ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 884


ਰਾਮਕਲੀ ਮਹਲਾ ੫ ॥

ਅੰਗੀਕਾਰੁ ਕੀਆ ਪ੍ਰਭਿ ਅਪਨੈ ਬੈਰੀ ਸਗਲੇ ਸਾਧੇ ॥

ਹੇ ਭਾਈ! ਪਿਆਰੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣੀ ਚਰਨੀਂ ਲਾ ਲਿਆ, ਉਸ ਦੇ ਉਸ ਨੇ (ਕਾਮਾਦਿਕ) ਸਾਰੇ ਹੀ ਵੈਰੀ ਵੱਸ ਵਿਚ ਕਰ ਦਿੱਤੇ।

ਜਿਨਿ ਬੈਰੀ ਹੈ ਇਹੁ ਜਗੁ ਲੂਟਿਆ ਤੇ ਬੈਰੀ ਲੈ ਬਾਧੇ ॥੧॥

(ਕਾਮਾਦਿਕ) ਜਿਸ ਜਿਸ ਵੈਰੀ ਨੇ ਇਹ ਜਗਤ ਲੁੱਟ ਲਿਆ ਹੈ, (ਪ੍ਰਭੂ ਨੇ ਉਸ ਦੇ) ਉਹ ਸਾਰੇ ਵੈਰੀ ਫੜ ਕੇ ਬੰਨ੍ਹ ਦਿੱਤੇ ॥੧॥

ਸਤਿਗੁਰੁ ਪਰਮੇਸਰੁ ਮੇਰਾ ॥

ਹੇ ਭਾਈ! ਮੇਰਾ ਤਾਂ ਗੁਰੂ ਰਾਖਾ ਹੈ, ਪਰਮਾਤਮਾ ਰਾਖਾ ਹੈ (ਉਹੀ ਮੈਨੂੰ ਕਾਮਾਦਿਕ ਵੈਰੀਆਂ ਤੋਂ ਬਚਾਣ ਵਾਲਾ ਹੈ।

ਅਨਿਕ ਰਾਜ ਭੋਗ ਰਸ ਮਾਣੀ ਨਾਉ ਜਪੀ ਭਰਵਾਸਾ ਤੇਰਾ ॥੧॥ ਰਹਾਉ ॥

ਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ (ਮੇਹਰ ਕਰ) ਮੈਂ ਤੇਰਾ ਨਾਮ ਜਪਦਾ ਰਹਾਂ (ਨਾਮ ਦੀ ਬਰਕਤ ਨਾਲ ਇਉਂ ਜਾਪਦਾ ਹੈ ਕਿ) ਮੈਂ ਰਾਜ ਦੇ ਅਨੇਕਾਂ ਭੋਗ ਤੇ ਰਸ ਮਾਣ ਰਿਹਾ ਹਾਂ ॥੧॥ ਰਹਾਉ ॥

ਚੀਤਿ ਨ ਆਵਸਿ ਦੂਜੀ ਬਾਤਾ ਸਿਰ ਊਪਰਿ ਰਖਵਾਰਾ ॥

ਹੇ ਭਾਈ! ਪਰਮਾਤਮਾ (ਜਿਸ ਮਨੁੱਖ ਦੇ) ਸਿਰ ਉੱਤੇ ਰਾਖਾ ਬਣਦਾ ਹੈ, ਉਸ ਮਨੁੱਖ ਦੇ ਚਿੱਤ ਵਿਚ (ਪਰਮਾਤਮਾ ਦੇ ਨਾਮ ਤੋਂ ਬਿਨਾ, ਕਾਮਾਦਿਕ ਦਾ) ਕੋਈ ਹੋਰ ਫੁਰਨਾ ਉਠਦਾ ਹੀ ਨਹੀਂ।

ਬੇਪਰਵਾਹੁ ਰਹਤ ਹੈ ਸੁਆਮੀ ਇਕ ਨਾਮ ਕੈ ਆਧਾਰਾ ॥੨॥

ਹੇ ਮਾਲਕ-ਪ੍ਰਭੂ! ਸਿਰਫ਼ ਤੇਰੇ ਨਾਮ ਦੇ ਆਸਰੇ ਉਹ ਮਨੁੱਖ (ਦੁਨੀਆ ਦੀਆਂ ਹੋਰ ਗ਼ਰਜ਼ਾਂ ਵਲੋਂ) ਬੇ-ਪਰਵਾਹ ਰਹਿੰਦਾ ਹੈ ॥੨॥

ਪੂਰਨ ਹੋਇ ਮਿਲਿਓ ਸੁਖਦਾਈ ਊਨ ਨ ਕਾਈ ਬਾਤਾ ॥

ਹੇ ਭਾਈ! ਜਿਸ ਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਹ (ਉੱਚੇ ਆਤਮਕ ਗੁਣਾਂ ਨਾਲ) ਭਰਪੂਰ ਹੋ ਜਾਂਦਾ ਹੈ। ਉਹ ਕਿਸੇ ਗੱਲੇ ਮੁਥਾਜ ਨਹੀਂ ਰਹਿੰਦਾ।

ਤਤੁ ਸਾਰੁ ਪਰਮ ਪਦੁ ਪਾਇਆ ਛੋਡਿ ਨ ਕਤਹੂ ਜਾਤਾ ॥੩॥

ਉਹ ਮਨੁੱਖ ਜਗਤ ਦੇ ਮੂਲ-ਪ੍ਰਭੂ ਨੂੰ ਲੱਭ ਲੈਂਦਾ ਹੈ, ਉਹ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ, ਉਹ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ, ਤੇ, ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦਾ ॥੩॥

ਬਰਨਿ ਨ ਸਾਕਉ ਜੈਸਾ ਤੂ ਹੈ ਸਾਚੇ ਅਲਖ ਅਪਾਰਾ ॥

ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਲੱਖ! ਹੇ ਬੇਅੰਤ! ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿਹੋ ਜਿਹਾ ਹੈਂ।

ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮੁ ਹਮਾਰਾ ॥੪॥੫॥

ਹੇ ਨਾਨਕ! (ਆਖ-) ਹੇ ਬੇ-ਮਿਸਾਲ ਪ੍ਰਭੂ! ਹੇ ਅਥਾਹ! ਹੇ ਅਡੋਲ ਮਾਲਕ! ਤੂੰ ਹੀ ਮੇਰਾ ਖਸਮ ਹੈਂ ॥੪॥੫॥

ਰਾਮਕਲੀ ਮਹਲਾ ੫ ॥

ਤੂ ਦਾਨਾ ਤੂ ਅਬਿਚਲੁ ਤੂਹੀ ਤੂ ਜਾਤਿ ਮੇਰੀ ਪਾਤੀ ॥

ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਮੇਰੀ ਜਾਤ ਹੈਂ, ਤੂੰ ਹੀ ਮੇਰੀ ਕੁਲ ਹੈਂ (ਉੱਚੀ ਜਾਤਿ ਕੁਲ ਦਾ ਮਾਣ ਹੋਣ ਦੇ ਥਾਂ ਮੈਨੂੰ ਇਹੀ ਭਰੋਸਾ ਹੈ ਕਿ ਤੂੰ ਹੀ ਹਰ ਵੇਲੇ ਮੇਰੇ ਅੰਗ-ਸੰਗ ਹੈਂ)।

ਤੂ ਅਡੋਲੁ ਕਦੇ ਡੋਲਹਿ ਨਾਹੀ ਤਾ ਹਮ ਕੈਸੀ ਤਾਤੀ ॥੧॥

ਹੇ ਪਾਤਿਸ਼ਾਹ! ਮਾਇਆ ਦੇ ਝਕੋਲੇ ਤੇਰੇ ਉਤੇ ਅਸਰ ਨਹੀਂ ਕਰ ਸਕਦੇ, ਤੂੰ (ਮਾਇਆ ਦੇ ਟਾਕਰੇ ਤੇ) ਕਦੇ ਡੋਲਦਾ ਨਹੀਂ (ਜੇ ਮੇਰੇ ਉਤੇ ਤੇਰੀ ਕਿਰਪਾ ਰਹੇ ਤਾਂ) ਮੈਨੂੰ ਭੀ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ ॥੧॥

ਏਕੈ ਏਕੈ ਏਕ ਤੂਹੀ ॥

(ਅਸਾਂ ਜੀਵਾਂ ਦਾ) ਇਕ ਤੂੰ ਹੀ (ਖਸਮ) ਹੈਂ, ਤੂੰ ਹੀ ਹੈਂ।

ਏਕੈ ਏਕੈ ਤੂ ਰਾਇਆ ॥

ਹੇ ਪ੍ਰਭੂ ਪਾਤਿਸ਼ਾਹ! ਸਿਰਫ਼ ਇਕ ਤੂੰ ਹੀ (ਖਸਮ) ਹੈਂ, ਤੂੰ ਹੀ ਹੈਂ।

ਤਉ ਕਿਰਪਾ ਤੇ ਸੁਖੁ ਪਾਇਆ ॥੧॥ ਰਹਾਉ ॥

ਤੇਰੀ ਮੇਹਰ ਨਾਲ ਹੀ ਅਸੀਂ ਸੁਖ ਹਾਸਲ ਕਰਦੇ ਹਾਂ ॥੧॥ ਰਹਾਉ ॥

ਤੂ ਸਾਗਰੁ ਹਮ ਹੰਸ ਤੁਮਾਰੇ ਤੁਮ ਮਹਿ ਮਾਣਕ ਲਾਲਾ ॥

ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਸਮੁੰਦਰ ਹੈਂ, ਅਸੀਂ ਤੇਰੇ ਹੰਸ ਹਾਂ, ਤੇਰੇ (ਚਰਨਾਂ) ਵਿਚ ਰਹਿ ਕੇ (ਤੇਰੀ ਸਿਫ਼ਤਿ-ਸਾਲਾਹ ਦੇ) ਮੋਤੀ ਤੇ ਲਾਲ ਪ੍ਰਾਪਤ ਕਰਦੇ ਹਾਂ।

ਤੁਮ ਦੇਵਹੁ ਤਿਲੁ ਸੰਕ ਨ ਮਾਨਹੁ ਹਮ ਭੁੰਚਹ ਸਦਾ ਨਿਹਾਲਾ ॥੨॥

(ਇਹ ਮੋਤੀ ਲਾਲ) ਤੂੰ ਸਾਨੂੰ ਦੇਂਦਾ ਹੈਂ (ਸਾਡੇ ਔਗੁਣਾਂ ਵਲ ਤੱਕ ਕੇ) ਤੂੰ ਦੇਣੋਂ ਰਤਾ ਭਰ ਭੀ ਝਿਜਕ ਨਹੀਂ ਕਰਦਾ। ਅਸੀਂ ਜੀਵ ਉਹ ਮੋਤੀ ਲਾਲ ਸਦਾ ਵਰਤਦੇ ਹਾਂ ਤੇ ਪ੍ਰਸੰਨ ਰਹਿੰਦੇ ਹਾਂ ॥੨॥

ਹਮ ਬਾਰਿਕ ਤੁਮ ਪਿਤਾ ਹਮਾਰੇ ਤੁਮ ਮੁਖਿ ਦੇਵਹੁ ਖੀਰਾ ॥

ਹੇ ਮੇਰੇ ਪ੍ਰਭੂ-ਪਾਤਿਸ਼ਾਹ! ਅਸੀਂ ਜੀਵ ਤੇਰੇ ਬੱਚੇ ਹਾਂ, ਤੂੰ ਸਾਡਾ ਪਿਉ ਹੈਂ, ਤੂੰ ਸਾਡੇ ਮੂੰਹ ਵਿਚ ਦੁੱਧ ਪਾਂਦਾ ਹੈਂ।

