ਹੇ ਭਾਈ! ਸਭ ਜੀਵਾਂ ਵਿਚ ਨਾਰਾਇਣ ਦਾ ਨਿਵਾਸ ਹੈ,
ਹਰੇਕ ਸਰੀਰ ਵਿਚ ਨਾਰਾਇਣ (ਦੀ ਜੋਤਿ) ਦਾ ਹੀ ਚਾਨਣ ਹੈ।
ਨਾਰਾਇਣ (ਦਾ ਨਾਮ) ਜਪਣ ਵਾਲੇ ਜੀਵ ਨਰਕ ਵਿਚ ਨਹੀਂ ਪੈਂਦੇ।
ਨਾਰਾਇਣ ਦੀ ਭਗਤੀ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ॥੧॥
ਹੇ ਭਾਈ! ਨਾਰਾਇਣ (ਦੇ ਨਾਮ) ਨੂੰ (ਆਪਣੇ) ਮਨ ਵਿਚ ਆਸਰਾ ਬਣਾ ਲੈ,
ਨਾਰਾਇਣ (ਦਾ ਨਾਮ) ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਲਈ ਜਹਾਜ਼ ਹੈ।
ਨਾਰਾਇਣ ਦਾ ਨਾਮ ਜਪਦਿਆਂ ਜਮ ਭੱਜ ਕੇ ਪਰੇ ਚਲਾ ਜਾਂਦਾ ਹੈ।
ਨਾਰਾਇਣ (ਦਾ ਨਾਮ ਮਾਇਆ) ਡੈਣ ਦੇ ਦੰਦ ਭੰਨ ਦੇਂਦਾ ਹੈ ॥੨॥
ਹੇ ਭਾਈ! ਨਾਰਾਇਣ ਸਦਾ ਹੀ ਬਖ਼ਸ਼ਣਹਾਰ ਹੈ।
ਨਾਰਾਇਣ (ਆਪਣੇ ਸੇਵਕਾਂ ਦੇ ਹਿਰਦੇ ਵਿਚ) ਸੁਖ ਆਨੰਦ ਪੈਦਾ ਕਰਦਾ ਹੈ,
(ਉਹਨਾਂ ਦੇ ਅੰਦਰ ਆਪਣਾ) ਤੇਜ-ਪਰਤਾਪ ਪਰਗਟ ਕਰਦਾ ਹੈ।
ਹੇ ਭਾਈ! ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਂ ਪਿਉ (ਵਾਂਗ ਰਾਖਾ) ਹੈ ॥੩॥
ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਸਦਾ ਨਾਰਾਇਣ ਦਾ ਨਾਮ ਜਪਦੇ ਹਨ,
ਮੁੜ ਮੁੜ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ,
ਉਹ ਮਨੁੱਖ ਗੁਰੂ ਨੂੰ ਮਿਲ ਕੇ (ਉਹ ਮਿਲਾਪ-ਰੂਪ ਕੀਮਤੀ) ਚੀਜ਼ ਲੱਭ ਲੈਂਦੇ ਹਨ ਜੇਹੜੀ ਇਹਨਾਂ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ।
ਹੇ ਨਾਨਕ! ਨਾਰਾਇਣ ਦੇ ਦਾਸ ਸਦਾ ਨਾਰਾਇਣ ਦਾ ਆਸਰਾ ਲਈ ਰੱਖਦੇ ਹਨ ॥੪॥੧੭॥੧੯॥
ਹੇ ਭਾਈ! ਜਿਸ ਮਨੁੱਖ ਨੂੰ ਰੱਖਣ-ਜੋਗ ਪ੍ਰਭੂ (ਕਾਮਾਦਿਕ ਵਿਕਾਰਾਂ ਤੋਂ) ਬਚਾਣਾ ਚਾਹੁੰਦਾ ਹੈ,
ਪ੍ਰਭੂ ਉਸ ਮਨੁੱਖ ਦਾ ਪੱਖ ਕਰਦਾ ਹੈ (ਉਸ ਦੀ ਮਦਦ ਕਰਦਾ ਹੈ) ॥੧॥ ਰਹਾਉ ॥
ਹੇ ਭਾਈ! (ਜਿਵੇਂ ਜੀਵ ਨੂੰ) ਮਾਂ ਦੇ ਪੇਟ ਵਿਚ ਅੱਗ ਦੁੱਖ ਨਹੀਂ ਦੇਂਦੀ,
(ਤਿਵੇਂ ਪ੍ਰਭੂ ਜਿਸ ਮਨੁੱਖ ਦਾ ਪੱਖ ਕਰਦਾ ਹੈ, ਉਸ ਨੂੰ) ਕਾਮ, ਕ੍ਰੋਧ, ਲੋਭ, ਮੋਹ (ਕੋਈ ਭੀ) ਆਪਣੇ ਦਬਾਉ ਵਿਚ ਨਹੀਂ ਲਿਆ ਸਕਦਾ।
