ਪਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਪਾਪ ਕੱਟ ਦੇਂਦਾ ਹੈ, ਤੇ, ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ਰਹਾਉ॥
ਹੇ ਭਾਈ! (ਗੁਰੂ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ) ਇਹ (ਆਪਣਾ) ਪਰਵਾਰ ਭੀ ਜਿੰਦ ਵਾਸਤੇ ਨਿਰਾ ਮੋਹ ਦੇ ਬੰਧਨ ਬਣ ਜਾਂਦਾ ਹੈ, (ਤਾਂਹੀਏਂ) ਜਗਤ (ਗੁਰੂ ਤੋਂ) ਭਟਕ ਕੇ ਕੁਰਾਹੇ ਪਿਆ ਰਹਿੰਦਾ ਹੈ।
ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਬੰਧਨ ਟੁੱਟਦੇ ਨਹੀਂ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ।
ਜੇਹੜੇ ਮਨੁੱਖ ਨਿਰੇ ਦੁਨੀਆ ਦੇ ਕੰਮ-ਧੰਧੇ ਹੀ ਕਰਦੇ ਹਨ, ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ॥੨॥
ਹੇ ਭਾਈ! 'ਮੈਂ ਵੱਡਾ ਹਾਂ', 'ਇਹ ਧਨ ਆਦਿਕ ਮੇਰਾ ਹੈ'-ਇਸ ਵਿਚ ਹੀ ਜਗਤ ਉਲਝਿਆ ਪਿਆ ਹੈ (ਉਂਞ) ਕੋਈ ਭੀ ਕਿਸੇ ਦਾ (ਸਦਾ ਦਾ ਸਾਥੀ) ਨਹੀਂ ਬਣ ਸਕਦਾ।
ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਤੇ, ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਹਨ, ਉਹਨਾਂ ਦਾ (ਆਤਮਕ) ਨਿਵਾਸ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ।
ਜੇਹੜਾ ਮਨੁੱਖ ਇਸ ਜੀਵਨ ਵਿਚ ਹੀ (ਇਸ ਭੇਤ ਨੂੰ) ਸਮਝਦਾ ਹੈ, ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਪਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ ॥੩॥
ਹੇ ਭਾਈ! ਗੁਰੂ ਹਰ ਵੇਲੇ ਹੀ ਦਇਆਵਾਨ ਰਹਿੰਦਾ ਹੈ (ਮਾਇਆ-ਵੇੜ੍ਹਿਆ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ) ਕਿਸਮਤਿ ਤੋਂ ਬਿਨਾ (ਗੁਰੂ ਪਾਸੋਂ) ਕੀਹ ਮਿਲੇ?
ਗੁਰੂ ਸਭਨਾਂ ਨੂੰ ਇਕ ਪਿਆਰ ਦੀ ਨਿਗਾਹ ਨਾਲ ਵੇਖਦਾ ਹੈ। (ਪਰ ਸਾਡੀ ਜੀਵਾਂ ਦੀ) ਜਿਹੋ ਜਿਹੀ ਭਾਵਨਾ ਹੁੰਦੀ ਹੈ ਉਹੋ ਜਿਹਾ ਫਲ (ਸਾਨੂੰ ਗੁਰੂ ਪਾਸੋਂ) ਮਿਲ ਜਾਂਦਾ ਹੈ।
ਹੇ ਨਾਨਕ! (ਜੇ ਗੁਰੂ ਦੀ ਸਰਨ ਪੈ ਕੇ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਲਈਏ, ਤਾਂ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ ॥੪॥੬॥
ਹੇ ਭਾਈ! ਗੁਰੂ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਭਗਤੀ ਹੋ ਸਕਦੀ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹਿਰਦੇ ਵਿਚ ਟਿਕ ਜਾਂਦੀ ਹੈ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਸਦਾ ਸੁਖ ਮਾਣਦਾ ਹੈ, ਉਸ ਦੀ ਹਉਮੈ ਗੁਰੂ ਦੇ ਸ਼ਬਦ ਵਿਚ ਹੀ ਮੁੱਕ ਜਾਂਦੀ ਹੈ।
ਸੱਚੇ ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ, ਜੇਹੜੀ ਅੰਞਾਣ ਲੁਕਾਈ ਗੁਰੂ ਦੇ ਦਰ ਤੇ ਨਹੀਂ ਆਉਂਦੀ, ਉਹ ਕੁਰਾਹੇ ਪਈ ਰਹਿੰਦੀ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਦੇ ਫਿਰਦੇ ਹਨ, ਸਦਾ ਦੁੱਖ ਪਾਂਦੇ ਹਨ; ਉਹ, ਮਾਨੋ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ ॥੧॥
ਹੇ ਭਾਈ! ਸਦਾ ਗੁਰੂ ਦੀ ਸਰਨ ਟਿਕਿਆ ਰਹੁ।
(ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ, ਉਸ ਉਤੇ ਗੁਰੂ) ਆਪਣੀ ਮੇਹਰ ਦੀ ਨਿਗਾਹ ਕਰਦਾ ਹੈ; ਉਸ ਦੀ ਇੱਜ਼ਤ ਰੱਖਦਾ ਹੈ, ਉਸ ਨੂੰ ਪ੍ਰਭੂ ਦਾ ਨਾਮ ਬਖ਼ਸ਼ਦਾ ਹੈ (ਜੋ ਇਕ ਵੱਡੀ) ਇੱਜ਼ਤ ਹੈ ਰਹਾਉ॥
ਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀਂ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ, ਉਸ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਗੁਣਾਂ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ।
ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ) ਤਿਆਗਣ ਨਾਲ ਉਸ ਦੇ ਹਿਰਦੇ ਵਿਚ ਜਗਤ ਦਾ ਜੀਵਨ ਪ੍ਰਭੂ ਸਦਾ ਲਈ ਆ ਵੱਸਿਆ।
ਬੇਅੰਤ ਪ੍ਰਭੂ ਦਾ ਨਾਮ ਉਸ ਦੇ ਹਿਰਦੇ ਵਿਚ ਆ ਵੱਸਣ ਕਰਕੇ ਪ੍ਰਭੂ ਉਸ ਨੂੰ ਹਰ ਵੇਲੇ ਅੰਗ-ਸੰਗ ਵੱਸਦਾ ਦਿੱਸ ਪਿਆ, ਸਭ ਥਾਵਾਂ ਵਿਚ ਮੌਜੂਦ ਦਿੱਸ ਪਿਆ।
ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਇਹ ਪਛਾਣ ਆ ਗਈ ਕਿ (ਪਰਮਾਤਮਾ ਨਾਲ ਮਿਲਾਪ ਦਾ ਵਸੀਲਾ) ਹਰੇਕ ਜੁਗ ਵਿਚ ਗੁਰੂ ਦੀ ਬਾਣੀ ਹੀ ਹੈ, ਪਰਮਾਤਮਾ ਦਾ ਨਾਮ ਉਸ ਨੂੰ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪਿਆ ॥੨॥
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਪਾ ਲਈ, ਜਗਤ ਵਿਚ ਆ ਕੇ ਉਸਦੀ ਜ਼ਿੰਦਗੀ ਕਾਮਯਾਬ ਹੋ ਗਈ।
ਪਰਮਾਤਮਾ ਦੇ ਨਾਮ ਸੁਆਦ ਚੱਖ ਕੇ ਉਸ ਦਾ ਮਨ ਸਦਾ ਲਈ ਤ੍ਰਿਪਤ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਤੇ, ਗੁਣਾਂ ਦੀ ਰਾਹੀਂ ਮਾਇਆ ਵਲੋਂ ਰੱਜ ਜਾਂਦਾ ਹੈ।
ਉਸ ਦਾ ਹਿਰਦਾ-ਕਮਲ ਖਿੜ ਕੇ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ (ਆਪਣੇ ਹਿਰਦੇ ਵਿਚ) ਇਕ-ਰਸ ਗੁਰ-ਸ਼ਬਦ (ਦਾ ਵਾਜਾ) ਵਜਾਂਦਾ ਰਹਿੰਦਾ ਹੈ।
ਪਵਿਤ੍ਰ ਬਾਣੀ ਦੀ ਬਰਕਤਿ ਨਾਲ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ ॥੩॥
ਕੋਈ ਮਨੁੱਖ ਨਹੀਂ ਸਮਝ ਸਕਦਾ ਕਿ ਪਰਮਾਤਮਾ ਦੇ ਨਾਮ ਨਾਲ ਕਿਤਨੀ ਕੁ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ (ਉਂਞ) ਗੁਰੂ ਦੀ ਮਤਿ ਲਿਆਂ ਨਾਮ (ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਉਹ (ਪਰਮਾਤਮਾ ਦੇ ਮਿਲਾਪ ਦਾ) ਰਸਤਾ ਪਛਾਣ ਲੈਂਦਾ ਹੈ, ਉਸ ਦੀ ਜੀਭ ਨਾਮ-ਰਸ ਨਾਲ ਰਸ ਬਣ ਜਾਂਦੀ ਹੈ।
ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਆ ਵੱਸਦਾ ਹੈ-ਇਹੀ ਹੈ ਜਪ, ਇਹੀ ਹੈ ਤਪ, ਇਹੀ ਹੈ ਸੰਜਮ।
ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਦਰ ਤੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ ॥੪॥੭॥
ਹੇ ਭਾਈ! ਜੇ ਗੁਰੂ ਮਿਲ ਪਏ, ਤਾਂ ਮਨੁੱਖ ਆਤਮਕ ਜੀਵਨ ਦੀ ਸਮਝ ਹਾਸਲ ਕਰ ਲੈਂਦਾ ਹੈ, ਮਨੁੱਖ ਦੀ ਸੁਰਤਿ ਵਿਕਾਰਾਂ ਵਲੋਂ ਪਰਤ ਪੈਂਦੀ ਹੈ, ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਮਨੁੱਖ ਵਿਕਾਰਾਂ ਵਲੋਂ ਅਛੋਹ ਹੋ ਜਾਂਦਾ ਹੈ।
ਹੇ ਭਾਈ! ਜਿਸ ਮਨੁੱਖ ਦੀ ਆਤਮਾ ਨੂੰ ਗੁਰੂ ਪਰਮਾਤਮਾ ਵਿਚ ਮਿਲਾ ਦੇਂਦਾ ਹੈ, ਉਹ (ਅਸਲ) ਸਿੱਖ ਬਣ ਜਾਂਦਾ ਹੈ ॥੧॥
ਹੇ ਮਨ! ਸਦਾ ਪਰਮਾਤਮਾ ਨਾਲ ਸੁਰਤਿ ਜੋੜੀ ਰੱਖ।
ਹੇ ਮਨ! ਮੁੜ ਮੁੜ ਜਪ ਜਪ ਕੇ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ। ਹੇ ਭਾਈ! ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ (ਥਾਂ) ਲੱਭ ਲੈਂਦਾ ਹੈ ਰਹਾਉ॥