ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 872


ਗੋਂਡ ॥

ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥

ਹੇ ਭਾਈ! ਜਿਸ ਮਨੁੱਖ ਦੇ ਘਰ ਵਿਚ (ਘਰ ਦੀ ਸੁਹੱਪਣ) ਮਾਇਆ ਨਹੀਂ ਹੈ,

ਆਵਤ ਪਹੀਆ ਖੂਧੇ ਜਾਹਿ ॥

ਉਸ ਘਰ ਆਏ ਪਾਂਧੀ ਭੁੱਖੇ ਚਲੇ ਜਾਂਦੇ ਹਨ।

ਵਾ ਕੈ ਅੰਤਰਿ ਨਹੀ ਸੰਤੋਖੁ ॥

ਉਸ ਘਰ ਦੇ ਮਾਲਕ ਦੇ ਹਿਰਦੇ ਵਿਚ ਭੀ ਧਰਵਾਸ ਨਹੀਂ ਬਣਦਾ।

ਬਿਨੁ ਸੋਹਾਗਨਿ ਲਾਗੈ ਦੋਖੁ ॥੧॥

ਸੋ, ਮਾਇਆ ਤੋਂ ਬਿਨਾ ਗ੍ਰਿਹਸਤ ਉੱਤੇ ਗਿਲਾ ਆਉਂਦਾ ਹੈ ॥੧॥

ਧਨੁ ਸੋਹਾਗਨਿ ਮਹਾ ਪਵੀਤ ॥

ਸਦਾ ਖਸਮ-ਵਤੀ ਰਹਿਣ ਵਾਲੀ ਮਾਇਆ ਧੰਨ ਹੈ, (ਇਹ ਮਾੜੀ ਨਹੀਂ) ਬੜੀ ਪਵਿੱਤਰ ਹੈ।

ਤਪੇ ਤਪੀਸਰ ਡੋਲੈ ਚੀਤ ॥੧॥ ਰਹਾਉ ॥

(ਇਸ ਤੋਂ ਬਿਨਾ) ਵੱਡੇ ਵੱਡੇ ਤਪੀਆਂ ਦੇ ਮਨ (ਭੀ) ਡੋਲ ਜਾਂਦੇ ਹਨ (ਭਾਵ, ਜੇ ਸਰੀਰ ਦੇ ਨਿਰਬਾਹ ਲਈ ਮਾਇਆ ਨਾਹ ਮਿਲੇ ਤਾਂ ਤਪੀ ਭੀ ਘਾਬਰ ਜਾਂਦੇ ਹਨ) ॥੧॥ ਰਹਾਉ ॥

ਸੋਹਾਗਨਿ ਕਿਰਪਨ ਕੀ ਪੂਤੀ ॥

ਪਰ ਇਹ ਮਾਇਆ ਸ਼ੂਮਾਂ ਦੀ ਧੀ ਬਣ ਕੇ ਰਹਿੰਦੀ ਹੈ, (ਭਾਵ, ਸ਼ੂਮ ਇਕੱਠੀ ਹੀ ਕਰੀ ਜਾਂਦਾ ਹੈ, ਵਰਤਦਾ ਨਹੀਂ)।

ਸੇਵਕ ਤਜਿ ਜਗਤ ਸਿਉ ਸੂਤੀ ॥

ਪ੍ਰਭੂ ਦੇ ਸੇਵਕਾਂ ਤੋਂ ਬਿਨਾ ਹੋਰ ਸਭ ਨੂੰ ਇਸ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੈ।

