(ਪਰ ਕੋਈ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ)। ਪਰਮਾਤਮਾ (ਸਭ ਤੋਂ) ਸ੍ਰੇਸ਼ਟ ਤੇ (ਸਭ ਤੋਂ) ਉੱਚਾ ਹੈ (ਕਿਸੇ ਦੀ ਉਸ ਤਕ ਪਹੁੰਚ ਨਹੀਂ)।
ਅਨੇਕਾਂ ਸ਼ੇਸ਼ਨਾਗ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣ ਸਕਦੇ। ਨਾਰਦ ਰਿਸ਼ੀ, ਅਨੇਕਾਂ ਮੁਨੀ ਲੋਕ, ਸੁਖਦੇਵ ਅਤੇ ਬਿਆਸ (ਆਦਿਕ ਰਿਸ਼ੀ) ਗੋਬਿੰਦ ਦੀ ਸਿਫ਼ਤ-ਸਾਲਾਹ ਗਾਂਦੇ ਹਨ।
ਭਗਵਾਨ ਦੇ ਭਗਤ ਉਸ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਉਸ ਦੀ ਯਾਦ ਵਿਚ ਪ੍ਰੋਤੇ ਰਹਿੰਦੇ ਹਨ ਤੇ ਭਗਤੀ ਵਿਚ ਮਸਤ ਰਹਿੰਦੇ ਹਨ।
ਜਿਨ੍ਹਾਂ ਮਨੁੱਖਾਂ ਨੇ ਦਇਆ ਦੇ ਘਰ ਪ੍ਰਭੂ ਦਾ ਆਸਰਾ ਲੈ ਲਿਆ (ਉਹਨਾਂ ਦੇ ਅੰਦਰੋਂ ਮਾਇਆ ਦਾ) ਮੋਹ, ਅਹੰਕਾਰ ਤੇ ਭਟਕਣਾ ਸਭ ਕੁਝ ਨਾਸ ਹੋ ਗਿਆ।
ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨ ਵੱਸ ਪਏ, ਪਰਮਾਤਮਾ ਦਾ ਦਰਸਨ ਕਰ ਕੇ ਉਹਨਾਂ ਦਾ ਮਨ ਤਨ ਖਿੜ ਪਿਆ।
ਸਾਧ ਸੰਗਤਿ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ (ਉੱਚਾ ਆਤਮਕ ਜੀਵਨ-ਰੂਪ) ਲਾਭ ਖੱਟ ਲਈਦਾ ਹੈ (ਵਿਕਾਰਾਂ ਵਾਲੇ ਪਾਸੇ ਪਿਆਂ ਜੋ ਆਤਮਕ ਜੀਵਨ ਵਿਚ ਘਾਟ ਪੈਂਦੀ ਜਾਂਦੀ ਹੈ, ਉਹ) ਘਾਟ ਦੂਰ ਹੋ ਜਾਂਦੀ ਹੈ।
ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ, ਤੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਇਕੱਠਾ ਕਰ ॥੬॥
ਸਲੋਕੁ
ਸੰਤ ਜਨ (ਸਦਾ) ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦੇ ਹਨ, ਪ੍ਰੇਮ ਵਿਚ ਟਿਕ ਕੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਗੁਣ ਬਿਆਨ ਕਰਦੇ ਹਨ,
(ਕਿਉਂਕਿ) ਹੇ ਨਾਨਕ! ਇਕ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜੀ ਰੱਖਿਆਂ ਮਨ ਸ਼ਾਂਤ ਰਹਿੰਦਾ ਹੈ ॥੭॥
ਪਉੜੀ
