ਅਤੇ ਸੀਤਾ ਲਛਮਣ ਵਿਛੁੜੇ।
ਰਾਵਣ ਲੰਕਾ ਗੁਆ ਕੇ ਰੋਇਆ,
ਜਿਸ ਨੇ ਸਾਧੂ ਬਣ ਕੇ ਸੀਤਾ (ਚੁਰਾ) ਲਿਆਂਦੀ ਸੀ।
(ਪੰਜੇ) ਪਾਂਡੋ ਜਦੋਂ (ਵੈਰਾਟ ਰਾਜੇ ਦੇ) ਮਜ਼ੂਰ ਬਣੇ ਤਾਂ ਰੋਏ,
(ਭਾਵੇਂ ਕਿ) ਜਿਨ੍ਹਾਂ (ਪਾਂਡਵਾਂ) ਦੇ ਪਾਸ ਹੀ ਸ੍ਰੀ ਕ੍ਰਿਸ਼ਨ ਜੀ ਰਹਿੰਦੇ ਸਨ (ਭਾਵ, ਜਿਨ੍ਹਾਂ ਦਾ ਪੱਖ ਕਰਦੇ ਸਨ)
ਰਾਜਾ ਜਨਮੇਜਾ ਖੁੰਝ ਗਿਆ, (੧੮ ਬ੍ਰਾਹਮਣਾਂ ਨੂੰ ਜਾਨੋਂ ਮਾਰ ਬੈਠਾ, ਪ੍ਰਾਸ਼ਚਿਤ ਵਾਸਤੇ 'ਮਹਾਭਾਰਤ' ਸੁਣਿਆ, ਪਰ ਸ਼ੰਕਾ ਕੀਤਾ, ਇਸ)
ਇਕ ਗ਼ਲਤੀ ਦੇ ਕਾਰਣ ਪਾਪੀ ਹੀ ਬਣਿਆ ਰਿਹਾ (ਭਾਵ, ਕੋੜ੍ਹ ਨਾਹ ਹਟਿਆ) ਤੇ ਰੋਇਆ।
ਸ਼ੇਖ ਪੀਰ ਆਦਿਕ ਭੀ ਰੋਂਦੇ ਹਨ,
ਕਿ ਮਤਾਂ ਅੰਤ ਦੇ ਸਮੇਂ ਕੋਈ ਬਿਪਤਾ ਆ ਪਏ।
(ਭਰਥਰੀ ਗੋਪੀਚੰਦ ਆਦਿਕ) ਰਾਜੇ ਜੋਗੀ ਬਣ ਕੇ ਦੁਖੀ ਹੁੰਦੇ ਹਨ,
ਜਦੋਂ ਘਰ ਘਰ ਜਾ ਕੇ ਭਿੱਖਿਆ ਮੰਗਦੇ ਹਨ।
ਸ਼ੂਮ ਧਨ ਇਕੱਠਾ ਕਰਦੇ ਹਨ ਪਰ ਰੋਂਦੇ ਹਨ ਜਦੋਂ ਉਹ ਧਨ (ਉਹਨਾਂ ਪਾਸੋਂ) ਚਲਾ ਜਾਂਦਾ ਹੈ,
ਗਿਆਨ ਦੀ ਥੁੜ ਦੇ ਕਾਰਨ ਪੰਡਿਤ ਭੀ ਖ਼ੁਆਰ ਹੁੰਦੇ ਹਨ।
ਇਸਤ੍ਰੀ ਰੋਂਦੀ ਹੈ ਜਦੋਂ (ਸਿਰ ਤੇ) ਪਤੀ ਨਾਹ ਰਹੇ।
ਹੇ ਨਾਨਕ! ਸਾਰਾ ਜਗਤ ਹੀ ਦੁਖੀ ਹੈ।
ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ (ਭਾਵ, ਜਿਸ ਦਾ ਮਨ ਪ੍ਰਭੂ ਦੇ ਨਾਮ ਵਿਚ ਪਤੀਜਦਾ ਹੈ) ਉਹ (ਜ਼ਿੰਦਗੀ ਦੀ ਬਾਜ਼ੀ) ਜਿੱਤ ਕੇ ਜਾਂਦਾ ਹੈ,
('ਨਾਮ' ਤੋਂ ਬਿਨਾ) ਕੋਈ ਹੋਰ ਕੰਮ (ਜ਼ਿੰਦਗੀ ਦੀ ਬਾਜ਼ੀ ਜਿੱਤਣ ਲਈ) ਸਫਲ ਨਹੀਂ ਹੁੰਦਾ ॥੧॥
ਜੇ ਮਨ ਪ੍ਰਭੂ ਦੇ ਨਾਮ ਵਿਚ ਪਤੀਜ ਜਾਏ ਤਾਂ ਜਪ ਤਪ ਆਦਿਕ ਹਰੇਕ ਉੱਦਮ (ਵਿੱਚੇ ਹੀ ਆ ਜਾਂਦਾ ਹੈ), (ਨਾਮ ਤੋਂ ਬਿਨਾ) ਹੋਰ ਸਾਰੇ ਕੰਮ ਵਿਅਰਥ ਹਨ।
ਹੇ ਨਾਨਕ! 'ਨਾਮ' ਨੂੰ ਮੰਨਣ ਵਾਲਾ ਆਦਰ ਪਾਂਦਾ ਹੈ, ਇਹ ਗੱਲ ਗੁਰੂ ਦੀ ਕਿਰਪਾ ਨਾਲ ਸਮਝ ਸਕੀਦੀ ਹੈ ॥੨॥
ਸਰੀਰ ਤੇ ਜੀਵਾਤਮਾ ਦਾ ਸੰਜੋਗ ਧੁਰੋਂ ਕਰਤਾਰ ਨੇ ਆਪਣੇ ਹੁਕਮ ਅਨੁਸਾਰ ਬਣਾ ਦਿੱਤਾ ਹੈ।
