ਹੇ ਪ੍ਰਭੂ ਜੀ! ਮਿਹਰ ਕਰ, ਮਿਹਰ ਕਰ, ਮਿਹਰ ਕਰ, (ਤੇ, ਆਪਣੇ ਨਾਮ ਵਿਚ ਜੋੜੀ ਰੱਖ। ਪਰਮਾਤਮਾ ਆਪ ਹੀ) ਮਿਹਰ ਕਰ ਕੇ (ਜੀਵ ਨੂੰ ਆਪਣੇ) ਨਾਮ ਵਿਚ ਜੋੜਦਾ ਹੈ।
ਹੇ ਪ੍ਰਭੂ ਜੀ! ਮਿਹਰ ਕਰ ਕੇ ਗੁਰੂ ਮਿਲਾਵੋ। ਗੁਰੂ ਨੂੰ ਮਿਲ ਕੇ ਹੀ (ਜੀਵ ਤੇਰਾ) ਨਾਮ ਸਿਮਰ ਸਕਦਾ ਹੈ ॥੧॥
(ਜੀਵ ਨੂੰ) ਅਨੇਕਾਂ ਜਨਮਾਂ ਦੀ ਹਉਮੈ ਦੀ ਮੈਲ ਚੰਬੜੀ ਆਉਂਦੀ ਹੈ, ਸਾਧ ਸੰਗਤ ਵਿਚ ਮਿਲ ਕੇ ਇਹ ਮੈਲ ਲਹਿ ਜਾਂਦੀ ਹੈ।
ਜਿਵੇਂ ਲੋਹਾ ਕਾਠ (ਦੀ ਬੇੜੀ) ਨਾਲ ਲੱਗ ਕੇ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਨੁੱਖ) ਪਰਮਾਤਮਾ ਨੂੰ ਮਿਲ ਪੈਂਦਾ ਹੈ ॥੨॥
ਸੰਤ ਜਨਾਂ ਦੀ ਸੰਗਤ ਸਾਧ ਸੰਗਤ ਵਿਚ ਮਿਲ ਬੈਠਿਆ ਕਰੋ, ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਆਨੰਦ ਆਉਣ ਲੱਗ ਪੈਂਦਾ ਹੈ।
ਪਰ ਅਹੰਕਾਰੀ ਮਨੁੱਖ ਸਾਧ ਸੰਗਤ ਤੋਂ ਵਾਂਜਿਆ ਰਹਿ ਕੇ (ਹੋਰ ਹੋਰ) ਕਰਮ ਕਰਦਾ ਹੈ, (ਅਜਿਹਾ ਮਨੁੱਖ ਆਪਣੇ ਭਾਂਡੇ ਵਿਚੋਂ) ਪਾਣੀ ਕੱਢ ਕੇ (ਉਸ ਵਿਚ) ਚਿੱਕੜ ਪਾਈ ਜਾ ਰਿਹਾ ਹੈ ॥੩॥
ਪ੍ਰਭੂ ਜੀ ਆਪਣੇ ਭਗਤਾਂ ਦੇ ਆਪ ਰਾਖੇ ਬਣੇ ਰਹਿੰਦੇ ਹਨ, (ਤਾਹੀਏਂ) ਭਗਤ ਜਨਾਂ ਨੂੰ ਹਰਿ-ਨਾਮ ਦਾ ਰਸ ਮਿੱਠਾ ਲੱਗਦਾ ਹੈ।
ਪ੍ਰਭੂ (ਆਪਣੇ ਭਗਤਾਂ ਨੂੰ) ਹਰੇਕ ਖਿਨ (ਜਪਣ ਲਈ ਆਪਣਾ) ਨਾਮ ਦੇਂਦਾ ਹੈ (ਨਾਮ ਦੀ) ਵਡਿਆਈ ਦੇਂਦਾ ਹੈ। ਭਗਤ ਗੁਰੂ ਦੇ ਉਪਦੇਸ਼ (ਸ਼ਬਦ) ਵਿਚ ਲੀਨ ਹੋਇਆ ਰਹਿੰਦਾ ਹੈ ॥੪॥
ਪ੍ਰਭੂ ਦੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਭਗਤ ਜਨ (ਆਪ ਭੀ) ਨਿਮ੍ਰਤਾ ਵਿਚ ਰਹਿੰਦੇ ਹਨ। (ਜਦੋਂ ਮਨੁੱਖ ਨਿਊਂਦਾ ਹੈ) ਤਦੋਂ (ਹੀ) ਆਤਮਕ ਗੁਣਾਂ ਦਾ ਫਲ ਪ੍ਰਾਪਤ ਕਰਦਾ ਹੈ।
ਜਿਹੜੇ ਭੈੜੇ ਮਨੁੱਖ ਭਗਤ ਜਨਾਂ ਦੀ ਨਿੰਦਾ ਕਰਦੇ ਹਨ (ਉਹ ਆਪ ਹੀ ਖ਼ੁਆਰ ਹੁੰਦੇ ਹਨ। ਨਿੰਦਕ ਮਨੁੱਖ ਸਦਾ) ਹਰਨਾਖਸ ਵਾਂਗ ਖ਼ੁਆਰ ਹੁੰਦਾ ਹੈ ॥੫॥
ਬ੍ਰਹਮਾ ਕੌਲ-ਨਾਭੀ ਵਿਚੋਂ ਜੰਮਿਆ ਮੰਨਿਆ ਜਾਂਦਾ ਹੈ, ਬਿਆਸ ਮੱਛੀ (ਮਛੋਦਰੀ) ਦਾ ਪੁਤ ਕਿਹਾ ਜਾਂਦਾ ਹੈ (ਪਰ ਇਤਨੇ ਨੀਵੇਂ ਥਾਂ ਤੋਂ ਜੰਮੇ ਮੰਨੇ ਜਾ ਕੇ ਭੀ, ਪਰਮਾਤਮਾ ਦੀ ਭਗਤੀ ਦਾ) ਤਪ ਕਰਨ ਦੇ ਕਾਰਨ (ਬ੍ਰਹਮਾ ਭੀ ਤੇ ਬਿਆਸ ਭੀ ਜਗਤ ਵਿਚ ਆਪਣੀ) ਪੂਜਾ ਕਰਾ ਰਿਹਾ ਹੈ।
ਜਿਹੜਾ ਜਿਹੜਾ ਭੀ ਕੋਈ ਭਗਤ ਬਣਦਾ ਹੈ, ਉਸ ਦਾ ਆਦਰ ਸਤਕਾਰ ਕਰੋ। (ਭਗਤ ਜਨਾਂ ਦਾ ਸਤਕਾਰ) ਵੱਡੀ ਤੋਂ ਵੱਡੀ ਭਟਕਣਾ ਦੂਰ ਕਰ ਦੇਂਦਾ ਹੈ ॥੬॥
ਉੱਚੀ ਤੋਂ ਉੱਚੀ ਜਾਤਿ ਵੇਖ ਕੇ (ਭੀ) ਭੁਲੇਖਾ ਨਾਹ ਖਾ ਜਾਓ (ਕਿ ਭਗਤੀ ਉੱਚੀ ਜਾਤਿ ਦਾ ਹੱਕ ਹੈ। ਵੇਖੋ) ਸੁਕਦੇਵ (ਬ੍ਰਾਹਮਣ ਰਾਜਾ) ਜਨਕ ਦੀ ਪੈਰੀਂ ਲੱਗ ਕੇ ਨਾਮ ਸਿਮਰ ਰਿਹਾ ਹੈ (ਸਿਮਰਨ ਦੀ ਜਾਚ ਸਿੱਖ ਰਿਹਾ ਹੈ।)
(ਜਦੋਂ ਉਹ ਜਨਕ ਪਾਸ ਭਗਤੀ ਦੀ ਸਿੱਖਿਆ ਲੈਣ ਆਇਆ, ਲੰਗਰ ਵਰਤਾਇਆ ਜਾ ਰਿਹਾ ਸੀ। ਸੁਕਦੇਵ ਨੂੰ ਬਾਹਰ ਹੀ ਖੜਾ ਕਰ ਦਿੱਤਾ ਗਿਆ। ਲੰਗਰ ਛਕ ਰਹੇ ਲੋਕਾਂ ਦੀਆਂ ਪੱਤਲਾਂ ਦੀ) ਸਾਰੀ ਜੂਠ (ਸੁਕਦੇਵ ਦੇ) ਸਿਰ ਉੱਤੇ ਪਈ (ਵੇਖੋ, ਫਿਰ ਭੀ ਸੁਕਦੇਵ ਬ੍ਰਾਹਮਣ ਹੁੰਦਿਆਂ ਭੀ ਆਪਣੇ) ਮਨ ਨੂੰ ਇਕ ਖਿਨ ਵਾਸਤੇ ਭੀ ਡੋਲਣ ਨਹੀਂ ਦੇ ਰਿਹਾ ॥੭॥
ਅਨੇਕਾਂ ਜਨਕ (ਆਪਣੀ ਵਾਰੀ ਜਿਸ) ਰਾਜ-ਗੱਦੀ ਉਤੇ ਬੈਠਣ ਆ ਰਹੇ ਸਨ (ਉਸ ਉਤੇ ਬੈਠਾ ਹੋਇਆ ਉਸੇ ਖ਼ਾਨਦਾਨ ਦਾ ਭਗਤ ਰਾਜਾ ਜਨਕ ਰਾਜਾ ਹੁੰਦਿਆਂ ਭੀ ਭਗਤੀ ਕਰਨ ਵਾਲੇ) ਨੌ ਰਿਸ਼ੀਆਂ ਦੀ ਚਰਨ-ਧੂੜ (ਆਪਣੇ ਮੱਥੇ ਉੱਤੇ) ਲਾ ਰਿਹਾ ਹੈ।
ਹੇ ਠਾਕੁਰ! (ਮੇਰੇ) ਨਾਨਕ ਉਤੇ ਮਿਹਰ ਕਰ, ਮਿਹਰ ਕਰ, (ਮੈਨੂੰ ਆਪਣਾ ਕੋਈ ਭਗਤ ਮਿਲਾ ਦੇਹ, ਜਿਹੜਾ) ਮੈਨੂੰ ਤੇਰੇ ਦਾਸਾਂ ਦਾ ਦਾਸ ਬਣਾ ਲਏ ॥੮॥੨॥
(ਜਿਸ ਮਨੁੱਖ ਦਾ) ਮਨ ਗੁਰੂ ਦੀ ਮੱਤ (ਲੈ ਕੇ) ਸੁਆਦ ਨਾਲ (ਪਰਮਾਤਮਾ ਦੇ) ਗੁਣ ਗਾਣ ਲੱਗ ਪੈਂਦਾ ਹੈ,
(ਉਸ ਦੇ ਅੰਦਰ ਇਤਨਾ ਪਿਆਰ ਜਾਗਦਾ ਹੈ ਕਿ ਉਸ ਦੀ) ਜੀਭ ਇਕ ਤੋਂ (ਮਾਨੋ) ਲੱਖਾਂ ਕ੍ਰੋੜਾਂ ਬਣ ਕੇ (ਨਾਮ) ਜਪਣ ਲੱਗ ਪੈਂਦੀ ਹੈ (ਨਾਮ ਜਪਦੀ ਥੱਕਦੀ ਹੀ ਨਹੀਂ) ॥੧॥ ਰਹਾਉ ॥
(ਉਸ ਆਤਮਕ ਆਨੰਦ ਦੇ ਪ੍ਰੇਰੇ ਹੋਏ ਹੀ) ਸ਼ੇਸ਼ਨਾਗ ਨੇ (ਆਪਣੀ ਹਜ਼ਾਰ) ਫ਼ਨ ਨਾਲ (ਸਦਾ ਹਰਿ-ਨਾਮ) ਜਪਿਆ ਹੈ। ਪਰ ਹੇ, ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਕੋਈ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਲੱਭ ਸਕਦਾ।
ਹੇ ਪ੍ਰਭੂ! ਤੂੰ ਅਥਾਹ (ਸਮੁੰਦਰ) ਹੈਂ, ਤੂੰ ਸਦਾ ਹੀ ਅਪਹੁੰਚ ਹੈਂ। ਗੁਰੂ ਦੀ ਮੱਤ ਦੀ ਰਾਹੀਂ (ਨਾਮ ਜਪਣ ਵਾਲੇ ਮਨੁੱਖ ਦਾ) ਮਨ ਭਟਕਣੋਂ ਹਟ ਜਾਂਦਾ ਹੈ ॥੧॥
ਹੇ ਪ੍ਰਭੂ! ਜਿਹੜੇ ਮਨੁੱਖਾਂ ਨੇ ਤੈਨੂੰ ਜਪਿਆ ਹੈ, ਉਹੀ ਮਨੁੱਖ ਚੰਗੇ (ਜੀਵਨ ਵਾਲੇ) ਬਣੇ ਹਨ। ਨਾਮ ਜਪਣ ਵਾਲਿਆਂ ਨੂੰ ਹਰੀ (ਆਤਮਕ) ਆਨੰਦ ਬਖ਼ਸ਼ਦਾ ਹੈ।
(ਵੇਖੋ, ਇਕ) ਦਾਸੀ ਦਾ ਪੁੱਤਰ ਬਿਦਰ ਛੋਕਰਾ ਜਿਹਾ ਹੀ ਸੀ, (ਪਰ ਨਾਮ ਜਪਣ ਦੀ ਬਰਕਤਿ ਨਾਲ) ਕ੍ਰਿਸਨ ਉਸ ਨੂੰ ਛਾਤੀ ਨਾਲ ਲਾ ਰਿਹਾ ਹੈ, ਗਲ ਨਾਲ ਲਾ ਰਿਹਾ ਹੈ ॥੨॥
ਪਾਣੀ ਤੋਂ ਕਾਠ ਦੀ ਉਤਪੱਤੀ ਹੁੰਦੀ ਹੈ (ਇਸ ਲਾਜ ਨੂੰ ਪਾਲਣ ਲਈ ਪਾਣੀ ਉਸ) ਕਾਠ ਨੂੰ (ਆਪਣੀ ਛਾਤੀ ਉੱਤੇ ਰੱਖੀ ਰੱਖਦਾ ਹੈ) ਤਰਾਂਦਾ ਰਹਿੰਦਾ ਹੈ (ਡੁੱਬਣ ਨਹੀਂ ਦੇਂਦਾ)।
(ਇਸੇ ਤਰ੍ਹਾਂ) ਪਰਮਾਤਮਾ ਆਪਣੇ ਸੇਵਕਾਂ ਨੂੰ ਆਪ ਸੋਹਣੇ ਜੀਵਨ ਵਾਲਾ ਬਣਾਂਦਾ ਹੈ, ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਕਾਇਮ ਰੱਖਦਾ ਹੈ ॥੩॥
