ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 342


ਬੰਦਕ ਹੋਇ ਬੰਧ ਸੁਧਿ ਲਹੈ ॥੨੯॥

ਉਹ (ਪ੍ਰਭੂ ਦੇ ਦਰ ਦਾ) ਢਾਡੀ ਬਣ ਕੇ (ਮਾਇਆ ਦੇ ਮੋਹ ਦੇ) ਜ਼ੰਜੀਰਾਂ ਦਾ ਭੇਤ ਪਾ ਲੈਂਦਾ ਹੈ (ਤੇ ਇਹਨਾਂ ਦੇ ਧੋਖੇ ਵਿਚ ਨਹੀਂ ਆਉਂਦਾ) ॥੨੯॥

ਭਭਾ ਭੇਦਹਿ ਭੇਦ ਮਿਲਾਵਾ ॥

ਜੋ ਮਨੁੱਖ (ਪ੍ਰਭੂ ਨਾਲੋਂ ਪਈ) ਵਿੱਥ ਨੂੰ ਮੁਕਾ ਕੇ (ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿਚ) ਜੋੜਦਾ ਹੈ,

ਅਬ ਭਉ ਭਾਨਿ ਭਰੋਸਉ ਆਵਾ ॥

ਉਸ ਯਾਦ ਦੀ ਬਰਕਤਿ ਨਾਲ (ਸੰਸਾਰਕ) ਡਰ ਦੂਰ ਕੀਤਿਆਂ ਉਸ ਨੂੰ ਪ੍ਰਭੂ ਤੇ ਸ਼ਰਧਾ ਬਣ ਜਾਂਦੀ ਹੈ।

ਜੋ ਬਾਹਰਿ ਸੋ ਭੀਤਰਿ ਜਾਨਿਆ ॥

ਜੋ ਪਰਮਾਤਮਾ ਸਾਰੇ ਜਗਤ ਵਿਚ ਵਿਆਪਕ ਹੈ, ਉਸ ਨੂੰ ਉਹ ਆਪਣੇ ਅੰਦਰ ਵੱਸਦਾ ਜਾਣ ਲੈਂਦਾ ਹੈ,

ਭਇਆ ਭੇਦੁ ਭੂਪਤਿ ਪਹਿਚਾਨਿਆ ॥੩੦॥

(ਤੇ ਜਿਉਂ ਜਿਉਂ) ਇਹ ਰਾਜ਼ ਉਸ ਨੂੰ ਖੁਲ੍ਹਦਾ ਹੈ (ਕਿ ਅੰਦਰ ਬਾਹਰ ਹਰ ਥਾਂ ਪ੍ਰਭੂ ਵੱਸ ਰਿਹਾ ਹੈ) ਉਹ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਨਾਲ (ਯਾਦ ਦੀ) ਸਾਂਝ ਪਾ ਲੈਂਦਾ ਹੈ ॥੩੦॥

ਮਮਾ ਮੂਲ ਗਹਿਆ ਮਨੁ ਮਾਨੈ ॥

ਜੇ ਜਗਤ ਦੇ ਮੂਲ-ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲਈਏ, ਤਾਂ ਮਨ ਭਟਕਣੋਂ ਹਟ ਜਾਂਦਾ ਹੈ।

ਮਰਮੀ ਹੋਇ ਸੁ ਮਨ ਕਉ ਜਾਨੈ ॥

ਜੋ ਜੀਵ ਇਹ ਭੇਤ ਪਾ ਲੈਂਦਾ ਹੈ (ਕਿ ਪ੍ਰਭੂ-ਚਰਨਾਂ ਵਿਚ ਜੁੜਿਆਂ ਮਨ ਟਿਕ ਜਾਂਦਾ ਹੈ) ਉਹ ਜੀਵ ਮਨ (ਦੀ ਦੌੜ-ਭੱਜ) ਨੂੰ ਸਮਝ ਲੈਂਦਾ ਹੈ।