ਪ੍ਰਭੂ ਸਭ ਜੀਵਾਂ ਵਿਚ ਲੁਕਿਆ ਹੋਇਆ ਮੌਜੂਦ ਹੈ, ਗੁਰੂ ਦੀ ਰਾਹੀਂ ਪਰਗਟ ਹੁੰਦਾ ਹੈ।
(ਜੋ ਮਨੁੱਖ ਗੁਰੂ ਦੀ ਸਰਣ ਆ ਕੇ ਪ੍ਰਭੂ ਦੇ) ਗੁਣ ਗਾਂਦਾ ਹੈ ਗੁਣ ਉਚਾਰਦਾ ਹੈ ਉਹ ਗੁਣਾਂ ਵਿਚ ਲੀਨ ਹੋ ਜਾਂਦਾ ਹੈ।
(ਸਤਿਗੁਰੂ ਦੀ) ਸੱਚੀ ਬਾਣੀ ਦੀ ਰਾਹੀਂ ਉਹ ਮਨੁੱਖ ਸੱਚੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਗੁਰੂ ਨੇ ਸੱਚਾ ਪ੍ਰਭੂ ਉਸ ਨੂੰ ਸੰਗਤ ਵਿਚ (ਰੱਖ ਕੇ) ਮਿਲਾ ਦਿੱਤਾ।
ਹਰੇਕ ਹਸਤੀ ਵਿਚ ਪ੍ਰਭੂ ਆਪ ਹੀ ਮੌਜੂਦ ਹੈ ਤੇ ਆਪ ਹੀ ਵਡਿਆਈ ਬਖ਼ਸ਼ਦਾ ਹੈ ॥੧੪॥
ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੋਵੇ ਤੇ ਤੁਰ ਪਏ ਰਤਨ ਪਰਖਣ,
ਉਹ ਰਤਨਾਂ ਦੀ ਕਦਰ ਤਾਂ ਜਾਣਦਾ ਨਹੀਂ, ਪਰ ਆਪਣਾ ਆਪ ਨਸ਼ਰ ਕਰਾ ਆਉਂਦਾ ਹੈ (ਭਾਵ, ਆਪਣਾ ਅੰਨ੍ਹਾ-ਪਨ ਜ਼ਾਹਰ ਕਰ ਆਉਂਦਾ ਹੈ) ॥੧॥
ਪ੍ਰਭੂ ਦੇ ਗੁਣਾਂ-ਰੂਪ ਰਤਨਾਂ ਦੀ ਥੈਲੀ ਸਤਿਗੁਰੂ ਨੇ ਆ ਕੇ ਖੋਲ੍ਹੀ ਹੈ।
ਇਹ ਗੁੱਥੀ ਵੇਚਣ ਵਾਲੇ ਸਤਿਗੁਰੂ ਅਤੇ ਵਿਹਾਝਣ ਵਾਲੇ ਗੁਰਮੁਖ ਦੋਹਾਂ ਦੇ ਹਿਰਦੇ ਵਿਚ ਟਿਕ ਰਹੀ ਹੈ (ਭਾਵ, ਦੋਹਾਂ ਨੂੰ ਇਹ ਗੁਣ ਪਿਆਰੇ ਲੱਗ ਰਹੇ ਹਨ)।
ਹੇ ਨਾਨਕ! ਜਿਨ੍ਹਾਂ ਦੇ ਪਾਸ (ਭਾਵ, ਹਿਰਦੇ ਵਿਚ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੁਣ ਮੌਜੂਦ ਹੈ ਉਹ ਮਨੁੱਖ ਹੀ ਨਾਮ-ਰਤਨ ਵਿਹਾਝਦੇ ਹਨ;
ਪਰ ਜੋ ਇਹਨਾਂ ਰਤਨਾਂ ਦੀ ਕਦਰ ਨਹੀਂ ਜਾਣਦੇ ਉਹ ਅੰਨ੍ਹਿਆਂ ਵਾਂਗ ਜਗਤ ਵਿਚ ਫਿਰਦੇ ਹਨ ॥੨॥
ਸਰੀਰ (ਮਾਨੋ, ਇਕ) ਕਿਲ੍ਹਾ ਹੈ, ਇਸ ਦੇ ਨੌ ਗੋਲਕਾਂ-ਰੂਪ ਦਰਵਾਜ਼ੇ (ਪਰਗਟ) ਹਨ, ਤੇ ਦਸਵਾਂ ਦਰਵਾਜ਼ਾ ਗੁਪਤ ਰੱਖਿਆ ਹੋਇਆ ਹੈ।
(ਉਸ ਦਸਵੇਂ ਦਰਵਾਜ਼ੇ ਦੇ) ਕਵਾੜ ਬੜੇ ਕਰੜੇ ਹਨ ਖੁਲ੍ਹਦੇ ਨਹੀਂ, ਖੁਲ੍ਹਦੇ (ਕੇਵਲ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਨ।
(ਜਦੋਂ ਇਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ਤਾਂ, ਮਾਨੋ,) ਇਕ-ਰਸ ਵਾਲੇ ਵਾਜੇ ਵੱਜ ਪੈਂਦੇ ਹਨ ਜੋ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸੁਣੀਦੇ ਹਨ।
(ਜਿਸ ਹਿਰਦੇ ਵਿਚ ਇਹ ਆਨੰਦ ਪੈਦਾ ਹੁੰਦਾ ਹੈ) ਉਸ ਹਿਰਦੇ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ, ਪ੍ਰਭੂ ਦੀ ਭਗਤੀ ਕਰ ਕੇ ਉਹ ਮਨੁੱਖ ਪ੍ਰਭੂ ਵਿਚ ਮਿਲ ਜਾਂਦਾ ਹੈ।
ਜਿਸ ਪ੍ਰਭੂ ਨੇ ਇਹ ਸਾਰੀ ਰਚਨਾ ਰਚੀ ਹੈ ਉਹ ਸਾਰੇ ਜੀਵਾਂ ਵਿਚ ਵਿਆਪਕ ਹੈ (ਪਰ ਉਸ ਨਾਲ ਮੇਲ ਗੁਰੂ ਦੀ ਰਾਹੀਂ ਹੀ ਹੁੰਦਾ ਹੈ) ॥੧੫॥
ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ।
ਹੇ ਨਾਨਕ! ਸੁਜਾਖਾ ਮਨੁੱਖ (ਅੰਨ੍ਹੇ ਦੇ ਆਖੇ) ਕੁਰਾਹੇ ਨਹੀਂ ਪੈਂਦਾ।
(ਪਰ ਆਤਮਕ ਜੀਵਨ ਵਿਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉਤੇ ਅੱਖਾਂ ਨਹੀਂ ਹਨ,
ਹੇ ਨਾਨਕ! ਅੰਨ੍ਹੇ ਉਹੀ ਹਨ ਜੋ ਮਾਲਕ-ਪ੍ਰਭੂ ਤੋਂ ਖੁੰਝੇ ਜਾ ਰਹੇ ਹਨ ॥੧॥
ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਪ ਅੰਨ੍ਹਾ ਕਰ ਦਿੱਤਾ ਹੈ, ਉਹ ਤਾਂ ਹੀ ਸੁਜਾਖਾ ਹੋ ਸਕਦਾ ਹੈ ਜੇ ਪ੍ਰਭੂ ਆਪ (ਸੁਜਾਖਾ) ਬਣਾਏ,
(ਨਹੀਂ ਤਾਂ, ਅੰਨ੍ਹਾ ਮਨੁੱਖ ਤਾਂ) ਜਿਹੋ ਜਿਹੀ ਸਮਝ ਰੱਖਦਾ ਹੈ ਉਸੇ ਤਰ੍ਹਾਂ ਕਰੀ ਜਾਂਦਾ ਹੈ ਭਾਵੇਂ ਉਸ ਨੂੰ ਕੋਈ ਸੌ ਵਾਰੀ ਸਮਝਾਏ।
ਜਿਸ ਮਨੁੱਖ ਦੇ ਅੰਦਰ 'ਨਾਮ'-ਰੂਪ ਪਦਾਰਥ ਦੀ ਸੋਝੀ ਨਹੀਂ ਓਥੇ ਆਪਾ-ਭਾਵ ਦੀ ਵਰਤੋਂ ਹੋ ਰਹੀ ਸਮਝੋ,
(ਕਿਉਂਕਿ) ਹੇ ਨਾਨਕ! ਗਾਹਕ ਜਿਸ ਸਉਦੇ ਨੂੰ ਪਛਾਣ ਹੀ ਨਹੀਂ ਸਕਦਾ ਉਸ ਨੂੰ ਉਹ ਵਿਹਾਵੇ ਕਿਵੇਂ? ॥੨॥
ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਨੇਤ੍ਰ-ਹੀਣ ਹੋ ਗਿਆ ਉਸ ਨੂੰ ਅਸੀਂ ਅੰਨ੍ਹਾ ਨਹੀਂ ਆਖਦੇ।
ਹੇ ਨਾਨਕ! ਉਹ ਮਨੁੱਖ ਅੰਨ੍ਹਾ ਕਿਹਾ ਜਾਂਦਾ ਹੈ ਜੋ ਰਜ਼ਾ ਨੂੰ ਸਮਝਦਾ ਨਹੀਂ ॥੩॥