ਅਸੀਂ ਜੀਵ ਪੱਥਰ (ਵਾਂਗ ਪਾਪਾਂ ਨਾਲ ਭਾਰੇ) ਹਾਂ, ਲੋਹੇ (ਵਾਂਗ ਵਿਕਾਰਾਂ ਨਾਲ ਭਾਰੇ) ਹਾਂ, (ਪਰ ਪ੍ਰਭੂ ਆਪ ਮਿਹਰ ਕਰ ਕੇ) ਗੁਰੂ ਦੀ ਸੰਗਤ ਵਿਚ ਰੱਖ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ (ਜਿਵੇਂ) ਬੇੜੀ (ਪੱਥਰਾਂ ਨੂੰ ਲੋਹੇ ਨੂੰ ਨਦੀ ਤੋਂ ਪਾਰ ਲੰਘਾਂਦੀ ਹੈ)।
ਜਿਵੇਂ ਸਾਧ ਸੰਗਤ ਦੀ ਬਰਕਤਿ ਨਾਲ (ਕਬੀਰ) ਜੁਲਾਹਾ ਪਾਰ ਲੰਘ ਗਿਆ। ਪਰਮਾਤਮਾ ਆਪਣੇ ਸੰਤ ਜਨਾਂ ਦੇ ਮਨ ਵਿਚ (ਸਦਾ) ਪਿਆਰਾ ਲੱਗਦਾ ਹੈ ॥੪॥
(ਜਿਸ ਮਨੁੱਖ ਦਾ ਮਨ ਗੁਰੂ ਦੀ ਮੱਤ ਲੈ ਕੇ ਸੁਆਦ ਨਾਲ ਹਰਿ-ਗੁਣ ਗਾਣ ਲੱਗ ਪੈਂਦਾ ਹੈ, ਉਹ ਮਨੁੱਖ) ਖਲੇ-ਖਲੋਤਿਆਂ, ਬੈਠਦਿਆਂ, ਉੱਠਦਿਆਂ, ਰਸਤੇ ਵਿਚ (ਤੁਰਦਿਆਂ, ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ,
(ਉਹ ਮਨੁੱਖ ਸਦਾ) ਗੁਰੂ ਦੇ ਬਚਨਾਂ ਵਿਚ (ਮਗਨ ਰਹਿੰਦਾ) ਹੈ, ਗੁਰੂ ਦਾ ਉਪਦੇਸ਼ (ਉਸ ਨੂੰ ਵਿਕਾਰਾਂ ਤੋਂ) ਖ਼ਲਾਸੀ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ ॥੫॥
(ਜਿਸ ਮਨੁੱਖ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ, ਉਹ ਮਨੁੱਖ ਸਾਹ ਦੇ ਹੁੰਦਿਆਂ ਹਰੇਕ ਸਾਹ ਦੇ ਨਾਲ (ਨਾਮ ਜਪ ਜਪ ਕੇ ਆਤਮਕ) ਤਾਕਤ ਹਾਸਲ ਕਰਦਾ ਰਹਿੰਦਾ ਹੈ, ਸਾਹ ਦੇ ਨਾਹ ਹੁੰਦਿਆਂ ਭੀ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।
(ਜਦੋਂ) ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) (ਹਉਮੈ ਦੀ ਅੱਗ) ਬੁੱਝ ਜਾਂਦੀ ਹੈ, ਤਦੋਂ ਗੁਰੂ ਦੀ ਮੱਤ ਦੀ ਬਰਕਤਿ ਨਾਲ ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੬॥