ਹੇ ਭਾਈ! ਜੇਹੜਾ ਮਨੁੱਖ ਖਸਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਹ ਕਿਤੇ ਭੀ ਨਹੀਂ ਡਰਦਾ।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿਮਾਣੇ (ਮੌਤ ਆਦਿਕ ਤੋਂ ਡਰ ਕੇ) ਡਰ ਡਰ ਕੇ ਖ਼ੁਆਰ ਹੁੰਦੇ ਰਹਿੰਦੇ ਹਨ ॥੧॥ ਰਹਾਉ ॥
ਹੇ ਭਾਈ! ਜੇਹੜਾ ਮਨੁੱਖ ਆਪਣੇ ਸਿਰ ਉਤੇ ਪ੍ਰਕਾਸ਼-ਰੂਪ ਉਸ ਪ੍ਰਭੂ ਨੂੰ ਮਾਤਾ ਪਿਤਾ ਵਾਂਗ (ਰਾਖਾ ਸਮਝਦਾ ਹੈ),
ਜਿਸ ਪਰਮਾਤਮਾ ਦਾ ਦਰਸਨ ਕੀਤਿਆਂ ਸਾਰੇ ਫਲ ਪ੍ਰਾਪਤ ਹੁੰਦੇ ਹਨ,
ਮਾਇਆ ਤੋਂ ਨਿਰਲੇਪ ਪ੍ਰਭੂ ਦਾ ਨਾਮ ਹੀ ਉਸ ਮਨੁੱਖ (ਦੇ ਆਤਮਕ ਜੀਵਨ) ਦਾ ਸਰਮਾਇਆ ਬਣ ਜਾਂਦਾ ਹੈ।
ਉਸ ਦੀ ਸੇਵਾ-ਭਗਤੀ ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ, ਸਾਧ ਸੰਗਤਿ ਵਿਚ ਮਿਲ ਕੇ ਉਸ ਮਨੁੱਖ ਦੇ ਅੰਦਰ ਜੀਵਨ-ਚਾਨਣ ਹੋ ਜਾਂਦਾ ਹੈ ॥੧॥
ਹੇ ਭਾਈ! ਜੇਹੜਾ ਪਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਜੋ ਹਰ ਥਾਂ ਮੌਜੂਦ ਹੈ,
ਜਿਸ ਪ੍ਰਭੂ ਦੇ ਨਾਮ ਵਿਚ ਜੁੜਿਆਂ ਕ੍ਰੋੜਾਂ ਦੁੱਖ-ਕਲੇਸ਼ ਮਿਟ ਜਾਂਦੇ ਹਨ।
ਉਸ ਮਨੁੱਖ ਦਾ ਜਨਮ ਮਰਨ ਦਾ ਸਾਰਾ ਦੁੱਖ ਨਾਸ ਹੋ ਜਾਂਦਾ ਹੈ,
ਜਿਸ ਦੇ ਮਨ ਵਿਚ ਹਿਰਦੇ ਵਿਚ ਗੁਰੂ ਦੀ ਰਾਹੀਂ ਉਹ ਪ੍ਰਭੂ ਆ ਵੱਸਦਾ ਹੈ ॥੨॥
ਹੇ ਭਾਈ! ਪਰਮਾਤਮਾ ਜਿਸ ਮਨੁੱਖ ਨੂੰ ਆਪ ਆਪਣੇ ਲੜ ਲਾ ਲੈਂਦਾ ਹੈ,
ਉਸੇ ਨੂੰ ਹੀ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ।
ਹੇ ਭਾਈ! ਉਹੀ ਮਨੁੱਖ ਪਰਮਾਤਮਾ ਦੇ ਭਗਤ ਅਖਵਾ ਸਕਦੇ ਹਨ, ਜੇਹੜੇ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।
ਉਹ ਮਨੁੱਖ ਮੌਤ ਤੋਂ ਨਿਡਰ ਹੋ ਜਾਂਦੇ ਹਨ ॥੩॥
ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ (ਭੀ) ਸਦਾ ਕਾਇਮ ਰਹਿਣ ਵਾਲਾ ਹੈ।
ਕੋਈ ਮਨੁੱਖ ਉਸ ਦੀ ਕੀਮਤ ਦੀ ਵਿਚਾਰ ਨਹੀਂ ਕਰ ਸਕਦਾ।