(ਹੇ ਭਾਈ!) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ। ਨਾਮ-ਧਨ ਦੇ ਖ਼ਜ਼ਾਨੇ ਕਦੇ ਮੁੱਕਦੇ ਨਹੀਂ ਹਨ।
(ਪਰ ਉਸ ਪਰਮਾਤਮਾ ਦਾ ਇਹ ਨਾਮ ਧਨ) ਸਾਧ ਸੰਗਤਿ ਵਿਚ ਰਿਹਾਂ ਹੀ ਮਿਲਦਾ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈਂਦਾ, ਜਿਸ ਦੇ ਸਰੂਪ ਦਾ ਉਰਲਾ ਪਰਲਾ ਬੰਨਾ ਨਹੀਂ ਲੱਭਦਾ।
(ਹੇ ਭਾਈ!) ਆਪਾ-ਭਾਵ ਦੂਰ ਕਰੋ, ਪਰਮਾਤਮਾ ਦਾ ਭਜਨ ਕਰਦੇ ਰਹੁ, ਪ੍ਰਭੂ ਪਾਤਸ਼ਾਹ ਦੀ ਸਰਨ ਪਏ ਰਹੋ।
(ਜੇਹੜਾ ਮਨੁੱਖ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਆਪਣੇ ਸਾਰੇ) ਦੁਖ ਦੂਰ ਕਰ ਲੈਂਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਤੇ ਮਨ-ਚਿਤਵਿਆ ਫਲ ਪ੍ਰਾਪਤ ਕਰ ਲੈਂਦਾ ਹੈ।
(ਹੇ ਭਾਈ!) ਜੇਹੜਾ ਮਨੁੱਖ ਅੱਠੇ ਪਹਰ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ।
ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ, ਜੇਹੜਾ ਪਰਮਾਤਮਾ (ਹਰੇਕ ਜੀਵ ਦੇ) ਅੰਦਰ ਬਾਹਰ ਸਦਾ ਨਾਲ (ਵੱਸਦਾ) ਹੈ। ਉਹ ਸਿਰਜਣਹਾਰ ਪ੍ਰਭੂ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ।
(ਹੇ ਭਾਈ!) ਜੇਹੜਾ ਮਨੁੱਖ (ਸਾਨੂੰ) ਪਰਮਾਤਮਾ (ਦਾ ਨਾਮ ਜਪਣ) ਦੀ ਮਤਿ ਦੇਂਦਾ ਹੈ, ਉਹੀ (ਸਾਡਾ ਅਸਲੀ) ਸੱਜਣ ਹੈ, ਸਾਥੀ ਹੈ, ਮਿੱਤਰ ਹੈ।
ਹੇ ਨਾਨਕ! (ਆਖ-) ਜੇਹੜਾ ਮਨੁੱਖ ਸਦਾ ਹਰਿ-ਨਾਮ ਜਪਦਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ॥੭॥
ਸਲੋਕੁ
ਹੇ ਨਾਨਕ! ਜੇ ਅੱਠੇ ਪਹਰ (ਪਰਮਾਤਮਾ ਦੇ) ਗੁਣ ਗਾਏ ਜਾਣ, ਤੇ ਹੋਰ ਸਾਰੇ ਬੰਧਨ ਛੱਡੇ ਜਾਣ,
ਤਾਂ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ ਅਤੇ ਜਮਦੂਤ ਤੱਕ ਨਹੀਂ ਸਕਦਾ (ਮੌਤ ਦਾ ਡਰ ਨੇੜੇ ਨਹੀਂ ਢੁਕਦਾ, ਆਤਮਕ ਮੌਤ ਨੇੜੇ ਨਹੀਂ ਆ ਸਕਦੀ ॥੮॥
ਪਉੜੀ
(ਨਾਮ ਦੇ ਪਰਤਾਪ ਵਿਚ ਹੀ) ਅੱਠੇ ਕਰਾਮਾਤੀ ਤਾਕਤਾਂ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਆ ਜਾਂਦੇ ਹਨ,
ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ, ਉਹ ਅਕਲ ਪ੍ਰਾਪਤ ਹੋ ਜਾਂਦੀ ਹੈ ਜੋ ਕਦੇ ਉਕਾਈ ਨਹੀਂ ਖਾਂਦੀ।
(ਮਨ ਵਿਚ) ਸਦਾ ਚਾਉ ਹੀ ਚਾਉ ਟਿਕਿਆ ਰਹਿੰਦਾ ਹੈ, (ਹਿਰਦੇ ਦਾ) ਕੌਲ-ਫੁੱਲ ਖਿੜ ਜਾਂਦਾ ਹੈ (ਜਿਵੇਂ ਸੂਰਜ ਦੀਆਂ ਕਿਰਨਾਂ ਨਾਲ ਕੌਲ-ਫੁੱਲ ਖਿੜਦਾ ਹੈ, ਤਿਵੇਂ ਨਾਮ-ਸਿਮਰਨ ਦੀ ਬਰਕਤਿ ਨਾਲ ਹਿਰਦਾ ਖਿੜਿਆ ਰਹਿੰਦਾ ਹੈ)।
(ਪਰਮਾਤਮਾ ਦਾ ਨਾਮ ਇਕ ਐਸਾ) ਮੰਤ੍ਰ ਹੈ ਜਿਸ ਦਾ ਅਸਰ ਜ਼ਾਇਆ ਨਹੀਂ ਹੋ ਸਕਦਾ, (ਇਸ ਮੰਤ੍ਰ ਦੀ ਬਰਕਤਿ ਨਾਲ) ਜੀਵਨ-ਜੁਗਤਿ ਪਵਿਤ੍ਰ ਹੋ ਜਾਂਦੀ ਹੈ।
(ਹੇ ਭਾਈ! ਪਰਮਾਤਮਾ ਦਾ ਨਾਮ ਹੀ) ਸਾਰੇ ਧਰਮਾਂ (ਦਾ ਧਰਮ ਹੈ, ਸਾਰੇ ਤੀਰਥ-ਇਸ਼ਨਾਨਾਂ ਨਾਲੋਂ) ਪਵਿਤ੍ਰ-ਇਸ਼ਨਾਨ ਹੈ।
(ਨਾਮ-ਸਿਮਰਨ ਹੀ ਸਾਰੇ ਸ਼ਾਸਤ੍ਰ ਆਦਿਕਾਂ ਦੇ ਦਿੱਤੇ ਗਿਆਨਾਂ ਨਾਲੋਂ) ਸਭ ਤੋਂ ਉੱਚਾ ਤੇ ਸ੍ਰੇਸ਼ਟ ਗਿਆਨ ਹੈ।
ਜੇ ਪੂਰੇ ਗੁਰੂ ਦੀ ਸੰਗਤਿ ਵਿਚ ਰਹਿ ਕੇ ਹਰਿ-ਨਾਮ ਦਾ ਭਜਨ ਕੀਤਾ ਜਾਏ,
(ਤਾਂ) ਹੇ ਨਾਨਕ! ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕ ਕੇ ਹਰਿ-ਨਾਮ ਜਪ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੮॥
ਸਲੋਕੁ
(ਜਿਸ ਮਨੁੱਖ ਨੇ ਕਦੇ) ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, (ਉਹ ਸਦਾ) ਵਿਕਾਰਾਂ ਵਿਚ (ਦੁਨੀਆ ਦੇ ਪਦਾਰਥਾਂ ਦੇ) ਸੁਆਦਾਂ ਵਿਚ ਫਸਿਆ ਰਹਿੰਦਾ ਹੈ।
ਹੇ ਨਾਨਕ! ਜੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਜਾਏ ਤਾਂ ਨਰਕ ਸੁਰਗ (ਭੋਗਣ ਲਈ ਮੁੜ ਮੁੜ) ਜਨਮ ਲੈਣੇ ਪੈਂਦੇ ਹਨ ॥੯॥
ਪਉੜੀ
(ਉਹਨਾਂ ਮਨੁੱਖਾਂ ਦੇ ਕੰਨ ਨੱਕ ਆਦਿਕ) ਨੌ ਹੀ ਇੰਦਰੇ ਗੰਦੇ (ਵਿਕਾਰੀ) ਹੋਏ ਰਹਿੰਦੇ ਹਨ,
ਜੇਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ। ਉਹ (ਮਨੁੱਖਤਾ ਦੀ ਮਰਯਾਦਾ ਦੇ) ਉਲਟ (ਮੰਦੇ) ਕਰਮ ਕਰਦੇ ਰਹਿੰਦੇ ਹਨ।
