(ਉਹ ਨਾਥ-ਪ੍ਰਭੂ ਸਾਰੇ ਜਗਤ ਦੀ ਮਾਂ ਹੈ) ਇਹ ਸਾਰਾ ਜਗਤ ਉਸ ਮਾਂ (-ਨਾਥ-ਪ੍ਰਭੂ) ਦਾ ਪੁੱਤਰ ਹੈ (ਪੈਦਾ ਕੀਤਾ ਹੋਇਆ ਹੈ)।
ਉਸ ਪ੍ਰਭੂ ਨੂੰ ਹੀ ਨਮਸਕਾਰ ਕਰਨੀ ਚਾਹੀਦੀ ਹੈ, ਉਹ ਸਭ ਦਾ ਮੁੱਢ ਹੈ, ਸਭ ਦਾ ਰਾਖਾ ਹੈ।
ਉਹ ਪ੍ਰਭੂ ਮੁੱਢ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੀ ਹੈ, ਹੁਣ ਭੀ ਹੈ ਤੇ ਸਦਾ ਲਈ ਮੌਜੂਦ ਰਹੇਗਾ।
ਉਹ ਪ੍ਰਭੂ-ਨਾਥ ਪਰੇ ਤੋਂ ਪਰੇ ਹੈ (ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ) ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ॥੧੧॥
ਪਰਮਾਤਮਾ ਦਾ ਨਾਮ ਜਪਣਾ ਹੀ ਦਸਵੀਂ ਥਿਤ ਤੇ ਦਾਨ ਕਰਨਾ ਤੇ ਇਸ਼ਨਾਨ ਕਰਨਾ ਹੈ।
ਪ੍ਰਭੂ ਦੇ ਗੁਣਾਂ ਨਾਲ ਡੂੰਘੀ ਸਾਂਝ ਹੀ ਸਦਾ-ਥਿਰ ਰਹਿਣ ਵਾਲਾ ਨਿੱਤ ਦਾ ਤੀਰਥ-ਇਸ਼ਨਾਨ ਹੈ।
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ, ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਮਨ ਦਾ ਸਹਿਮ ਮੁੱਕ ਜਾਂਦਾ ਹੈ,
(ਇਉਂ ਤੁਰਤ ਮੁੱਕਦਾ ਹੈ, ਜਿਵੇਂ) ਕੱਚੇ ਧਾਗੇ ਨੂੰ ਟੁੱਟਦਿਆਂ ਚਿਰ ਨਹੀਂ ਲੱਗਦਾ।
(ਹੇ ਭਾਈ!) ਜਗਤ (ਦੇ ਸੰਬੰਧ) ਨੂੰ ਇਉਂ ਹੀ ਸਮਝੋ ਜਿਵੇਂ ਕੱਚਾ ਧਾਗਾ ਹੈ।
ਆਪਣੇ ਮਨ ਨੂੰ ਸਦਾ-ਥਿਰ ਪ੍ਰਭੂ-ਨਾਮ ਵਿਚ ਟਿਕਾ ਕੇ ਰੱਖੋ, ਅਤੇ ਆਤਮਕ ਆਨੰਦ ਮਾਣੋ ॥੧੨॥
ਜਿਹੜਾ ਮਨੁੱਖ ਇਕ (ਪਰਮਾਤਮਾ) ਨੂੰ (ਆਪਣੇ) ਹਿਰਦੇ ਵਿਚ ਵਸਾਂਦਾ ਹੈ,
(ਉਹ ਮਨੁੱਖ ਆਪਣੇ ਅੰਦਰੋਂ) ਨਿਰਦਇਤਾ, ਮਾਇਆ ਦੀ ਅਪਣੱਤ ਅਤੇ ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ।
(ਜਿਹੜਾ ਮਨੁੱਖ ਹਿੰਸਾ ਮੋਹ ਆਦਿਕ ਤੋਂ ਬਚੇ ਰਹਿਣ ਵਾਲਾ ਇਹ) ਵਰਤ (ਰੱਖਦਾ ਹੈ, ਉਹ ਇਸ ਵਰਤ ਦਾ ਇਹ) ਫਲ ਪ੍ਰਾਪਤ ਕਰਦਾ ਹੈ ਕਿ (ਸਦਾ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ।
ਪਰ ਵਿਖਾਵੇ (ਦੇ ਵਰਤ) ਵਿਚ ਪਤੀਜ ਕੇ ਮਨੁੱਖ (ਸਾਰੇ ਜਗਤ ਦੇ) ਮੂਲ (ਪਰਮਾਤਮਾ ਨੂੰ) ਨਹੀਂ ਵੇਖ ਸਕਦਾ।
ਹੇ ਭਾਈ! ਪਰਮਾਤਮਾ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਪਰਮਾਤਮਾ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ (ਉਹ ਹਰ ਵੇਲੇ ਹੀ ਬ੍ਰਤ-ਧਾਰੀ ਹੈ), ਪਰਮਾਤਮਾ ਸੁੱਧ-ਸਰੂਪ ਹੈ,
(ਜਿਹੜੇ ਮਨੁੱਖ ਉਸ) ਪਵਿੱਤਰ ਪ੍ਰਭੂ ਵਿਚ (ਜੁੜ ਕੇ) ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹਨਾਂ ਨੂੰ (ਵੀ ਵਿਕਾਰਾਂ ਦੀ) ਮੈਲ ਨਹੀਂ ਲੱਗਦੀ ॥੧੩॥
ਮੈਂ ਜਿਧਰ ਵੇਖਦਾ ਹਾਂ, ਉਧਰ ਇਕ ਪਰਮਾਤਮਾ ਹੀ ਪਰਮਾਤਮਾ ਦਿੱਸਦਾ ਹੈ।
(ਉਸ ਨੇ) ਭਾਂਤ ਭਾਂਤ ਦੇ ਇਹ ਸਾਰੇ ਜੀਵ ਪੈਦਾ ਕੀਤੇ ਹੋਏ ਹਨ (ਜੋ ਵਰਤ ਆਦਿਕ ਕਈ ਭਰਮਾਂ ਵਿਚ ਪਏ ਰਹਿੰਦੇ ਹਨ)।
ਹੇ ਭਾਈ! (ਏਕਾਦਸੀ ਵਾਲੇ ਦਿਨ ਅੰਨ ਛੱਡ ਕੇ) ਨਿਰੇ ਫਲ ਖਾਧਿਆਂ (ਵਰਤ ਦਾ ਅਸਲ) ਫਲ ਨਹੀਂ ਮਿਲਦਾ (ਅਸਲ ਵਰਤ ਹੈ 'ਵਿਕਾਰਾਂ ਵਲੋਂ ਪਰਹੇਜ਼', ਉਸ ਦਾ ਫਲ ਹੈ 'ਉੱਚਾ ਆਤਮਕ ਜੀਵਨ')।
(ਅੰਨ ਦੇ ਥਾਂ) ਕਈ ਸੁਆਦਾਂ ਵਾਲੇ ਫਲ ਆਦਿਕ ਪਦਾਰਥ (ਜੋ ਮਨੁੱਖ) ਖਾਂਦਾ ਹੈ, (ਉਹ ਤਾਂ ਉਂਞ ਹੀ ਵਰਤ ਦਾ) ਮਜ਼ਾ ਗਵਾ ਲੈਂਦਾ ਹੈ।
(ਵਰਤ ਰੱਖਣ ਵਾਲਾ ਮਨੁੱਖ ਵਰਤ ਦੇ ਫਲ ਦੀ ਆਸ ਧਾਰ ਕੇ) ਮਾਇਆ ਦੇ ਲਾਲਚ ਵਿਚ ਫਸਿਆ ਹੀ ਰਹਿੰਦਾ ਹੈ।
(ਇਸ ਲਾਲਚ ਤੋਂ ਉਹ ਮਨੁੱਖ) ਖ਼ਲਾਸੀ ਹਾਸਲ ਕਰਦਾ ਹੈ ਜਿਹੜਾ ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਦਾ ਹੈ ॥੧੪॥
ਹੇ ਭਾਈ! (ਉਹੀ ਹਨ ਅਸਲ) ਤਿਆਗੀ, (ਉਹਨਾਂ ਦਾ) ਮਨ (ਮਾਨੋ, ਭੇਖਾਂ ਦੇ) ਬਾਰਾਂ ਹੀ ਚਿੰਨ੍ਹਾਂ ਦਾ ਧਾਰਨੀ ਹੁੰਦਾ ਹੈ,
(ਗੁਰੂ ਦੇ ਉਪਦੇਸ਼ ਵਿਚ ਜੁੜ ਕੇ ਜਿਹੜੇ ਮਨੁੱਖ) ਦਿਨ ਰਾਤ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ (ਮਾਇਆ ਦੇ ਮੋਹ ਦੀ ਨੀਂਦ ਵਿਚ) ਕਦੇ ਨਹੀਂ ਸੌਂਦੇ।
ਹੇ ਭਾਈ! ਗੁਰੂ ਦੇ ਉਪਦੇਸ਼ ਵਿਚ (ਟਿਕ ਕੇ ਜਿਹੜਾ ਮਨੁੱਖ ਮਾਇਆ ਦੇ ਹੱਲਿਆਂ ਵਲੋਂ) ਜਾਗਦਾ ਰਹਿੰਦਾ ਹੈ,
ਅਤੇ ਸੁਚੇਤ ਰਹਿ ਕੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜੀ ਰੱਖਦਾ ਹੈ, ਉਸ (ਦੇ ਆਤਮਕ ਜੀਵਨ) ਨੂੰ (ਆਤਮਕ) ਮੌਤ ਖਾ ਨਹੀਂ ਸਕਦੀ।
ਉਹਨਾਂ ਨੇ (ਕਾਮਾਦਿਕ) ਸਾਰੇ ਵੈਰੀ ਮੁਕਾ ਲਏ, ਉਹ (ਅਸਲ) ਤਿਆਗੀ ਬਣ ਗਏ।
ਨਾਨਕ ਬੇਨਤੀ ਕਰਦਾ ਹੈ-(ਉਨ੍ਹਾਂ ਮਨੁੱਖਾਂ ਨੇ ਸੁਚੇਤ ਰਹਿ ਕੇ) ਉਥੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜੀ ਹੋਈ ਹੈ ॥੧੫॥
ਹੇ ਭਾਈ! (ਕਰਮ-ਕਾਂਡੀ ਮਨੁੱਖ ਕਿਸੇ ਵਰਤ ਆਦਿਕ ਸਮੇ ਮਾਇਆ ਦਾ ਦਾਨ ਕਰਦਾ ਹੈ, ਅਤੇ ਕਿਸੇ ਮੰਤ੍ਰ ਦਾ ਅਜਪਾ ਜਾਪ ਕਰਦਾ ਹੈ, ਪਰ ਜਿਹੜਾ ਮਨੁੱਖ ਬੰਦਿਆਂ ਵਿਚ) ਪਿਆਰ ਵੰਡਣਾ ਜਾਣਦਾ ਹੈ,
ਬਾਹਰ ਭਟਕਦੇ ਮਨ ਨੂੰ (ਹਰਿ-ਨਾਮ ਦੀ ਸਹਾਇਤਾ ਨਾਲ ਆਪਣੇ) ਅੰਦਰ ਹੀ ਲੈ ਆਉਂਦਾ ਹੈ,
ਜਿਹੜਾ ਮਨੁੱਖ ਵਾਸਨਾ-ਰਹਿਤ ਜੀਵਨ ਜੀਊਂਦਾ ਹੈ,
ਅਤੇ ਮੂੰਹੋਂ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਮਨੁੱਖ (ਮਾਨੋ) ਅਜਪਾ ਜਾਪ ਕਰ ਰਿਹਾ ਹੈ।
ਹੇ ਭਾਈ! ਜਿਹੜਾ ਮਨੁੱਖ ਸਾਰੇ ਸੰਸਾਰ ਵਿਚ ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝਦਾ ਹੈ,
ਅਤੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਉਹ (ਮਾਨੋ) ਸਰੀਰਕ ਪਵਿਤ੍ਰੱਤਾ ਦੇ ਸਾਰੇ ਉੱਦਮ ਕਰ ਰਿਹਾ ਹੈ, ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦੇ ਸਾਰੇ ਜਤਨ ਕਰ ਰਿਹਾ ਹੈ ॥੧੬॥
ਹੇ ਭਾਈ! (ਜਿਵੇਂ) ਸਮੁੰਦਰ ਦੇ ਕੰਢੇ ਉੱਤੇ ਉੱਗੇ ਹੋਏ ਰੁੱਖ ਦੀ (ਪਾਂਇਆਂ ਹੈ, ਤਿਵੇਂ ਇਹ ਸਰੀਰ ਹੈ।
ਪਰ ਜਿਹੜਾ ਮਨੁੱਖ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨੂੰ (ਆਪਣੇ ਜੀਵਨ ਦੀ) ਜੜ੍ਹ ਬਣਾਂਦਾ ਹੈ, (ਉੱਕੀ) ਸੁਰਤ ਦੀ ਡੋਰ ਦੀ ਬਰਕਤ ਨਾਲ ਉਹ ਸਿਖਰ ਤੇ (ਪ੍ਰਭੂ-ਚਰਨਾਂ ਵਿਚ ਜਾ ਪਹੁੰਚਦਾ ਹੈ)।
(ਜਿਹੜਾ ਭੀ ਮਨੁੱਖ ਇਹ ਉੱਦਮ ਕਰਦਾ ਹੈ, ਉਹ ਸੰਸਾਰਕ) ਡਰਾਂ ਨਾਲ ਡਰ ਡਰ ਕੇ ਆਤਮਕ ਮੌਤ ਨਹੀਂ ਸਹੇੜਦਾ, ਉਹ (ਵਿਕਾਰਾਂ ਦੇ ਸਮੁੰਦਰ ਵਿਚ) ਨਹੀਂ ਡੁੱਬਦਾ।
(ਪਰ ਪਰਮਾਤਮਾ ਦਾ) ਡਰ-ਅਦਬ ਨਾਹ ਰੱਖਣ ਵਾਲਾ ਮਨੁੱਖ (ਲੋਕ ਪਰਲੋਕ ਦੀ) ਇੱਜ਼ਤ ਗਵਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ।
ਹੇ ਭਾਈ! (ਜਿਹੜਾ ਮਨੁੱਖ ਪਰਮਾਤਮਾ ਦੇ) ਡਰ-ਅਦਬ ਵਿਚ (ਆਪਣਾ) ਟਿਕਾਣਾ ਬਣਾਈ ਰੱਖਦਾ ਹੈ, ਜਿਹੜਾ ਮਨੁੱਖ ਆਪਣੇ ਹਿਰਦੇ-ਘਰ ਵਿਚ (ਪ੍ਰਭੂ ਦਾ) ਡਰ ਅਦਬ ਵਸਾਈ ਰੱਖਣਾ ਜਾਣਦਾ ਹੈ,
ਜਿਸ ਮਨੁੱਖ ਨੂੰ ਆਪਣੇ ਮਨ ਵਿਚ ਸਦਾ-ਥਿਰ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਨੂੰ (ਉੱਚੇ ਆਤਮਕ ਜੀਵਨ ਦੇ ਰੱਬੀ) ਤਖ਼ਤ ਉੱਤੇ ਨਿਵਾਸ ਮਿਲਦਾ ਹੈ ॥੧੭॥
(ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ) ਤੁਰੀਆ ਅਵਸਥਾ ਨੂੰ ਲੱਭ ਲੈਂਦਾ ਹੈ,
ਤਦੋਂ ਰਜੋ ਗੁਣ ਤਮੋ ਗੁਣ ਸਤੋ ਗੁਣ (ਮਾਇਆ ਦਾ ਇਹ ਹਰੇਕ ਗੁਣ ਉਸ ਚੌਥੇ ਪਦ ਵਿਚ) ਲੀਨ ਹੋ ਜਾਂਦਾ ਹੈ।
ਸ਼ਾਂਤੀ ਦੇ ਘਰ ਵਿਚ (ਮਨੁੱਖ ਦੇ ਮਨ ਦੀ) ਤਪਸ਼ ਸਮਾ ਜਾਂਦੀ ਹੈ,
(ਉਸ ਵੇਲੇ ਮਨੁੱਖ ਪਰਮਾਤਮਾ ਨਾਲ) ਮਿਲਾਪ ਦੀ ਜੁਗਤੀ ਦੀ ਕਦਰ ਸਮਝਦਾ ਹੈ।
ਜਿਹੜਾ ਪਰਮਾਤਮਾ ਚੌਦਾਂ ਭਵਨਾਂ ਵਿਚ ਪਾਤਾਲਾਂ ਵਿਚ ਹਰ ਥਾਂ ਸਮਾਇਆ ਹੋਇਆ ਹੈ,
ਜਿਹੜਾ ਖੰਡਾਂ ਬ੍ਰਹਮੰਡਾਂ ਵਿਚ ਵਿਆਪਕ ਹੈ, ਤਦੋਂ ਮਨੁੱਖ ਉਸ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧੮॥
ਹੇ ਭਾਈ! (ਜਿਵੇਂ) ਮੱਸਿਆ ਨੂੰ ਚੰਦ ਆਕਾਸ਼ ਵਿਚ ਗੁਪਤ ਰਹਿੰਦਾ ਹੈ (ਤਿਵੇਂ ਪਰਮਾਤਮਾ ਹਰੇਕ ਹਿਰਦੇ ਵਿਚ ਗੁਪਤ ਵੱਸ ਰਿਹਾ ਹੈ)।
ਹੇ ਆਤਮਕ ਜੀਵਨ ਦੀ ਸੂਝ ਦੇ ਖੋਜੀ ਮਨੁੱਖ! ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ (ਹੀ ਇਸ ਭੇਤ ਨੂੰ) ਸਮਝ ਸਕੋਗੇ।
(ਜਿਵੇਂ) ਚੰਦ੍ਰਮਾ ਆਕਾਸ਼ ਵਿਚ (ਹਰ ਪਾਸੇ ਚਾਨਣ ਦੇ ਰਿਹਾ ਹੈ, ਤਿਵੇਂ ਪਰਮਾਤਮਾ ਦੀ) ਜੋਤਿ ਸਾਰੇ ਸੰਸਾਰ ਵਿਚ (ਜੀਵਨ-ਸੱਤਾ ਦੇ ਰਹੀ ਹੈ)।
ਉਹ ਕਰਤਾਰ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰ ਕੇ (ਸਭ ਦੀ) ਸੰਭਾਲ ਕਰ ਰਿਹਾ ਹੈ।
ਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਸੂਝ ਮਿਲ ਜਾਂਦੀ ਹੈ, ਉਹ ਮਨੁੱਖ ਉਸ ਪਰਮਾਤਮਾ ਵਿਚ ਹੀ ਸਦਾ ਲੀਨ ਰਹਿੰਦਾ ਹੈ।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪੈ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੧੯॥
ਹੇ ਭਾਈ! ਪ੍ਰਭੂ-ਚਰਨਾਂ ਨੂੰ ਪ੍ਰਭੂ ਦੇ ਦਰ ਨੂੰ (ਆਪਣਾ) ਪੱਕਾ ਆਸਰਾ ਬਣਾ ਕੇ ਉਸ ਥਾਂ ਵਿਚ (ਪ੍ਰਭੂ-ਚਰਨਾਂ ਵਿਚ) ਟਿਕ ਕੇ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।
ਜਦੋਂ ਮਨੁੱਖ ਗੁਰੂ (ਦਾ ਮਿਲਾਪ) ਹਾਸਲ ਕਰ ਲੈਂਦਾ ਹੈ, ਤਦੋਂ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦੇਂਦਾ ਹੈ।
ਜਿਸ ਹਿਰਦੇ ਵਿਚ (ਪਹਿਲਾਂ ਦੁਨੀਆ ਵਾਲੀਆਂ) ਆਸਾਂ (ਹੀ ਆਸਾਂ ਟਿਕੀਆਂ ਰਹਿੰਦੀਆਂ ਸਨ) ਉਥੇ ਆਸਾਂ ਦਾ ਪੂਰਨ ਅਭਾਵ ਹੋ ਜਾਂਦਾ ਹੈ,
(ਉਸ ਦੇ ਅੰਦਰੋਂ) ਮੇਰ-ਤੇਰ ਅਤੇ ਮਨ ਦੇ ਫੁਰਨਿਆਂ ਦਾ ਭਾਂਡਾ (ਹੀ) ਭੱਜ ਜਾਂਦਾ ਹੈ।
ਉਹ ਮਨੁੱਖ (ਮਾਇਆ ਦੀ) ਮਮਤਾ ਦੇ ਜਾਲ ਤੋਂ ਵੱਖਰਾ ਰਹਿੰਦਾ ਹੈ।
ਨਾਨਕ ਬੇਨਤੀ ਕਰਦਾ ਹੈ-ਮੈਂ ਇਹੋ ਜਿਹੇ ਮਨੁੱਖ ਦਾ (ਸਦਾ) ਦਾਸ ਹਾਂ ॥੨੦॥੧॥