੂੰ ਦੁਨੀਆ ਦੇ ਨੌ ਹੀ ਖ਼ਜ਼ਾਨੇ ਲੋੜਦਾ ਹੈਂ, ਤਾਂ (ਯਕਰਨ ਕਰ ਕਿ) ਹਰਿ-ਨਾਮ ਹੀ (ਅਸਲ) ਖ਼ਜ਼ਾਨਾ ਹੈ, ਇਹ ਨਾਮ ਹੀ ਆਤਮਕ ਅਡੋਲਤਾ ਦਾ ਸੁਖ ਹੈ। (ਇਹ ਨਾਮ ਹੀ ਚਾਰ ਪਦਾਰਥ ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਹੈ)।

ਸਰਬ ਕਲਿਆਣ ਜੇ ਮਨ ਮਹਿ ਚਾਹਹਿ ਮਿਲਿ ਸਾਧੂ ਸੁਆਮੀ ਰਾਵਣਾ ॥੪॥

ਜੇ ਤੂੰ ਆਪਣੇ ਮਨ ਵਿਚ ਸਾਰੇ ਸੁਖ ਲੋੜਦਾ ਹੈਂ, ਤਾਂ ਗੁਰੂ ਨੂੰ ਮਿਲ ਕੇ ਮਾਲਕ-ਪ੍ਰਭੂ ਦਾ ਸਿਮਰਨ ਕਰਿਆ ਕਰ ॥੪॥

ਸਾਸਤ ਸਿੰਮ੍ਰਿਤਿ ਬੇਦ ਵਖਾਣੀ ॥

ਸ਼ਾਸਤ੍ਰਾਂ ਨੇ, ਸਿੰਮ੍ਰਿਤੀਆਂ ਨੇ, ਵੇਦਾਂ ਨੇ ਆਖਿਆ ਹੈ,

ਜਨਮੁ ਪਦਾਰਥੁ ਜੀਤੁ ਪਰਾਣੀ ॥

ਕਿ ਹੇ ਪ੍ਰਾਣੀ! ਆਪਣੇ ਕੀਮਤੀ ਮਨੁੱਖਾ ਜਨਮ ਨੂੰ ਸਫਲਾ ਕਰ।

ਕਾਮੁ ਕ੍ਰੋਧੁ ਨਿੰਦਾ ਪਰਹਰੀਐ ਹਰਿ ਰਸਨਾ ਨਾਨਕ ਗਾਵਣਾ ॥੫॥

ਹੇ ਨਾਨਕ! (ਇਹ ਸਫਲਾ ਤਾਂ ਹੀ ਹੋ ਸਕਦਾ ਹੈ ਜੇ) ਜੀਭ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਈ ਜਾਏ। ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਹੀ ਕਾਮ ਛੱਡਿਆ ਜਾ ਸਕਦਾ ਹੈ ਕ੍ਰੋਧ ਤਿਆਗਿਆ ਜਾ ਸਕਦਾ ਹੈ ਨਿੰਦਾ ਛੱਡੀ ਜਾ ਸਕਦੀ ਹੈ (ਤੇ ਇਹਨਾਂ ਵਿਕਾਰਾਂ ਨੂੰ ਤਿਆਗਣ ਵਿਚ ਹੀ ਜਨਮ ਦੀ ਸਫਲਤਾ ਹੈ) ॥੫॥

