ਕਈ ਬੰਦੇ ਦਿਨੇ ਰਾਤ ਨੰਗੇ ਪਏ ਫਿਰਦੇ ਹਨ, ਕਈ ਸੌਂਦੇ ਭੀ ਨਹੀਂ ਹਨ;
ਕਈ ਮਨੁੱਖ ਅੱਗ ਨਾਲ ਆਪਣਾ ਸਰੀਰ ਸਾੜਦੇ ਹਨ (ਭਾਵ; ਧੂਣੀਆਂ ਤਪਾਂਦੇ ਹਨ ਤੇ ਇਸ ਤਰ੍ਹਾਂ) ਅਪਾਣਾ ਆਪ ਖ਼ੁਆਰ ਕਰਦੇ ਹਨ।
ਪਰ ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਮਨੁੱਖਾ-ਸਰੀਰ ਵਿਅਰਥ ਗਵਾਇਆ, ਹੁਣ ਉਹ ਕੀਹ ਆਖ ਕੇ ਰੋਣ? (ਨਾਮ-ਸਿਮਰਨ ਦਾ ਮੌਕਾ ਗਵਾ ਕੇ ਪਛੁਤਾਣ ਦਾ ਕੋਈ ਲਾਭ ਨਹੀਂ)।
ਕੇਵਲ ਉਹ ਜੀਵ ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ ਸੋਭਦੇ ਹਨ ਜੋ ਗੁਰੂ ਦੇ ਹੁਕਮ ਵਿਚ ਤੁਰਦੇ ਹਨ ॥੧੫॥
(ਜਦੋਂ ਜੀਵ-) ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪ੍ਰਭੂ ਦੀ ਦਰਗਾਹ ਵਿਚ ਸੁਣੀ ਜਾਂਦੀ ਹੈ।
(ਪ੍ਰਭੂ ਵਲੋਂ ਗੁਰੂ-) ਬੱਦਲ ਨੂੰ ਹੁਕਮ ਦੇਂਦਾ ਹੈ ਕਿ (ਇਸ ਅਰਜ਼ੋਈ ਕਰਨ ਵਾਲੇ ਉਤੇ) ਮਿਹਰ ਕਰ ਕੇ ('ਨਾਮ' ਦੀ) ਵਰਖਾ ਕਰੋ।
ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ।
ਹੇ ਨਾਨਕ! ਸਤਿਗੁਰੂ ਦੇ ਸ਼ਬਦ ਦੀ ਰਾਹੀਂ ('ਨਾਮ' ਦੀ) ਵੀਚਾਰ ਕੀਤਿਆਂ (ਭਾਵ, ਨਾਮ ਸਿਮਰਿਆਂ) 'ਨਾਮ' ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ ॥੧॥
ਹੇ (ਜੀਵ-) ਪਪੀਹੇ! ਜੇ ਤੂੰ ਸੌ ਵਾਰੀ ਤਰਲੇ ਲਏਂ ਤਾਂ ਭੀ ਇਸ ਤਰ੍ਹਾਂ ਤੇਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਨਹੀਂ ਸਕਦੀ,
(ਕੇਵਲ) ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ਹੀ ਗੁਰੂ ਮਿਲਦਾ ਹੈ, ਤੇ ਮੇਹਰ ਨਾਲ ਹੀ ਹਿਰਦੇ ਵਿਚ ਪਿਆਰ ਪੈਦਾ ਹੁੰਦਾ ਹੈ।
ਹੇ ਨਾਨਕ! (ਜਦੋਂ ਆਪਣੀ ਮੇਹਰ ਨਾਲ) ਮਾਲਕ-ਪ੍ਰਭੂ (ਜੀਵ ਦੇ) ਮਨ ਵਿਚ ਆ ਵੱਸਦਾ ਹੈ ਤਾਂ (ਉਸ ਦੇ ਅੰਦਰੋਂ) ਸਾਰੇ ਵਿਕਾਰ ਨਾਸ ਹੋ ਜਾਂਦੇ ਹਨ ॥੨॥
ਕਈ ਬੰਦੇ (ਜੋ) ਜੈਨੀ (ਅਖਵਾਂਦੇ ਹਨ) ਪ੍ਰਭੂ ਨੇ ਔਝੜੇ ਪਾ ਕੇ ਮੁੱਢ ਤੋਂ ਹੀ ਕੁਰਾਹੇ ਪਾ ਦਿੱਤੇ ਹਨ;
ਉਹਨਾਂ ਦੇ ਮੂੰਹ ਵਿਚ ਕਦੇ ਪ੍ਰਭੂ ਦਾ ਨਾਮ ਨਹੀਂ ਆਉਂਦਾ, ਨਾਹ ਹੀ ਉਹ (ਪ੍ਰਭੂ) ਤੀਰਥ ਉਤੇ ਇਸ਼ਨਾਨ ਕਰਦੇ ਹਨ;
ਉਹ ਸਿਰ ਮੁਨਾਂਦੇ ਨਹੀਂ ਹਨ; ਹੱਥਾਂ ਨਾਲ ਸਿਰ (ਦੇ ਵਾਲ) ਪੁੱਟ ਲੈਂਦੇ ਹਨ;
ਦਿਨ ਰਾਤ ਗੰਦੇ ਰਹਿੰਦੇ ਹਨ; ਉਹਨਾਂ ਨੂੰ ਗੁਰ-ਸ਼ਬਦ ਚੰਗਾ ਨਹੀਂ ਲੱਗਦਾ।
ਇਹ ਲੋਕ ਜਨਮ (ਵਿਅਰਥ ਹੀ) ਗਵਾਂਦੇ ਹਨ, ਕੋਈ ਕੰਮ ਐਸਾ ਨਹੀਂ ਕਰਦੇ ਜਿਸ ਤੋਂ ਚੰਗੀ ਜਾਤਿ ਦੇ ਸਮਝੇ ਜਾ ਸਕਣ ਜਾਂ ਇੱਜ਼ਤ ਪਾ ਸਕਣ;
ਇਹ ਕੁਜਾਤੀ ਲੋਕ ਮਨੋਂ ਭੀ ਜੂਠੇ ਹਨ ਤੇ ਜੂਠਾ ਭੋਜਨ ਹੀ ਖਾਂਦੇ ਹਨ।
ਗੁਰੂ ਦੇ ਸ਼ਬਦ ਤੋਂ ਬਿਨਾ ਕਿਸੇ ਨੇ ਭੀ ਚੰਗੀ ਰਹਿਣੀ ਨਹੀਂ ਲੱਭੀ।
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਸਦਾ-ਥਿਰ ਰਹਿਣ ਵਾਲੇ ਅਕਾਲ ਪੁਰਖ ਵਿਚ ਟਿਕਿਆ ਰਹਿੰਦਾ ਹੈ ॥੧੬॥
(ਜਿਵੇਂ) ਸਾਵਣ ਦੇ ਮਹੀਨੇ ਵਿਚ (ਵਰਖਾ ਨਾਲ ਸਾਰੇ ਬੂਟੇ ਹਰੇ ਹੋ ਜਾਂਦੇ ਹਨ; ਤਿਵੇਂ) ਜੀਵ-ਇਸਤ੍ਰੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ 'ਨਾਮ' ਦੀ ਵੀਚਾਰ ਕਰ ਕੇ ('ਨਾਮ'-ਵਰਖਾ ਨਾਲ) ਰਸ ਵਾਲੀ (ਰਸੀਏ ਜੀਵਨ ਵਾਲੀ) ਹੋ ਜਾਂਦੀ ਹੈ।
ਹੇ ਨਾਨਕ! ਸਤਿਗੁਰੂ ਨਾਲ ਅਪਾਰ ਪਿਆਰ ਕੀਤਿਆਂ ਜੀਵ-ਇਸਤ੍ਰੀ ਸਦਾ ਸੁਹਾਗਵਤੀ ਰਹਿੰਦੀ ਹੈ ॥੧॥
(ਜਿਵੇਂ) ਸਾਵਣ ਦੇ ਮਹੀਨੇ ਵਿਚ (ਮੀਂਹ ਪਿਆਂ ਹੋਰ ਤਾਂ ਸਾਰੇ ਵਣਤ੍ਰਿਣ ਹਰੇ ਹੁੰਦੇ ਹਨ, ਪਰ ਅੱਕ ਤੇ ਜਿਵਾਹ ਸੜ ਜਾਂਦੇ ਹਨ, ਜਿਵੇਂ ਨਾਮ-ਅੰਮ੍ਰਿਤ ਦੀ ਵਰਖਾ ਹੋਇਆਂ) ਗੁਣ-ਵਿਹੂਣੀ ਜੀਵ-ਇਸਤ੍ਰੀ (ਸਗੋਂ) ਸੜਦੀ ਹੈ ਕਿਉਂਕਿ ਉਸ ਦਾ ਪਿਆਰ ਦੂਜੇ ਪਾਸੇ ਹੈ।
ਹੇ ਨਾਨਕ! ਇਸਤ੍ਰੀ ਨੂੰ ਪਤੀ ਦੀ ਸਾਰ ਨਹੀਂ ਪਈ, ਉਸ ਦਾ (ਹੋਰ) ਸਾਰਾ ਸਿੰਗਾਰ (ਉਸ ਨੂੰ) ਖ਼ੁਆਰ ਕਰਨ ਵਾਲਾ ਹੀ ਹੈ ॥੨॥
(ਜੀਵਾਂ ਦੇ) ਹਠ ਨਾਲ (ਭਾਵ, ਕਿਸੇ ਹਠ-ਕਰਮ ਨਾਲ) ਉਹ ਸੱਚਾ ਪ੍ਰਭੂ ਰਾਜ਼ੀ ਨਹੀਂ ਹੁੰਦਾ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।
ਕਈ ਲੋਕ ਰਾਗ ਰਾਗਣੀਆਂ ਗਾਂਦੇ ਹਨ, ਪਰ ਪ੍ਰਭੂ ਰਾਗ ਨਾਲ ਭੀ ਨਹੀਂ ਪ੍ਰਸੰਨ ਹੁੰਦਾ;
ਕਈ ਬੰਦੇ ਨੱਚ ਨੱਚ ਕੇ ਤਾਲ ਪੂਰਦੇ ਹਨ, ਪਰ (ਇਸ ਤਰ੍ਹਾਂ ਭੀ ਭਗਤੀ ਨਹੀਂ ਕੀਤੀ ਜਾ ਸਕਦੀ;
ਕਈ ਮੂਰਖ ਬੰਦੇ ਅੰਨ ਨਹੀਂ ਖਾਂਦੇ, ਪਰ (ਦੱਸੋ) ਇਹਨਾਂ ਦਾ ਕੀਹ ਕੀਤਾ ਜਾਏ? (ਇਹਨਾਂ ਨੂੰ ਕਿਵੇਂ ਸਮਝਾਈਏ ਕਿ ਇਸ ਤਰ੍ਹਾਂ ਪ੍ਰਭੂ ਖ਼ੁਸ਼ ਨਹੀਂ ਕੀਤਾ ਜਾ ਸਕਦਾ)।
(ਜੀਵ ਦੀ) ਵਧੀ ਹੋਈ ਤ੍ਰਿਸ਼ਨਾ (ਇਹਨਾਂ ਹਠ-ਕਰਮਾਂ ਨਾਲ) ਕਿਸੇ ਤਰ੍ਹਾਂ ਭੀ ਸ਼ਾਂਤ ਨਹੀਂ ਕੀਤੀ ਜਾ ਸਕਦੀ;
ਭਾਵੇਂ ਕਈ ਹੋਰ ਧਰਤੀਆਂ (ਦੇ ਬੰਦਿਆਂ ਦੇ) ਕਰਮ-ਕਾਂਡ (ਇਥੇ) ਵਧ ਜਾਣ (ਤਾਂ ਭੀ) ਖਪ ਕੇ ਹੀ ਮਰੀਦਾ ਹੈ।
ਜਗਤ ਵਿਚ ਪ੍ਰਭੂ ਦਾ ਨਾਮ ਹੀ ਖੱਟੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੀ ਪੀਣਾ ਚਾਹੀਦਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੀ ਬੰਦਗੀ ਨਾਲ ਤੇ ਪ੍ਰਭੂ ਦੇ ਪਿਆਰ ਨਾਲ ਭਿੱਜਦਾ ਹੈ ॥੧੭॥
(ਆਮ ਪਰਚਲਤ ਖ਼ਿਆਲ ਇਹ ਹੈ ਕਿ ਜਦੋਂ ਕੋਈ ਮਨੁੱਖ ਮਲਾਰ ਰਾਗ ਗਾਵੇ ਤਾਂ ਘਟਾ ਆ ਜਾਂਦੀ ਹੈ ਤੇ ਮੀਂਹ ਪੈਣ ਲੱਗ ਪੈਂਦਾ ਹੈ, ਪਰ) ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਮਲਾਰ ਰਾਗ ਗਾਂਦੇ ਹਨ (ਨਾਮ-ਜਲ ਦੀ ਵਰਖਾ ਨਾਲ) ਉਹਨਾਂ ਦਾ ਮਨ ਤੇ ਸਰੀਰ ਠੰਢੇ ਹੋ ਜਾਂਦੇ ਹਨ (ਭਾਵ, ਉਹਨਾਂ ਦੇ ਮਨ ਵਿਚ ਤੇ ਇੰਦ੍ਰਿਆਂ ਵਿਚ ਸ਼ਾਂਤੀ ਆ ਜਾਂਦੀ ਹੈ)
ਕਿਉਂਕਿ ਸਤਿਗੁਰ ਦੇ ਸ਼ਬਦ ਦੀ ਰਾਹੀਂ ਉਹ ਉਸ ਇੱਕ ਪ੍ਰਭੂ ਨੂੰ ਪਛਾਣਦੇ ਹਨ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦੇ ਹਨ) ਜੋ ਸਦਾ ਕਾਇਮ ਰਹਿਣ ਵਾਲਾ ਹੈ।
ਉਹਨਾਂ ਦਾ ਮਨ ਤੇ ਤਨ ਸੱਚੇ ਦਾ ਰੂਪ ਹੋ ਜਾਂਦਾ ਹੈ (ਭਾਵ, ਮਨ ਤੇ ਸਰੀਰ ਸੱਚੇ ਦੇ ਪ੍ਰੇਮ ਵਿਚ ਰੰਗੇ ਜਾਂਦੇ ਹਨ), ਸੱਚਾ ਪ੍ਰਭੂ ਉਹਨਾਂ ਦੇ ਮਨ ਵਿਚ ਵੱਸ ਪੈਂਦਾ ਹੈ ਤੇ ਸੱਚੇ ਦਾ ਰੂਪ ਹੋਣ ਕਰਕੇ ਉਹਨਾਂ ਦੀ ਸੋਭਾ ਸਦਾ-ਥਿਰ ਹੋ ਜਾਂਦੀ ਹੈ।
ਉਹਨਾਂ ਦੇ ਅੰਦਰ ਸਦਾ-ਟਿਕਵੀਂ ਭਗਤੀ ਪੈਦਾ ਹੁੰਦੀ ਹੈ, ਸਦਾ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਦੇ ਕਾਰਨ ਉਹਨਾਂ ਨੂੰ ਇੱਜ਼ਤ ਮਿਲਦੀ ਹੈ।
ਕਲਿਜੁਗ ਵਿਚ (ਭਾਵ, ਇਸ ਵਿਕਾਰਾਂ-ਭਰੇ ਜਗਤ ਵਿਚ ਵਿਕਾਰਾਂ ਦਾ) ਘੁੱਪ ਹਨੇਰਾ ਹੈ, (ਆਪਣੇ) ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ (ਇਸ ਹਨੇਰੇ ਵਿਚੋਂ ਨਿਕਲਣ ਲਈ) ਰਾਹ ਨਹੀਂ ਲੱਭਦਾ।
ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਗੁਰੂ ਰਾਹੀਂ ਪਰਗਟ ਹੁੰਦਾ ਹੈ ॥੧॥
ਜਦੋਂ ਮਿਹਰ ਕਰ ਕੇ ਇੰਦਰ ਵਰਖਾ ਕਰਦਾ ਹੈ, ਲੋਕਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ,
ਪਰ ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਜਿਸ ਦੇ ਹੁਕਮ ਨਾਲ ਇੰਦਰ ਵਰਖਾ ਕਰਦਾ ਹੈ।