ਉਹ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਦਾ ਹੈ,
(ਪਰ ਉਸ) ਦੀ ਨਿੰਦਾ ਕਰਨ ਵਾਲੇ ਮਨੁੱਖ ਦੇ ਸਿਰ ਉਤੇ ਸੁਆਹ ਪੈਂਦੀ ਹੈ (ਨਿੰਦਕ ਬਦਨਾਮੀ ਹੀ ਖੱਟਦਾ ਹੈ) ॥੧॥
ਹੇ ਭਾਈ! ਪਰਮਾਤਮਾ (ਦਾ ਨਾਮ) ਸੇਵਕ ਵਾਸਤੇ (ਸ਼ਸਤ੍ਰਾਂ ਦੀ ਮਾਰ ਤੋਂ ਬਚਾਣ ਵਾਲਾ) ਤੰਤ੍ਰ ਹੈ, ਸੰਜੋਅ ਹੈ।
(ਜਿਸ ਮਨੁੱਖ ਦੇ ਪਾਸ ਰਾਮ-ਨਾਮ ਦਾ ਕਵਚ ਹੈ ਸੰਜੋਅ ਹੈ) ਉਸ ਨੂੰ (ਕਾਮਾਦਿਕ) ਚੰਦਰੇ ਵੈਰੀ ਪੋਹ ਨਹੀਂ ਸਕਦੇ।
(ਪਰ) ਜੇਹੜਾ ਜੇਹੜਾ ਮਨੁੱਖ (ਆਪਣੀ ਤਾਕਤ ਦਾ) ਮਾਣ ਕਰਦਾ ਹੈ, ਉਹ (ਆਤਮਕ ਜੀਵਨ ਵਲੋਂ) ਤਬਾਹ ਹੋ ਜਾਂਦਾ ਹੈ।
ਗ਼ਰੀਬ ਦਾ ਆਸਰਾ ਸੇਵਕ ਦਾ ਆਸਰਾ ਪ੍ਰਭੂ ਆਪ ਹੈ ॥੨॥
ਹੇ ਭਾਈ! ਜੇਹੜਾ ਜੇਹੜਾ ਮਨੁੱਖ ਪ੍ਰਭੂ ਪਾਤਿਸ਼ਾਹ ਦੀ ਸਰਨੀ ਪੈ ਜਾਂਦਾ ਹੈ,
ਉਸ ਸੇਵਕ ਨੂੰ ਪ੍ਰਭੂ ਆਪਣੇ ਗਲ ਨਾਲ ਲਾ ਕੇ (ਦੁਸਟ ਦੂਤਾਂ ਤੋਂ) ਬਚਾ ਲੈਂਦਾ ਹੈ।
ਪਰ ਜੇਹੜਾ ਮਨੁੱਖ (ਆਪਣੀ ਹੀ ਤਾਕਤ ਉਤੇ) ਬੜਾ ਮਾਣ ਕਰਦਾ ਹੈ,
ਉਹ ਮਨੁੱਖਾਂ (ਇਹਨਾਂ ਦੂਤਾਂ ਦੇ ਟਾਕਰੇ ਤੇ) ਇਕ ਖਿਨ ਵਿਚ ਹੀ ਮਿੱਟੀ ਵਿਚ ਮਿਲ ਜਾਂਦਾ ਹੈ ॥੩॥
ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੁਣ ਭੀ ਮੌਜੂਦ ਹੈ, ਸਦਾ ਲਈ ਮੌਜੂਦ ਰਹੇਗਾ।
ਮੈਂ ਸਦਾ ਉਸੇ ਉਤੋਂ ਸਦਕੇ ਜਾਂਦਾ ਹਾਂ।
ਹੇ ਭਾਈ! ਪ੍ਰਭੂ ਆਪਣੇ ਦਾਸ ਨੂੰ ਕਿਰਪਾ ਕਰ ਕੇ (ਵਿਕਾਰਾਂ ਤੋਂ ਸਦਾ) ਬਚਾਂਦਾ ਹੈ।
ਨਾਨਕ ਦੇ ਪ੍ਰਭੂ ਜੀ ਆਪਣੇ ਦਾਸਾਂ ਦੀ ਜਿੰਦ ਦਾ ਆਸਰਾ ਹਨ ॥੪॥੧੮॥੨੦॥
ਹੇ ਭਾਈ! ਜਿਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਹਨ ਤੇ ਬੜੀਆਂ ਅਦੁਤੀ ਹਨ,
ਜੀਵਾਤਮਾ ਉਸ ਪਰਮਾਤਮਾ ਦਾ ਹੀ ਰੂਪ ਹੈ ਰਹਾਉ॥
(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਨਾਹ ਇਹ ਕਦੇ ਬੁੱਢਾ ਹੁੰਦਾ ਹੈ, ਨਾਹ ਹੀ ਇਹ ਕਦੇ ਬਾਲਕ (ਅਵਸਥਾ ਵਿਚ ਪਰ-ਅਧੀਨ) ਹੁੰਦਾ ਹੈ।
ਇਸ ਨੂੰ ਕੋਈ ਦੁੱਖ ਨਹੀਂ ਪੋਹ ਸਕਦਾ, ਜਮਾਂ ਦਾ ਜਾਲ ਫਸਾ ਨਹੀਂ ਸਕਦਾ।