(ਪ੍ਰਭੂ ਦੇ ਸਿਮਰਨ ਤੋਂ ਖੁੰਝੇ ਹੋਏ ਮਨੁੱਖ) ਪਰਾਈਆਂ ਇਸਤ੍ਰੀਆਂ ਭੋਗਦੇ ਹਨ ਤੇ ਭਲੇ ਮਨੁੱਖਾਂ ਦੀ ਨਿੰਦਾ ਕਰਦੇ ਰਹਿੰਦੇ ਹਨ,
ਉਹ ਕਦੇ ਰਤਾ ਭਰ ਸਮੇ ਲਈ ਭੀ (ਆਪਣੇ) ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ।
(ਸਿਮਰਨ-ਹੀਨ ਬੰਦੇ) ਆਪਣਾ ਪੇਟ ਭਰਨ ਦੀ ਖ਼ਾਤਰ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ,
(ਫੇਰ ਭੀ ਉਹਨਾਂ ਦੀ) ਲਾਲਚ ਦੀ ਅੱਗ ਦੂਰ ਨਹੀਂ ਹੁੰਦੀ, (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਨਹੀਂ ਮਿਟਦੀ।
ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ (ਉਹਨਾਂ ਦੇ ਸਾਰੇ ਉੱਦਮਾਂ ਨੂੰ ਉਪਰ-ਦੱਸੇ ਹੋਏ) ਇਹੋ ਜਿਹੇ ਫਲ ਹੀ ਲੱਗਦੇ ਹਨ।
ਹੇ ਨਾਨਕ! ਪਰਮਾਤਮਾ ਨੂੰ ਵਿਸਾਰਨ ਕਰਕੇ ਉਹ ਭਾਗ-ਹੀਨ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੯॥
ਸਲੋਕੁ
ਹੇ ਨਾਨਕ! (ਆਖ-ਉਂਞ ਤਾਂ) ਮੈਂ ਜਿਧਰ ਵੇਖਦਾ ਹਾਂ, ਓਧਰ ਉਹ (ਪਰਮਾਤਮਾ) ਹੀ ਵੱਸ ਰਿਹਾ ਹੈ (ਪਰ ਘਰ ਛੱਡ ਕੇ) ਦਸੀਂ ਪਾਸੀਂ ਹੀ ਮੈਂ ਢੂੰਡ ਫਿਰਿਆ ਹਾਂ (ਜੰਗਲ ਆਦਿਕਾਂ ਵਿਚ ਕਿਤੇ ਭੀ ਮਨ ਵੱਸ ਵਿਚ ਨਹੀਂ ਆਉਂਦਾ);
ਮਨ ਤਦੋਂ ਹੀ ਵੱਸ ਵਿਚ ਆਉਂਦਾ ਹੈ ਜੇ ਸਭ ਗੁਣਾਂ ਦੇ ਮਾਲਕ ਪਰਮਾਤਮਾ ਦੀ (ਆਪਣੀ) ਮਿਹਰ ਹੋਵੇ ॥੧੦॥
ਪਉੜੀ
(ਪਰਮਾਤਮਾ ਦੀ ਕਿਰਪਾ ਨਾਲ ਮਨੁੱਖ) ਦਸਾਂ ਹੀ ਇੰਦ੍ਰਿਆਂ ਨੂੰ ਮਨੁੱਖ ਆਪਣੇ ਕਾਬੂ ਵਿਚ ਕਰ ਲੈਂਦਾ ਹੈ।
ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਉਸ ਦੇ ਮਨ ਵਿਚ ਸੰਤੋਖ ਪੈਦਾ ਹੁੰਦਾ ਹੈ।
(ਪ੍ਰਭੂ ਦੀ ਕਿਰਪਾ ਰਾਹੀਂ) ਕੰਨਾਂ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣੀਦੀ ਹੈ,
ਅੱਖਾਂ ਨਾਲ ਦਇਆ ਦੇ ਘਰ ਗੁਰੂ ਦਾ ਦਰਸਨ ਕਰੀਦਾ ਹੈ,
ਜੀਭ ਬੇਅੰਤ ਪ੍ਰਭੂ ਦੇ ਗੁਣ ਗਾਣ ਲੱਗ ਪੈਂਦੀ ਹੈ,
ਤੇ ਮਨੁੱਖ ਆਪਣੇ ਮਨ ਵਿਚ ਸਰਬ-ਵਿਆਪਕ ਭਗਵਾਨ (ਦੇ ਗੁਣ) ਚੇਤੇ ਕਰਦਾ ਹੈ।