ਹੇ ਸੰਤ ਜਨੋ! (ਤੁਸੀ ਭਾਗਾਂ ਵਾਲੇ ਹੋ ਕਿ) ਤੁਸੀ ਪਰਮਾਤਮਾ ਨਾਲ ਰੱਤੇ ਹੋਏ ਹੋ।
ਹੇ ਸਰਬ-ਵਿਆਪਕ ਕਰਤਾਰ! ਹੇ ਦਾਤਾਰ! ਮੈਨੂੰ ਭੀ (ਆਪਣੇ ਪਿਆਰ ਵਿਚ) ਨਿਬਾਹ ਲੈ, ਮੈਨੂੰ ਭੀ ਤੋੜ ਤਕ (ਪ੍ਰੀਤਿ ਦੇ ਦਰਜੇ ਤਕ) ਅਪੜਾ ਲੈ ॥੧॥ ਰਹਾਉ ॥
ਹੇ ਸਰਬ-ਵਿਆਪਕ ਕਰਤਾਰ! ਆਪਣੇ ਦਿਲ ਦੀ ਗੱਲ ਤੂੰ ਆਪ ਹੀ ਜਾਣਦਾ ਹੈਂ,
ਮੈਨੂੰ ਅਨਾਥ ਨੂੰ ਗ਼ਰੀਬ ਨੂੰ ਆਪਣੀ ਸਰਨ ਵਿਚ ਰੱਖ, ਮੇਰੀ ਆਤਮਕ ਅਵਸਥਾ ਉੱਚੀ ਬਣਾ ਦੇ ॥੧॥
(ਹੇ ਪ੍ਰਭੂ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤੇਰੇ ਚਰਨ (ਮੇਰੇ ਲਈ) ਜਹਾਜ਼ ਹਨ। ਕਿਸ ਤਰੀਕੇ ਨਾਲ ਤੂੰ ਪਾਰ ਲੰਘਾਂਦਾ ਹੈਂ?-ਇਹ ਤੂੰ ਆਪ ਹੀ ਜਾਣਦਾ ਹੈਂ।
ਹੇ ਪ੍ਰਭੂ! ਮਿਹਰ ਕਰ ਕੇ ਤੂੰ ਜਿਸ ਜਿਸ ਮਨੁੱਖ ਨੂੰ ਆਪਣੇ ਨਾਲ ਰੱਖਦਾ ਹੈਂ, ਉਹ ਸਾਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥
ਹੇ ਪ੍ਰਭੂ! (ਅਸਾਂ ਜੀਵਾਂ ਵਾਸਤੇ) ਇਸ ਲੋਕ ਵਿਚ ਤੇ ਪਰਲੋਕ ਵਿਚ ਤੂੰ ਹੀ ਸਭ ਤਾਕਤਾਂ ਦਾ ਮਾਲਕ ਹੈਂ (ਸਾਡਾ ਹਰੇਕ ਸੁਖ ਦੁਖ) ਤੇਰੇ ਹੀ ਹੱਥ ਵਿਚ ਹੈ।
ਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਅਜੇਹਾ ਨਾਮ-ਖ਼ਜ਼ਾਨਾ ਦੇਹੋ, ਜੇਹੜਾ (ਇਥੋਂ ਚਲਦਿਆਂ) ਮੇਰੇ ਨਾਲ ਸਾਥ ਕਰੇ ॥੩॥
(ਹੇ ਸੰਤ ਜਨੋ!) ਮੈਨੂੰ ਗੁਣ-ਹੀਨ ਨੂੰ (ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਗੁਣ ਬਖ਼ਸ਼ੋ, (ਮਿਹਰ ਕਰੋ,) ਮੇਰਾ ਮਨ ਪਰਮਾਤਮਾ ਦਾ ਨਾਮ ਸਦਾ ਜਪਦਾ ਰਹੇ।
ਹੇ ਨਾਨਕ! ਗੁਰੂ-ਸੰਤ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੇ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਉਹਨਾਂ ਦੇ ਤਨ ਠੰਢੇ-ਠਾਰ ਹੋ ਜਾਂਦੇ ਹਨ (ਵਿਕਾਰਾਂ ਦੀ ਤਪਸ਼ ਤੋਂ ਬਚ ਜਾਂਦੇ ਹਨ) ॥੪॥੧੪॥੧੩੫॥
ਹੇ ਪ੍ਰਕਾਸ਼-ਰੂਪ ਪ੍ਰਭੂ! (ਤੇਰੀ ਮਿਹਰ ਨਾਲ) ਮੇਰੇ ਉਤੇ ਸਤਿਗੁਰੂ ਜੀ ਦਇਆਵਾਨ ਹੋ ਗਏ,
ਤੇ ਮੈਂ ਹੁਣ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹਾਂ ॥੧॥ ਰਹਾਉ ॥