ਜਿਸੁ ਰੂਪੁ ਨ ਰੇਖਿਆ ਕੁਲੁ ਨਹੀ ਜਾਤੀ ॥

ਜਿਸ ਪਰਮਾਤਮਾ ਦਾ (ਕੀਹ) ਰੂਪ, ਰੇਖ, ਕੁਲ ਅਤੇ ਜਾਤਿ (ਹੈ-ਇਹ ਗੱਲ) ਦੱਸੀ ਨਹੀਂ ਜਾ ਸਕਦੀ,

ਪੂਰਨ ਪੂਰਿ ਰਹਿਆ ਦਿਨੁ ਰਾਤੀ ॥

ਜਿਹੜਾ ਪਰਮਾਤਮਾ ਦਿਨ ਰਾਤ ਹਰ ਵੇਲੇ ਸਭ ਥਾਈਂ ਮੌਜੂਦ ਹੈ,

ਜੋ ਜੋ ਜਪੈ ਸੋਈ ਵਡਭਾਗੀ ਬਹੁੜਿ ਨ ਜੋਨੀ ਪਾਵਣਾ ॥੬॥

ਉਸ ਪਰਮਾਤਮਾ ਦਾ ਨਾਮ ਜਿਹੜਾ ਜਿਹੜਾ ਮਨੁੱਖ ਜਪਦਾ ਹੈ ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ, ਉਹ ਮਨੁੱਖ ਮੁੜ ਮੁੜ ਜੂਨਾਂ ਵਿਚ ਨਹੀਂ ਪੈਂਦਾ ॥੬॥

ਜਿਸ ਨੋ ਬਿਸਰੈ ਪੁਰਖੁ ਬਿਧਾਤਾ ॥

ਜਿਸ ਮਨੁੱਖ ਨੂੰ ਸਰਬ-ਵਿਆਪਕ ਸਿਰਜਣਹਾਰ ਵਿਸਰਿਆ ਰਹਿੰਦਾ ਹੈ,

ਜਲਤਾ ਫਿਰੈ ਰਹੈ ਨਿਤ ਤਾਤਾ ॥

ਉਹ ਸਦਾ (ਵਿਕਾਰਾਂ ਵਿਚ) ਸੜਦਾ ਫਿਰਦਾ ਹੈ, ਉਹ ਸਦਾ (ਕ੍ਰੋਧ ਨਾਲ) ਸੜਿਆ ਭੁੱਜਿਆ ਰਹਿੰਦਾ ਹੈ।

ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘੋਰ ਮਹਿ ਪਾਵਣਾ ॥੭॥

ਪਰਮਾਤਮਾ ਦੇ ਕੀਤੇ ਉਪਕਾਰਾਂ ਨੂੰ ਭੁਲਾਣ ਵਾਲੇ ਉਸ ਮਨੁੱਖ ਨੂੰ (ਇਸ ਭੈੜੀ ਆਤਮਕ ਦਸ਼ਾ ਤੋਂ) ਕੋਈ ਬਚਾ ਨਹੀਂ ਸਕਦਾ। ਉਹ ਮਨੁੱਖ (ਸਦਾ ਇਸ) ਭਿਆਨਕ ਨਰਕ ਵਿਚ ਪਿਆ ਰਹਿੰਦਾ ਹੈ ॥੭॥

ਜੀਉ ਪ੍ਰਾਣ ਤਨੁ ਧਨੁ ਜਿਨਿ ਸਾਜਿਆ ॥

ਹੇ ਨਾਨਕ! ਜਿਸ ਪਰਮਾਤਮਾ ਨੇ ਜਿੰਦ ਦਿੱਤੀ, ਪ੍ਰਾਣ ਦਿੱਤੇ, ਸਰੀਰ ਬਣਾਇਆ, ਧਨ ਦਿੱਤਾ,

ਮਾਤ ਗਰਭ ਮਹਿ ਰਾਖਿ ਨਿਵਾਜਿਆ ॥

ਮਾਂ ਦੇ ਪੇਟ ਵਿਚ ਰੱਖਿਆ ਕਰ ਕੇ ਬੜੀ ਦਇਆ ਕੀਤੀ,

ਤਿਸ ਸਿਉ ਪ੍ਰੀਤਿ ਛਾਡਿ ਅਨ ਰਾਤਾ ਕਾਹੂ ਸਿਰੈ ਨ ਲਾਵਣਾ ॥੮॥

ਜਿਹੜਾ ਮਨੁੱਖ ਉਸ ਪਰਮਾਤਮਾ ਨਾਲ ਪਿਆਰ ਛੱਡ ਕੇ ਹੋਰ ਹੋਰ ਪਦਾਰਥਾਂ ਦੇ ਮੋਹ ਵਿਚ ਮਸਤ ਰਹਿੰਦਾ ਹੈ, ਉਹ ਮਨੁੱਖ ਕਿਸੇ ਪਾਸੇ ਭੀ ਨੇਪਰੇ ਨਹੀਂ ਚੜ੍ਹਦਾ ॥੮॥

