ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਗੁਰਮੁਖ ਮਨੁੱਖ ਦੁਨੀਆ (ਦੇ ਬੰਦਿਆਂ) ਨੂੰ (ਵਿਕਾਰਾਂ ਤੋਂ) ਬਚਾਣ ਦੀ ਸਮਰੱਥਾ ਵਾਲੇ ਹੁੰਦੇ ਹਨ, (ਜੇ ਵਿਕਾਰਾਂ ਤੋਂ ਬਚਣ ਦੀ ਲੋੜ ਹੈ ਤਾਂ) ਉਹਨਾਂ ਦੀ ਸਰਨ ਪਏ ਰਹੋ।
ਹੇ ਪ੍ਰਭੂ! ਮੈਨੂੰ (ਭੀ) ਆਪਣੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦਾ ਦਾਨ ਦੇਹ ॥੨॥
ਹੇ ਪ੍ਰਭੂ! ਮੇਰੇ ਪੱਲੇ ਦਲੀਲ ਕਰਨ ਦੀ ਸਮਰਥਾ ਨਹੀਂ, ਮੇਰੇ ਅੰਦਰ ਕੋਈ ਸਿਆਣਪ ਨਹੀਂ, ਮੈਂ ਕੋਈ ਸੇਵਾ ਦੀ ਮੇਹਨਤ ਨਹੀਂ ਕੀਤੀ,
(ਮੇਰੀ ਤਾਂ ਤੇਰੇ ਹੀ ਦਰ ਤੇ ਅਰਜ਼ੋਈ ਹੈ-ਹੇ ਪ੍ਰਭੂ!) ਮੈਨੂੰ ਭਟਕਣਾਂ ਤੋਂ, ਡਰਾਂ ਤੋਂ, ਮੋਹ ਤੋਂ ਬਚਾ ਲੈ (ਇਹ ਭਟਕਣ, ਇਹ ਡਰ, ਇਹ ਮੋਹ ਸਭ ਜਮ ਦੇ ਜਾਲ, ਜਮ ਦੇ ਵੱਸ ਪਾਣ ਵਾਲੇ ਹਨ, ਮੇਰਾ ਇਹ) ਜਮਾਂ ਦਾ ਜਾਲ ਕੱਟ ਦੇ ॥੩॥
ਹੇ ਤਰਸ ਦੇ ਸੋਮੇ! ਹੇ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਮੈਂ (ਤੇਰੇ ਅੱਗੇ) ਬੇਨਤੀ ਕਰਦਾ ਹਾਂ।
ਹੇ ਨਾਨਕ! (ਆਖ-ਹੇ ਪ੍ਰਭੂ! ਮੇਹਰ ਕਰ) ਸਾਧ ਸੰਗਤਿ ਵਿਚ ਟਿਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ। (ਹੇ ਪ੍ਰਭੂ!) ਤੇਰੀ ਸਾਧ ਸੰਗਤਿ ਸੁਖਾਂ ਦਾ ਘਰ ਹੈ ॥੪॥੧੧॥੪੧॥
ਹੇ ਪ੍ਰਭੂ! ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ, ਉਹੀ ਤੂੰ ਕਰਦਾ ਹੈਂ, ਤੇਰੀ ਪ੍ਰੇਰਨਾ ਤੋਂ ਬਿਨਾ (ਜੀਵ ਪਾਸੋਂ) ਕੁਝ ਨਹੀਂ ਹੋ ਸਕਦਾ।
ਤੇਰਾ ਤੇਜ-ਪ੍ਰਤਾਪ ਵੇਖ ਕੇ ਜਮਦੂਤ (ਭੀ ਜੀਵ ਨੂੰ) ਛੱਡ ਜਾਂਦੇ ਹਨ ॥੧॥
(ਹੇ ਪ੍ਰਭੂ!) (ਤੇਰੀ ਕਿਰਪਾ ਨਾਲ ਹੀ) (ਜੀਵਾਂ ਦੀ) ਹਉਮੈ ਦੂਰ ਹੋ ਸਕਦੀ ਹੈ
ਹੇ ਸਾਰੀਆਂ ਤਾਕਤਾਂ ਵਾਲੇ ਪ੍ਰਭੂ! ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! ਹੇ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਭ ਤੋਂ ਵੱਡੇ ਦੇਵਤੇ ਪ੍ਰਭੂ! ਤੇਰੀ ਮੇਹਰ ਨਾਲ (ਹੀ ਵਿਕਾਰਾਂ ਤੋਂ) ਬਚ ਸਕੀਦਾ ਹੈ ॥੧॥ ਰਹਾਉ ॥