ਹਮ ਖੇਲਹ ਸਭਿ ਲਾਡ ਲਡਾਵਹ ਤੁਮ ਸਦ ਗੁਣੀ ਗਹੀਰਾ ॥੩॥

(ਤੇਰੀ ਗੋਦ ਵਿਚ) ਅਸੀਂ ਖੇਡਦੇ ਹਾਂ, ਸਾਰੇ ਲਾਡ ਕਰਦੇ ਹਾਂ, ਤੂੰ ਗੁਣਾਂ ਦਾ ਮਾਲਕ ਸਦਾ ਗੰਭੀਰ ਰਹਿੰਦਾ ਹੈਂ (ਅਸਾਂ ਬੱਚਿਆਂ ਦੇ ਔਗੁਣਾਂ ਵਲ ਨਹੀਂ ਤੱਕਦਾ) ॥੩॥

ਤੁਮ ਪੂਰਨ ਪੂਰਿ ਰਹੇ ਸੰਪੂਰਨ ਹਮ ਭੀ ਸੰਗਿ ਅਘਾਏ ॥

ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਸਰਬ-ਵਿਆਪਕ ਹੈਂ, ਮੁਕੰਮਲ ਤੌਰ ਤੇ ਹਰ ਥਾਂ ਮੌਜੂਦ ਹੈਂ, ਅਸੀਂ ਜੀਵ ਭੀ ਤੇਰੇ ਚਰਨਾਂ ਵਿਚ ਰਹਿ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜੇ ਰਹਿੰਦੇ ਹਾਂ।

ਮਿਲਤ ਮਿਲਤ ਮਿਲਤ ਮਿਲਿ ਰਹਿਆ ਨਾਨਕ ਕਹਣੁ ਨ ਜਾਏ ॥੪॥੬॥

ਹੇ ਨਾਨਕ! (ਆਖ-ਪ੍ਰਭੂ-ਪਾਤਿਸ਼ਾਹ ਦੀ ਮੇਹਰ ਨਾਲ ਜੇਹੜਾ ਜੀਵ ਉਸ ਪ੍ਰਭੂ ਨੂੰ) ਮਿਲਣ ਦਾ ਜਤਨ ਹਰ ਵੇਲੇ ਕਰਦਾ ਰਹਿੰਦਾ ਹੈ, ਉਹ ਹਰ ਵੇਲੇ ਉਸ ਵਿਚ ਮਿਲਿਆ ਰਹਿੰਦਾ ਹੈ, ਤੇ, ਉਸ ਜੀਵ ਦੀ ਉੱਚੀ ਆਤਮਕ ਅਵਸਥਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ ॥੪॥੬॥

ਰਾਮਕਲੀ ਮਹਲਾ ੫ ॥

ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ ॥

ਹੇ ਭਾਈ! (ਹਰੇਕ ਜੀਵ ਦੇ) ਮੱਥੇ ਉਤੇ (ਲਿਖੇ ਲੇਖ, ਮਾਨੋ,) ਰਬਾਬ ਵੱਜ ਰਹੇ ਹਨ। ਹੱਥਾਂ ਨੂੰ ਛੈਣੇ ਬਣਾ ਕੇ ਅਤੇ ਅੱਖਾਂ ਨੂੰ ਤਬਲਾ ਬਣਾ ਕੇ (ਹਰ ਮਨੁੱਖ ਮਾਇਆ ਦਾ ਨਾਚ ਨੱਚ ਰਿਹਾ ਹੈ। ਹੱਥ ਮਾਇਆ ਕਮਾਣ ਵਿਚ ਲੱਗੇ ਪਏ ਹਨ, ਅੱਖਾਂ ਮਾਇਕ ਪਦਾਰਥਾਂ ਨੂੰ ਹੀ ਵੇਖ ਰਹੀਆਂ ਹਨ)।

ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ ॥

(ਹਰੇਕ ਜੀਵ ਦੇ) ਕੰਨਾਂ ਵਿਚ (ਮਾਇਆ ਦੀ ਹੀ ਸ੍ਰੋਤ ਮਾਨੋ,) ਮਿੱਠੀ (ਸੁਰ ਵਾਲੀ) ਬੰਸਰੀ ਵੱਜ ਰਹੀ ਹੈ, (ਹਰੇਕ ਜੀਵ ਨੂੰ) ਜੀਭ ਦਾ ਚਸਕਾ (ਮਾਨੋ) ਰਾਗ ਹੋ ਰਿਹਾ ਹੈ।

ਨਿਰਤਿ ਕਰੇ ਕਰਿ ਮਨੂਆ ਨਾਚੈ ਆਣੇ ਘੂਘਰ ਸਾਜਾ ॥੧॥

(ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਨੂੰ) ਘੁੰਘਰੂ ਆਦਿਕ ਸਾਜ ਬਣਾ ਕੇ ਹਰ ਵੇਲੇ (ਮਾਇਆ ਦੇ ਹੱਥਾਂ ਤੇ) ਨੱਚ ਰਿਹਾ ਹੈ ॥੧॥

ਰਾਮ ਕੋ ਨਿਰਤਿਕਾਰੀ ॥

(ਹੇ ਭਾਈ! ਜਗਤ ਵਿਚ) ਪਰਮਾਤਮਾ (ਦੀ ਰਚੀ ਰਚਨਾ) ਦਾ ਨਾਚ ਹੋ ਰਿਹਾ ਹੈ।

ਪੇਖੈ ਪੇਖਨਹਾਰੁ ਦਇਆਲਾ ਜੇਤਾ ਸਾਜੁ ਸੀਗਾਰੀ ॥੧॥ ਰਹਾਉ ॥

(ਇਸ ਨਾਚ ਨੂੰ) ਵੇਖਣ ਦੀ ਸਮਰਥਾ ਵਾਲਾ ਦਇਆਵਾਨ ਪ੍ਰਭੂ (ਨਾਚ ਦੇ) ਇਸ ਸਾਰੇ ਸਾਜ ਸਿੰਗਾਰ ਨੂੰ ਆਪ ਵੇਖ ਰਿਹਾ ਹੈ ॥੧॥ ਰਹਾਉ ॥

ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ ॥

(ਹੇ ਭਾਈ! ਸਭ ਜੀਵਾਂ ਦੇ ਮਨਾਂ ਦੇ ਨੱਚਣ ਵਾਸਤੇ) ਸਾਰੀ ਧਰਤੀ ਅਖਾੜਾ ਬਣੀ ਹੋਈ ਹੈ, ਇਸ ਦੇ ਉੱਪਰ ਆਕਾਸ਼-ਚੰਦੋਆ ਬਣਿਆ ਤਣਿਆ ਹੋਇਆ ਹੈ।

ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ ॥

(ਜੇਹੜਾ ਸਰੀਰ) ਪਾਣੀ ਤੋਂ ਪੈਦਾ ਹੁੰਦਾ ਹੈ (ਉਸ ਦਾ ਅਤੇ ਜਿੰਦ ਦਾ) ਮਿਲਾਪ ਕਰਾਈ ਰੱਖਣ ਵਾਲਾ (ਹਰੇਕ ਜੀਵ ਦੇ ਅੰਦਰ ਚੱਲ ਰਿਹਾ ਹਰੇਕ) ਸੁਆਸ ਹੈ।

ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ ॥੨॥

ਪੰਜ ਤੱਤਾਂ ਨੂੰ ਮਿਲਾ ਕੇ (ਪਰਮਾਤਮਾ ਨੇ ਹਰੇਕ ਜੀਵ ਦਾ) ਸਰੀਰ ਬਣਾਇਆ ਹੋਇਆ ਹੈ। (ਜੀਵ ਦੇ ਪਿਛਲੇ ਕੀਤੇ ਹੋਏ) ਕਰਮਾਂ ਅਨੁਸਾਰ ਸਰੀਰ ਦਾ ਮਿਲਾਪ ਪ੍ਰਾਪਤ ਹੋਇਆ ਹੋਇਆ ਹੈ ॥੨॥

ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ ॥

(ਹੇ ਭਾਈ! ਨਿਰਤ-ਕਾਰੀ ਵਾਲੇ ਇਸ ਧਰਤਿ-ਅਖਾੜੇ ਵਿਚ) ਚੰਦ ਅਤੇ ਸੂਰਜ ਦੋ ਦੀਵੇ ਬਲ ਰਹੇ ਹਨ, ਚੌਹੀਂ ਪਾਸੀਂ (ਚਾਨਣ ਦੇਣ ਲਈ) ਟਿਕਾਏ ਹੋਏ ਹਨ।

ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ ॥

(ਹਰੇਕ ਜੀਵ ਦੇ) ਦਸ ਇੰਦ੍ਰੇ ਅਤੇ ਪੰਜ (ਕਾਮਾਦਿਕ) ਡੂੰਮ ਇਕੋ ਸਰੀਰ ਵਿਚ ਹੀ ਇਕੱਠੇ ਹਨ।

ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ ॥੩॥

ਇਹ ਸਾਰੇ ਵੱਖ-ਵੱਖ ਹੋ ਕੇ ਆਪੋ ਆਪਣੇ ਭਾਵ (ਕਲੋਲ) ਵਿਖਾ ਰਹੇ ਹਨ, ਸਭਨਾਂ ਵਿਚ ਵੱਖਰੀ ਵੱਖਰੀ ਪ੍ਰੇਰਨਾ (ਕਾਮਨਾ) ਹੈ ॥੩॥

ਘਰਿ ਘਰਿ ਨਿਰਤਿ ਹੋਵੈ ਦਿਨੁ ਰਾਤੀ ਘਟਿ ਘਟਿ ਵਾਜੈ ਤੂਰਾ ॥

ਹੇ ਭਾਈ! ਦਿਨ ਰਾਤ ਹਰੇਕ (ਜੀਵ ਦੇ ਹਰੇਕ) ਇੰਦ੍ਰੇ ਵਿਚ ਇਹ ਨਾਚ ਹੋ ਰਿਹਾ ਹੈ। ਹਰੇਕ ਸਰੀਰ ਵਿਚ ਮਾਇਆ ਦਾ ਵਾਜਾ ਵੱਜ ਰਿਹਾ ਹੈ।

ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੂਰਾ ॥

ਮਾਇਆ ਦੇ ਕਈ ਵਾਜੇ ਜੀਵਾਂ ਨੂੰ ਨਚਾ ਰਹੇ ਹਨ, ਕਈ ਵਾਜੇ ਜੀਵਾਂ ਨੂੰ ਭਟਕਾਂਦੇ ਫਿਰਦੇ ਹਨ, ਬੇਅੰਤ ਜੀਵ (ਇਹਨਾਂ ਦੇ ਪ੍ਰਭਾਵ ਹੇਠ) ਖ਼ੁਆਰ ਹੋ ਹੋ ਕੇ ਜਨਮ ਮਰਨ ਦੇ ਗੇੜ ਵਿਚ ਪੈ ਰਹੇ ਹਨ।

ਕਹੁ ਨਾਨਕ ਸੋ ਬਹੁਰਿ ਨ ਨਾਚੈ ਜਿਸੁ ਗੁਰੁ ਭੇਟੈ ਪੂਰਾ ॥੪॥੭॥

ਨਾਨਕ ਆਖਦਾ ਹੈ- ਜਿਸ ਜੀਵ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ (ਮਾਇਆ ਦੇ ਹੱਥਾਂ ਤੇ) ਮੁੜ ਮੁੜ ਨਹੀਂ ਨੱਚਦਾ ॥੪॥੭॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430