ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1152


ਨਿੰਦਕ ਕਾ ਕਹਿਆ ਕੋਇ ਨ ਮਾਨੈ ॥

ਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੀ ਗੱਲ ਨੂੰ ਕੋਈ ਭੀ ਮਨੁੱਖ ਸੱਚ ਨਹੀਂ ਮੰਨਦਾ,

ਨਿੰਦਕ ਝੂਠੁ ਬੋਲਿ ਪਛੁਤਾਨੇ ॥

ਤੁਹਮਤਾਂ ਲਾਣ ਵਾਲੇ ਝੂਠ ਬੋਲ ਕੇ (ਫਿਰ) ਅਫ਼ਸੋਸ ਹੀ ਕਰਦੇ ਹਨ,

ਹਾਥ ਪਛੋਰਹਿ ਸਿਰੁ ਧਰਨਿ ਲਗਾਹਿ ॥

(ਨਸ਼ਰ ਹੋਣ ਤੇ ਨਿੰਦਕ) ਹੱਥ ਮੱਥੇ ਉਤੇ ਮਾਰਦੇ ਹਨ ਤੇ ਆਪਣਾ ਸਿਰ ਧਰਤੀ ਨਾਲ ਪਟਕਾਂਦੇ ਹਨ (ਭਾਵ, ਬਹੁਤ ਹੀ ਸ਼ਰਮਿੰਦੇ ਹੁੰਦੇ ਹਨ)।

ਨਿੰਦਕ ਕਉ ਦਈ ਛੋਡੈ ਨਾਹਿ ॥੨॥

(ਪਰ ਊਜਾਂ ਲਾਣ ਦੀ ਵਾਦੀ ਵਿਚ ਦੋਖੀ ਮਨੁੱਖ ਅਜਿਹਾ ਫਸਦਾ ਹੈ ਕਿ) ਪਰਮਾਤਮਾ ਉਸ ਦੋਖੀ ਨੂੰ (ਉਸ ਦੇ ਆਪਣੇ ਤਣੇ ਨਿੰਦਾ ਦੇ ਜਾਲ ਵਿਚੋਂ) ਛੁਟਕਾਰਾ ਨਹੀਂ ਦੇਂਦਾ ॥੨॥

ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ ॥

ਪਰਮਾਤਮਾ ਦਾ ਭਗਤ (ਉਸ ਦੋਖੀ ਦਾ ਭੀ) ਰਤਾ ਭਰ ਭੀ ਬੁਰਾ ਨਹੀਂ ਮੰਗਦਾ (ਇਹ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਨੁਕਸਾਨ ਹੋਵੇ।

ਨਿੰਦਕ ਕਉ ਲਾਗੈ ਦੁਖ ਸਾਂਗੈ ॥

ਫਿਰ ਭੀ) ਦੋਖੀ ਨੂੰ (ਆਪਣੀ ਹੀ ਕਰਤੂਤ ਦਾ ਅਜਿਹਾ) ਦੁੱਖ ਅੱਪੜਦਾ ਹੈ (ਜਿਵੇਂ) ਬਰਛੀ (ਲੱਗਣ) ਦਾ (ਦੁੱਖ ਹੁੰਦਾ ਹੈ)।

ਬਗੁਲੇ ਜਿਉ ਰਹਿਆ ਪੰਖ ਪਸਾਰਿ ॥

ਸੰਤ ਜਨਾਂ ਉਤੇ ਊਜਾਂ ਲਾਣ ਵਾਲਾ ਮਨੁੱਖ ਆਪ ਬਗਲੇ ਵਾਂਗ ਖੰਡ ਖਿਲਾਰੀ ਰੱਖਦਾ ਹੈ (ਆਪਣੇ ਆਪ ਨੂੰ ਚੰਗੇ ਜੀਵਨ ਵਾਲਾ ਪਰਗਟ ਕਰਦਾ ਹੈ,

ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ ॥੩॥

ਪਰ ਜਦੋਂ ਹੀ ਉਹ) ਮੂਹੋਂ (ਤੁਹਮਤਾਂ ਦੇ) ਬਚਨ ਬੋਲਦਾ ਹੈ ਤਦੋਂ ਉਹ (ਝੂਠਾ ਦੋਖੀ) ਮਿਥਿਆ ਜਾ ਕੇ (ਲੋਕਾਂ ਵਲੋਂ) ਦੁਰਕਾਰਿਆ ਜਾਂਦਾ ਹੈ ॥੩॥

ਅੰਤਰਜਾਮੀ ਕਰਤਾ ਸੋਇ ॥

ਉਹ ਕਰਤਾਰ ਆਪ ਹੀ ਹਰੇਕ ਦੇ ਦਿਲ ਦੀ ਜਾਣਦਾ ਹੈ।

ਹਰਿ ਜਨੁ ਕਰੈ ਸੁ ਨਿਹਚਲੁ ਹੋਇ ॥

ਉਸ ਦਾ ਸੇਵਕ ਜੋ ਕੁਝ ਕਰਦਾ ਹੈ ਉਹ ਪੱਥਰ ਦੀ ਲਕੀਰ ਹੁੰਦਾ ਹੈ (ਉਸ ਵਿਚ ਰਤਾ ਭਰ ਝੂਠ ਨਹੀਂ ਹੁੰਦਾ, ਉਹ ਕਿਸੇ ਦੀ ਬੁਰਾਈ ਵਾਸਤੇ ਨਹੀਂ ਹੁੰਦਾ)।

ਹਰਿ ਕਾ ਦਾਸੁ ਸਾਚਾ ਦਰਬਾਰਿ ॥

ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦਾ ਹੈ,

ਜਨ ਨਾਨਕ ਕਹਿਆ ਤਤੁ ਬੀਚਾਰਿ ॥੪॥੪੧॥੫੪॥

ਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਵਿਚਾਰ ਕੇ ਇਹ ਤੱਤ ਕਹਿ ਦਿੱਤਾ ਹੈ ॥੪॥੪੧॥੫੪॥

ਭੈਰਉ ਮਹਲਾ ੫ ॥

ਦੁਇ ਕਰ ਜੋਰਿ ਕਰਉ ਅਰਦਾਸਿ ॥

(ਗੁਰੂ ਦੀ ਸਰਨ ਦੀ ਬਰਕਤਿ ਨਾਲ) ਮੈਂ ਦੋਵੇਂ ਹੱਥ ਜੋੜ ਕੇ (ਪ੍ਰਭੂ ਦੇ ਦਰ ਤੇ) ਅਰਜ਼ੋਈ ਕਰਦਾ ਰਹਿੰਦਾ ਹਾਂ।

ਜੀਉ ਪਿੰਡੁ ਧਨੁ ਤਿਸ ਕੀ ਰਾਸਿ ॥

ਮੇਰੀ ਇਹ ਜਿੰਦ, ਮੇਰਾ ਇਹ ਸਰੀਰ ਇਹ ਧਨ-ਸਭ ਕੁਝ ਉਸ ਪਰਮਾਤਮਾ ਦੀ ਬਖ਼ਸ਼ੀ ਪੂੰਜੀ ਹੈ।

ਸੋਈ ਮੇਰਾ ਸੁਆਮੀ ਕਰਨੈਹਾਰੁ ॥

ਮੇਰਾ ਉਹ ਮਾਲਕ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ।

ਕੋਟਿ ਬਾਰ ਜਾਈ ਬਲਿਹਾਰ ॥੧॥

ਮੈਂ ਕ੍ਰੋੜਾਂ ਵਾਰੀ ਉਸ ਤੋਂ ਸਦਕੇ ਜਾਂਦਾ ਹਾਂ ॥੧॥

ਸਾਧੂ ਧੂਰਿ ਪੁਨੀਤ ਕਰੀ ॥

ਗੁਰੂ ਦੀ ਚਰਨ-ਧੂੜ (ਮਨੁੱਖ ਦੇ ਜੀਵਨ ਨੂੰ) ਪਵਿੱਤਰ ਕਰ ਦੇਂਦੀ ਹੈ,

ਮਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈਲੁ ਹਰੀ ॥੧॥ ਰਹਾਉ ॥

(ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ ਸਿਮਰਦਿਆਂ (ਮਨੁੱਖ ਦੇ) ਮਨ ਦੇ ਵਿਕਾਰ ਦੂਰ ਹੋ ਜਾਂਦੇ ਹਨ, ਅਨੇਕਾਂ ਜਨਮਾਂ (ਕੇ ਕੀਤੇ ਕੁਕਰਮਾਂ) ਦੀ ਮੈਲ ਲਹਿ ਜਾਂਦੀ ਹੈ ॥੧॥ ਰਹਾਉ ॥

