ਜਿਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੈਂ ਉਹਨਾਂ ਦੀ ਸੰਗਤ ਵਿਚ ਮਿਲਦਾ ਹਾਂ।
ਜਿਹੜੇ ਮਨੁੱਖ ਸਾਧ ਸੰਗਤ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਂਦੇ ਹਨ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਆਪਣੇ ਮੂੰਹ ਉਤੇ ਆਪਣੇ ਮੱਥੇ ਉਤੇ ਲਾਂਦਾ ਹਾਂ ॥੨॥
ਮੈਂ ਪਰਮਾਤਮਾ ਦੇ ਗੁਣ ਤਦੋਂ ਹੀ ਗਾ ਸਕਦਾ ਹਾਂ ਜੇ ਮੈਂ ਉਸ ਨੂੰ ਚੰਗਾ ਲੱਗਾਂ (ਜੇ ਮੇਰੇ ਉਤੇ ਉਸ ਦੀ ਮਿਹਰ ਹੋਵੇ)।
ਜੇ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪਏ, ਤਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੇਰਾ ਜੀਵਨ ਸੋਹਣਾ ਬਣ ਜਾਂਦਾ ਹੈ।
ਜਿਹੜਾ ਮਨੁੱਖ ਗੁਰੂ ਦੀ ਬਾਣੀ ਵਿਚ ਜੁੜਦਾ ਹੈ, ਉਹ ਸਾਰੇ ਸੰਸਾਰ ਵਿਚ ਪਰਗਟ ਹੋ ਜਾਂਦਾ ਹੈ। ਨਾਮ ਵਿਚ ਲੀਨ ਰਿਹਾਂ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ॥੩॥
ਜਿਹੜਾ ਮਨੁੱਖ ਆਪਣੇ ਹਿਰਦੇ ਨੂੰ ਪੜਤਾਲਦਾ ਰਹਿੰਦਾ ਹੈ, ਉਹ ਮਨੁੱਖ (ਵਿਕਾਰਾਂ ਵਲੋਂ) ਅਡੋਲ ਜੀਵਨ ਵਾਲਾ ਬਣ ਜਾਂਦਾ ਹੈ।
ਗੁਰੂ ਦੇ ਸ਼ਬਦ ਵਿਚ ਜੁੜਿਆਂ ਪਰਮਾਤਮਾ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ।
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਵਰਤਦਾ ਹੈ, ਮਿਹਰ ਦਾ ਮਾਲਕ ਪਰਮਾਤਮਾ ਉਸ ਨੂੰ ਆਪਣੀ ਮਿਹਰ ਨਾਲ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੪॥
ਇਹ ਮਨੁੱਖਾ ਸਰੀਰ ਬੜੀ ਕਿਸਮਤ ਨਾਲ ਮਿਲਦਾ ਹੈ,
(ਪਰ ਉਸੇ ਨੂੰ ਹੀ ਮਿਲਿਆ ਜਾਣੋ, ਜਿਸ ਨੇ) ਮਨੁੱਖਾ ਜਨਮ ਵਿਚ (ਆ ਕੇ) ਗੁਰੂ ਦੇ ਸ਼ਬਦ ਵਿਚ ਆਪਣਾ ਮਨ ਜੋੜਿਆ।
ਕਿਸੇ ਵਿਰਲੇ ਨੂੰ ਹੀ ਗੁਰੂ ਦੀ ਰਾਹੀਂ ਪਰਮਾਤਮਾ ਇਹ ਸਮਝ ਬਖ਼ਸ਼ਦਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾ (ਜੀਵਨ-ਸਫ਼ਰ ਵਿਚ ਮਨੁੱਖ ਵਾਸਤੇ) ਹਰ ਥਾਂ ਘੁੱਪ ਹਨੇਰਾ ਹੈ ॥੫॥
ਕਈ ਮਨੁੱਖ ਮਨੁੱਖਾ ਜਨਮ ਗਵਾ ਕੇ ਜਗਤ ਵਿਚ ਵਿਅਰਥ ਹੀ ਆਏ (ਜਾਣੋ)
ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਬੰਦੇ ਮਾਇਆ ਦੇ ਪਿਆਰ ਵਿਚ ਹੀ ਲੱਗੇ ਰਹੇ।
ਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲਦਾ (ਇਸ ਨੂੰ ਵਿਕਾਰਾਂ ਵਿਚ ਗਵਾ ਕੇ) ਮੌਤ ਆਉਣ ਤੇ ਮਨੁੱਖ ਪਛੁਤਾਂਦਾ ਹੈ ॥੬॥
ਗੁਰੂ ਦੇ ਸ਼ਬਦ ਵਿਚ ਜੁੜ ਕੇ (ਜਿਸ ਮਨੁੱਖ ਦਾ) ਸਰੀਰ (ਵਿਕਾਰਾਂ ਵਲੋਂ) ਪਵਿੱਤਰ ਰਹਿੰਦਾ ਹੈ,
ਉਸ ਮਨੁੱਖ ਦੇ ਇਸ ਸਰੀਰ ਵਿਚ ਉਹ ਪਰਮਾਤਮਾ ਆ ਵੱਸਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਅਤੇ ਜੋ ਵੱਡੇ ਜਿਗਰੇ ਵਾਲਾ ਹੈ।
ਉਹ ਮਨੁੱਖ (ਫਿਰ) ਹਰ ਥਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਵੇਖਦਾ ਹੈ, ਸਦਾ-ਥਿਰ ਹਰਿ-ਨਾਮ ਨੂੰ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੭॥
ਹਉਮੈ ਦੀਆਂ ਗਿਣਤੀਆਂ (ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਦੂਰ ਕਰ ਸਕਦਾ ਹੈ।
(ਤਾਂ ਤੇ, ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੋ।
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ॥੮॥
ਪਰਮਾਤਮਾ ਦਾ ਨਾਮ ਉਹ ਮਨੁੱਖ (ਹੀ) ਸਿਮਰਦਾ ਹੈ ਜਿਸ ਨੂੰ ਪਰਮਾਤਮਾ ਆਪ ਸਿਮਰਨ ਦੀ ਪ੍ਰੇਰਨਾ ਕਰਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਉਸ ਦੇ ਮਨ ਵਿਚ ਵੱਸਦਾ ਹੈ।
(ਹਰੇਕ ਵਿਚ ਵਿਆਪਕ ਪਰਮਾਤਮਾ) ਆਪ ਹੀ (ਉਸ ਮਨੁੱਖ ਦੇ ਹਰੇਕ ਕੰਮ ਨੂੰ) ਵੇਖਦਾ ਹੈ, ਆਪ ਹੀ (ਉਸ ਦੇ ਦਿਲ ਦੀ) ਸਮਝਦਾ ਹੈ, ਅਤੇ (ਆਪ ਹੀ ਉਸ ਮਨੁੱਖ ਵਿਚ ਵੱਸਦਾ ਹੋਇਆ) ਆਪਣੇ ਆਪ ਨੂੰ ਆਪਣੇ ਆਪੇ ਵਿਚ ਲੀਨ ਕਰਦਾ ਹੈ ॥੯॥
(ਪਰਮਾਤਮਾ ਦੀ ਕਿਰਪਾ ਨਾਲ) ਜਿਸ (ਮਨੁੱਖ) ਨੇ ਪਰਮਾਤਮਾ ਦਾ ਨਾਮ-ਪਦਾਰਥ (ਆਪਣੇ) ਮਨ ਵਿਚ ਲੱਭ ਲਿਆ, ਉਹ ਹੀ (ਉਸ ਦੀ ਕਦਰ) ਸਮਝਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ) ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ।
(ਜਿਹੜਾ ਮਨੁੱਖ) ਆਪਣੇ ਜੀਵਨ ਨੂੰ ਪੜਤਾਲਦਾ ਹੈ ਉਹੀ ਮਨੁੱਖ ਜੀਵਨ ਵਾਲਾ ਹੋ ਜਾਂਦਾ ਹੈ, (ਉਹ ਫਿਰ ਹੋਰਨਾਂ ਨੂੰ ਭੀ) ਸਿਫ਼ਤ-ਸਾਲਾਹ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਂਦਾ ਹੈ ॥੧੦॥
ਉਸ ਮਨੁੱਖ ਦਾ ਇਹ ਸਰੀਰ (ਵਿਕਾਰਾਂ ਤੋਂ ਬਚ ਕੇ) ਪਵਿੱਤਰ ਹੋ ਜਾਂਦਾ ਹੈ,
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਗੁਣਾਂ ਦੇ ਮਾਲਕ ਡੂੰਘੇ ਜਿਗਰੇ ਵਾਲੇ ਪਰਮਾਤਮਾ ਨੂੰ ਸਿਮਰਦਾ ਹੈ।
ਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਹੈ। ਪਰਮਾਤਮਾ ਦੇ ਗੁਣ ਉਚਾਰ ਕੇ ਉਹ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧੧॥
ਪਰ ਉਸ ਮਨੁੱਖ ਦਾ ਇਹ ਸਰੀਰ ਨਿਰਾ ਮਾਇਆ ਦੇ ਮੋਹ ਦਾ ਕਾਰਨ ਬਣ ਜਾਂਦਾ ਹੈ,
ਜਿਹੜਾ ਮਨੁੱਖ (ਪਰਮਾਤਮਾ ਨੂੰ ਛੱਡ ਕੇ) ਹੋਰ ਹੋਰ ਪਿਆਰ ਵਿਚ ਫਸਦਾ ਹੈ, ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।
ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ ਸਦਾ ਦੁੱਖ ਪਾਂਦਾ ਹੈ, (ਇਹ ਪੱਕੀ ਗੱਲ ਹੈ ਕਿ) ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੁੱਖ ਪਾਂਦਾ ਹੈ ॥੧੨॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਲੋਕ ਪਰਲੋਕ ਵਿਚ) ਆਦਰ-ਜੋਗ ਹੋ ਜਾਂਦਾ ਹੈ।
ਉਸ ਦਾ ਸਰੀਰ (ਵਿਕਾਰਾਂ ਵਲੋਂ) ਪਵਿੱਤਰ ਰਹਿੰਦਾ ਹੈ, ਉਸ ਦੀ ਆਤਮਾ ਪਵਿੱਤਰ ਰਹਿੰਦੀ ਹੈ। ਸਦਾ-ਥਿਰ ਪਰਮਾਤਮਾ ਦੇ ਦਰ ਤੇ ਉਹ ਜਾਣੂ-ਪਛਾਣੂ ਹੋ ਜਾਂਦਾ ਹੈ (ਸਤਕਾਰ ਪ੍ਰਾਪਤ ਕਰਦਾ ਹੈ)।
ਉਹ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ, ਪਰਮਾਤਮਾ ਨੂੰ ਮਨ ਵਿਚ ਵਸਾਈ ਰੱਖਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧੩॥
ਪਰ, ਕਿਸਮਤ ਤੋਂ ਬਿਨਾ ਗੁਰੂ ਦੀ ਸਰਨ ਨਹੀਂ ਪਿਆ ਜਾ ਸਕਦਾ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ, ਬੜੇ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ।
ਜਿਨ੍ਹਾਂ ਮਨੁੱਖਾਂ ਉਤੇ ਗੁਰੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹਨਾਂ ਨੂੰ ਪਰਮਾਤਮਾ ਆਪਣੇ (ਚਰਨਾਂ) ਵਿਚ ਜੋੜ ਲੈਂਦਾ ਹੈ ॥੧੪॥
(ਉਸ ਮਨੁੱਖ ਦਾ) ਸਰੀਰ (ਇਕ ਐਸਾ) ਕਿਲ੍ਹਾ (ਬਣ ਜਾਂਦਾ) ਹੈ (ਜਿਸ ਦੇ) ਬਾਜ਼ਾਰ (ਗਿਆਨ-ਇੰਦ੍ਰੇ ਵਿਕਾਰਾਂ ਦੇ ਮੁਕਾਬਲੇ ਤੇ) ਅਡੋਲ (ਹੋ ਜਾਂਦੇ) ਹਨ,
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਆਪਣੇ ਅੰਦਰ) ਨਾਮ-ਪਦਾਰਥ ਸਾਂਭ ਲੈਂਦਾ ਹੈ।
ਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰ ਕੇ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੧੫॥
ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਸਾਰੇ) ਸੁਖ ਦੇਣ ਵਾਲਾ ਹੈ।
ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨਾਲ ਸਾਂਝ ਪਾਈ ਜਾ ਸਕਦੀ ਹੈ।
ਪੂਰੀ ਕਿਸਮਤ ਨਾਲ ਮਨੁੱਖ ਇਹ ਦਾਤ ਪ੍ਰਾਪਤ ਕਰਦਾ ਹੈ ਕਿ ਸਦਾ-ਥਿਰ ਹਰਿ-ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੬॥੭॥੨੧॥