ਹੇ ਪ੍ਰਭੂ! ਭਾਲ ਕਰਦਿਆਂ ਕਰਦਿਆਂ (ਆਖ਼ਰ ਮੈਂ ਇਹ ਗੱਲ) ਲੱਭ ਲਈ ਹੈ ਕਿ (ਤੇਰੇ) ਨਾਮ ਤੋਂ ਬਿਨਾ (ਹੋਰ ਸਭ ਕੁਝ) ਨਾਸਵੰਤ ਹੈ।
ਜ਼ਿੰਦਗੀ ਦਾ ਸਾਰਾ ਸੁਖ ਸਾਧ ਸੰਗਤਿ ਵਿਚ (ਹੀ ਪ੍ਰਾਪਤ ਹੁੰਦਾ ਹੈ)। ਹੇ ਪ੍ਰਭੂ! (ਮੈਨੂੰ ਭੀ ਸਾਧ ਸੰਗਤਿ ਵਿਚ ਟਿਕਾਈ ਰੱਖੀਂ, ਮੇਰੀ ਇਹ) ਤਾਂਘ ਪੂਰੀ ਕਰ ॥੨॥
ਹੇ ਪ੍ਰਭੂ! ਜਿਸ ਜਿਸ ਕੰਮ ਵਿਚ ਤੂੰ (ਜੀਵਾਂ ਨੂੰ) ਲਾਂਦਾ ਹੈਂ, ਉਸੇ ਉਸੇ ਵਿਚ (ਜੀਵ) ਲੱਗਦੇ ਹਨ। (ਇਸ ਵਾਸਤੇ, ਹੇ ਪ੍ਰਭੂ!) ਮੈਂ ਆਪਣੀ ਸਾਰੀ ਚਤੁਰਾਈ ਮੁਕਾ ਦਿੱਤੀ ਹੈ (ਤੇ, ਤੇਰੀ ਰਜ਼ਾ ਵਿਚ ਤੁਰਨਾ ਲੋੜਦਾ ਹਾਂ)।
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਤੂੰ (ਸਾਰੇ ਜਗਤ ਵਿਚ) ਹਰ ਥਾਂ ਮੌਜੂਦ ਹੈਂ (ਤੈਥੋਂ ਕੋਈ ਆਕੀ ਨਹੀਂ ਹੋ ਸਕਦਾ) ॥੩॥
ਹੇ ਪ੍ਰਭੂ! (ਅਸੀਂ ਜੀਵ) ਸਭ ਕੁਝ ਤੇਰੇ ਪਾਸੋਂ ਹੀ ਮੰਗ ਸਕਦੇ ਹਾਂ। (ਜੇਹੜਾ) ਵਡ-ਭਾਗੀ (ਮਨੁੱਖ ਮੰਗਦਾ ਹੈ, ਉਹ) ਪ੍ਰਾਪਤ ਕਰ ਲੈਂਦਾ ਹੈ।
ਹੇ ਪ੍ਰਭੂ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ (ਮੇਹਰ ਕਰ, ਮੈਂ ਨਾਨਕ) ਤੇਰੇ ਗੁਣ ਗਾ ਕੇ ਆਤਮਕ ਜੀਵਨ ਹਾਸਲ ਕਰ ਲਵਾਂ ॥੪॥੧੨॥੪੨॥
ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ।
(ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਨਾਲ (ਸਾਂਝ ਬਣਿਆਂ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਦਾ ਹੈ, ਜਿਸ ਕਰਕੇ ਜਨਮ ਮਰਨ ਦੇ ਗੇੜ ਵਿਚ ਨਹੀਂ ਫਸੀਦਾ ॥੧॥
ਹੇ ਭਾਈ! ਪਰਮਾਤਮਾ ਦਾ ਨਾਮ ਜਪਿਆਂ (ਮਨੁੱਖ ਦੀ) ਜੀਭ ਪਵਿੱਤਰ ਹੋ ਜਾਂਦੀ ਹੈ।