ਧਾਰਿ ਅਨੁਗ੍ਰਹੁ ਸੁਆਮੀ ਮੇਰੇ ॥

ਹੇ ਮੇਰੇ ਮਾਲਕ-ਪ੍ਰਭੂ! (ਅਸਾਂ ਜੀਵਾਂ ਉੱਤੇ) ਦਇਆ ਕਰੀ ਰੱਖ,

ਘਟਿ ਘਟਿ ਵਸਹਿ ਸਭਨ ਕੈ ਨੇਰੇ ॥

ਤੂੰ ਹਰੇਕ ਸਰੀਰ ਵਿਚ ਵੱਸਦਾ ਹੈਂ, ਤੂੰ ਸਭ ਜੀਵਾਂ ਦੇ ਨੇੜੇ ਵੱਸਦਾ ਹੈਂ।

ਹਾਥਿ ਹਮਾਰੈ ਕਛੂਐ ਨਾਹੀ ਜਿਸੁ ਜਣਾਇਹਿ ਤਿਸੈ ਜਣਾਵਣਾ ॥੯॥

ਅਸਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ਹੈ। ਜਿਸ ਮਨੁੱਖ ਨੂੰ ਤੂੰ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈਂ, ਉਹੀ ਮਨੁੱਖ ਇਹ ਸਮਝ ਹਾਸਲ ਕਰਦਾ ਹੈ ॥੯॥

ਜਾ ਕੈ ਮਸਤਕਿ ਧੁਰਿ ਲਿਖਿ ਪਾਇਆ ॥

ਧੁਰ ਹਜ਼ੂਰੀ ਵਿਚੋਂ ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ ਨੇ ਚੰਗੇ ਭਾਗਾਂ ਦਾ ਲੇਖ) ਲਿਖ ਕੇ ਪਾਇਆ ਹੁੰਦਾ ਹੈ,

ਤਿਸ ਹੀ ਪੁਰਖ ਨ ਵਿਆਪੈ ਮਾਇਆ ॥

ਸਿਰਫ਼ ਉਸ ਮਨੁੱਖ ਉਤੇ ਹੀ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ।

ਨਾਨਕ ਦਾਸ ਸਦਾ ਸਰਣਾਈ ਦੂਸਰ ਲਵੈ ਨ ਲਾਵਣਾ ॥੧੦॥

ਹੇ ਨਾਨਕ! ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹ ਕਿਸੇ ਹੋਰ ਨੂੰ ਪਰਮਾਤਮਾ ਦੇ ਬਰਾਬਰ ਦਾ ਨਹੀਂ ਸਮਝਦੇ ॥੧੦॥

ਆਗਿਆ ਦੂਖ ਸੂਖ ਸਭਿ ਕੀਨੇ ॥

(ਜਗਤ ਦੇ) ਸਾਰੇ ਦੁੱਖ ਸਾਰੇ ਸੁਖ (ਪਰਮਾਤਮਾ ਨੇ ਆਪਣੇ) ਹੁਕਮ ਵਿਚ (ਆਪ ਹੀ) ਬਣਾਏ ਹਨ।

ਅੰਮ੍ਰਿਤ ਨਾਮੁ ਬਿਰਲੈ ਹੀ ਚੀਨੇ ॥

(ਇਹਨਾਂ ਦੁੱਖਾਂ ਤੋਂ ਬਚਣ ਲਈ) ਕਿਸੇ ਵਿਰਲੇ ਮਨੁੱਖ ਨੇ ਹੀ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਨਾਲ ਸਾਂਝ ਪਾਈ ਹੈ।