ਮਤ ਕੋਈ ਮਨ ਮਿਲਤਾ ਬਿਲਮਾਵੈ ॥

(ਸੋ,) ਜੇ ਮਨ (ਪ੍ਰਭੂ-ਚਰਨਾਂ ਵਿਚ) ਜੁੜਨ ਲੱਗੇ ਤਾਂ ਮਤਾਂ ਕੋਈ (ਇਸ ਕੰਮ ਵਿਚ) ਢਿੱਲ ਕਰੇ;

ਮਗਨ ਭਇਆ ਤੇ ਸੋ ਸਚੁ ਪਾਵੈ ॥੩੧॥

(ਕਿਉਂਕਿ ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਮਨ (ਪ੍ਰਭੂ ਵਿਚ) ਲੀਨ ਹੋ ਜਾਂਦਾ ਹੈ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ ॥੩੧॥

ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥

(ਹਰੇਕ ਜੀਵ ਦਾ ਜਗਤ ਵਿਚ ਆਉਣ ਦਾ ਅਸਲ) ਕੰਮ ਮਨ ਨਾਲ ਹੈ (ਉਹ ਕੰਮ ਇਹ ਹੈ ਕਿ ਜੀਵ ਆਪਣੇ ਮਨ ਨੂੰ ਕਾਬੂ ਵਿਚ ਰੱਖੇ)। ਮਨ ਨੂੰ ਵੱਸ ਵਿਚ ਕੀਤਿਆਂ ਹੀ (ਜੀਵ ਨੂੰ ਅਸਲ ਮਨੋਰਥ ਦੀ) ਕਾਮਯਾਬੀ ਹੁੰਦੀ ਹੈ।

ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥੩੨॥

ਕਬੀਰ ਆਖਦਾ ਹੈ (ਕਿ ਜੀਵ ਦਾ ਅਸਲ ਕੰਮ) ਨਿਰੋਲ ਮਨ ਨਾਲ ਹੀ ਹੈ, ਮਨ ਵਰਗਾ (ਜੀਵ ਨੂੰ) ਹੋਰ ਕੋਈ ਨਹੀਂ ਮਿਲਿਆ (ਜਿਸ ਨਾਲ ਇਸ ਦਾ ਅਸਲ ਵਾਹ ਪੈਂਦਾ ਹੋਵੇ) ॥੩੨॥

ਇਹੁ ਮਨੁ ਸਕਤੀ ਇਹੁ ਮਨੁ ਸੀਉ ॥

(ਮਾਇਆ ਨਾਲ ਮਿਲ ਕੇ) ਇਹ ਮਨ ਮਾਇਆ (ਦਾ ਰੂਪ) ਹੋ ਜਾਂਦਾ ਹੈ। (ਅਨੰਦ-ਸਰੂਪ ਹਰੀ ਨਾਲ ਮਿਲ ਕੇ) ਇਹ ਮਨ ਅਨੰਦ-ਸਰੂਪ ਹਰੀ ਬਣ ਜਾਂਦਾ ਹੈ।

ਇਹੁ ਮਨੁ ਪੰਚ ਤਤ ਕੋ ਜੀਉ ॥

(ਸਰੀਰ ਨਾਲ ਜੁੜ ਕੇ) ਇਹ ਮਨ ਸਰੀਰ-ਰੂਪ ਹੀ ਹੋ ਜਾਂਦਾ ਹੈ (ਭਾਵ, ਆਪਣੇ ਆਪ ਨੂੰ ਸਰੀਰ ਨਾਲੋਂ ਵੱਖਰਾ ਨਹੀਂ ਸਮਝਦਾ, ਆਪਣੇ ਕਰਤੱਬ ਖਾਣਾ-ਪੀਣਾ ਹੀ ਸਮਝਦਾ ਹੈ)।

