(ਹੇ ਪ੍ਰਭੂ! ਮੇਹਰ ਕਰ) ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ, ਮੈਨੂੰ ਤੇਰਾ ਕੀਤਾ ਚੰਗਾ ਲੱਗਦਾ ਰਹੇ।
ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਉਸੇ ਵਿਚ ਹੀ (ਮੇਰਾ) ਇਹ ਮਨ ਸੰਤੁਸ਼ਟ ਰਹੇ, ਮੈਂ ਕਿਸੇ ਭੀ ਹੋਰ ਪਾਸੇ ਭਟਕਦਾ ਨਾਹ ਫਿਰਾਂ ॥੨॥
ਹੇ ਮੇਰੇ ਮਾਲਕ-ਪ੍ਰਭੂ! ਮੈਂ ਤੈਨੂੰ ਸਦਾ ਆਪਣੇ ਨੇੜੇ (ਵੱਸਦਾ) ਜਾਣਦਾ ਰਹਾਂ। ਹੇ ਭਾਈ! ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਚਾਹੀਦਾ ਹੈ।
ਜਦੋਂ ਗੁਰੂ ਦੀ ਸੰਗਤਿ ਹਾਸਲ ਹੁੰਦੀ ਹੈ, ਤਦੋਂ ਆਪਣੇ ਪ੍ਰਭੂ ਨੂੰ ਲੱਭ ਲਈਦਾ ਹੈ ॥੩॥
ਹੇ ਪ੍ਰਭੂ! ਅਸੀਂ ਜੀਵ ਸਦਾ ਹੀ ਤੇਰੇ ਅੰਞਾਣ ਬੱਚੇ ਹਾਂ, ਤੂੰ ਸਾਡੀ ਮਾਂ ਹੈ ਸਾਡਾ ਪਿਉ ਹੈਂ।
ਹੇ ਨਾਨਕ! (ਆਖ-ਮੇਹਰ ਕਰ!) ਤੇਰਾ ਨਾਮ ਸਾਡੇ ਮੂੰਹ ਵਿਚ ਰਹੇ (ਜਿਵੇਂ) ਮਾਪੇ ਆਪਣੇ ਬੱਚੇ ਦੇ ਮੂੰਹ ਵਿਚ ਦੁੱਧ (ਪਾਂਦੇ ਰਹਿੰਦੇ ਹਨ) ॥੪॥੩॥੫॥
ਰਾਗ ਟੋਡੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮਾਲਕ ਪ੍ਰਭੂ! ਮੈਂ (ਤੇਰੇ ਪਾਸੋਂ ਤੇਰੇ) ਨਾਮ ਦਾ ਦਾਨ ਮੰਗਦਾ ਹਾਂ।
ਕੋਈ ਭੀ ਹੋਰ ਚੀਜ਼ ਮੇਰੇ ਨਾਲ ਨਹੀਂ ਜਾ ਸਕਦੀ। ਜੇ ਤੇਰੀ ਕਿਰਪਾ ਹੋਵੇ, ਤਾਂ ਮੈਨੂੰ ਤੇਰੀ ਸਿਫ਼ਤਿ-ਸਾਲਾਹ ਮਿਲ ਜਾਏ ॥੧॥ ਰਹਾਉ ॥
ਹੇ ਭਾਈ! ਹੁਕੂਮਤ, ਧਨ, ਤੇ, ਅਨੇਕਾਂ ਪਦਾਰਥਾਂ ਦੇ ਸੁਆਦ-ਇਹ ਸਾਰੇ ਰੁੱਖ ਦੀ ਛਾਂ ਵਰਗੇ ਹਨ (ਸਦਾ ਇੱਕ ਥਾਂ ਟਿਕੇ ਨਹੀਂ ਰਹਿ ਸਕਦੇ)।
ਮਨੁੱਖ (ਇਹਨਾਂ ਦੀ ਖ਼ਾਤਰ) ਸਦਾ ਹੀ ਕਈ ਤਰੀਕਿਆਂ ਨਾਲ ਦੌੜ-ਭੱਜ ਕਰਦਾ ਰਹਿੰਦਾ ਹੈ, ਪਰ ਉਸ ਦੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ॥੧॥
(ਹੇ ਭਾਈ!) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਹੋਰ ਹੋਰ ਹੀ ਮੰਗਦਾ ਰਹਾਂ, ਤਾਂ ਇਹ ਸਾਰੀ ਗੱਲ ਕੱਚੀ ਹੈ।