(ਪਰਮਾਤਮਾ ਐਸਾ ਹੈ ਕਿ) ਨਾਹ ਇਹ ਕਦੇ ਮਰਦਾ ਹੈ ਨਾਹ ਜੰਮਦਾ ਹੈ,
ਇਹ ਤਾਂ ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ (ਹਰ ਥਾਂ) ਵਿਆਪਕ ਚਲਿਆ ਆ ਰਿਹਾ ਹੈ ॥੧॥
(ਹੇ ਭਾਈ! ਜੀਵਾਤਮਾ ਜਿਸ ਪ੍ਰਭੂ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਨੂੰ (ਵਿਕਾਰਾਂ ਦੀ) ਤਪਸ਼ ਨਹੀਂ ਪੋਹ ਸਕਦੀ (ਚਿੰਤਾ-ਫ਼ਿਕਰ ਦਾ) ਪਾਲਾ ਨਹੀਂ ਵਿਆਪ ਸਕਦਾ।
ਨਾਹ ਇਸ ਦਾ ਕੋਈ ਵੈਰੀ ਹੈ ਨਾਹ ਮਿੱਤਰ ਹੈ (ਕਿਉਂਕਿ ਇਸ ਦੇ ਬਰਾਬਰ ਦਾ ਕੋਈ ਨਹੀਂ)।
ਕੋਈ ਖ਼ੁਸ਼ੀ ਜਾਂ ਗ਼ਮੀ ਭੀ ਇਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ।
(ਜਗਤ ਦੀ) ਹਰੇਕ ਸ਼ੈ ਇਸੇ ਦੀ ਹੀ ਪੈਦਾ ਕੀਤੀ ਹੋਈ ਹੈ, ਇਹ ਸਭ ਕੁਝ ਕਰਨ ਦੇ ਸਮਰੱਥ ਹੈ ॥੨॥
(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਦਾ ਨਾਹ ਕੋਈ ਪਿਉ ਹੈ, ਨਾਹ ਇਸ ਦੀ ਮਾਂ ਹੈ।
ਇਹ ਤਾਂ ਪਰੇ ਤੋਂ ਪਰੇ ਹੈ, ਤੇ ਸਦਾ ਹੀ ਹੋਂਦ ਵਾਲਾ ਹੈ।
ਪਾਪਾਂ ਅਤੇ ਪੁੰਨਾਂ ਦਾ ਭੀ ਇਸ ਉਤੇ ਕੋਈ ਅਸਰ ਨਹੀਂ ਪੈਂਦਾ।
ਇਹ ਪ੍ਰਭੂ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ, ਅਤੇ ਸਦਾ ਹੀ ਸੁਚੇਤ ਰਹਿੰਦਾ ਹੈ ॥੩॥
(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ) ਇਹ ਬੜੀ ਡਾਢੀ ਮਾਇਆ ਉਸੇ ਦਾ ਹੀ ਪਰਛਾਵਾਂ ਹੈ,
ਇਹ ਤਿੰਨਾਂ ਗੁਣਾਂ ਵਾਲੀ ਮਾਇਆ ਉਸੇ ਨੇ ਹੀ ਪੈਦਾ ਕੀਤੀ ਹੈ।
ਉਸ ਪ੍ਰਭੂ ਨੂੰ (ਕੋਈ ਵਿਕਾਰ) ਛਲ ਨਹੀਂ ਸਕਦਾ, ਵਿੰਨ੍ਹ ਨਹੀਂ ਸਕਦਾ, ਉਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹ ਦਇਆ ਦਾ ਘਰ ਹੈ,
ਉਹ ਦੀਨਾਂ ਉਤੇ ਸਦਾ ਦਇਆ ਕਰਨ ਵਾਲਾ ਹੈ, ਤੇ, ਦਇਆ ਦਾ ਸੋਮਾ ਹੈ।
ਉਹ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਭੇਤ ਲੱਭਿਆ ਨਹੀਂ ਜਾ ਸਕਦਾ।
ਨਾਨਕ ਉਸ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹੈ ॥੪॥੧੯॥੨੧॥