ਇਹੁ ਮਨੁ ਲੇ ਜਉ ਉਨਮਨਿ ਰਹੈ ॥

ਪਰ ਜਦੋਂ ਮਨੁੱਖ ਇਸ ਮਨ ਨੂੰ ਵੱਸ ਵਿਚ ਕਰ ਕੇ ਪੂਰਨ ਖਿੜਾਉ ਵਿਚ ਟਿਕਦਾ ਹੈ,

ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩॥

ਤਦੋਂ ਉਹ ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਹੀ ਗੱਲਾਂ ਕਰਦਾ ਹੈ ॥੩੩॥

ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ ॥

(ਹੇ ਭਾਈ!) ਜੇ ਤੂੰ (ਜੀਵਨ ਦਾ ਸਹੀ ਰਸਤਾ) ਜਾਨਣਾ ਚਾਹੁੰਦਾ ਹੈਂ, ਤਾਂ (ਆਪਣੀ) ਭੈੜੀ ਮੱਤ ਨੂੰ ਮੁਕਾ ਦੇਹ, ਇਸ ਸਰੀਰ (-ਰੂਪ) ਪਿੰਡ ਨੂੰ (ਆਪਣੇ) ਵੱਸ ਵਿਚ ਲਿਆ (ਭਾਵ, ਅੱਖ ਕੰਨ ਆਦਿਕ ਗਿਆਨ-ਇੰਦਰਿਆਂ ਨੂੰ ਵਿਕਾਰਾਂ ਵਲ ਨਾਹ ਜਾਣ ਦੇ)।

ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ ॥੩੪॥

(ਇਸ ਸਰੀਰ ਨੂੰ ਵੱਸ ਵਿਚ ਲਿਆਉਣਾ, ਮਾਨੋ, ਇਕ ਜੁੱਧ ਹੈ) ਜੇ ਤੂੰ ਇਸ ਜੁੱਧ ਵਿਚ ਰੁੱਝ ਕੇ ਭਾਂਜ ਨਾਹ ਖਾ ਜਾਏਂ ਤਾਂ ਹੀ ਤੇਰਾ ਨਾਮ ਸੂਰਮਾ (ਹੋ ਸਕਦਾ) ਹੈ ॥੩੪॥

ਰਾਰਾ ਰਸੁ ਨਿਰਸ ਕਰਿ ਜਾਨਿਆ ॥

ਜਿਸ ਮਨੁੱਖ ਨੇ ਮਾਇਆ ਦੇ ਸੁਆਦ ਨੂੰ ਫਿੱਕਾ ਜਿਹਾ ਸਮਝ ਲਿਆ ਹੈ,

ਹੋਇ ਨਿਰਸ ਸੁ ਰਸੁ ਪਹਿਚਾਨਿਆ ॥

ਉਸ ਨੇ ਮਾਇਕ ਚਸਕਿਆਂ ਤੋਂ ਬਚੇ ਰਹਿ ਕੇ ਉਹ ਆਤਮਕ ਆਨੰਦ ਮਾਣ ਲਿਆ ਹੈ।

ਇਹ ਰਸ ਛਾਡੇ ਉਹ ਰਸੁ ਆਵਾ ॥

ਜਿਸ ਨੇ ਇਹ (ਦੁਨੀਆ ਵਾਲੇ) ਚਸਕੇ ਛੱਡ ਦਿੱਤੇ ਹਨ, ਉਸ ਨੂੰ ਉਹ (ਪ੍ਰਭੂ ਦੇ ਨਾਮ ਦਾ) ਅਨੰਦ ਪ੍ਰਾਪਤ ਹੋ ਗਿਆ ਹੈ;

ਉਹ ਰਸੁ ਪੀਆ ਇਹ ਰਸੁ ਨਹੀ ਭਾਵਾ ॥੩੫॥

(ਕਿਉਂਕਿ) ਜਿਸ ਨੇ ਉਹ (ਨਾਮ-) ਰਸ ਪੀਤਾ ਹੈ ਉਸ ਨੂੰ ਇਹ (ਮਾਇਆ ਵਾਲਾ) ਸੁਆਦ ਚੰਗਾ ਨਹੀਂ ਲੱਗਦਾ ॥੩੫॥

ਲਲਾ ਐਸੇ ਲਿਵ ਮਨੁ ਲਾਵੈ ॥

ਜੇ (ਕਿਸੇ ਮਨੁੱਖ ਦਾ) ਮਨ ਅਜਿਹੀ ਇਕਾਗ੍ਰਤਾ ਨਾਲ (ਪ੍ਰਭੂ ਦੀ ਯਾਦ ਵਿਚ) ਬਿਰਤੀ ਜੋੜ ਲਏ,

ਅਨਤ ਨ ਜਾਇ ਪਰਮ ਸਚੁ ਪਾਵੈ ॥

ਕਿ ਕਿਸੇ ਹੋਰ ਪਾਸੇ ਵਲ ਨਾਹ ਭਟਕੇ ਤਾਂ ਉਸ ਨੂੰ ਸਭ ਤੋਂ ਉੱਚਾ ਤੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ;

ਅਰੁ ਜਉ ਤਹਾ ਪ੍ਰੇਮ ਲਿਵ ਲਾਵੈ ॥

ਅਤੇ ਜੇ ਉਸ ਲਿਵ ਦੀ ਹਾਲਤ ਵਿਚ ਪ੍ਰੇਮ ਦੀ ਤਾਰ ਲਾ ਦੇਵੇ (ਭਾਵ, ਇਕ-ਤਾਰ ਮਗਨ ਰਹੇ)

ਤਉ ਅਲਹ ਲਹੈ ਲਹਿ ਚਰਨ ਸਮਾਵੈ ॥੩੬॥

ਤਾਂ ਉਸ ਅਲੱਗ ਪ੍ਰਭੂ ਨੂੰ ਉਹ ਲੱਭ ਲੈਂਦਾ ਹੈ ਤੇ ਲੱਭ ਕੇ ਸਦਾ ਲਈ ਉਸ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੩੬॥

ਵਵਾ ਬਾਰ ਬਾਰ ਬਿਸਨ ਸਮ੍ਹਾਰਿ ॥

(ਹੇ ਭਾਈ!) ਸਦਾ ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਯਾਦ ਰੱਖ ਕੇ-

ਬਿਸਨ ਸੰਮ੍ਹਾਰਿ ਨ ਆਵੈ ਹਾਰਿ ॥

(ਜੀਵ ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਨਹੀਂ ਆਉਂਦਾ।

ਬਲਿ ਬਲਿ ਜੇ ਬਿਸਨਤਨਾ ਜਸੁ ਗਾਵੈ ॥

ਮੈਂ ਉਸ ਭਗਤ ਜਨ ਤੋਂ ਸਦਕੇ ਹਾਂ ਜੋ ਪ੍ਰਭੂ ਦੇ ਗੁਣ ਗਾਂਦਾ ਹੈ।

ਵਿਸਨ ਮਿਲੇ ਸਭ ਹੀ ਸਚੁ ਪਾਵੈ ॥੩੭॥

ਪ੍ਰਭੂ ਨੂੰ ਮਿਲ ਕੇ ਉਹ ਹਰ ਥਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਹੀ ਵੇਖਦਾ ਹੈ ॥੩੭॥

ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥

(ਹੇ ਭਾਈ!) ਉਸ ਪ੍ਰਭੂ ਨਾਲ ਹੀ ਜਾਣ-ਪਛਾਣ ਕਰਨੀ ਚਾਹੀਦੀ ਹੈ। ਉਸ ਪ੍ਰਭੂ ਨਾਲ ਸਾਂਝ ਪਾਇਆਂ ਇਹ ਜੀਵ (ਉਸ ਪ੍ਰਭੂ ਦਾ ਰੂਪ ਹੀ) ਹੋ ਜਾਂਦਾ ਹੈ।

ਇਹੁ ਅਰੁ ਓਹੁ ਜਬ ਮਿਲੈ ਤਬ ਮਿਲਤ ਨ ਜਾਨੈ ਕੋਇ ॥੩੮॥

ਜਦੋਂ ਇਹ ਜੀਵ ਤੇ ਉਹ ਪ੍ਰਭੂ ਇਕ-ਰੂਪ ਹੋ ਜਾਂਦੇ ਹਨ, ਤਾਂ ਇਹਨਾਂ ਮਿਲਿਆਂ ਨੂੰ ਕੋਈ ਹੋਰ ਨਹੀਂ ਸਮਝ ਸਕਦਾ (ਭਾਵ, ਫਿਰ ਕੋਈ ਹੋਰ ਇਹਨਾਂ ਮਿਲਿਆਂ ਵਿਚ ਵਿੱਥ ਨਹੀਂ ਲੱਭ ਸਕਦਾ) ॥੩੮॥

ਸਸਾ ਸੋ ਨੀਕਾ ਕਰਿ ਸੋਧਹੁ ॥

ਚੰਗੀ ਤਰ੍ਹਾਂ ਉਸ ਪਰਮਾਤਮਾ ਦੀ ਸੰਭਾਲ ਕਰੋ।

ਘਟ ਪਰਚਾ ਕੀ ਬਾਤ ਨਿਰੋਧਹੁ ॥

ਆਪਣੇ ਮਨ ਨੂੰ ਉਹਨਾਂ ਬਚਨਾਂ ਵਿਚ ਲਿਆ ਕੇ ਜੋੜੋ, ਜਿਨ੍ਹਾਂ ਕਰਕੇ ਇਹ ਮਨ ਪਰਮਾਤਮਾ ਵਿਚ ਪਰਚ ਜਾਏ।

ਘਟ ਪਰਚੈ ਜਉ ਉਪਜੈ ਭਾਉ ॥

ਪ੍ਰਭੂ ਵਿਚ ਮਨ ਪਰਚਿਆਂ ਜਦੋਂ (ਅੰਦਰ) ਪ੍ਰੇਮ ਪੈਦਾ ਹੁੰਦਾ ਹੈ,

ਪੂਰਿ ਰਹਿਆ ਤਹ ਤ੍ਰਿਭਵਣ ਰਾਉ ॥੩੯॥

ਤਾਂ ਉਸ ਅਵਸਥਾ ਵਿਚ ਤਿੰਨਾਂ ਭਵਨਾਂ ਦਾ ਮਾਲਕ-ਪਰਮਾਤਮਾ ਹੀ (ਹਰ ਥਾਂ) ਵਿਆਪਕ ਦਿੱਸਦਾ ਹੈ ॥੩੯॥

ਖਖਾ ਖੋਜਿ ਪਰੈ ਜਉ ਕੋਈ ॥

ਜੇ ਕੋਈ ਮਨੁੱਖ ਪਰਮਾਤਮਾ ਦੀ ਭਾਲ ਵਿਚ ਰੁੱਝ ਜਾਏ,

ਜੋ ਖੋਜੈ ਸੋ ਬਹੁਰਿ ਨ ਹੋਈ ॥

(ਇਸ ਤਰ੍ਹਾਂ) ਜੋ ਭੀ ਮਨੁੱਖ ਪ੍ਰਭੂ ਨੂੰ ਲੱਭ ਲੈਂਦਾ ਹੈ ਉਹ ਮੁੜ ਜੰਮਦਾ ਮਰਦਾ ਨਹੀਂ।

ਖੋਜ ਬੂਝਿ ਜਉ ਕਰੈ ਬੀਚਾਰਾ ॥

ਜੋ ਕੋਈ ਜੀਵ ਪ੍ਰਭੂ ਦੇ ਗੁਣਾਂ ਨੂੰ ਸਮਝ ਕੇ ਉਹਨਾਂ ਨੂੰ ਮੁੜ ਮੁੜ ਚੇਤੇ ਕਰਦਾ ਹੈ,

ਤਉ ਭਵਜਲ ਤਰਤ ਨ ਲਾਵੈ ਬਾਰਾ ॥੪੦॥

ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਦਿਆਂ ਚਿਰ ਨਹੀਂ ਲਾਂਦਾ ॥੪੦॥

ਸਸਾ ਸੋ ਸਹ ਸੇਜ ਸਵਾਰੈ ॥

ਉਹ (ਜੀਵ-ਇਸਤ੍ਰੀ ਆਪਣੀ ਹਿਰਦਾ-ਰੂਪ) ਖਸਮ-ਪ੍ਰਭੂ ਦੀ ਸੇਜ ਸਵਾਰਦੀ ਹੈ,

ਸੋਈ ਸਹੀ ਸੰਦੇਹ ਨਿਵਾਰੈ ॥

ਉਹੀ (ਜੀਵ-) ਸਖੀ (ਆਪਣੇ ਮਨ ਦੇ) ਸੰਸੇ ਦੂਰ ਕਰਦੀ ਹੈ,

ਅਲਪ ਸੁਖ ਛਾਡਿ ਪਰਮ ਸੁਖ ਪਾਵਾ ॥

ਜਿਹੜੀ (ਜੀਵ-ਇਸਤ੍ਰੀ ਦੁਨੀਆ ਵਾਲੇ) ਹੋਛੇ ਸੁਖ ਛੱਡ ਕੇ (ਪ੍ਰਭੂ ਦੇ ਪਿਆਰ ਦਾ) ਸਭ ਤੋਂ ਉੱਚਾ ਸੁਖ ਹਾਸਲ ਕਰਦੀ ਹੈ।

ਤਬ ਇਹ ਤ੍ਰੀਅ ਓੁਹੁ ਕੰਤੁ ਕਹਾਵਾ ॥੪੧॥

(ਇਸ ਅਵਸਥਾ ਦੇ ਬਣਿਆਂ ਹੀ ਅਸਲੀ ਭਾਵ ਵਿਚ) ਤਦੋਂ ਇਹ (ਜੀਵ ਪ੍ਰਭੂ ਦੀ) ਇਸਤ੍ਰੀ, ਤੇ ਉਹ (ਪ੍ਰਭੂ ਜੀਵ-ਇਸਤ੍ਰੀ ਦਾ) ਖਸਮ ਅਖਵਾਉਂਦਾ ਹੈ ॥੪੧॥

ਹਾਹਾ ਹੋਤ ਹੋਇ ਨਹੀ ਜਾਨਾ ॥

ਜੀਵ ਨੇ ਮਨੁੱਖਾ-ਜਨਮ ਹਾਸਲ ਕਰ ਕੇ ਉਸ ਪ੍ਰਭੂ ਨੂੰ ਨਹੀਂ ਪਛਾਤਾ, ਜੋ ਸੱਚ-ਮੁੱਚ ਹਸਤੀ ਵਾਲਾ ਹੈ।

ਜਬ ਹੀ ਹੋਇ ਤਬਹਿ ਮਨੁ ਮਾਨਾ ॥

ਜਦੋਂ ਜੀਵ ਨੂੰ ਪ੍ਰਭੂ ਦੀ ਹਸਤੀ ਦਾ ਨਿਸ਼ਚਾ ਹੋ ਜਾਂਦਾ ਹੈ, ਤਦੋਂ ਹੀ ਇਸ ਦਾ ਮਨ (ਪ੍ਰਭੂ ਵਿਚ) ਪਤੀਜ ਜਾਂਦਾ ਹੈ।

ਹੈ ਤਉ ਸਹੀ ਲਖੈ ਜਉ ਕੋਈ ॥

(ਪਰਮਾਤਮਾ) ਹੈ ਤਾਂ ਜ਼ਰੂਰ (ਪਰ ਇਸ ਵਿਸ਼ਵਾਸ ਦਾ ਲਾਭ ਤਦੋਂ ਹੀ ਹੁੰਦਾ ਹੈ) ਜਦੋਂ ਕੋਈ ਜੀਵ (ਇਸ ਗੱਲ ਨੂੰ) ਸਮਝ ਲਏ।