ਜਾ ਕੈ ਗ੍ਰਿਹ ਮਹਿ ਸਗਲ ਨਿਧਾਨ ॥

(ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ ਕਿ) ਜਿਸ ਪਰਮਾਤਮਾ ਦੇ ਘਰ ਵਿਚ ਸਾਰੇ ਖ਼ਜ਼ਾਨੇ ਹਨ,

ਜਾ ਕੀ ਸੇਵਾ ਪਾਈਐ ਮਾਨੁ ॥

ਜਿਸ ਦੀ ਸੇਵਾ-ਭਗਤੀ ਕੀਤਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ,

ਸਗਲ ਮਨੋਰਥ ਪੂਰਨਹਾਰ ॥

ਉਹ ਪਰਮਾਤਮਾ (ਜੀਵਾਂ ਦੀਆਂ) ਸਾਰੀਆਂ ਲੋੜਾਂ ਪੂਰੀਆਂ ਕਰ ਸਕਣ ਵਾਲਾ ਹੈ,

ਜੀਅ ਪ੍ਰਾਨ ਭਗਤਨ ਆਧਾਰ ॥੨॥

ਉਹ ਆਪਣੇ ਭਗਤਾਂ ਦੀ ਜਿੰਦ ਦਾ ਪ੍ਰਾਣਾਂ ਦਾ ਸਹਾਰਾ ਹੈ ॥੨॥

ਘਟ ਘਟ ਅੰਤਰਿ ਸਗਲ ਪ੍ਰਗਾਸ ॥

(ਗੁਰੂ ਦੀ ਸਰਨ ਪਿਆਂ ਹੀ ਇਹ ਸੂਝ ਪੈਂਦੀ ਹੈ ਕਿ) ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ, ਸਭ ਜੀਵਾਂ ਦੇ ਅੰਦਰ (ਆਪਣੀ ਜੋਤਿ ਦਾ) ਚਾਨਣ ਕਰਦਾ ਹੈ।

ਜਪਿ ਜਪਿ ਜੀਵਹਿ ਭਗਤ ਗੁਣਤਾਸ ॥

ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਜਪ ਜਪ ਕੇ ਉਸ ਦੇ ਭਗਤ ਆਤਮਕ ਜੀਵਨ ਹਾਸਲ ਕਰਦੇ ਹਨ।

ਜਾ ਕੀ ਸੇਵ ਨ ਬਿਰਥੀ ਜਾਇ ॥

ਜਿਸ ਪ੍ਰਭੂ ਦੀ ਕੀਤੀ ਭਗਤੀ ਵਿਅਰਥ ਨਹੀਂ ਜਾਂਦੀ,

ਮਨ ਤਨ ਅੰਤਰਿ ਏਕੁ ਧਿਆਇ ॥੩॥

ਤੂੰ ਆਪਣੇ ਮਨ ਵਿਚ ਆਪਣੇ ਤਨ ਵਿਚ ਉਸ ਇੱਕ ਦਾ ਨਾਮ ਸਿਮਰਿਆ ਕਰ ॥੩॥

ਗੁਰ ਉਪਦੇਸਿ ਦਇਆ ਸੰਤੋਖੁ ॥

ਗੁਰੂ ਦੀ ਸਿੱਖਿਆ ਉੱਤੇ ਤੁਰਿਆਂ (ਮਨੁੱਖ ਦੇ ਹਿਰਦੇ ਵਿਚ) ਦਇਆ ਪੈਦਾ ਹੁੰਦੀ ਹੈ ਸੰਤੋਖ ਪੈਦਾ ਹੁੰਦਾ ਹੈ,

ਨਾਮੁ ਨਿਧਾਨੁ ਨਿਰਮਲੁ ਇਹੁ ਥੋਕੁ ॥

ਨਾਮ-ਖ਼ਜ਼ਾਨਾ ਪਰਗਟ ਹੋ ਜਾਂਦਾ ਹੈ, ਇਹ (ਨਾਮ-ਖ਼ਜ਼ਾਨਾ ਅਜਿਹਾ) ਪਦਾਰਥ ਹੈ ਕਿ ਇਹ ਜੀਵਨ ਨੂੰ ਪਵਿੱਤਰ ਕਰ ਦੇਂਦਾ ਹੈ।

ਕਰਿ ਕਿਰਪਾ ਲੀਜੈ ਲੜਿ ਲਾਇ ॥

(ਹੇ ਪ੍ਰਭੂ!) ਮਿਹਰ ਕਰ ਕੇ (ਮੈਨੂੰ ਨਾਨਕ ਨੂੰ ਆਪਣੇ) ਪੱਲੇ ਲਾਈ ਰੱਖ।

ਚਰਨ ਕਮਲ ਨਾਨਕ ਨਿਤ ਧਿਆਇ ॥੪॥੪੨॥੫੫॥

(ਮੈਂ) ਨਾਨਕ ਤੇਰੇ ਸੋਹਣੇ ਚਰਨਾਂ ਦਾ ਸਦਾ ਧਿਆਨ ਧਰਦਾ ਰਹਾਂ ॥੪॥੪੨॥੫੫॥

ਭੈਰਉ ਮਹਲਾ ੫ ॥

ਸਤਿਗੁਰ ਅਪੁਨੇ ਸੁਨੀ ਅਰਦਾਸਿ ॥

ਪਿਆਰੇ ਗੁਰੂ ਨੇ (ਜਿਸ ਮਨੁੱਖ ਦੀ) ਬੇਨਤੀ ਸੁਣ ਲਈ,

ਕਾਰਜੁ ਆਇਆ ਸਗਲਾ ਰਾਸਿ ॥

ਉਸ ਦਾ (ਹਰੇਕ) ਕੰਮ ਮੁਕੰਮਲ ਤੌਰ ਤੇ ਸਿਰੇ ਚੜ੍ਹ ਜਾਂਦਾ ਹੈ।

ਮਨ ਤਨ ਅੰਤਰਿ ਪ੍ਰਭੂ ਧਿਆਇਆ ॥

ਉਹ ਮਨੁੱਖ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ।

ਗੁਰ ਪੂਰੇ ਡਰੁ ਸਗਲ ਚੁਕਾਇਆ ॥੧॥

ਪੂਰਾ ਗੁਰੂ ਉਸ ਦਾ (ਹਰੇਕ) ਡਰ ਸਾਰੇ ਦਾ ਸਾਰਾ ਦੂਰ ਕਰ ਦੇਂਦਾ ਹੈ ॥੧॥

ਸਭ ਤੇ ਵਡ ਸਮਰਥ ਗੁਰਦੇਵ ॥

ਗੁਰੂ ਸਭਨਾਂ (ਦੇਵਤਿਆਂ) ਨਾਲੋਂ ਬਹੁਤ ਵੱਡੀ ਤਾਕਤ ਵਾਲਾ ਹੈ।

ਸਭਿ ਸੁਖ ਪਾਈ ਤਿਸ ਕੀ ਸੇਵ ॥ ਰਹਾਉ ॥

ਮੈਂ (ਤਾਂ) ਉਸ (ਗੁਰੂ) ਦੀ ਸਰਨ ਪੈ ਕੇ ਸਾਰੇ ਸੁਖ ਪ੍ਰਾਪਤ ਕਰ ਰਿਹਾ ਹਾਂ ॥ ਰਹਾਉ॥

ਜਾ ਕਾ ਕੀਆ ਸਭੁ ਕਿਛੁ ਹੋਇ ॥

(ਜਗਤ ਵਿਚ) ਜਿਸ (ਪਰਮਾਤਮਾ) ਦਾ ਕੀਤਾ ਹੀ ਹਰੇਕ ਕੰਮ ਹੋ ਰਿਹਾ ਹੈ,

ਤਿਸ ਕਾ ਅਮਰੁ ਨ ਮੇਟੈ ਕੋਇ ॥

ਉਸ (ਪਰਮਾਤਮਾ) ਦਾ ਹੁਕਮ ਕੋਈ ਜੀਵ ਮੋੜ ਨਹੀਂ ਸਕਦਾ।

ਪਾਰਬ੍ਰਹਮੁ ਪਰਮੇਸਰੁ ਅਨੂਪੁ ॥

ਉਹ ਪ੍ਰਭੂ ਪਰਮੇਸਰ (ਐਸਾ ਹੈ ਕਿ ਉਸ) ਵਰਗਾ ਹੋਰ ਕੋਈ ਨਹੀਂ।

ਸਫਲ ਮੂਰਤਿ ਗੁਰੁ ਤਿਸ ਕਾ ਰੂਪੁ ॥੨॥

ਉਸ ਦੇ ਸਰੂਪ ਦਾ ਦੀਦਾਰ ਸਾਰੇ ਮਨੋਰਥ ਪੂਰੇ ਕਰਦਾ ਹੈ। ਗੁਰੂ ਉਸ ਪਰਮਾਤਮਾ ਦਾ ਰੂਪ ਹੈ ॥੨॥

ਜਾ ਕੈ ਅੰਤਰਿ ਬਸੈ ਹਰਿ ਨਾਮੁ ॥

(ਗੁਰੂ ਦੀ ਰਾਹੀਂ) ਜਿਸ (ਮਨੁੱਖ) ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ,

ਜੋ ਜੋ ਪੇਖੈ ਸੁ ਬ੍ਰਹਮ ਗਿਆਨੁ ॥

(ਉਹ ਮਨੁੱਖ ਜਗਤ ਵਿਚ) ਜੋ ਕੁਝ ਭੀ ਵੇਖਦਾ ਹੈ ਉਹ (ਵੇਖਿਆ ਪਦਾਰਥ ਉਸ ਦੀ) ਪਰਮਾਤਮਾ ਨਾਲ ਡੂੰਘੀ ਸਾਂਝ ਹੀ ਬਣਾਂਦਾ ਹੈ।

ਬੀਸ ਬਿਸੁਏ ਜਾ ਕੈ ਮਨਿ ਪਰਗਾਸੁ ॥

(ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦਾ ਮੁਕੰਮਲ ਚਾਨਣ ਹੋ ਜਾਂਦਾ ਹੈ,

ਤਿਸੁ ਜਨ ਕੈ ਪਾਰਬ੍ਰਹਮ ਕਾ ਨਿਵਾਸੁ ॥੩॥

ਉਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ॥੩॥

ਤਿਸੁ ਗੁਰ ਕਉ ਸਦ ਕਰੀ ਨਮਸਕਾਰ ॥

ਹੇ ਨਾਨਕ! (ਆਖ-ਹੇ ਭਾਈ!) ਉਸ ਗੁਰੂ ਨੂੰ ਮੈਂ ਸਦਾ ਸਿਰ ਨਿਵਾਂਦਾ ਰਹਿੰਦਾ ਹਾਂ,

ਤਿਸੁ ਗੁਰ ਕਉ ਸਦ ਜਾਉ ਬਲਿਹਾਰ ॥

ਉਸ ਗੁਰੂ ਤੋਂ ਮੈਂ ਸਦਾ ਕੁਰਬਾਨ ਜਾਂਦਾ ਹਾਂ।

ਸਤਿਗੁਰ ਕੇ ਚਰਨ ਧੋਇ ਧੋਇ ਪੀਵਾ ॥

ਮੈਂ ਉਸ ਗੁਰੂ ਦੇ ਚਰਨ ਧੋ ਧੋ ਕੇ ਪੀਂਦਾ ਹਾਂ (ਭਾਵ, ਮੈਂ ਉਸ ਗੁਰੂ ਤੋਂ ਆਪਣਾ ਆਪਾ ਸਦਕੇ ਕਰਦਾ ਹਾਂ)।

ਗੁਰ ਨਾਨਕ ਜਪਿ ਜਪਿ ਸਦ ਜੀਵਾ ॥੪॥੪੩॥੫੬॥

ਉਸ ਗੁਰੂ ਨੂੰ ਸਦਾ ਚੇਤੇ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹਾਂ ॥੪॥੪੩॥੫੬॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430