ਜਿਨ੍ਹਾਂ ਗੁਰਮੁਖਾਂ ਨੂੰ ਆਪ ਆਦਰ ਦੇਂਦਾ ਹੈਂ, ਉਹ ਸੱਚੀ ਦਰਗਾਹ ਵਿਚ ਪਰਗਟ ਹੋ ਜਾਂਦੇ ਹਨ ॥੧੧॥
ਕਲਜੁਗੀ ਸੁਭਾਉ (ਮਾਨੋ) (ਸ਼ਰਾਬ ਕੱਢਣ ਵਾਲੀ) ਮੱਟੀ ਹੈ; ਕਾਮ (ਮਾਨੋ) ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ (ਮਨੁੱਖ ਦਾ) ਮਨ ਹੈ।
ਮੋਹ ਨਾਲ ਭਰੀ ਹੋਈ ਕ੍ਰੋਧ ਦੀ (ਮਾਨੋ) ਕਟੋਰੀ ਹੈ ਤੇ ਅਹੰਕਾਰ (ਮਾਨੋ) ਪਿਲਾਉਣ ਵਾਲਾ ਹੈ।
ਕੂੜੇ ਲੱਬ ਦੀ (ਮਾਨੋ) ਮਜਲਸ ਹੈ (ਜਿਸ ਵਿਚ ਬਹਿ ਕੇ) ਮਨ (ਕਾਮ ਦੀ ਸ਼ਰਾਬ ਨੂੰ) ਪੀ ਪੀ ਕੇ ਖ਼ੁਆਰ ਹੁੰਦਾ ਹੈ।
ਚੰਗੀ ਕਰਣੀ ਨੂੰ (ਸ਼ਰਾਬ ਕੱਢਣ ਵਾਲੀ) ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਸ਼ਰਾਬ ਬਣਾ!
ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ ਸ਼ਰਮ ਨੂੰ ਮਾਸ ਵਾਲੀ (ਇਹ ਸਾਰੀ) ਖ਼ੁਰਾਕ ਬਣਾ!
ਹੇ ਨਾਨਕ! ਇਹ ਖ਼ੁਰਾਕ ਸਤਿਗੁਰੂ ਦੇ ਸਨਮੁਖ ਹੋਇਆਂ ਮਿਲਦੀ ਹੈ ਤੇ ਇਸ ਦੇ ਖਾਧਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ ॥੧॥
ਸਰੀਰ (ਮਾਨੋ) (ਸ਼ਰਾਬ ਕੱਢਣ ਵਾਲੀ ਸਮਗਰੀ ਸਮੇਤ) ਮੱਟੀ ਹੈ, ਅਹੰਕਾਰ ਸ਼ਰਾਬ, ਤੇ ਤ੍ਰਿਸ਼ਨਾ ਵਿਚ ਭਟਕਣਾ (ਮਾਨੋ) ਮਹਿਫ਼ਲ ਹੈ।
ਕੂੜ ਨਾਲ ਭਰੀ ਹੋਈ ਵਾਸ਼ਨਾਂ (ਮਾਨੋ) ਕਟੋਰੀ ਹੈ ਤੇ ਜਮ ਕਾਲ (ਮਾਨੋ) ਪਿਲਾਉਂਦਾ ਹੈ।
ਹੇ ਨਾਨਕ! ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ (ਭਾਵ, ਅਹੰਕਾਰ ਤ੍ਰਿਸ਼ਨਾ ਕੂੜ ਆਦਿਕ ਦੇ ਕਾਰਨ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹਨ)।