(ਹੇ ਪ੍ਰਭੂ!) ਗੁਰੂ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਮੈਨੂੰ ਤੇਰਾ ਦਾਸ ਬਣਾ ਦਿੱਤਾ ਹੈ, ਮੈਨੂੰ ਸੰਤ ਜਨਾਂ ਦੀ ਸੇਵਾ ਵਿਚ ਲਾ ਦਿੱਤਾ ਹੈ।
ਉਸ ਨੇ ਮੈਨੂੰ ਤੇਰਾ (ਹਰ ਥਾਂ ਵਿਆਪਕ) ਅਸਚਰਜ ਰੂਪ ਵਿਖਾ ਦਿੱਤਾ ਹੈ, ਹੁਣ ਮੈਂ ਸਿਰਫ਼ ਤੇਰੇ ਹੀ ਨਾਮ ਦਾ ਪੁਜਾਰੀ ਬਣ ਗਿਆ ਹਾਂ ॥੧॥
(ਹੇ ਭਾਈ!) ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ ਮੇਰੇ ਮਨ ਵਿਚ ਪਰਗਟ ਹੋ ਗਿਆ, ਤਾਂ ਮੇਰੇ ਅੰਦਰ ਪਰਮਾਤਮਾ ਦੀ ਹੋਂਦ ਦਾ ਚਾਨਣ ਹੋ ਗਿਆ, ਮੈਨੂੰ ਸਭ ਥਾਂ ਉਸੇ ਦਾ ਚਾਨਣ ਦਿੱਸ ਪਿਆ।
ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਪੀਤਾ ਹੈ, ਤੇ ਮੇਰਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਿਆ ਹੈ। ਮੈਂ ਉਸ ਪਰਮਾਤਮਾ ਵਿਚ ਟਿਕ ਗਿਆ ਹਾਂ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੨॥
(ਹੇ ਭਾਈ!) ਗੁਰੂ ਦਾ ਹੁਕਮ ਮੰਨ ਕੇ ਮੈਂ ਸਾਰੇ ਸੁਖ-ਆਨੰਦ ਪ੍ਰਾਪਤ ਕਰ ਲਏ ਹਨ, ਮੈਂ ਆਪਣੇ ਅੰਦਰੋਂ ਦੁੱਖਾਂ ਦਾ ਡੇਰਾ ਹੀ ਉਠਾ ਦਿੱਤਾ ਹੈ।
ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਠਾਕੁਰ-ਪ੍ਰਭੂ ਜੀ ਮੇਰੇ ਉਤੇ ਮਿਹਰਬਾਨ ਹੋਏ ਹਨ, ਮੈਨੂੰ ਹਰ ਥਾਂ ਉਹ ਆਨੰਦ-ਸਰੂਪ ਪਰਮਾਤਮਾ ਹੀ ਦਿੱਸ ਰਿਹਾ ਹੈ ॥੩॥
(ਹੇ ਭਾਈ! ਜਦੋਂ ਤੋਂ ਸਤਿਗੁਰੂ ਜੀ ਮੇਰੇ ਉਤੇ ਦਇਆਵਾਨ ਹੋਏ ਹਨ, ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ, ਇਹ ਸਾਰਾ ਤਾਂ ਪ੍ਰਭੂ-ਪਾਤਿਸ਼ਾਹ ਨੇ ਇਕ ਖੇਲ ਰਚਾਇਆ ਹੋਇਆ ਹੈ।
ਨਾਨਕ ਆਖਦਾ ਹੈ- ਸਰਬ-ਪਾਲਕ ਪਰਮਾਤਮਾ ਅਪਹੁੰਚ ਹੈ, ਸਭ ਜੀਵਾਂ ਦੀ ਪਹੁੰਚ ਤੋਂ ਪਰੇ ਹੈ। ਉਸ ਦੇ ਭਗਤਾਂ ਨੂੰ ਉਸ ਹਰੀ ਦੇ ਨਾਮ ਦਾ ਹੀ ਸਹਾਰਾ ਹੈ ॥੪॥੧੫॥੧੩੬॥
ਹੇ ਮੇਰੇ ਮਨ! ਉਸ ਪਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ, ਜੋ ਬੇਅੰਤ ਹੈ, ਸਰਬ-ਵਿਆਪਕ ਹੈ, ਤੇ ਸਭ ਤੋਂ ਵੱਡਾ ਮਾਲਕ ਹੈ!