ਤਬ ਓਹੀ ਉਹੁ ਏਹੁ ਨ ਹੋਈ ॥੪੨॥

ਤਦੋਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ, ਇਹ (ਵੱਖਰੀ ਹਸਤੀ ਵਾਲਾ) ਨਹੀਂ ਰਹਿ ਜਾਂਦਾ ॥੪੨॥

ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ ॥

ਸਾਰਾ ਜਗਤ ਇਹੀ ਆਖਦਾ ਫਿਰਦਾ ਹੈ (ਭਾਵ, ਇਸੇ ਲਾਲਸਾ ਵਿਚ ਭਟਕਦਾ ਫਿਰਦਾ ਹੈ) ਕਿ ਮੈਂ (ਮਾਇਆ) ਸਾਂਭ ਲਵਾਂ, ਮੈਂ (ਮਾਇਆ) ਇਕੱਠੀ ਕਰ ਲਵਾਂ।

ਤਾ ਕਾਰਣਿ ਬਿਆਪੈ ਬਹੁ ਸੋਗੁ ॥

ਇਸ ਮਾਇਆ ਦੀ ਖ਼ਾਤਰ ਹੀ (ਫਿਰ ਜੀਵ ਨੂੰ) ਬੜਾ ਫ਼ਿਕਰ ਆ ਵਾਪਰਦਾ ਹੈ।

ਲਖਿਮੀ ਬਰ ਸਿਉ ਜਉ ਲਿਉ ਲਾਵੈ ॥

ਪਰ ਜਦੋਂ ਜੀਵ ਮਾਇਆ ਦੇ ਪਤੀ ਪਰਮਾਤਮਾ ਨਾਲ ਪ੍ਰੀਤ ਜੋੜਦਾ ਹੈ,

ਸੋਗੁ ਮਿਟੈ ਸਭ ਹੀ ਸੁਖ ਪਾਵੈ ॥੪੩॥

ਤਦੋਂ (ਇਸ ਦਾ) ਫ਼ਿਕਰ ਮੁੱਕ ਜਾਂਦਾ ਹੈ, ਤੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ ॥੪੩॥

ਖਖਾ ਖਿਰਤ ਖਪਤ ਗਏ ਕੇਤੇ ॥

ਮਰਦਿਆਂ ਖਪਦਿਆਂ ਜੀਵ ਦੇ ਕਈ ਜਨਮ ਲੰਘ ਗਏ ਹਨ;

ਖਿਰਤ ਖਪਤ ਅਜਹੂੰ ਨਹ ਚੇਤੇ ॥

ਪਰ, ਗੇੜ ਵਿਚ ਪਿਆ ਅਜੇ ਤਕ ਇਹ (ਪ੍ਰਭੂ ਨੂੰ) ਯਾਦ ਨਹੀਂ ਕਰਦਾ।

ਅਬ ਜਗੁ ਜਾਨਿ ਜਉ ਮਨਾ ਰਹੈ ॥

ਹੁਣ (ਐਸ ਜਨਮ ਵਿਚ ਹੀ) ਜੇ ਜਗਤ ਦੀ ਅਸਲੀਅਤ ਨੂੰ ਸਮਝ ਕੇ (ਇਸ ਦਾ) ਮਨ (ਪ੍ਰਭੂ ਵਿਚ) ਟਿਕ ਜਾਏ,

ਜਹ ਕਾ ਬਿਛੁਰਾ ਤਹ ਥਿਰੁ ਲਹੈ ॥੪੪॥

ਤਾਂ ਜਿਸ ਪ੍ਰਭੂ ਤੋਂ ਇਹ ਵਿਛੜਿਆ ਹੋਇਆ ਹੈ, ਉਸ ਵਿਚ ਇਸ ਨੂੰ ਟਿਕਾਣਾ ਮਿਲ ਸਕਦਾ ਹੈ ॥੪੪॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430