ਸਾਧੂ ਕੈ ਠਾਢੀ ਦਰਬਾਰਿ ॥

ਭਗਤ-ਜਨ ਦੇ ਦਰ ਤੇ ਖਲੋਤੀ (ਪੁਕਾਰਦੀ ਹੈ ਕਿ),

ਸਰਨਿ ਤੇਰੀ ਮੋ ਕਉ ਨਿਸਤਾਰਿ ॥੨॥

ਮੈਂ ਤੇਰੀ ਸ਼ਰਨ ਆਈ ਹਾਂ, ਮੈਨੂੰ ਬਚਾ ਲੈ ॥੨॥

ਸੋਹਾਗਨਿ ਹੈ ਅਤਿ ਸੁੰਦਰੀ ॥

ਮਾਇਆ ਬੜੀ ਸੁਹਣੀ ਹੈ।

ਪਗ ਨੇਵਰ ਛਨਕ ਛਨਹਰੀ ॥

ਇਸ ਦੇ ਪੈਰੀਂ, ਮਾਨੋ, ਝਾਂਜਰਾਂ ਛਣ-ਛਣ ਕਰ ਰਹੀਆਂ ਹਨ।

ਜਉ ਲਗੁ ਪ੍ਰਾਨ ਤਊ ਲਗੁ ਸੰਗੇ ॥

(ਉਂਞ) ਜਦ ਤਕ ਮਨੁੱਖ ਦੇ ਅੰਦਰ ਜਿੰਦ ਹੈ ਤਦ ਤਕ ਹੀ ਇਹ ਨਾਲ ਰਹਿੰਦੀ ਹੈ,

ਨਾਹਿ ਤ ਚਲੀ ਬੇਗਿ ਉਠਿ ਨੰਗੇ ॥੩॥

ਨਹੀਂ ਤਾਂ (ਭਾਵ, ਜਿੰਦ ਨਿਕਲਦਿਆਂ ਹੀ) ਇਹ ਭੀ ਨੰਗੀ ਪੈਰੀਂ ਉੱਠ ਭੱਜਦੀ ਹੈ (ਭਾਵ, ਉਸੇ ਵੇਲੇ ਸਾਥ ਛੱਡ ਜਾਂਦੀ ਹੈ) ॥੩॥

ਸੋਹਾਗਨਿ ਭਵਨ ਤ੍ਰੈ ਲੀਆ ॥

ਇਸ ਮਾਇਆ ਨੇ ਸਾਰੇ ਜਗਤ ਦੇ ਜੀਵਾਂ ਨੂੰ ਵੱਸ ਕੀਤਾ ਹੋਇਆ ਹੈ,

ਦਸ ਅਠ ਪੁਰਾਣ ਤੀਰਥ ਰਸ ਕੀਆ ॥

ਅਠਾਰਾਂ ਪੁਰਾਨ ਪੜ੍ਹਨ ਵਾਲੇ ਤੇ ਤੀਰਥਾਂ ਉੱਤੇ ਜਾਣ ਵਾਲਿਆਂ ਨੂੰ ਭੀ ਮੋਹ ਲਿਆ ਹੈ,

ਬ੍ਰਹਮਾ ਬਿਸਨੁ ਮਹੇਸਰ ਬੇਧੇ ॥

ਬ੍ਰਹਮਾ, ਵਿਸ਼ਨੂ ਤੇ ਸ਼ਿਵ (ਵਰਗੇ ਦੇਵਤੇ) ਇਸ ਨੇ ਵਿੰਨ੍ਹ ਰੱਖੇ ਹਨ,

ਬਡੇ ਭੂਪਤਿ ਰਾਜੇ ਹੈ ਛੇਧੇ ॥੪॥

ਸਭ ਰਾਜੇ ਰਾਣੇ ਭੀ ਇਸ ਨੇ ਨਕੇਲੇ ਹੋਏ ਹਨ ॥੪॥

ਸੋਹਾਗਨਿ ਉਰਵਾਰਿ ਨ ਪਾਰਿ ॥

ਇਹ ਮਾਇਆ ਵੱਡੇ ਪਸਾਰੇ ਵਾਲੀ ਹੈ, ਇਸ ਦਾ ਅੰਤ ਨਹੀਂ ਪੈ ਸਕਦਾ;

ਪਾਂਚ ਨਾਰਦ ਕੈ ਸੰਗਿ ਬਿਧਵਾਰਿ ॥

ਪੰਜਾਂ ਹੀ ਗਿਆਨ-ਇੰਦ੍ਰਿਆਂ ਨਾਲ ਰਲੀ-ਮਿਲੀ ਰਹਿੰਦੀ ਹੈ।

ਪਾਂਚ ਨਾਰਦ ਕੇ ਮਿਟਵੇ ਫੂਟੇ ॥

ਕਿਉਂਕਿ ਮੇਰੇ ਪੰਜੇ ਹੀ ਇੰਦ੍ਰਿਆਂ ਦੇ ਭਾਂਡੇ ਭੱਜ ਗਏ ਹਨ (ਭਾਵ, ਗਿਆਨ-ਇੰਦ੍ਰਿਆਂ ਉੱਤੇ ਇਸ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ),

ਕਹੁ ਕਬੀਰ ਗੁਰ ਕਿਰਪਾ ਛੂਟੇ ॥੫॥੫॥੮॥

(ਇਸ ਕਰਕੇ) ਕਬੀਰ ਆਖਦਾ ਹੈ- ਮੈਂ ਸਤਿਗੁਰੂ ਦੀ ਕਿਰਪਾ ਨਾਲ ਇਸ (ਦੀ ਮਾਰ) ਤੋਂ ਬਚ ਗਿਆ ਹਾਂ ॥੫॥੫॥੮॥

ਗੋਂਡ ॥

ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ ॥

ਜਿਵੇਂ ਘਰ ਵਿਚ ਸ਼ਤੀਰ ਹੈ (ਸ਼ਤੀਰ ਤੋਂ ਬਿਨਾ ਘਰ ਦਾ ਛੱਤ) ਨਹੀਂ ਠਹਿਰ ਸਕਦਾ,

ਨਾਮ ਬਿਨਾ ਕੈਸੇ ਪਾਰਿ ਉਤਰੈ ॥

ਇਸੇ ਤਰ੍ਹਾਂ ਪ੍ਰਭੂ ਤੇ ਨਾਮ ਤੋਂ ਬਿਨਾ (ਮਨੁੱਖ ਦਾ ਮਨ ਸੰਸਾਰ-ਸਮੁੰਦਰ ਦੇ ਘੁੰਮਣ-ਘੇਰਾਂ ਵਿਚੋਂ) ਪਾਰ ਨਹੀਂ ਲੰਘ ਸਕਦਾ।

ਕੁੰਭ ਬਿਨਾ ਜਲੁ ਨਾ ਟੀਕਾਵੈ ॥

ਜਿਵੇਂ ਘੜੇ ਤੋਂ ਬਿਨਾ ਪਾਣੀ ਨਹੀਂ ਟਿਕ ਸਕਦਾ,

ਸਾਧੂ ਬਿਨੁ ਐਸੇ ਅਬਗਤੁ ਜਾਵੈ ॥੧॥

ਤਿਵੇਂ ਗੁਰੂ ਤੋਂ ਬਿਨਾ (ਮਨੁੱਖ ਦਾ ਮਨ ਨਹੀਂ ਟਿਕਦਾ ਤੇ ਮਨੁੱਖ ਦੁਨੀਆ ਤੋਂ) ਭੈੜੇ ਹਾਲ ਹੀ ਜਾਂਦਾ ਹੈ ॥੧॥

ਜਾਰਉ ਤਿਸੈ ਜੁ ਰਾਮੁ ਨ ਚੇਤੈ ॥

ਮੈਂ ਉਸ (ਮਨ) ਨੂੰ ਸਾੜ ਦਿਆਂ ਜੋ ਪ੍ਰਭੂ ਨੂੰ ਨਹੀਂ ਸਿਮਰਦਾ,

ਤਨ ਮਨ ਰਮਤ ਰਹੈ ਮਹਿ ਖੇਤੈ ॥੧॥ ਰਹਾਉ ॥

ਤੇ ਸਦਾ ਸਰੀਰਕ ਭੋਗਾਂ ਵਿਚ ਹੀ ਖਚਿਤ ਰਹਿੰਦਾ ਹੈ ॥੧॥ ਰਹਾਉ ॥

ਜੈਸੇ ਹਲਹਰ ਬਿਨਾ ਜਿਮੀ ਨਹੀ ਬੋਈਐ ॥

ਜਿਵੇਂ ਕਿਸਾਨ ਤੋਂ ਬਿਨਾ ਜ਼ਮੀਨ ਨਹੀਂ ਬੀਜੀ ਜਾ ਸਕਦੀ,

ਸੂਤ ਬਿਨਾ ਕੈਸੇ ਮਣੀ ਪਰੋਈਐ ॥

ਸੂਤਰ ਤੋਂ ਬਿਨਾ ਮਣਕੇ ਪਰੋਏ ਨਹੀਂ ਜਾ ਸਕਦੇ।

ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ ॥

ਘੁੰਡੀ ਤੋਂ ਬਿਨਾ ਗੰਢ ਨਹੀਂ ਪਾਈ ਜਾ ਸਕਦੀ;

ਸਾਧੂ ਬਿਨੁ ਤੈਸੇ ਅਬਗਤੁ ਜਾਈਐ ॥੨॥

ਤਿਵੇਂ ਹੀ ਗੁਰੂ ਦੀ ਸ਼ਰਨ ਤੋਂ ਬਿਨਾ ਮਨੁੱਖ ਭੈੜੇ ਹਾਲ ਹੀ ਜਾਂਦਾ ਹੈ ॥੨॥

ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥

ਜਿਵੇਂ ਮਾਂ ਪਿਉ (ਦੇ ਮੇਲ) ਤੋਂ ਬਿਨਾ ਬਾਲ ਨਹੀਂ ਜੰਮਦਾ,

ਬਿੰਬ ਬਿਨਾ ਕੈਸੇ ਕਪਰੇ ਧੋਈ ॥

ਪਾਣੀ ਤੋਂ ਬਿਨਾ ਕੱਪੜੇ ਨਹੀਂ ਧੁਪਦੇ,

ਘੋਰ ਬਿਨਾ ਕੈਸੇ ਅਸਵਾਰ ॥

ਘੋੜੇ ਤੋਂ ਬਿਨਾ ਮਨੁੱਖ ਅਸਵਾਰ ਨਹੀਂ ਅਖਵਾ ਸਕਦਾ,

ਸਾਧੂ ਬਿਨੁ ਨਾਹੀ ਦਰਵਾਰ ॥੩॥

ਤਿਵੇਂ ਗੁਰੂ ਤੋਂ ਬਿਨਾ ਪ੍ਰਭੂ ਦੇ ਦਰ ਦੀ ਪ੍ਰਾਪਤੀ ਨਹੀਂ ਹੁੰਦੀ ॥੩॥

ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ ॥

ਸਾਜ਼ਾਂ ਤੋਂ ਬਿਨਾ ਜਿਵੇਂ ਨਾਚ ਨਹੀਂ ਹੋ ਸਕਦਾ,

ਖਸਮਿ ਦੁਹਾਗਨਿ ਤਜਿ ਅਉਹੇਰੀ ॥

(ਤਿਵੇਂ ਖਸਮ ਤੋਂ ਬਿਨਾ ਇਸਤ੍ਰੀ ਸੁਹਾਗਣ ਨਹੀਂ ਹੋ ਸਕਦੀ) ਦੁਹਾਗਣ (ਭੈੜੇ ਸੁਭਾਉ ਵਾਲੀ ਇਸਤ੍ਰੀ) ਨੂੰ ਖਸਮ ਨੇ ਤਿਆਗ ਕੇ ਸਦਾ ਦੁਰਕਾਰ ਹੀ ਦਿੱਤਾ ਹੁੰਦਾ ਹੈ।