ਉਹ ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਹੈ, (ਸਭ ਜੀਵਾਂ ਦੇ) ਅੰਦਰ ਵੱਸਦਾ ਹੈ, ਸਭ ਜੀਵਾਂ ਦਾ ਆਸਰਾ ਹੈ।
ਨਾਨਕ ਉਸ ਪ੍ਰਭੂ ਦੇ ਸੰਤ ਜਨਾਂ ਦੀ ਚਰਨ-ਧੂੜ ਮੰਗਦਾ ਹੈ ॥੪॥੩॥੨੪॥
ਰਾਗ ਧਨਾਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ! ਤੇਰੇ ਸੇਵਕ ਨੂੰ ਘਰ ਦੇ ਅੰਦਰ ਭੀ, ਘਰੋਂ ਬਾਹਰ ਭੀ ਤੇਰਾ ਹੀ ਸਹਾਰਾ ਰਹਿੰਦਾ ਹੈ, ਤੂੰ ਆਪਣੇ ਸੇਵਕ ਦੇ (ਸਦਾ) ਨਾਲ ਰਹਿੰਦਾ ਹੈਂ।
ਹੇ ਮੇਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ ਭੀ) ਮੇਹਰ ਕਰ, ਮੈਂ ਤੇਰੇ ਪਿਆਰ ਵਿਚ ਟਿਕ ਕੇ ਤੇਰਾ ਨਾਮ ਜਪਦਾ ਰਹਾਂ ॥੧॥
ਹੇ ਭਾਈ! ਪ੍ਰਭੂ ਦੇ ਸੇਵਕ ਨੂੰ ਆਪਣੇ ਪ੍ਰਭੂ ਦਾ ਆਸਰਾ ਹੁੰਦਾ ਹੈ।
ਹੇ ਮਾਲਕ-ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਜੋ ਕੁਝ ਤੂੰ (ਸੇਵਕ ਪਾਸੋਂ) ਕਰਾਂਦਾ ਹੈਂ, (ਸੇਵਕ ਨੂੰ) ਉਹੀ ਪ੍ਰੇਰਨਾ ਪਸੰਦ ਆਉਂਦੀ ਹੈ ਰਹਾਉ॥
ਹੇ ਭਾਈ! (ਪਰਮਾਤਮਾ ਦੇ ਸੇਵਕ ਨੂੰ) ਪਰਮਾਤਮਾ (ਦਾ ਨਾਮ ਹੀ) ਇੱਜ਼ਤ ਹੈ, ਪਰਮਾਤਮਾ (ਦਾ ਨਾਮ ਹੀ) ਉੱਚੀ ਆਤਮਕ ਅਵਸਥਾ ਹੈ, ਪਰਮਾਤਮਾ ਦੇ ਗੁਣਾਂ ਦੀਆਂ ਸਾਖੀਆਂ ਸੇਵਕ ਵਾਸਤੇ ਧਨ-ਪਦਾਰਥ ਹੈ।
ਹੇ ਨਾਨਕ! ਪ੍ਰਭੂ ਦੇ ਸੇਵਕ ਪ੍ਰਭੂ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ। ਸੰਤ ਜਨਾਂ ਨੇ ਇਸੇ ਨੂੰ (ਸਹੀ) ਜੀਵਨ-ਜੁਗਤਿ ਸਮਝਿਆ ਹੈ ॥੨॥੧॥੨੫॥
ਹੇ ਭਾਈ! ਉਹਨਾਂ ਮਨੁੱਖਾਂ ਨੂੰ ਗੁਰੂ ਨੇ (ਆਪਣੇ) ਗਲ ਨਾਲ ਲਾ ਕੇ (ਸੰਸਾਰ-ਸਮੁੰਦਰ ਤੋਂ) ਬਚਾ ਲਿਆ, ਉਹਨਾਂ ਨੇ ਆਪਣੀਆਂ ਸਾਰੀਆਂ ਮੁਰਾਦਾਂ ਪਰਮਾਤਮਾ ਤੋਂ ਹਾਸਲ ਕਰ ਲਈਆਂ।
ਗੁਰੂ ਪਰਮੇਸਰ ਨੇ ਉਹਨਾਂ ਨੂੰ ਸੰਸਾਰ-ਸਮੁੰਦਰ (ਦੇ ਵਿਕਾਰਾਂ ਦੀ ਅੱਗ) ਵਿਚ ਸੜਨ ਨਾਹ ਦਿੱਤਾ।(ਉਹਨਾਂ ਵਿਚੋਂ) ਕਿਸੇ ਨੇ ਭੀ ਇਹ ਨਾਹ ਆਖਿਆ ਕਿ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੈ ॥੧॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਗੁਰੂ ਪਰਮੇਸਰ ਵਾਸਤੇ) ਅਟੱਲ ਸਰਧਾ (ਬਣ ਜਾਂਦੀ) ਹੈ,
ਮਾਲਕ-ਪ੍ਰਭੂ ਦੀ ਸੋਭਾ-ਵਡਿਆਈ ਵੇਖ ਵੇਖ ਕੇ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਖ਼ੁਸ਼ੀ ਬਣੀ ਰਹਿੰਦੀ ਹੈ ਰਹਾਉ॥
ਹੇ ਭਾਈ! ਉਹਨਾਂ ਮਨੁੱਖਾਂ ਨੇ ਸਰਬ-ਵਿਆਪਕ ਪਰਮਾਤਮਾ ਦੇ ਚਰਨਾਂ ਦੀ ਸਰਨ ਵਿਚ ਰਹਿ ਕੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪਰਮਾਤਮਾ ਨੂੰ ਪਰਤੱਖ (ਹਰ ਥਾਂ) ਵੇਖ ਲਿਆ ਹੈ।
ਹੇ ਨਾਨਕ! (ਉਹਨਾਂ ਦੇ ਦਿਲ ਦੀ) ਜਾਣ ਕੇ ਸਮਝ ਕੇ ਪਰਮਾਤਮਾ ਨੇ ਉਹਨਾਂ ਨੂੰ ਆਪਣਾ ਬਣਾ ਲਿਆ, (ਤੇ, ਇਸ ਤਰ੍ਹਾਂ ਆਪਣੇ ਉਹਨਾਂ) ਭਗਤਾਂ ਦੇ ਅੰਦਰ ਭਗਤੀ ਦਾ ਫੁਟਦਾ ਕੋਮਲ ਅੰਗੂਰ (ਵਿਕਾਰਾਂ ਦੀ ਅੱਗ ਵਿਚ ਸੜਨ ਤੋਂ) ਪਰਮਾਤਮਾ ਨੇ ਬਚਾ ਲਿਆ ॥੨॥੨॥੨੬॥
ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ।
ਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ ॥੧॥
ਹੇ ਭਾਈ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, (ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ।
ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ ਵਿਚ ਹੀ ਮੁੱਕ ਜਾਂਦਾ ਹੈ ਰਹਾਉ॥
ਹੇ ਭਾਈ! ਮੇਰਾ ਉਹ ਪ੍ਰਭੂ ਭੋਜਨ ਦੇ ਕੇ (ਸਭ ਨੂੰ) ਪਾਲਦਾ ਹੈ, (ਉਸ ਦੀ ਕਿਰਪਾ ਨਾਲ) ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ।
ਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ ॥੨॥
ਹੇ ਭਾਈ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹੈ,
ਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ ॥੩॥
ਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ।