ਜਿਉਂ ਜਿਉਂ ਉਹ ਪਰਮਾਤਮਾ ਦੀ ਭਗਤੀ ਕਰਦੇ ਹਨ, ਤਿਉਂ ਤਿਉਂ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ (ਅਜੇਹੇ ਮਨੁੱਖਾਂ ਦੀ ਅਕਲ ਨੂੰ ਕੌਣ ਫਿਟਕਾਰ ਪਾ ਸਕਦਾ ਹੈ?) ॥੧੪੧॥
ਹੇ ਕਬੀਰ! ਜੋ ਮਨੁੱਖ ਟੱਬਰ ਦੇ ਗਾੜ੍ਹ ਵਿਚ ਹੀ ਫਸਿਆ ਰਹਿੰਦਾ ਹੈ, ਪਰਮਾਤਮਾ (ਦਾ ਭਜਨ ਉਸ ਦੇ ਹਿਰਦੇ ਤੋਂ) ਲਾਂਭੇ ਹੀ ਰਹਿ ਜਾਂਦਾ ਹੈ।
ਇਸ ਰੌਲੇ-ਗੌਲੇ ਵਿਚ ਹੀ ਫਸੇ ਹੋਏ ਦੇ ਪਾਸ ਧਰਮਰਾਜ ਦੇ ਭੇਜੇ ਹੋਏ ਦੂਤ ਆ ਅੱਪੜਦੇ ਹਨ ('ਰਾਮੁ ਨ ਚੇਤਿਓ, ਜਰਾ ਪਹੂੰਚਿਓ ਆਇ') ॥੧੪੨॥
ਹੇ ਕਬੀਰ! (ਕੁਟੰਬ ਦੇ ਗਹਗਚ ਵਿਚ ਪੈ ਕੇ ਪਰਮਾਤਮਾ ਨੂੰ ਵਿਸਾਰ ਦੇਣ ਵਾਲੇ) ਸਾਕਤ ਨਾਲੋਂ ਤਾਂ ਸੂਰ ਹੀ ਚੰਗਾ ਜਾਣੋ (ਪਿੰਡ ਦੇ ਦੁਆਲੇ ਦਾ ਗੰਦ ਖਾ ਕੇ) ਪਿੰਡ ਨੂੰ ਸਾਫ਼-ਸੁਥਰਾ ਰੱਖਦਾ ਹੈ।
ਜਦੋਂ ਉਹ ਮੰਦ-ਭਾਗੀ ਸਾਕਤ ਮਰ ਜਾਂਦਾ ਹੈ ਕਿਸੇ ਨੂੰ ਉਸ ਦਾ ਚੇਤਾ ਭੀ ਨਹੀਂ ਰਹਿ ਜਾਂਦਾ (ਭਾਵੇਂ ਉਹ ਜਿਊਂਦਿਆਂ ਕਿਤਨਾ ਹੀ ਵੱਡਾ ਬਣ ਬਣ ਬਹਿੰਦਾ ਰਿਹਾ ਹੋਵੇ) ॥੧੪੩॥
ਹੇ ਕਬੀਰ! (ਪ੍ਰਭੂ ਨਾਲੋਂ ਟੁੱਟ ਕੇ ਨਿਰੀ ਮਾਇਆ ਜੋੜਨ ਦਾ ਭੀ ਕੀਹ ਲਾਭ?) ਜਿਸ ਮਨੁੱਖ ਨੇ ਤਰਲਿਆਂ ਨਾਲ ਜੋੜ ਕੇ ਲੱਖਾਂ ਕ੍ਰੋੜਾਂ ਰੁਪਏ ਭੀ ਇਕੱਠੇ ਕਰ ਲਏ ਹੋਣ,
(ਤੇ ਇਸ ਜੋੜੇ ਹੋਏ ਧਨ ਦਾ ਇਤਨਾ ਖ਼ਿਆਲ ਰੱਖਦਾ ਹੋਵੇ ਕਿ ਵਾਂਸਲੀ ਵਿਚ ਪਾ ਕੇ ਲੱਕ ਨਾਲ ਬੰਨ੍ਹੀ ਫਿਰਦਾ ਹੋਵੇ, ਉਸ ਨੂੰ ਭੀ) ਮਰਨ ਵੇਲੇ ਕੁਝ ਪ੍ਰਾਪਤ ਨਹੀਂ ਹੁੰਦਾ, (ਉਸ ਦੇ ਸੰਬੰਧੀ) ਉਸ ਦੀ ਵਾਂਸਲੀ ਭੀ ਤੋੜ ਕੇ ਲਾਹ ਲੈਂਦੇ ਹਨ ॥੧੪੪॥
ਹੇ ਕਬੀਰ! (ਪ੍ਰਭੂ ਦਾ ਸਿਮਰਨ ਛੱਡ ਕੇ ਨਿਰਾ ਧਨ ਕਮਾਣ ਵਾਲੇ ਬੰਦੇ ਉਮਰ ਅਜਾਈਂ ਗਵਾਂਦੇ ਹਨ ਕਿਉਂਕਿ ਧਨ ਇਥੇ ਹੀ ਪਿਆ ਰਹਿੰਦਾ ਹੈ। ਪਰ ਨਿਰ ਭੇਖ ਨੂੰ ਹੀ ਭਗਤੀ-ਮਾਰਗ ਸਮਝਣ ਵਾਲੇ ਭੀ ਕੁਝ ਨਹੀਂ ਖੱਟ ਰਹੇ) ਜੇ ਕਿਸੇ ਮਨੁੱਖ ਨੇ ਤਿਲਕ ਚੱਕ੍ਰ ਲਾ ਕੇ ਅਤੇ ਚਾਰ ਮਾਲਾ ਪਾ ਕੇ ਆਪਣੇ ਆਪ ਨੂੰ ਵੈਸ਼ਨਵ ਭਗਤ ਅਖਵਾ ਲਿਆ, ਉਸ ਨੇ ਭੀ ਕੁਝ ਨਹੀਂ ਖੱਟਿਆ।
(ਇਸ ਧਾਰਮਿਕ ਭੇਖ ਦੇ ਕਾਰਨ) ਬਾਹਰੋਂ ਵੇਖਣ ਨੂੰ ਭਾਵੇਂ ਸ਼ੁੱਧ ਸੋਨਾ ਦਿਸੇ, ਪਰ ਉਸ ਦੇ ਅੰਦਰ ਖੋਟ ਹੀ ਖੋਟ ਹੈ ॥੧੪੫॥
ਹੇ ਕਬੀਰ! (ਜੇ 'ਜਾ ਕੇ ਸੰਗ ਤੇ ਬੀਛੁਰਾ, ਤਾ ਹੀ ਕੇ ਸੰਗਿ' ਮਿਲਣ ਦੀ ਤਾਂਘ ਹੈ, ਤਾਂ) ਅਹੰਕਾਰ ਛੱਡ ਕੇ ਰਾਹ ਵਿਚ ਪਏ ਹੋਏ ਰੋੜੇ ਵਰਗਾ ਹੋ ਜਾਹ (ਤੇ ਹਰੇਕ ਰਾਹੀ ਦੇ ਠੇਡੇ ਸਹਾਰ)!
ਜੇਹੜਾ ਕੋਈ ਮਨੁੱਖ ਅਜੇਹਾ ਸੇਵਕ ਬਣ ਜਾਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ॥੧੪੬॥
ਪਰ ਹੇ ਕਬੀਰ! ਰੋੜਾ ਬਣਿਆਂ ਭੀ ਅਜੇ ਪੂਰੀ ਕਾਮਯਾਬੀ ਨਹੀਂ ਹੁੰਦੀ, ਕਿਉਂਕਿ (ਰੋੜਾ ਠੇਡੇ ਤਾਂ ਸਹਾਰਦਾ ਹੈ, ਪਰ ਨੰਗੀਂ ਪੈਰੀਂ ਤੁਰਨ ਵਾਲੇ) ਰਾਹੀਆਂ ਦੇ ਪੈਰਾਂ ਵਿਚ ਚੁੱਭਦਾ ਭੀ ਹੈ (ਤੂੰ ਕਿਸੇ ਨੂੰ ਦੁੱਖ ਨਹੀਂ ਦੇਣਾ)।
ਹੇ ਪ੍ਰਭੂ! ਤੇਰਾ ਭਗਤ ਤਾਂ ਅਜੇਹਾ (ਨਰਮ-ਦਿਲ) ਬਣ ਜਾਂਦਾ ਹੈ ਜਿਵੇਂ ਰਾਹ ਦੀ ਬਾਰੀਕ ਧੂੜ ॥੧੪੭॥
ਹੇ ਕਬੀਰ! ਖੇਹ (ਵਾਂਗ) ਬਣਿਆਂ ਭੀ ਅਜੇ ਕਸਰ ਰਹਿ ਜਾਂਦੀ ਹੈ, ਖੇਹ (ਪੈਰਾਂ ਨਾਲ) ਉੱਡ ਕੇ (ਰਾਹੀਆਂ ਦੇ) ਅੰਗਾਂ ਉਤੇ ਪੈਂਦੀ ਹੈ।
ਪਰਮਾਤਮਾ ਦਾ ਭਗਤ ਅਜੇਹਾ ਚਾਹੀਦਾ ਹੈ ਜਿਵੇਂ ਪਾਣੀ ਹਰੇਕ ਸ਼ਕਲ ਦੇ ਭਾਂਡੇ ਨਾਲ ਸਮਾਈ ਰੱਖਦਾ ਹੈ ॥੧੪੮॥
ਹੇ ਕਬੀਰ! ਪਾਣੀ ਵਾਂਗ ਸਭ ਨਾਲ ਮੇਲ ਰੱਖਿਆਂ (ਭੀ) ਅਜੇ ਪੂਰਨਤਾ ਨਸੀਬ ਨਹੀਂ ਹੁੰਦੀ, ਪਾਣੀ ਕਦੇ ਠੰਢਾ ਤੇ ਕਦੇ ਤੱਤਾ ਹੋ ਜਾਂਦਾ ਹੈ,
ਭਗਤ ਅਜੇਹਾ ਹੋਣਾ ਚਾਹੀਦਾ ਹੈ (ਕਿ ਦੁਨੀਆ ਨਾਲ ਵਰਤਦਾ ਹੋਇਆ ਆਪਣੇ ਸੁਭਾਵ ਨੂੰ ਇਤਨਾ ਅਡੋਲ ਰੱਖੇ) ਕਿ ਇਸ ਵਿਚ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਾਹ ਰਹਿ ਜਾਏ ॥੧੪੯॥
ਉੱਚੇ ਮਹਲ-ਮਾੜੀਆਂ ਹੋਣ, ਬੜਾ ਧਨ-ਪਦਾਰਥ ਹੋਵੇ, ਸੁੰਦਰ ਇਸਤ੍ਰੀ ਹੋਵੇ, ਮਹਲ ਦੀ ਚੋਟੀ ਉਤੇ ਝੰਡਾ ਝੂਲਦਾ ਹੋਵੇ,
(ਪਰ ਜੇ ਪ੍ਰਭੂ ਦੇ ਨਾਮ ਤੋਂ ਸੁੰਞ ਹੋਵੇ)-ਇਸ ਸਾਰੇ ਰਾਜ-ਭਾਗ ਨਾਲੋਂ ਮੰਗ ਕੇ ਲਿਆਂਦੀ ਭਿੱਛਿਆ ਚੰਗੀ ਹੈ ਜੇ ਮਨੁੱਖ ਸੰਤਾਂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੋਵੇ ॥੧੫੦॥
ਹੇ ਕਬੀਰ! ਸ਼ਹਿਰ ਨਾਲੋਂ ਉਹ ਉੱਜੜਿਆ ਹੋਇਆ ਥਾਂ ਚੰਗਾ ਹੈ ਜਿਥੇ ਪ੍ਰਭੂ ਦੇ ਭਗਤ (ਪ੍ਰਭੂ ਦੇ ਗੁਣ ਗਾਂਦੇ) ਹੋਣ।
ਜੇਹੜਾ ਥਾਂ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਬੰਦਿਆਂ ਤੋਂ ਸੁੰਞਾ ਹੋਵੇ, ਮੈਨੂੰ ਤਾਂ ਉਹ ਨਰਕ ਜਾਪਦਾ ਹੈ ॥੧੫੧॥
ਹੇ ਕਬੀਰ! (ਜਿਉਂ ਜਿਉਂ ਮੈਂ 'ਜਪਿਆ ਪਰਵਿਦਗਾਰ', ਰੋੜੇ ਆਦਿਕ ਵਾਂਗ ਮੈਂ ਅਭਿਮਾਨ ਤਜਿਆ ਤੇ 'ਜੈਸਾ ਹਰਿ ਹੀ ਹੋਇ' ਵਾਲੀ ਮੇਰੀ ਅਵਸਥਾ ਬਣੀ, ਤਾਂ) ਮੈਂ ਕਬੀਰ ਦੇ ਮਨ ਨੇ ਉਸ ਪੱਤਣ ਤੇ ਟਿਕਾਣਾ ਕੀਤਾ ਜਿਥੇ ਸਹਜ ਅਵਸਥਾ ਮਾਇਕ ਪਦਾਰਥਾਂ ਦੇ ਫੁਰਨਿਆਂ ਵਲੋਂ ਸੁੰਞ ਹੈ, ਜਿਥੇ, ਮਾਨੋ, ਗੰਗਾ ਜਮੁਨਾ ਦੇ ਪਾਣੀਆਂ ਦਾ ਮਿਲਾਪ ਹੈ (ਵੱਖ ਵੱਖ ਨਦੀਆਂ ਦੇ ਪਾਣੀ ਦਾ ਵੇਗ ਘਟ ਕੇ ਹੁਣ ਗੰਭੀਰਤਾ ਤੇ ਸ਼ਾਂਤੀ ਹੈ)।
ਮੈਂ ਕਬੀਰ ਦਾ ਮਨ ਉਸ ਅਵਸਥਾ ਵਿਚ ਟਿਕ ਗਿਆ, ਜਿਥੇ ਅੱਪੜਨ ਦਾ ਰਸਤਾ ਸਾਰੇ ਰਿਸ਼ੀ ਲੋਕ ਭਾਲਦੇ ਰਹਿੰਦੇ ਹਨ ॥੧੫੨॥
ਹੇ ਕਬੀਰ! ਜਿਹੋ ਜਿਹੀ ਕੋਮਲਤਾ ਨਵੇਂ ਉੱਗੇ ਪੌਦੇ ਦੀ ਹੁੰਦੀ ਹੈ, ਜੇ ਅਜੇਹੀ ਕੋਮਲਤਾ (ਮਨੁੱਖ ਦੇ ਹਿਰਦੇ ਵਿਚ) ਸਦਾ ਲਈ ਟਿਕੀ ਰਹੇ ('ਊਚ ਭਵਨ ਕਨਕਾਮਨੀ' ਤੇ 'ਸਿਖਰਿ ਧਜਾ' ਉਸ ਕੋਮਲਤਾ ਨੂੰ ਦੂਰ ਨ ਕਰ ਸਕਣ, ਮਨੁੱਖ 'ਸਹਜ ਸੁੰਨ ਕੇ ਘਾਟ' ਉੱਤੇ ਸਦਾ ਆਸਨ ਲਾਈ ਰੱਖੇ, ਤਾਂ ਉਸ ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ),
ਇਕ ਹੀਰਾ ਕੀਹ? ਕਰੋੜਾਂ ਰਤਨ ਭੀ ਉਸ ਦੀ ਕੀਮਤ ਨਹੀਂ ਪਾ ਸਕਦੇ ॥੧੫੩॥
ਹੇ ਕਬੀਰ! (ਜਗਤ ਵਿਚ) ਮੈਂ ਇਕ ਅਚਰਜ (ਮੂਰਖਤਾ ਦਾ) ਤਮਾਸ਼ਾ ਵੇਖਿਆ ਹੈ। ਹੀਰਾ ਹੱਟੀ ਹੱਟੀ ਤੇ ਵਿਕ ਰਿਹਾ ਹੈ,
ਚੂੰਕਿ ਕਿਸੇ ਨੂੰ ਇਸ ਦੀ ਕਦਰ-ਪਛਾਣ ਨਹੀਂ ਹੈ, ਇਹ ਕਉਡੀਆਂ ਦੇ ਭਾ ਜਾ ਰਿਹਾ ਹੈ (ਅਜਾਈਂ ਜਾ ਰਿਹਾ ਹੈ) ॥੧੫੪॥
ਹੇ ਕਬੀਰ! ਜਨਮ-ਮਨੋਰਥ ਦੇ ਪੂਰਾ ਕਰਨ ਦੀ ਫ਼ਰਜ਼-ਸ਼ਿਨਾਸੀ ਸਿਰਫ਼ ਉਥੇ ਹੋ ਸਕਦੀ ਹੈ ਜਿਥੇ ਇਹ ਸਮਝ ਹੋਵੇ ਕਿ ਹੀਰਾ-ਜਨਮ ਕਾਹਦੇ ਲਈ ਮਿਲਿਆ ਹੈ।
ਪਰ ਜਿਸ ਮਨੁੱਖ ਦੇ ਅੰਦਰ ਝੂਠ ਅਤੇ ਲੋਭ (ਦਾ ਜ਼ੋਰ) ਹੋਵੇ, ਉਥੇ (ਧਰਮ ਦੇ ਥਾਂ) ਪਾਪ ਅਤੇ ਆਤਮਕ ਮੌਤ ਹੀ ਹੋ ਸਕਦੇ ਹਨ (ਉਹ ਜੀਵਨ 'ਕਉਡੀ ਬਦਲੈ' ਹੀ ਜਾਣਾ ਹੋਇਆ)। ਪਰਮਾਤਮਾ ਦਾ ਨਿਵਾਸ ਸਿਰਫ਼ ਉਸ ਹਿਰਦੇ ਵਿਚ ਹੁੰਦਾ ਹੈ ਜਿਥੇ ਸ਼ਾਂਤੀ ਹੈ ॥੧੫੫॥
ਹੇ ਕਬੀਰ! ('ਊਚ ਭਵਨ ਕਨਕਾਮਨੀ' ਆਦਿਕ) ਮਾਇਆ ਤਿਆਗ ਦਿੱਤੀ ਤਾਂ ਭੀ ਕੁਝ ਨਹੀਂ ਸੰਵਾਰਦਾ, ਜੇ ਅਹੰਕਾਰ ਨਹੀਂ ਤਿਆਗਿਆ ਜਾਂਦਾ।
ਵੱਡੇ ਵੱਡੇ ਰਿਸ਼ੀ ਮੁਨੀ (ਤਿਆਗ ਦੇ) ਇਸ ਮਾਣ-ਅਹੰਕਾਰ ਵਿਚ ਗਲ ਜਾਂਦੇ ਹਨ, (ਇਹ ਮਾਣ ਕਿਸੇ ਦਾ ਲਿਹਾਜ਼ ਨਹੀਂ ਕਰਦਾ) ਮਾਣ ਹਰੇਕ ਨੂੰ ਖਾ ਜਾਂਦਾ ਹੈ (ਜੋ ਭੀ ਪ੍ਰਾਣੀ ਅਹੰਕਾਰ ਕਰਦਾ ਹੈ ਉਸ ਦਾ ਆਤਮਕ ਜੀਵਨ ਖ਼ਤਮ ਹੋ ਜਾਂਦਾ ਹੈ) ॥੧੫੬॥
ਹੇ ਕਬੀਰ! (ਹੀਰਾ ਜਨਮ ਬਚਾਣ ਲਈ ਮੈਨੂੰ ਗ੍ਰਿਹਸਤ ਤਿਆਗਣ ਦੀ ਲੋੜ ਹੀ ਨਾਹ ਪਈ) ਮੈਨੂੰ ਪੂਰਾ ਗੁਰੂ ਮਿਲ ਪਿਆ, ਉਸ ਨੇ ਇਕ ਸ਼ਬਦ ਸੁਣਾਇਆ ਜੋ ਮੈਨੂੰ ਤੀਰ ਵਾਂਗ ਲੱਗਾ,
ਮੇਰਾ ਹਿਰਦਾ ਗੁਰੂ-ਚਰਨਾਂ ਵਿਚ ਪ੍ਰੋਤਾ ਗਿਆ, ਤੇ ਮੇਰਾ ਅਹੰਕਾਰ ਮਿੱਟੀ ਵਿਚ ਮਿਲ ਗਿਆ ॥੧੫੭॥
ਪਰ ਹੇ ਕਬੀਰ! ਜੇ ਸਿੱਖਾਂ ਵਿਚ ਉਕਾਈ ਹੋਵੇ, ਤਾਂ ਸਤਿਗੁਰੂ ਭੀ ਕੁਝ ਸੰਵਾਰ ਨਹੀਂ ਸਕਦਾ (ਇਸ ਹੀਰੇ-ਜਨਮ ਨੂੰ 'ਕਉਡੀ ਬਦਲੈ' ਜਾਂਦੇ ਨੂੰ ਬਚਾ ਨਹੀਂ ਸਕਦਾ),
ਜੋ ਮਨੁੱਖ ਅਹੰਕਾਰ ਵਿਚ ਅੰਨ੍ਹਾ ਹੋਇਆ ਰਹੇ, ਗੁਰੂ ਦੀ ਸਿੱਖਿਆ ਦੀ ਕੋਈ ਭੀ ਗੱਲ ਉਸ ਨੂੰ ਪੋਹ ਨਹੀਂ ਸਕਦੀ। ਜਿਵੇਂ ਫੂਕ ਮਾਰਿਆਂ ਬਾਂਸ (ਦੀ ਬੰਸਰੀ) ਵੱਜਣ ਲੱਗ ਪੈਂਦੀ ਹੈ (ਪਰ ਫੂਕ ਇਕ ਸਿਰੇ ਤੋਂ ਲੰਘ ਕੇ ਦੂਜੇ ਸਿਰੇ ਰਾਹ ਬਾਹਰ ਨਿਕਲ ਜਾਂਦੀ ਹੈ, ਤਿਵੇਂ ਅਹੰਕਾਰੀ ਦੇ ਇਕ ਕੰਨ ਤੋਂ ਦੂਜੇ ਕੰਨ ਰਾਹੀਂ ਉਹ ਸਿੱਖਿਆ ਅਸਰ ਕਰਨ ਤੋਂ ਬਿਨਾ ਹੀ ਨਿਕਲ ਜਾਂਦੀ ਹੈ। ਚੁੰਚ-ਗਿਆਨੀ ਉਹ ਭਾਵੇਂ ਬਣ ਜਾਏ।) ॥੧੫੮॥
ਹੇ ਕਬੀਰ! ਉਸ ਇਸਤ੍ਰੀ ਦੀ ਬਰਾਬਰੀ ਉਸ ਛਤਰ-ਪਤੀ ਰਾਜੇ ਦੀ ਰਾਣੀ ਭੀ ਨਹੀਂ ਕਰ ਸਕਦੀ ਜਿਸ ਦੇ ਪਾਸ ਸਵਾਰੀ ਲਈ ਬੇਅੰਤ ਘੋੜੇ ਹਾਥੀ ਹੋਣ,