ਪ੍ਰਭੂ ਦਾ ਗਿਆਨ (ਮਾਨੋ) ਗੁੜ ਹੋਵੇ, ਸਿਫ਼ਤ-ਸਾਲਾਹ ਰੋਟੀਆਂ ਤੇ (ਪ੍ਰਭੂ ਦਾ) ਡਰ ਮਾਸ, ਜੇ ਐਸੀ ਖ਼ੁਰਾਕ ਹੋਵੇ,
ਤਾਂ ਹੇ ਨਾਨਕ! ਇਹ ਭੋਜਨ ਸੱਚਾ ਹੈ, ਕਿਉਂਕਿ ਸੱਚਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਹੋ ਸਕਦਾ ਹੈ ॥੨॥
(ਜੇ) ਸਰੀਰ ਮੱਟੀ ਹੋਵੇ, ਆਪੇ ਦੀ ਪਛਾਣ ਸ਼ਰਾਬ ਹੋਵੇ ਜਿਸ ਦੀ ਧਾਰ ਅਮਰ ਕਰਨ ਵਾਲੀ ਹੋਵੇ,
ਸਤਸੰਗਤ ਨਾਲ ਮੇਲ ਹੋਵੇ, ਕਟੋਰੀ ਅੰਮ੍ਰਿਤ (ਨਾਮ) ਦੀ ਭਰੀ ਹੋਈ ਲਿਵ (ਰੂਪ) ਹੋਵੇ, ਤਾਂ (ਇਸ ਨੂੰ) ਪੀ ਪੀ ਕੇ ਸਾਰੇ ਵਿਕਾਰ ਪਾਪ ਦੂਰ ਹੁੰਦੇ ਹਨ ॥੩॥
ਪ੍ਰਭੂ ਆਪ ਹੀ ਦੇਵਤੇ, ਮਨੁੱਖ, (ਸ਼ਿਵ ਜੀ ਦੇ) ਗਣ, ਦੇਵਤਿਆਂ ਦੇ ਰਾਗੀ, ਅਤੇ ਆਪ ਹੀ ਛੇ ਦਰਸ਼ਨਾਂ ਦੀ ਬੋਲੀ (ਬਨਾਣ ਵਾਲਾ) ਹੈ।
ਆਪ ਹੀ ਸ਼ਿਵ, ਸ਼ੰਕਰ ਤੇ ਮਹੇਸ਼ (ਦਾ ਕਰਤਾ) ਹੈ, ਆਪ ਹੀ ਗੁਰੂ ਦੇ ਸਨਮੁਖ ਹੋ ਕੇ ਆਪਣੇ ਅਕੱਥ ਸਰੂਪ ਦੀਆਂ ਵਡਿਆਈਆਂ (ਕਰਦਾ ਹੈ)।
ਆਪ ਹੀ ਜੋਗ ਦੀ ਸਾਧਨਾ ਕਰਨ ਵਾਲਾ ਹੈ, ਆਪ ਹੀ ਭੋਗਾਂ ਵਿਚ ਪਰਵਿਰਤ ਹੈ ਤੇ ਆਪ ਹੀ ਸੰਨਿਆਸੀ ਬਣ ਕੇ ਉਜਾੜਾਂ ਵਿਚ ਫਿਰਦਾ ਹੈ।
ਆਪ ਹੀ ਆਪਣੇ ਨਾਲ ਚਰਚਾ ਕਰਦਾ ਹੈ, ਆਪ ਹੀ ਉਪਦੇਸ਼ ਕਰਦਾ ਹੈ, ਆਪ ਹੀ ਸਿਆਣੀ ਮੱਤ ਵਾਲਾ ਸੁੰਦਰ ਸਰੂਪ ਵਾਲਾ ਹੈ।
ਆਪਣਾ ਕੌਤਕ ਕਰ ਕੇ ਆਪ ਹੀ ਵੇਖਦਾ ਹੈ ਤੇ ਆਪ ਹੀ ਸਾਰੇ ਜੀਵਾਂ ਦੇ ਹਿਰਦੇ ਦੀ ਜਾਣਨ ਵਾਲਾ ਹੈ ॥੧੨॥
ਉਹੋ ਸੰਧਿਆ (ਸਵੇਰ ਦੁਪਹਿਰ ਤੇ ਸ਼ਾਮ ਦੀ ਪੂਜਾ) ਕਬੂਲ ਹੈ ਜਿਸ ਨਾਲ ਪਿਆਰਾ ਪ੍ਰਭੂ ਹਿਰਦੇ ਵਿਚ ਵੱਸ ਪਏ,
ਪ੍ਰਭੂ ਨਾਲ ਪਿਆਰ ਪੈਦਾ ਹੋ ਜਾਵੇ ਤੇ ਮਾਇਆ ਦਾ ਮੋਹ ਸੜ ਜਾਏ।
ਸਤਿਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਦੁਬਿਧਾ ਦੂਰ ਹੋਵੇ, ਮਨ ਟਿਕ ਜਾਏ, ਉਹ ਸੰਧਿਆ ਦੀ (ਸੱਚੀ) ਵਿਚਾਰ ਕਰਦਾ ਹੈ।
ਹੇ ਨਾਨਕ! ਮਨਮੁਖ ਸੰਧਿਆ ਕਰਦਾ ਹੈ, (ਪਰ) ਉਸ ਦਾ ਮਨ ਟਿਕਦਾ ਨਹੀਂ, (ਇਸ ਵਾਸਤੇ) ਜੰਮਦਾ ਮਰਦਾ ਹੈ ਤੇ ਖ਼ੁਆਰ ਹੁੰਦਾ ਹੈ ॥੧॥
'ਪਿਆਰਾ ਪਿਆਰਾ' ਕੂਕਦੀ ਮੈਂ ਸਾਰਾ ਸੰਸਾਰ ਫਿਰੀ, ਪਰ ਮੇਰੀ ਪਿਆਸ ਦੂਰ ਨਹੀਂ ਸੀ ਹੋਈ।
ਹੇ ਨਾਨਕ! ਸਤਿਗੁਰੂ ਨੂੰ ਮਿਲਿਆਂ ਮੇਰੀ ਪਿਆਸ ਦੂਰ ਹੋ ਗਈ ਹੈ, ਘਰ ਵਿਚ ਆ ਕੇ ਪਿਆਰਾ ਪਤੀ ਲੱਭ ਲਿਆ ਹੈ ॥੨॥
ਛੋਟੀ ਤਾਰ (ਭਾਵ, ਜੀਵ) ਵੱਡੀ ਤਾਰ (ਭਾਵ, ਪਰਮੇਸ਼ਵਰ), ਸਭ ਕੁਝ ਪ੍ਰਭੂ ਆਪ ਹੀ ਹੈ, ਆਪ ਹੀ ਠਾਕੁਰ ਤੇ ਆਪ ਹੀ ਦਾਸ ਹੈ।
ਪ੍ਰਭੂ ਨੇ ਆਪ ਹੀ ਅਠਾਰਾਂ ਵਰਣ ਬਣਾਏ, ਆਪ ਹੀ ਬ੍ਰਹਮ ਹੈ ਤੇ ਆਪ ਹੀ (ਸ੍ਰਿਸ਼ਟੀ ਦਾ) ਰਾਜ ਉਸ ਨੇ ਲਿਆ ਹੈ।
(ਜੀਵਾਂ ਨੂੰ) ਆਪ ਹੀ ਮਾਰਦਾ ਹੈ ਆਪ ਹੀ ਛੱਡਦਾ ਹੈ, ਆਪ ਹੀ ਬਖ਼ਸ਼ਦਾ ਹੈ ਤੇ ਆਪ ਹੀ ਮੇਹਰ ਕਰਦਾ ਹੈ।
ਪ੍ਰਭੂ ਆਪ ਅਭੁੱਲ ਹੈ, ਕਦੇ ਭੁੱਲਦਾ ਨਹੀਂ, ਉਸ ਦਾ ਇਨਸਾਫ਼ ਭੀ ਨਿਰੋਲ ਸੱਚ ਹੈ।
ਸਤਿਗੁਰੂ ਦੀ ਰਾਹੀਂ ਜਿਨ੍ਹਾਂ ਨੂੰ ਆਪ ਸਮਝਾ ਦੇਂਦਾ ਹੈ ਉਹਨਾਂ ਦੇ ਹਿਰਦੇ ਵਿਚੋਂ ਮਾਇਆ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੧੩॥
ਜੋ ਮਨੁੱਖ ਸਾਧ ਸੰਗਤ ਵਿਚ ਹਰੀ ਦਾ ਨਾਮ ਨਹੀਂ ਸਿਮਰਦੇ, ਉਹਨਾਂ ਦੇ ਸਰੀਰ ਤੇ ਸੁਆਹ ਪੈਂਦੀ ਹੈ, (ਭਾਵ, ਉਹਨਾਂ ਦੇ ਸਰੀਰ ਨੂੰ ਫਿਟਕਾਰ ਪੈਂਦੀ ਹੈ)।
ਹੇ ਨਾਨਕ! ਪ੍ਰੇਮ ਤੋਂ ਸੱਖਣੇ ਉਸ ਸਰੀਰ ਨੂੰ ਧਿੱਕਾਰ ਹੈ, ਜੋ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਉਸ ਨੂੰ ਬਣਾਇਆ ਹੈ ॥੧॥