ਉਹ ਮਨੁੱਖ ਅਨੇਕਾਂ ਜਨਮਾਂ ਦੇ ਪਾਪ ਅਤੇ ਡਰ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ (ਹਰ ਥਾਂ) ਵੇਖਦਾ ਹੈ ॥੧॥ ਰਹਾਉ ॥
ਉਸ ਨੂੰ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਕਰਨ ਵਾਲਾ ਸਦਾ-ਥਿਰ ਪ੍ਰਭੂ ਹੀ (ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ।
(ਜਿਸ ਮਨੁੱਖ ਨੂੰ) ਸਤਿਗੁਰੂ ਨੇ ਇਕ ਪਰਮਾਤਮਾ ਦੀ ਸਮਝ ਬਖ਼ਸ਼ ਦਿੱਤੀ, ਉਸ ਨੂੰ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ (ਕਿਤੇ ਵੱਸਦਾ) ਨਹੀਂ ਸੁੱਝਦਾ ॥੧॥
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ (ਪ੍ਰਭੂ ਦਾ) ਅਮੋਲਕ ਪ੍ਰੇਮ ਆ ਵੱਸਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਟਿੱਕੇ ਰਹਿੰਦੇ ਹਨ।
ਗੁਰੂ ਦੇ ਸ਼ਬਦ-ਰੰਗ ਵਿਚ ਗੂੜ੍ਹੇ ਰੰਗੇ ਹੋਏ ਉਹ ਮਨੁੱਖ ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ ॥੨॥
ਗੁਰੂ ਦਾ ਸ਼ਬਦ ਮਨ ਵਿਚ ਵਸਾ ਕੇ ਜਿਸ ਮਨੁੱਖ ਦੀ ਜੀਭ ਨਾਮ ਦੇ ਸੁਆਦ ਵਿਚ ਗਿੱਝ ਜਾਂਦੀ ਹੈ, ਨਾਮ-ਰੰਗ ਲਾ ਕੇ ਗੂੜ੍ਹੀ ਰੰਗੀ ਜਾਂਦੀ ਹੈ,
ਉਹ ਮਨੁੱਖ ਸੁੱਧ-ਸਰੂਪ ਹਰੀ ਦੇ ਨਾਮ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਉਸ ਦਾ ਮਨ (ਮਾਇਆ ਵੱਲੋਂ) ਰੱਜ ਜਾਂਦਾ ਹੈ, ਉਸ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ॥੩॥
ਪਰ, ਪੰਡਿਤ ਲੋਕ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਜਾਂਦੇ ਹਨ, ਸਮਾਧੀਆਂ ਲਾਣ ਵਾਲੇ (ਸਮਾਧੀਆਂ ਲਾ ਲਾ ਕੇ) ਥੱਕ ਜਾਂਦੇ ਹਨ, ਭੇਖਧਾਰੀ ਮਨੁੱਖ ਧਾਰਮਿਕ ਭੇਖਾਂ ਵਿਚ ਹੀ ਭਟਕ ਭਟਕ ਕੇ ਥੱਕ ਜਾਂਦੇ ਹਨ (ਉਹਨਾਂ ਨੂੰ ਹਰਿ-ਨਾਮ ਦੀ ਦਾਤ ਪ੍ਰਾਪਤੀ ਨਹੀਂ ਹੁੰਦੀ)।
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਪ੍ਰਭੂ ਦੇ ਸ਼ਬਦ ਵਿਚ ਸੁਰਤ ਜੋੜਦਾ ਹੈ ਉਹ ਮਨੁੱਖ ਨਿਰਲੇਪ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੪॥
ਜਿਨ੍ਹਾਂ ਮਨੁੱਖਾਂ ਨੂੰ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਮਨ ਵਿਚ ਪਿਆਰਾ ਲਗਦਾ ਹੈ, ਉਹ (ਗੁਰ-ਸ਼ਬਦ ਦੀ ਬਰਕਤਿ ਨਾਲ) ਜਨਮ ਮਰਨ ਦਾ ਗੇੜ ਮਿਟਾ ਕੇ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਰਹਿੰਦੇ ਹਨ।
ਜਿਸ (ਗੁਰੂ) ਨੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕੀਤਾ ਹੋਇਆ ਹੈ, ਉਸ ਗੁਰੂ ਦੀ ਸਰਨ ਪੈ ਕੇ (ਹੀ) ਸਦਾ ਆਤਮਕ ਆਨੰਦ ਮਾਣੀਦਾ ਹੈ ॥੫॥
ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ (ਜੁੜ ਕੇ) ਆਪਣੇ ਮਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰਖਦਾ ਹੈ, (ਉਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ) ਅਪਹੁੰਚ ਅਗੋਚਰ ਅਤੇ ਨਿਰਲੇਪ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ ॥੬॥
(ਗੁਰੂ ਦੇ ਸਨਮੁਖ ਰਹਿਣ ਵਾਲਾ ਹੀ) ਕੋਈ ਵਿਰਲਾ ਮਨੁੱਖ ਇਕ ਪਰਮਾਤਮਾ ਨਾਲ ਸਾਂਝ ਪਾਂਦਾ ਹੈ (ਤੇ, ਇਹ ਸਮਝਦਾ ਹੈ ਕਿ) ਸਾਰਾ ਸੰਸਾਰ ਇਕ ਪਰਮਾਤਮਾ (ਦੇ ਹੁਕਮ) ਵਿਚ ਹੀ ਕਾਰ ਚਲਾ ਰਿਹਾ ਹੈ।
ਜਦੋਂ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦਾ ਹੈ, ਤਦੋਂ ਉਸ ਨੂੰ (ਇਹ) ਸਾਰੀ ਸੂਝ ਆ ਜਾਂਦੀ ਹੈ, ਤਦੋਂ ਉਹ ਹਰ ਵੇਲੇ ਸਿਰਫ਼ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ॥੭॥
ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹੀ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ (ਪ੍ਰਭੂ ਦੀ ਮਿਹਰ ਤੋਂ ਬਿਨਾ ਕੋਈ) ਹੋਰ (ਰਸਤਾ) ਦੱਸਿਆ ਨਹੀਂ ਜਾ ਸਕਦਾ।
ਹੇ ਨਾਨਕ! (ਹਰੀ ਦੀ ਕਿਰਪਾ ਨਾਲ ਹੀ) ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਸੁਰਤ ਜੋੜ ਕੇ ਹਰਿ-ਨਾਮ ਵਿਚ ਮਗਨ ਰਹਿਣ ਵਾਲੇ ਮਨੁੱਖ (ਦੁਨੀਆ ਦੇ ਮੋਹ ਵਲੋਂ) ਸਦਾ ਨਿਰਲੇਪ ਰਹਿੰਦੇ ਹਨ ॥੮॥੨॥
ਹੇ ਮੇਰੇ ਮਨ! ਪ੍ਰਭੂ ਦੀ ਕਦੇ ਨਾਹ ਮੁੱਕ ਸਕਣ ਵਾਲੀ ਸਿਫ਼ਤ-ਸਾਲਾਹ (ਦੀ ਦਾਤਿ)
ਉਹੀ ਮਨੁੱਖ ਹਾਸਲ ਕਰਦਾ ਹੈ, ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਕਿਰਪਾ ਕਰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ (ਇਸ ਦੀ) ਕਦਰ ਸਮਝੀ ਹੈ ॥੧॥ ਰਹਾਉ ॥
ਗੁਰੂ ਦੇ ਸ਼ਬਦ ਦੀ ਰਾਹੀਂ ਇਹ ਪਛਾਣ ਆਉਂਦੀ ਹੈ ਕਿ ਪਰਮਾਤਮਾ ਬੜੇ ਹੀ ਡੂੰਘੇ ਜਿਗਰੇ ਵਾਲਾ ਹੈ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ।
ਜਿਹੜੇ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਹੋਰ ਪਿਆਰ ਵਿਚ (ਟਿਕੇ ਰਹਿ ਕੇ) ਕਈ ਤਰੀਕਿਆਂ ਦੇ (ਮਿਥੇ ਹੋਏ ਧਾਰਮਿਕ) ਕਰਮ (ਭੀ) ਕਰਦੇ ਹਨ, ਉਹ ਮਨੁੱਖ ਗੁਰੂ ਦੇ ਸ਼ਬਦ ਤੋਂ ਬਿਨਾ ਝੱਲੇ ਹੀ ਰਹਿੰਦੇ ਹਨ ॥੧॥
ਜਿਹੜਾ ਮਨੁੱਖ ਪਰਮਾਤਮਾ ਦੇ ਨਾਮ (-ਜਲ) ਵਿਚ (ਆਤਮਕ) ਇਸ਼ਨਾਨ ਕਰਦਾ ਰਹਿੰਦਾ ਹੈ, ਉਹੀ ਮਨੁੱਖ ਪਵਿੱਤਰ (ਜੀਵਨ ਵਾਲਾ) ਹੁੰਦਾ ਹੈ, ਉਹ ਮੁੜ ਕਦੇ ਭੀ (ਵਿਕਾਰਾਂ ਦੀ ਮੈਲ ਨਾਲ) ਮੈਲਾ ਨਹੀਂ ਹੁੰਦਾ।
ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ (ਪਾਪਾਂ ਦੀ ਮੈਲ ਨਾਲ) ਲਿਬੜਿਆ ਰਹਿੰਦਾ ਹੈ, ਹੋਰ ਹੋਰ ਭਟਕਣਾ ਵਿਚ ਪੈ ਕੇ ਆਪਣੀ ਇੱਜ਼ਤ ਗੰਵਾ ਲੈਂਦਾ ਹੈ ॥੨॥
ਹੇ ਪ੍ਰਭੂ! ਮੈਂ ਕਿਹੜੀ ਗੱਲ ਆਪਣੇ ਮਨ ਵਿਚ ਪੱਕੀ ਕਰ ਲਵਾਂ; ਕਿਹੜੇ ਗੁਣ (ਹਿਰਦੇ ਵਿਚ) ਇਕੱਠੇ ਕਰ ਕੇ ਕਿਹੜੇ ਔਗੁਣ ਛੱਡ ਦਿਆਂ?-ਮੈਨੂੰ ਆਪਣੇ ਆਪ ਤਾਂ ਇਹ ਸਮਝ ਨਹੀਂ ਆ ਸਕਦੀ।
ਹੇ ਪ੍ਰਭੂ ਜੀ! ਮਿਹਰ ਕਰ ਕੇ ਜੇ ਤੂੰ (ਆਪ ਮੇਰੇ ਉੱਤੇ) ਦਇਆਵਾਨ ਹੋ ਜਾਏਂ (ਤਾਂ ਹੀ ਮੈਨੂੰ ਸਮਝ ਆਉਂਦੀ ਹੈ ਕਿ ਤੇਰਾ) ਨਾਮ ਹੀ ਅਸਲ ਸਾਥੀ ਬਣਦਾ ਹੈ ॥੩॥
ਜਿਹੜਾ ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਜੋ ਸਭ ਦਾਤਾਂ ਦੇਣ ਵਾਲਾ ਹੈ, ਜੋ (ਜੀਵਾਂ ਦੇ) ਕੀਤੇ ਕਰਮਾਂ ਅਨੁਸਾਰ (ਜੀਵਾਂ) ਨੂੰ ਜਨਮ ਦੇਣ ਵਾਲਾ ਹੈ, ਉਸ ਨੂੰ ਕਿਹੜਾ ਜੀਵ ਪਿਆਰਾ ਲੱਗਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜਦਾ ਹੈ।
ਗੁਰੂ ਦੇ ਦਰ ਤੇ ਆ ਕੇ ਉਹੀ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ਦਾ ਹੈ ॥੪॥
ਜਿਸ ਮਨੁੱਖ ਦਾ ਮਨ ਇਹ ਹੈਰਾਨ ਕਰਨ ਵਾਲਾ ਜਗਤ-ਤਮਾਸ਼ਾ ਵੇਖ ਕੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਉਸ ਦੇ ਵਾਸਤੇ ਜਨਮ ਮਰਨ ਦਾ ਗੇੜ ਸੰਸਾਰ-ਚੱਕਰ ਬਣਿਆ ਰਹਿੰਦਾ ਹੈ।
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹੀ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ, ਉਹੀ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਲੱਭਦਾ ਹੈ ॥੫॥
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ, ਤੇ, ਜਿਨ੍ਹਾਂ ਨੂੰ ਪਰਮਾਤਮਾ ਦਾ ਦਰਵਾਜ਼ਾ ਦਿੱਸ ਪਿਆ, ਉਹ ਕਦੇ ਭੀ (ਵਿਕਾਰਾਂ ਵਿਚ ਆਪਣਾ ਜੀਵਨ) ਖ਼ਰਾਬ ਨਹੀਂ ਕਰਦੇ।
ਉਹ ਮਨੁੱਖ ਹਰਿ-ਨਾਮ ਸਿਮਰਨ ਅਤੇ ਵਿਕਾਰਾਂ ਤੋਂ ਬਚੇ ਰਹਿਣ ਦਾ ਜਤਨ ਆਦਿਕ ਕਰਤੱਬ ਕਰਦੇ ਰਹਿੰਦੇ ਹਨ, (ਇਸ ਤਰ੍ਹਾਂ ਉਹਨਾਂ ਦਾ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੬॥
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਆਸਰਾ ਮਿਲ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ (ਚਰਨਾਂ ਵਿਚ) ਟਿੱਕ ਕੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ।