ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 215


ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ ॥

ਹੇ ਭੈਣ! ਕੋਈ ਮੇਰਾ ਆਦਰ ਕਰੇ, ਕੋਈ ਮੇਰੇ ਨਾਲ ਆਕੜ ਵਾਲਾ ਸਲੂਕ ਕਰੇ, ਮੈਨੂੰ ਦੋਵੇਂ ਇਕੋ ਜਿਹੇ ਜਾਪਦੇ ਹਨ, (ਕਿਉਂਕਿ) ਮੈਂ ਆਪਣਾ ਮੱਥਾ (ਸਿਰ) ਗੁਰੂ ਦੇ ਚਰਨਾਂ ਤੇ ਰੱਖ ਦਿੱਤਾ ਹੋਇਆ ਹੈ।

ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ ॥੧॥

(ਗੁਰੂ ਦੀ ਕਿਰਪਾ ਨਾਲ ਮੇਰੇ ਮਨ ਵਿਚ) ਪਰਮਾਤਮਾ ਦਾ ਪਿਆਰ ਬਣ ਚੁੱਕਾ ਹੈ, ਹੁਣ ਮੈਨੂੰ ਆਏ ਧਨ ਦੀ ਖ਼ੁਸ਼ੀ ਨਹੀਂ ਹੁੰਦੀ, ਤੇ ਆਈ ਬਿਪਤਾ ਤੋਂ ਦੁੱਖ ਨਹੀਂ ਪ੍ਰਤੀਤ ਹੁੰਦਾ ॥੧॥

ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ ॥

ਹੇ ਭੈਣ! ਹੁਣ ਮੈਨੂੰ ਸਭ ਘਰਾਂ ਵਿਚ ਇਕ ਮਾਲਕ-ਪ੍ਰਭੂ ਹੀ ਦਿੱਸਦਾ ਹੈ, ਜੰਗਲਾਂ ਵਿਚ ਭੀ ਮੈਨੂੰ ਉਹੀ ਨਜ਼ਰੀਂ ਆ ਰਿਹਾ ਹੈ।

ਨਿਰਭਉ ਭਏ ਸੰਤ ਭ੍ਰਮੁ ਡਾਰਿਓ ਪੂਰਨ ਸਰਬਾਗਿਓ ॥੨॥

ਗੁਰੂ-ਸੰਤ (ਦੀ ਕਿਰਪਾ ਨਾਲ) ਮੈਂ ਭਟਕਣਾ ਮੁਕਾ ਲਈ ਹੈ, ਹੁਣ ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਹੀ ਮੈਨੂੰ ਸਰਬ-ਵਿਆਪਕ ਦਿੱਸਦਾ ਹੈ ਤੇ ਮੈਂ ਨਿਡਰ ਹੋ ਗਿਆ ਹਾਂ ॥੨॥

ਜੋ ਕਿਛੁ ਕਰਤੈ ਕਾਰਣੁ ਕੀਨੋ ਮਨਿ ਬੁਰੋ ਨ ਲਾਗਿਓ ॥

(ਹੇ ਭੈਣ! ਜਦੋਂ ਭੀ) ਜੇਹੜਾ ਹੀ ਸਬੱਬ ਕਰਤਾਰ ਨੇ ਬਣਾਇਆ (ਹੁਣ ਮੈਨੂੰ ਆਪਣੇ) ਮਨ ਵਿਚ (ਉਹ) ਭੈੜਾ ਨਹੀਂ ਲੱਗਦਾ।

ਸਾਧਸੰਗਤਿ ਪਰਸਾਦਿ ਸੰਤਨ ਕੈ ਸੋਇਓ ਮਨੁ ਜਾਗਿਓ ॥੩॥

ਸਾਧ ਸੰਗਤਿ ਵਿਚ ਆ ਕੇ ਸੰਤ ਜਨਾਂ ਦੀ ਕਿਰਪਾ ਨਾਲ (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮੇਰਾ) ਮਨ ਜਾਗ ਪਿਆ ਹੈ ॥੩॥

ਜਨ ਨਾਨਕ ਓੜਿ ਤੁਹਾਰੀ ਪਰਿਓ ਆਇਓ ਸਰਣਾਗਿਓ ॥

ਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ) ਮੈਂ ਤੇਰੀ ਓਟ ਵਿਚ ਆ ਪਿਆ ਹਾਂ, ਮੈਂ ਤੇਰੀ ਸਰਨ ਆ ਡਿੱਗਾ ਹਾਂ।

ਨਾਮ ਰੰਗ ਸਹਜ ਰਸ ਮਾਣੇ ਫਿਰਿ ਦੂਖੁ ਨ ਲਾਗਿਓ ॥੪॥੨॥੧੬੦॥

ਹੁਣ ਮੈਨੂੰ ਕੋਈ ਦੁੱਖ ਨਹੀਂ ਪੋਂਹਦਾ। ਮੈਂ ਤੇਰੇ ਨਾਮ ਦਾ ਆਨੰਦ ਮਾਣ ਰਿਹਾ ਹਾਂ ਮੈਂ ਆਤਮਕ ਅਡੋਲਤਾ ਦੇ ਸੁਖ ਮਾਣ ਰਿਹਾ ਹਾਂ ॥੪॥੨॥੧੬੦॥

ਗਉੜੀ ਮਾਲਾ ਮਹਲਾ ੫ ॥

ਪਾਇਆ ਲਾਲੁ ਰਤਨੁ ਮਨਿ ਪਾਇਆ ॥

(ਹੇ ਭਾਈ! ਮੈਂ ਆਪਣੇ) ਮਨ ਵਿਚ ਇਕ ਲਾਲ ਲੱਭ ਲਿਆ ਹੈ।

ਤਨੁ ਸੀਤਲੁ ਮਨੁ ਸੀਤਲੁ ਥੀਆ ਸਤਗੁਰ ਸਬਦਿ ਸਮਾਇਆ ॥੧॥ ਰਹਾਉ ॥

ਮੈਂ ਗੁਰੂ ਦੇ ਸ਼ਬਦ ਵਿਚ ਲੀਨ ਹੋ ਗਿਆ ਹਾਂ, ਮੇਰਾ ਸਰੀਰ (ਹਰੇਕ ਗਿਆਨ-ਇੰਦ੍ਰਾ) ਸ਼ਾਂਤ ਹੋ ਗਿਆ ਹੈ, ਮੇਰਾ ਮਨ ਠੰਢਾ ਹੋ ਗਿਆ ਹੈ ॥੧॥ ਰਹਾਉ ॥

ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥

(ਹੇ ਭਾਈ! ਕਿਉਂਕਿ ਮੇਰੀ ਮਾਇਆ ਦੀ) ਭੁੱਖ ਲਹਿ ਗਈ ਹੈ, ਮੇਰੀ ਮਾਇਆ ਦੀ ਸਾਰੀ ਤ੍ਰੇਹ ਮੁੱਕ ਗਈ ਹੈ, ਮੈਂ ਸਾਰੇ ਚਿੰਤਾ-ਫ਼ਿਕਰ ਭੁਲਾ ਦਿੱਤੇ ਹਨ,

ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥੧॥

ਪੂਰੇ ਗੁਰੂ ਨੇ (ਮੇਰੇ) ਮੱਥੇ ਉਤੇ (ਆਪਣਾ ਹੱਥ ਰੱਖਿਆ ਹੈ (ਉਸ ਦੀ ਬਰਕਤਿ ਨਾਲ ਮੈਂ ਆਪਣਾ) ਮਨ ਕਾਬੂ ਵਿਚ ਕਰ ਲਿਆ ਹੈ (ਮਾਨੋ) ਮੈਂ ਸਾਰਾ ਜਗਤ ਜਿੱਤ ਲਿਆ ਹੈ ॥੧॥

ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ ਡੋਲਨ ਤੇ ਅਬ ਚੂਕੇ ॥

(ਹੇ ਭਾਈ! ਮਾਇਆ ਵਲੋਂ ਮੇਰੇ ਅੰਦਰ) ਤ੍ਰਿਪਤੀ ਹੋ ਗਈ ਹੈ, ਮੈਂ (ਮਾਇਆ ਵਲੋਂ ਆਪਣੇ) ਹਿਰਦੇ ਵਿਚ ਰੱਜ ਗਿਆ ਹਾਂ, ਹੁਣ (ਮਾਇਆ ਦੀ ਖ਼ਾਤਰ) ਡੋਲਣ ਤੋਂ ਮੈਂ ਹਟ ਗਿਆ ਹਾਂ।

ਅਖੁਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਹੀ ਰੇ ਮੂਕੇ ॥੨॥

ਹੇ ਭਾਈ! ਸਤਿਗੁਰੂ ਨੇ ਮੈਨੂੰ (ਪ੍ਰਭੂ-ਨਾਮ ਦਾ ਇਕ ਅਜੇਹਾ) ਖ਼ਜ਼ਾਨਾ ਦਿੱਤਾ ਹੈ ਜੋ ਕਦੇ ਮੁੱਕਣ ਵਾਲਾ ਨਹੀਂ, ਉਸ ਵਿਚ ਕਮੀ ਨਹੀਂ ਆ ਸਕਦੀ, ਉਹ ਖ਼ਤਮ ਨਹੀਂ ਹੋ ਸਕਦਾ ॥੨॥

ਅਚਰਜੁ ਏਕੁ ਸੁਨਹੁ ਰੇ ਭਾਈ ਗੁਰਿ ਐਸੀ ਬੂਝ ਬੁਝਾਈ ॥

ਹੇ ਭਾਈ! ਇਕ ਹੋਰ ਅਨੋਖੀ ਗੱਲ ਸੁਣ। ਗੁਰੂ ਨੇ ਮੈਨੂੰ ਅਜੇਹੀ ਸਮਝ ਬਖ਼ਸ਼ ਦਿੱਤੀ ਹੈ (ਜਿਸ ਦੀ ਬਰਕਤਿ ਨਾਲ)

ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥੩॥

ਜਦੋਂ ਤੋਂ (ਮੇਰੇ ਅੰਦਰੋਂ ਹਉਮੈ ਦਾ) ਪਰਦਾ ਲਾਹ ਕੇ ਮੈਨੂੰ ਠਾਕੁਰ-ਪ੍ਰਭੂ ਮਿਲਿਆ ਹੈ ਤਦੋਂ ਤੋਂ (ਮੇਰੇ ਦਿਲ ਵਿਚੋਂ) ਪਰਾਈ ਈਰਖਾ ਵਿਸਰ ਗਈ ਹੈ ॥੩॥

ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥

ਹੇ ਭਾਈ! ਇਹ ਇਕ ਐਸਾ ਅਸਚਰਜ ਆਨੰਦ ਹੈ ਜੇਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਰਸ ਨੂੰ ਉਹੀ ਜਾਣਦਾ ਹੈ ਜਿਸ ਨੇ ਇਹ ਚੱਖਿਆ ਹੈ।

ਕਹੁ ਨਾਨਕ ਸਚ ਭਏ ਬਿਗਾਸਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ ॥੪॥੩॥੧੬੧॥

ਨਾਨਕ ਆਖਦਾ ਹੈ- ਗੁਰੂ ਨੇ (ਮੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲਿਆ ਕੇ ਰੱਖ ਦਿੱਤਾ ਹੈ, ਤੇ ਮੇਰੇ ਅੰਦਰ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਗਿਆਨ) ਦਾ ਚਾਨਣ ਹੋ ਗਿਆ ਹੈ ॥੪॥੩॥੧੬੧॥

ਗਉੜੀ ਮਾਲਾ ਮਹਲਾ ੫ ॥

ਉਬਰਤ ਰਾਜਾ ਰਾਮ ਕੀ ਸਰਣੀ ॥

(ਹੇ ਭਾਈ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪੈ ਕੇ ਹੀ ਮਨੁੱਖ (ਮਾਇਆ ਦੇ ਪ੍ਰਭਾਵ ਤੋਂ) ਬਚ ਸਕਦਾ ਹੈ।

ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ ॥੧॥ ਰਹਾਉ ॥

ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ-ਇਹਨਾਂ ਸਭਨਾਂ ਲੋਕਾਂ ਦੇ ਜੀਵ ਮਾਇਆ ਦੇ ਚੱਕਰ ਵਿਚ ਹੀ ਫਸੇ ਪਏ ਹਨ, (ਮਾਇਆ ਦੇ ਪ੍ਰਭਾਵ ਦੇ ਕਾਰਨ ਜੀਵ ਉੱਚੇ ਆਤਮਕ ਟਿਕਾਣੇ ਤੋਂ) ਡਿੱਗ ਡਿੱਗ ਕੇ ਨੀਵੀਂ ਆਤਮਕ ਦਸ਼ਾ ਵਿਚ ਆ ਪੈਂਦੇ ਹਨ ॥੧॥ ਰਹਾਉ ॥

ਸਾਸਤ ਸਿੰਮ੍ਰਿਤਿ ਬੇਦ ਬੀਚਾਰੇ ਮਹਾ ਪੁਰਖਨ ਇਉ ਕਹਿਆ ॥

(ਪੰਡਿਤ ਲੋਕ ਤਾਂ) ਸ਼ਾਸਤ੍ਰ ਸਿਮ੍ਰਿਤੀਆਂ ਵੇਦ (ਆਦਿਕ ਸਾਰੇ ਧਰਮ-ਪੁਸਤਕ) ਵਿਚਾਰਦੇ ਆ ਰਹੇ ਹਨ। ਪਰ ਮਹਾ-ਪੁਰਖਾਂ ਨੇ ਇਉਂ ਹੀ ਆਖਿਆ ਹੈ,

ਬਿਨੁ ਹਰਿ ਭਜਨ ਨਾਹੀ ਨਿਸਤਾਰਾ ਸੂਖੁ ਨ ਕਿਨਹੂੰ ਲਹਿਆ ॥੧॥

ਕਿ ਪਰਮਾਤਮਾ ਦੇ ਭਜਨ ਤੋਂ ਬਿਨਾ (ਮਾਇਆ ਦੇ ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੀਦਾ, (ਸਿਮਰਨ ਤੋਂ ਬਿਨਾ) ਕਿਸੇ ਮਨੁੱਖ ਨੇ ਭੀ ਸੁਖ ਨਹੀਂ ਪਾਇਆ ॥੧॥

ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ ॥

(ਹੇ ਭਾਈ!) ਜੇ ਮਨੁੱਖ ਸਾਰੀ ਸ੍ਰਿਸ਼ਟੀ ਦੀ ਹੀ ਮਾਇਆ ਇਕੱਠੀ ਕਰ ਲਏ, ਤਾਂ ਭੀ ਲੋਭ ਦੀਆਂ ਲਹਰਾਂ ਮਿਟਦੀਆਂ ਨਹੀਂ ਹਨ।

ਬਿਨੁ ਹਰਿ ਭਗਤਿ ਕਹਾ ਥਿਤਿ ਪਾਵੈ ਫਿਰਤੋ ਪਹਰੇ ਪਹਰੇ ॥੨॥

(ਇਤਨੀ ਮਾਇਆ ਜੋੜ ਜੋੜ ਕੇ ਭੀ) ਪਰਮਾਤਮਾ ਦੀ ਭਗਤੀ ਤੋਂ ਬਿਨਾ ਮਨੁੱਖ ਕਿਤੇ ਭੀ ਮਨ ਦਾ ਟਿਕਾਉ ਨਹੀਂ ਲੱਭ ਸਕਦਾ, ਹਰ ਵੇਲੇ ਹੀ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ ॥੨॥

ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ॥

(ਹੇ ਭਾਈ!) ਮਨੁੱਖ ਮਨ ਨੂੰ ਮੋਹਣ ਵਾਲੀਆਂ ਅਨੇਕਾਂ ਮੌਜਾਂ ਭੀ ਕਰਦਾ ਰਹੇ, (ਮਨ ਦੀ ਵਿਕਾਰਾਂ ਵਾਲੀ) ਵਾਸ਼ਨਾ ਪੂਰੀ ਨਹੀਂ ਹੁੰਦੀ।

ਜਲਤੋ ਜਲਤੋ ਕਬਹੂ ਨ ਬੂਝਤ ਸਗਲ ਬ੍ਰਿਥੇ ਬਿਨੁ ਨਾਮਾ ॥੩॥

ਮਨੁੱਖ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਫਿਰਦਾ ਹੈ, ਤ੍ਰਿਸ਼ਨਾ ਦੀ ਅੱਗ ਕਦੇ ਬੁੱਝਦੀ ਨਹੀਂ। ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਦੇ ਹੋਰ ਸਾਰੇ ਉੱਦਮ ਵਿਅਰਥ ਚਲੇ ਜਾਂਦੇ ਹਨ ॥੩॥

ਹਰਿ ਕਾ ਨਾਮੁ ਜਪਹੁ ਮੇਰੇ ਮੀਤਾ ਇਹੈ ਸਾਰ ਸੁਖੁ ਪੂਰਾ ॥

ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ ਜਪਿਆ ਕਰ, ਇਹੀ ਸ੍ਰੇਸ਼ਟ ਸੁਖ ਹੈ, ਤੇ ਇਸ ਸੁਖ ਵਿਚ ਕੋਈ ਘਾਟ-ਕਮੀ ਨਹੀਂ ਰਹਿ ਜਾਂਦੀ।

ਸਾਧਸੰਗਤਿ ਜਨਮ ਮਰਣੁ ਨਿਵਾਰੈ ਨਾਨਕ ਜਨ ਕੀ ਧੂਰਾ ॥੪॥੪॥੧੬੨॥

ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ ਆਪਣਾ ਜਨਮ ਮਰਨ (ਦਾ ਗੇੜ) ਮੁਕਾ ਲੈਂਦਾ ਹੈ, ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ (ਮੰਗਦਾ) ਹੈ ॥੪॥੪॥੧੬੨॥

ਗਉੜੀ ਮਾਲਾ ਮਹਲਾ ੫ ॥

ਮੋ ਕਉ ਇਹ ਬਿਧਿ ਕੋ ਸਮਝਾਵੈ ॥

(ਹੇ ਭਾਈ!) ਹੋਰ ਕੌਣ ਮੈਨੂੰ ਇਸ ਤਰ੍ਹਾਂ ਸਮਝ ਸਕਦਾ ਹੈ?

ਕਰਤਾ ਹੋਇ ਜਨਾਵੈ ॥੧॥ ਰਹਾਉ ॥

(ਉਹੀ ਗੁਰਮੁਖ) ਸਮਝਾ ਸਕਦਾ ਹੈ (ਜੋ) ਕਰਤਾਰ ਦਾ ਰੂਪ ਹੋ ਜਾਏ ॥੧॥ ਰਹਾਉ ॥

ਅਨਜਾਨਤ ਕਿਛੁ ਇਨਹਿ ਕਮਾਨੋ ਜਪ ਤਪ ਕਛੂ ਨ ਸਾਧਾ ॥

(ਹੇ ਭਾਈ! ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਸਮਝਾ ਸਕਦਾ ਕਿ) ਅਗਿਆਨਤਾ ਵਿਚ ਫਸ ਕੇ ਇਸ ਜੀਵ ਨੇ ਸਿਮਰਨ ਨਹੀਂ ਕੀਤਾ ਤੇ ਵਿਕਾਰਾਂ ਵਲੋਂ ਰੋਕ ਦਾ ਉੱਦਮ ਨਹੀਂ ਕੀਤਾ, ਕੁਝ ਹੋਰ ਹੋਰ ਹੀ (ਕੋਝੇ ਕੰਮ) ਕੀਤੇ ਹਨ।

ਦਹ ਦਿਸਿ ਲੈ ਇਹੁ ਮਨੁ ਦਉਰਾਇਓ ਕਵਨ ਕਰਮ ਕਰਿ ਬਾਧਾ ॥੧॥

ਇਹ ਜੀਵ ਆਪਣੇ ਇਸ ਮਨ ਨੂੰ ਦਸੀਂ ਪਾਸੀਂ ਭਜਾ ਰਿਹਾ ਹੈ। ਇਹ ਕੇਹੜੇ ਕਰਮਾਂ ਦੇ ਕਾਰਨ (ਮਾਇਆ ਦੇ ਮੋਹ ਵਿਚ) ਬੱਝਾ ਪਿਆ ਹੈ? ॥੧॥

ਮਨ ਤਨ ਧਨ ਭੂਮਿ ਕਾ ਠਾਕੁਰੁ ਹਉ ਇਸ ਕਾ ਇਹੁ ਮੇਰਾ ॥

(ਮੋਹ ਵਿਚ ਫਸ ਕੇ ਜੀਵ ਹਰ ਵੇਲੇ ਇਹੀ ਆਖਦਾ ਹੈ-) ਮੈਂ ਆਪਣੀ ਜਿੰਦ ਦਾ ਸਰੀਰ ਦਾ ਧਨ ਦਾ ਧਰਤੀ ਦਾ ਮਾਲਕ ਹਾਂ, ਮੈਂ ਇਸ (ਧਨ ਆਦਿ) ਦਾ ਮਾਲਕ ਹਾਂ, ਇਹ ਧਨ ਆਦਿਕ ਮੇਰਾ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430