ਕਹੈ ਕਬੀਰੁ ਏਕੈ ਕਰਿ ਕਰਨਾ ॥

ਕਬੀਰ ਆਖਦਾ ਹੈ-ਇੱਕੋ ਹੀ ਕਰਨ-ਜੋਗ ਕੰਮ ਕਰ,

ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥੪॥੬॥੯॥

ਗੁਰੂ ਦੇ ਸਨਮੁਖ ਹੋ (ਤੇ ਨਾਮ ਸਿਮਰ) ਫਿਰ ਫਿਰ ਜੰਮਣਾ-ਮਰਨਾ ਨਹੀਂ ਪਏਗਾ ॥੪॥੬॥੯॥

ਗੋਂਡ ॥

ਕੂਟਨੁ ਸੋਇ ਜੁ ਮਨ ਕਉ ਕੂਟੈ ॥

(ਤੁਸੀ 'ਕੂਟਨ' ਠੱਗ ਨੂੰ ਆਖਦੇ ਹੋ, ਪਰ) ਕੂਟਨ ਉਹ ਭੀ ਹੈ ਜੋ ਆਪਣੇ ਮਨ ਨੂੰ ਮਾਰਦਾ ਹੈ,

ਮਨ ਕੂਟੈ ਤਉ ਜਮ ਤੇ ਛੂਟੈ ॥

ਤੇ ਜੋ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ ਉਹ ਜਮਾਂ ਤੋਂ ਬਚ ਜਾਂਦਾ ਹੈ।

ਕੁਟਿ ਕੁਟਿ ਮਨੁ ਕਸਵਟੀ ਲਾਵੈ ॥

ਜੋ ਮਨੁੱਖ ਮੁੜ ਮੁੜ ਮਨ ਨੂੰ ਮਾਰ ਕੇ (ਫਿਰ ਉਸ ਦੀ) ਜਾਂਚ-ਪੜਤਾਲ ਕਰਦਾ ਰਹਿੰਦਾ ਹੈ;

ਸੋ ਕੂਟਨੁ ਮੁਕਤਿ ਬਹੁ ਪਾਵੈ ॥੧॥

ਉਹ (ਆਪਣੇ ਮਨ ਨੂੰ ਕੁੱਟਣ ਵਾਲਾ) 'ਕੂਟਨ' ਮੁਕਤੀ ਹਾਸਲ ਕਰ ਲੈਂਦਾ ਹੈ ॥੧॥

ਕੂਟਨੁ ਕਿਸੈ ਕਹਹੁ ਸੰਸਾਰ ॥

ਹੇ ਜਗਤ ਦੇ ਲੋਕੋ! ਤੁਸੀ 'ਕੂਟਨ' ਕਿਸ ਨੂੰ ਆਖਦੇ ਹੋ?

ਸਗਲ ਬੋਲਨ ਕੇ ਮਾਹਿ ਬੀਚਾਰ ॥੧॥ ਰਹਾਉ ॥

ਸਭ ਲਫ਼ਜ਼ਾਂ ਦੇ ਵਖੋ-ਵਖ ਭਾਵ ਹੋ ਸਕਦੇ ਹਨ ॥੧॥ ਰਹਾਉ ॥

ਨਾਚਨੁ ਸੋਇ ਜੁ ਮਨ ਸਿਉ ਨਾਚੈ ॥

(ਤੁਸੀ 'ਨਾਚਨ' ਕੰਜਰ ਨੂੰ ਆਖਦੇ ਹੋ, ਪਰ ਸਾਡੇ ਖ਼ਿਆਲ ਅਨੁਸਾਰ) 'ਨਾਚਨ' ਉਹ ਹੈ ਜੋ (ਸਰੀਰ ਨਾਲ ਨਹੀਂ) ਮਨ ਨਾਲ ਨੱਚਦਾ ਹੈ,

ਝੂਠਿ ਨ ਪਤੀਐ ਪਰਚੈ ਸਾਚੈ ॥

ਝੂਠ ਵਿਚ ਨਹੀਂ ਪਰਚਦਾ, ਸੱਚ ਨਾਲ ਪਤੀਜਦਾ ਹੈ,

ਇਸੁ ਮਨ ਆਗੇ ਪੂਰੈ ਤਾਲ ॥

ਮਨ ਨੂੰ ਆਤਮਕ ਉਮਾਹ ਵਿਚ ਲਿਆਉਣ ਦੇ ਜਤਨ ਕਰਦਾ ਹੈ;

ਇਸੁ ਨਾਚਨ ਕੇ ਮਨ ਰਖਵਾਲ ॥੨॥

ਅਜਿਹੇ 'ਨਾਚਨ' ਦੇ ਮਨ ਦਾ ਰਾਖਾ (ਪ੍ਰਭੂ ਆਪ ਬਣਦਾ ਹੈ) ॥੨॥

ਬਜਾਰੀ ਸੋ ਜੁ ਬਜਾਰਹਿ ਸੋਧੈ ॥

(ਤੁਸੀ 'ਬਜਾਰੀ' ਮਸ਼ਕਰੇ ਨੂੰ ਆਖਦੇ ਹੋ, ਪਰ) 'ਬਜਾਰੀ' ਉਹ ਹੈ ਜੋ ਆਪਣੇ ਸਰੀਰ-ਰੂਪ ਬਜ਼ਾਰ ਨੂੰ ਪੜਤਾਲਦਾ ਹੈ,

ਪਾਂਚ ਪਲੀਤਹ ਕਉ ਪਰਬੋਧੈ ॥

ਪੰਜਾਂ ਹੀ ਵਿਗੜੇ ਹੋਏ ਗਿਆਨ-ਇੰਦ੍ਰਿਆਂ ਨੂੰ ਜਗਾਉਂਦਾ ਹੈ,

ਨਉ ਨਾਇਕ ਕੀ ਭਗਤਿ ਪਛਾਨੈ ॥

ਨੌ ਖੰਡ ਧਰਤੀ ਦੇ ਮਾਲਕ-ਪ੍ਰਭੂ ਦੀ ਬੰਦਗੀ ਕਰਨ ਦੀ ਜਾਚ ਸਿੱਖਦਾ ਹੈ;

ਸੋ ਬਾਜਾਰੀ ਹਮ ਗੁਰ ਮਾਨੇ ॥੩॥

ਅਸੀਂ ਅਜਿਹੇ 'ਬਜਾਰੀ' ਨੂੰ ਵੱਡਾ (ਸ੍ਰੇਸ਼ਟ) ਮਨੁੱਖ ਮੰਨਦੇ ਹਾਂ ॥੩॥

ਤਸਕਰੁ ਸੋਇ ਜਿ ਤਾਤਿ ਨ ਕਰੈ ॥

(ਤੁਸੀ 'ਤਸਕਰ' ਚੋਰ ਨੂੰ ਆਖਦੇ ਹੋ, ਪਰ) 'ਤਸਕਰ' ਉਹ ਹੈ ਜੋ ਤਾਤਿ (ਈਰਖਾ ਨੂੰ ਆਪਣੇ ਮਨ ਵਿਚੋਂ ਚੁਰਾ ਲੈ ਜਾਂਦਾ ਹੈ) ਨਹੀਂ ਕਰਦਾ,

ਇੰਦ੍ਰੀ ਕੈ ਜਤਨਿ ਨਾਮੁ ਉਚਰੈ ॥

ਜੋ ਇੰਦ੍ਰਿਆਂ ਨੂੰ ਵੱਸ ਵਿਚ ਕਰ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ।

ਕਹੁ ਕਬੀਰ ਹਮ ਐਸੇ ਲਖਨ ॥

ਕਬੀਰ ਆਖਦਾ ਹੈ- ਜਿਸ ਦੀ ਬਰਕਤ ਨਾਲ ਮੈਂ ਇਹ ਲੱਛਣ (ਗੁਣ) ਪ੍ਰਾਪਤ ਕੀਤੇ ਹਨ,

ਧੰਨੁ ਗੁਰਦੇਵ ਅਤਿ ਰੂਪ ਬਿਚਖਨ ॥੪॥੭॥੧੦॥

ਮੇਰਾ ਉਹ ਗੁਰੂ, ਸੁਹਣਾ ਸਿਆਣਾ ਤੇ ਧੰਨਤਾ-ਜੋਗ ਹੈ ॥੪॥੭॥੧੦॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430