ਨਾਨਕ ਆਖਦਾ ਹੈ- (ਹੇ ਭਾਈ!) ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, (ਤਾ ਕਿ) ਮੇਰਾ ਮਨ (ਦੁਨੀਆ ਵਾਲੀ ਦੌੜ-ਭੱਜ ਤੋਂ) ਟਿਕਾਣਾ ਹਾਸਲ ਕਰ ਸਕੇ ॥੨॥੧॥੬॥
ਹੇ ਭਾਈ! ਪ੍ਰਭੂ ਜੀ ਦਾ ਨਾਮ (ਹੀ) ਮਨ ਨੂੰ ਆਸਰਾ ਦੇਂਦਾ ਹੈ।
ਨਾਮ ਹੀ ਇਸ ਮਨ ਦੇ ਵਾਸਤੇ ਜਿੰਦ-ਜਾਨ ਹੈ, ਤੇ, ਸੁਖ ਹੈ। ਮੇਰੇ ਵਾਸਤੇ ਤਾਂ ਹਰਿ-ਨਾਮ ਹੀ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਹੈ ॥੧॥ ਰਹਾਉ ॥
ਹੇ ਭਾਈ! ਪ੍ਰਭੂ ਦਾ ਨਾਮ (ਹੀ ਮੇਰੇ ਵਾਸਤੇ ਉੱਚੀ) ਜਾਤਿ ਹੈ, ਹਰਿ-ਨਾਮ ਹੀ ਮੇਰੀ ਇੱਜ਼ਤ ਹੈ, ਹਰਿ-ਨਾਮ ਹੀ ਮੇਰਾ ਪਰਵਾਰ ਹੈ।
ਪ੍ਰਭੂ ਦਾ ਨਾਮ (ਹੀ ਮੇਰਾ) ਮਿੱਤਰ ਹੈ (ਜੋ) ਸਦਾ ਮੇਰੇ ਨਾਲ ਰਹਿੰਦਾ ਹੈ। ਪਰਮਾਤਮਾ ਦਾ ਨਾਮ (ਹੀ) ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਹੈ ॥੧॥
ਹੇ ਭਾਈ! ਵਿਸ਼ਿਆਂ ਦੇ ਭੋਗ ਬਥੇਰੇ ਦੱਸੇ ਜਾਂਦੇ ਹਨ, ਪਰ ਕੋਈ ਭੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਂਦੀ।
(ਇਸ ਵਾਸਤੇ) ਨਾਨਕ ਦਾ ਸਭ ਤੋਂ ਪਿਆਰਾ ਮਿੱਤਰ ਪ੍ਰਭੂ ਦਾ ਨਾਮ (ਹੀ) ਹੈ। ਪ੍ਰਭੂ ਦਾ ਨਾਮ ਹੀ ਮੇਰੇ ਖ਼ਜ਼ਾਨੇ ਵਿਚ (ਧਨ) ਹੈ ॥੨॥੨॥੭॥
ਹੇ ਭਾਈ! ਪਰਮਾਤਮਾ ਦੇ ਸੋਹਣੇ ਗੁਣ ਗਾਂਦਾ ਰਿਹਾ ਕਰ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸਾਰੇ ਰੋਗ ਮਿਟ ਜਾਂਦੇ ਹਨ।
(ਇਸ ਤਰ੍ਹਾਂ) ਤੇਰਾ ਇਹ ਲੋਕ ਅਤੇ ਪਰਲੋਕ ਸੰਵਰ ਜਾਣਗੇ, ਮਨ ਪਵਿਤ੍ਰ ਹੋ ਜਾਇਗਾ, (ਲੋਕ ਪਰਲੋਕ ਵਿਚ) ਮੂੰਹ ਭੀ ਰੌਸ਼ਨ ਰਹੇਗਾ ॥੧॥ ਰਹਾਉ ॥
ਹੇ ਭਾਈ! ਮੈਂ (ਤਾਂ) ਗੁਰੂ ਦੇ ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ, ਆਪਣਾ ਮਨ ਗੁਰੂ ਅੱਗੇ ਭੇਟ ਕਰਦਾ ਹਾਂ (ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ)।
ਹੇ ਭਾਈ! ਤੂੰ ਭੀ (ਗੁਰੂ ਦੀ ਸਰਨ ਪੈ ਕੇ) ਆਪਾ-ਭਾਵ, (ਮਾਇਆ ਵਾਲਾ) ਝਗੜਾ ਅਤੇ ਅਹੰਕਾਰ ਤਿਆਗ, ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੁੰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨ ॥੧॥
(ਪਰ) ਗੁਰੂ ਦੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਦੇ ਮੱਥੇ ਉਤੇ (ਧੁਰੋਂ ਇਹ) ਲੇਖ ਲਿਖਿਆ ਹੁੰਦਾ ਹੈ।
ਨਾਨਕ ਆਖਦਾ ਹੈ- ਉਸ ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ (ਇਹ ਮੇਹਰ) ਕਰਨ ਜੋਗਾ ਨਹੀਂ ਹੈ ॥੨॥੩॥੮॥
ਹੇ ਗੁਰੂ! ਮੈਂ ਤੇਰੀ ਸਰਨ ਆਇਆ ਹਾਂ।
ਮੇਰੀ ਚਿੰਤਾ ਦੂਰ ਕਰ (ਮੇਹਰ ਕਰ, ਤੇਰੇ ਦਰ ਤੋਂ ਮੈਨੂੰ) ਪਰਮਾਤਮਾ ਦਾ ਨਾਮ ਮਿਲ ਜਾਏ, (ਇਹੀ ਮੇਰੇ ਵਾਸਤੇ) ਸੁਖ (ਹੈ, ਇਹੀ ਮੇਰੇ ਵਾਸਤੇ) ਸੋਭਾ (ਹੈ) ॥੧॥ ਰਹਾਉ ॥
ਹੇ ਪ੍ਰਭੂ! (ਮੈਂ ਹੋਰ ਆਸਰਿਆਂ ਵਲੋਂ) ਹਾਰ ਕੇ ਤੇਰੇ ਦਰ ਤੇ ਆ ਪਿਆ ਹਾਂ, ਹੁਣ ਮੈਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ।
ਹੇ ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾਹ ਕਰ, ਅਸੀਂ ਤਦੋਂ ਹੀ ਸੁਰਖ਼ਰੂ ਹੋ ਸਕਦੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਨਾਹ ਹੀ ਕੀਤਾ ਜਾਏ। ਹੇ ਪ੍ਰਭੂ! ਸਾਨੂੰ ਗੁਣਹੀਨ ਜੀਵਾਂ ਨੂੰ (ਵਿਕਾਰਾਂ ਤੋਂ ਤੂੰ ਆਪ) ਬਚਾ ਲੈ ॥੧॥
ਹੇ ਭਾਈ! ਪਰਮਾਤਮਾ ਸਦਾ ਬਖ਼ਸ਼ਸ਼ ਕਰਨ ਵਾਲਾ ਹੈ, ਸਦਾ ਮੇਹਰ ਕਰਨ ਵਾਲਾ ਹੈ, ਉਹ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ।
ਹੇ ਦਾਸ ਨਾਨਕ! (ਤੂੰ ਭੀ ਅਰਜ਼ੋਈ ਕਰ ਤੇ ਆਖ-) ਮੈਂ ਗੁਰੂ ਦੀ ਸਰਨ ਆ ਪਿਆ ਹਾਂ, ਮੈਨੂੰ ਇਸ ਜਨਮ ਵਿਚ (ਵਿਕਾਰਾਂ ਤੋਂ) ਬਚਾਈ ਰੱਖ ॥੨॥੪॥੯॥
ਹੇ ਭਾਈ! (ਸਾਰੇ ਸੁਖਾਂ ਦੇ) ਖ਼ਜ਼ਾਨੇ ਗੋਪਾਲ-ਪ੍ਰਭੂ ਦੇ ਗੁਣ ਜੀਭ ਨਾਲ ਗਾਂਵਿਆਂ-
ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਸੁਖ ਪੈਦਾ ਹੁੰਦਾ ਹੈ, ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੧॥ ਰਹਾਉ ॥