ਤਾ ਕੀ ਕੀਮਤਿ ਕਹਣੁ ਨ ਜਾਈ ਜਤ ਕਤ ਓਹੀ ਸਮਾਵਣਾ ॥੧੧॥

ਉਸ ਪਰਮਾਤਮਾ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ (ਉਹ ਪਰਮਾਤਮਾ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲਦਾ, ਉਂਞ) ਹਰ ਥਾਂ ਉਹ ਆਪ ਹੀ ਸਮਾਇਆ ਹੋਇਆ ਹੈ ॥੧੧॥

ਸੋਈ ਭਗਤੁ ਸੋਈ ਵਡ ਦਾਤਾ ॥

ਉਹ ਪਰਮਾਤਮਾ ਆਪ ਹੀ (ਆਪਣੇ ਸੇਵਕ ਵਿਚ ਬੈਠਾ ਆਪਣੀ) ਭਗਤੀ ਕਰਨ ਵਾਲਾ ਹੈ, ਉਹ ਆਪ ਹੀ ਸਭ ਤੋਂ ਵੱਡਾ ਦਾਤਾਰ ਹੈ,

ਸੋਈ ਪੂਰਨ ਪੁਰਖੁ ਬਿਧਾਤਾ ॥

ਉਹ ਆਪ ਹੀ ਸਭ ਵਿਚ ਵਿਆਪਕ ਸਿਰਜਣਹਾਰ ਹੈ।

ਬਾਲ ਸਹਾਈ ਸੋਈ ਤੇਰਾ ਜੋ ਤੇਰੈ ਮਨਿ ਭਾਵਣਾ ॥੧੨॥

ਹੇ ਪ੍ਰਭੂ! ਜਿਹੜਾ (ਤੇਰਾ ਭਗਤ) ਤੇਰੇ ਮਨ ਵਿਚ (ਤੈਨੂੰ) ਪਿਆਰਾ ਲੱਗਦਾ ਹੈ, ਉਹੀ ਤੇਰਾ ਬਾਲ-ਸਖਾਈ ਹੈ (ਉਹੀ ਤੈਨੂੰ ਇਉਂ ਪਿਆਰਾ ਹੈ ਜਿਵੇਂ ਛੋਟੀ ਉਮਰ ਤੋਂ ਇਕੱਠੇ ਰਹਿਣ ਵਾਲੇ ਬਾਲਕ ਇਕ ਦੂਜੇ ਨੂੰ ਸਾਰੀ ਉਮਰ ਪਿਆਰ ਕਰਨ ਵਾਲੇ ਹੁੰਦੇ ਹਨ) ॥੧੨॥

ਮਿਰਤੁ ਦੂਖ ਸੂਖ ਲਿਖਿ ਪਾਏ ॥

ਮੌਤ ਦੁੱਖ ਸੁਖ ਕਰਤਾਰ ਨੇ ਆਪ ਹੀ (ਜੀਵਾਂ ਦੇ ਲੇਖਾਂ ਵਿਚ) ਲਿਖ ਕੇ ਰੱਖ ਦਿੱਤੇ ਹਨ।

ਤਿਲੁ ਨਹੀ ਬਧਹਿ ਘਟਹਿ ਨ ਘਟਾਏ ॥

ਨਾਹ ਇਹ ਵਧਾਇਆਂ ਰਤਾ ਭੀ ਵਧਦੇ ਹਨ, ਨਾਹ ਇਹ ਘਟਾਇਆਂ ਰਤਾ ਭਰ ਘਟਦੇ ਹਨ।

ਸੋਈ ਹੋਇ ਜਿ ਕਰਤੇ ਭਾਵੈ ਕਹਿ ਕੈ ਆਪੁ ਵਞਾਵਣਾ ॥੧੩॥

ਜੋ ਕੁਝ ਕਰਤਾਰ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। (ਇਹ) ਆਖ ਕੇ (ਕਿ ਅਸੀਂ ਆਪਣੇ ਆਪ ਕੁਝ ਕਰ ਸਕਦੇ ਹਾਂ) ਆਪਣੇ ਆਪ ਨੂੰ ਖ਼ੁਆਰ ਹੀ ਕਰਨਾ ਹੁੰਦਾ ਹੈ ॥੧੩॥