ਗੁਰੂ ਦਾ (ਦੱਸਿਆ ਹੋਇਆ ਹਰਿ-ਨਾਮ ਦਾ) ਜਾਪ ਜਪਿਆਂ ਮਨ ਪਵਿੱਤਰ ਹੋ ਜਾਂਦਾ ਹੈ, ਸਰੀਰ ਪਵਿੱਤਰ ਹੋ ਜਾਂਦਾ ਹੈ ॥੧॥ ਰਹਾਉ ॥
(ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਦਾ ਰਸ ਚੱਖਿਆਂ (ਮਾਇਆ ਦੇ ਲਾਲਚ ਵਲੋਂ) ਰੱਜ ਜਾਈਦਾ ਹੈ, ਪਰਮਾਤਮਾ ਦਾ ਨਾਮ-ਰਸ ਮਨ ਵਿਚ ਵਸਾ ਕੇ ਸਦਾ ਖਿੜੇ ਰਹੀਦਾ ਹੈ।
ਬੁੱਧੀ ਵਿਚ (ਸਹੀ ਜੀਵਨ ਦਾ) ਚਾਨਣ ਹੋ ਜਾਂਦਾ ਹੈ, ਬੁੱਧੀ ਉੱਜਲ ਹੋ ਜਾਂਦੀ ਹੈ। ਹਿਰਦਾ-ਕੌਲ (ਮਾਇਆ ਦੇ ਮੋਹ ਵਲੋਂ) ਪਰਤ ਕੇ ਸਦਾ ਖਿੜਿਆ ਰਹਿੰਦਾ ਹੈ ॥੨॥
(ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਜਾਪ ਕੀਤਿਆਂ ਮਨੁੱਖ ਦਾ ਮਨ) ਠੰਢਾ-ਠਾਰ ਹੋ ਜਾਂਦਾ ਹੈ, (ਮਨ ਵਿਚ) ਸ਼ਾਂਤੀ ਤੇ ਸੰਤੋਖ ਪੈਦਾ ਹੋ ਜਾਂਦਾ ਹੈ, ਮਾਇਆ ਵਾਲੀ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ।
(ਮਾਇਆ ਦੀ ਖ਼ਾਤਰ) ਦਸੀਂ ਪਾਸੀਂ (ਸਾਰੇ ਜਗਤ ਵਿਚ) ਦੌੜ-ਭੱਜ ਮਿਟ ਜਾਂਦੀ ਹੈ, (ਪ੍ਰਭੂ ਦੇ ਚਰਨਾਂ ਦੇ) ਪਵਿੱਤਰ ਥਾਂ ਵਿਚ ਨਿਵਾਸ ਹੋ ਜਾਂਦਾ ਹੈ ॥੩॥
ਹੇ ਨਾਨਕ! ਰੱਖਿਆ ਕਰਨ ਦੇ ਸਮਰੱਥ ਪ੍ਰਭੂ ਨੇ ਜਿਸ ਮਨੁੱਖ ਦੀ (ਵਿਕਾਰਾਂ ਵਲੋਂ) ਰਾਖੀ ਕੀਤੀ, ਉਸ ਦੀਆਂ ਸਾਰੀਆਂ ਹੀ ਭਟਕਣਾਂ (ਸੜ ਕੇ) ਸੁਆਹ ਹੋ ਗਈਆਂ।
ਗੁਰੂ ਦਾ ਦਰਸਨ ਕਰ ਕੇ ਉਸ ਮਨੁੱਖ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜੋ, ਮਾਨੋ, ਦੁਨੀਆ ਦੇ ਸਾਰੇ ਹੀ) ਖ਼ਜ਼ਾਨੇ (ਹੈ), (ਤੇ ਨਾਮ ਦੀ ਬਰਕਤਿ ਨਾਲ ਉਹ ਸਦਾ ਲਈ) ਸੁਖੀ ਹੋ ਗਿਆ ॥੪॥੧੩॥੪੩॥
ਹੇ ਭਾਈ! ਪ੍ਰਭੂ ਦੇ ਭਗਤ ਦੇ ਘਰ ਵਿਚ ਪਾਣੀ (ਢੋਇਆ ਕਰ), ਪੱਖਾ (ਝੱਲਿਆ ਕਰ), (ਆਟਾ) ਪੀਹਾ ਕਰ, ਤਦੋਂ ਹੀ ਤੂੰ ਆਨੰਦ ਮਾਣੇਂਗਾ।
ਦੁਨੀਆ ਦੀਆਂ ਹਕੂਮਤਾਂ, ਜ਼ਿਮੀਂ ਦੀ ਮਾਲਕੀ, ਸਰਦਾਰੀਆਂ-ਇਹਨਾਂ ਨੂੰ ਅੱਗ ਵਿਚ ਸਾੜ ਦੇ (ਇਹਨਾਂ ਦਾ ਲਾਲਚ ਛੱਡ ਦੇ) ॥੧॥
ਹੇ ਭਾਈ! ਜੋ ਗੁਰਮੁਖ ਮਨੁੱਖਾਂ ਦਾ ਨੌਕਰ (ਹੋਵੇ,) ਉਸ ਦੇ ਚਰਨੀਂ ਲੱਗਿਆ ਕਰ।
(ਹੇ ਭਾਈ!) ਮੈਂ ਤਾਂ (ਜੇਹੜੇ) ਵੱਡੇ ਵੱਡੇ ਧਨਾਢ ਰਾਜੇ (ਹੋਣ) ਉਹਨਾਂ ਦਾ ਸਾਥ ਛੱਡਣ ਨੂੰ ਤਿਆਰ ਹੋਵਾਂਗਾ (ਪਰ ਸੰਤ ਜਨਾਂ ਦੇ ਸੇਵਕ ਦੇ ਚਰਨਾਂ ਵਿਚ ਰਹਿਣਾ ਪਸੰਦ ਕਰਾਂਗਾ) ॥੧॥ ਰਹਾਉ ॥
ਹੇ ਭਾਈ! ਗੁਰਮੁਖਾਂ ਦੇ ਘਰ ਦੀ ਰੁੱਖੀ ਰੋਟੀ (ਜੇ ਮਿਲੇ ਤਾਂ ਉਸ ਨੂੰ ਦੁਨੀਆ ਦੇ) ਸਾਰੇ ਖ਼ਜ਼ਾਨੇ (ਸਮਝ)।
ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਵਿਚ (ਜੇ) ਕਈ ਕਿਸਮਾਂ ਦੇ ਭੋਜਨ (ਮਿਲਣ, ਤਾਂ) ਉਹ ਜ਼ਹਿਰ ਵਰਗੇ (ਜਾਣ) ॥੨॥
ਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਮਨੁੱਖਾਂ ਪਾਸੋਂ ਜੇ ਪਾਟਾ ਹੋਇਆ ਭੂਰਾ ਭੀ ਮਿਲ ਜਾਏ, ਤਾਂ ਉਸ ਨੂੰ ਪਹਿਨ ਕੇ ਨੰਗਾ ਹੋਣ ਦਾ ਡਰ ਨਹੀਂ ਰਹਿੰਦਾ।
ਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ ਪਾਸੋਂ ਜੇ ਰੇਸ਼ਮੀ ਸਿਰੋਪਾ ਭੀ ਮਿਲੇ, ਉਹ ਪਹਿਨਿਆਂ ਇੱਜ਼ਤ ਗਵਾ ਲਈਦੀ ਹੈ ॥੩॥
ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨਾਲ ਮੇਲ-ਜੋਲ ਰੱਖਿਆਂ ਉਹ ਮੇਲ-ਜੋਲ (ਤੋੜ ਨਹੀਂ ਨਿਭਦਾ) ਅੱਧ ਵਿਚੋਂ ਹੀ ਟੁੱਟ ਜਾਂਦਾ ਹੈ।
ਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੀ ਸੇਵਾ ਕਰਦਾ ਹੈ ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ (ਝਗੜਿਆਂ ਬਖੇੜਿਆਂ ਤੋਂ) ਬਚਿਆ ਰਹਿੰਦਾ ਹੈ ॥੪॥
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਜੀਵਾਂ ਦਾ) ਹਰੇਕ ਕੰਮ ਤੇਰੀ ਪ੍ਰੇਰਨਾ ਨਾਲ ਹੀ ਹੁੰਦਾ ਹੈ। ਤੂੰ ਆਪ ਹੀ ਇਹ ਸਾਰੀ ਖੇਡ ਰਚੀ ਹੋਈ ਹੈ।
ਹੇ ਨਾਨਕ! (ਅਰਦਾਸ ਕਰ, ਤੇ ਆਖ-ਹੇ ਪ੍ਰਭੂ! ਮੇਹਰ ਕਰ) ਮੈਂ ਗੁਰੂ ਦਾ ਦਰਸ਼ਨ ਕਰ ਕੇ (ਗੁਰੂ ਦੀ ਸੰਗਤਿ ਵਿਚ ਰਹਿ ਕੇ ਸਦਾ) ਤੇਰੇ ਗੁਣ ਗਾਂਦਾ ਰਹਾਂ ॥੫॥੧੪॥੪੪॥