ਹੇ ਮਨ! ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਜਿਸ ਨੇ ਸਾਰੇ ਧਰਤੀ-ਮੰਡਲਾਂ ਨੂੰ, ਸਾਰੇ ਜਗਤ ਨੂੰ (ਪੈਦਾ ਕਰ ਕੇ) ਸਹਾਰਾ ਦਿੱਤਾ ਹੋਇਆ ਹੈ ॥੧॥ ਰਹਾਉ ॥
ਹੇ ਹਰੀ ਦੇ ਸੇਵਕੋ! ਆਪਣੇ ਮਨ ਦੀ ਚਤੁਰਾਈ ਛੱਡ ਦਿਹੋ। ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਹੀ ਸੁਖ ਪਾ ਸਕੀਦਾ ਹੈ।
ਹੇ ਸੰਤ ਜਨੋ! ਸੁਖ ਵਿਚ (ਭੀ), ਤੇ ਦੁਖ ਵਿਚ (ਭੀ) ਉਸ ਪਰਮਾਤਮਾ ਨੂੰ ਹੀ ਯਾਦ ਕਰਨਾ ਚਾਹੀਦਾ ਹੈ। ਜੋ ਕੁਝ ਪਰਮਾਤਮਾ ਕਰਦਾ ਹੈ, ਉਸਨੂੰ ਭਲਾ ਕਰ ਕੇ ਮੰਨੋ ॥੧॥
(ਹੇ ਹਰਿ ਜਨੋ!) ਵਿਕਾਰਾਂ ਵਿਚ ਡਿੱਗੇ ਹੋਏ ਕ੍ਰੋੜਾਂ ਬੰਦਿਆਂ ਨੂੰ (ਜੇ ਚਾਹੇ ਤਾਂ) ਕਰਤਾਰ ਇਕ ਖਿਨ ਵਿਚ (ਵਿਕਾਰਾਂ ਤੋਂ) ਬਚਾ ਲੈਂਦਾ ਹੈ, (ਤੇ ਇਹ ਕੰਮ ਕਰਦਿਆਂ) ਕਰਤਾਰ ਨੂੰ ਰਤਾ ਚਿਰ ਨਹੀਂ ਲੱਗਦਾ।
ਉਹ ਮਾਲਕ-ਪ੍ਰਭੂ ਗਰੀਬਾਂ ਦੇ ਦਰਦ-ਦੁੱਖ ਨਾਸ ਕਰਨ ਵਾਲਾ ਹੈ। ਜਿਸ ਉਤੇ ਉਹ ਪ੍ਰਸੰਨ ਹੁੰਦਾ ਹੈ, ਉਸ ਉਤੇ ਬਖ਼ਸ਼ਸ਼ ਕਰਦਾ ਹੈ ॥੨॥
ਹੇ ਭਾਈ! ਪਰਮਾਤਮਾ ਸਭ ਦੀਆਂ ਜਿੰਦਾਂ ਤੇ ਪ੍ਰਾਣਾਂ ਵਾਸਤੇ ਸੁਖਾਂ ਦਾ ਸਮੁੰਦਰ ਹੈ, ਸਭਨਾਂ ਦਾ ਮਾਂ-ਪਿਉ ਹੈ, ਸਭ ਦੀ ਪਾਲਣਾ ਕਰਦਾ ਹੈ।
(ਜੀਵਾਂ ਨੂੰ ਦਾਤਾਂ) ਦੇਂਦਿਆਂ ਉਸ ਕਰਤਾਰ ਦੇ ਖ਼ਜ਼ਾਨੇ ਵਿਚ ਕਮੀ ਨਹੀਂ ਹੁੰਦੀ, ਉਹ ਰਤਨਾਂ ਦੀ ਖਾਣ ਹੈ ਤੇ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ ॥੩॥
ਹੇ ਮੇਰੇ ਮਾਲਕ! (ਤੇਰੇ ਦਰ ਦਾ) ਮੰਗਤਾ (ਨਾਨਕ) ਤੇਰਾ ਨਾਮ ( ਦਾਤ ਵਜੋਂ) ਮੰਗਦਾ ਹੈ। (ਹੇ ਭਾਈ!) ਉਹ ਪਰਮਾਤਮਾ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ।
(ਹੇ ਭਾਈ!) ਦਾਸ ਨਾਨਕ ਉਸ ਪਰਮਾਤਮਾ ਦੀ ਹੀ ਸਰਨ ਪਿਆ ਹੈ, ਜਿਸ ਦੇ ਦਰ ਤੋਂ ਕੋਈ ਨਿਰਾਸ ਨਹੀਂ ਜਾਂਦਾ ॥੪॥੧੬॥੧੩੭॥