ਅੰਧ ਕੂਪ ਤੇ ਸੇਈ ਕਾਢੇ ॥

ਉਹਨਾਂ ਮਨੁੱਖਾਂ ਨੂੰ ਪਰਮਾਤਮਾ ਮਾਇਆ ਦੇ ਮੋਹ ਦੇ ਘੁੱਪ ਹਨੇਰੇ ਖੂਹ ਵਿਚੋਂ ਕੱਢ ਲੈਂਦਾ ਹੈ,

ਜਨਮ ਜਨਮ ਕੇ ਟੂਟੇ ਗਾਂਢੇ ॥

ਤੇ, ਕਈ ਜਨਮਾਂ ਦੇ (ਆਪਣੇ ਨਾਲੋਂ) ਟੁੱਟਿਆਂ ਹੋਇਆਂ ਨੂੰ (ਮੁੜ ਆਪਣੇ ਨਾਲ) ਜੋੜ ਲੈਂਦਾ ਹੈ,

ਕਿਰਪਾ ਧਾਰਿ ਰਖੇ ਕਰਿ ਅਪੁਨੇ ਮਿਲਿ ਸਾਧੂ ਗੋਬਿੰਦੁ ਧਿਆਵਣਾ ॥੧੪॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਕਿਰਪਾ ਕਰ ਕੇ ਆਪਣੇ ਬਣਾ ਲੈਂਦਾ ਹੈ, ਜਿਹੜੇ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ ॥੧੪॥

ਤੇਰੀ ਕੀਮਤਿ ਕਹਣੁ ਨ ਜਾਈ ॥

(ਹੇ ਪ੍ਰਭੂ) ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ।

ਅਚਰਜ ਰੂਪੁ ਵਡੀ ਵਡਿਆਈ ॥

ਤੇਰਾ ਸਰੂਪ ਹੈਰਾਨ ਕਰ ਦੇਣ ਵਾਲਾ ਹੈ, ਤੇ ਵਡਿਆਈ ਵੱਡੀ ਹੈ।

ਭਗਤਿ ਦਾਨੁ ਮੰਗੈ ਜਨੁ ਤੇਰਾ ਨਾਨਕ ਬਲਿ ਬਲਿ ਜਾਵਣਾ ॥੧੫॥੧॥੧੪॥੨੨॥੨੪॥੨॥੧੪॥੬੨॥

ਹੇ ਨਾਨਕ! ਤੇਰਾ ਸੇਵਕ (ਤੇਰੇ ਦਰ ਤੋਂ) ਤੇਰੀ ਭਗਤੀ ਦਾ ਖ਼ੈਰ ਮੰਗਦਾ ਹੈ, ਤੇ ਤੈਥੋਂ ਸਦਕੇ ਜਾਂਦਾ ਹੈ ਕੁਰਬਾਨ ਜਾਂਦਾ ਹੈ ॥੧੫॥੧॥੧੪॥੨੨॥੨੪॥੨॥੧੪॥੬੨॥

ਮਾਰੂ ਵਾਰ ਮਹਲਾ ੩ ॥

ਰਾਗ ਮਾਰੂ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਵਾਰ'।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕੁ ਮਃ ੧ ॥

ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥

ਜੇ ਕੋਈ ਗਾਹਕ ਨਾਹ ਹੋਵੇ ਤੇ (ਕੋਈ) ਗੁਣ (ਭਾਵ, ਕੋਈ ਕੀਮਤੀ ਪਦਾਰਥ) ਵੇਚੀਏ ਤਾਂ ਉਹ ਗੁਣ ਸਸਤੇ-ਭਾ ਵਿਕ ਜਾਂਦਾ ਹੈ, (ਭਾਵ, ਉਸ ਦੀ ਕਦਰ ਨਹੀਂ ਪੈਂਦੀ)।

ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥

ਪਰ ਜੇ ਗੁਣ ਦਾ ਗਾਹਕ ਮਿਲ ਪਏ ਤਾਂ ਉਹ ਬਹੁਤ ਕੀਮਤ ਨਾਲ ਵਿਕਦਾ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430