ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 157


ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥੩॥

ਭਾਵੇਂ ਜੀਕਰ ਹਰੇਕ ਮਨੁੱਖ (ਨਿਰਾ ਜ਼ਬਾਨੀ ਜ਼ਬਾਨੀ) ਨਾਮ-ਧਨ ਦੀ ਲਾਲਸਾ ਕਰੇ, ਪਰ ਇਹ ਹਰੇਕ ਦੇ ਅਮਲਾਂ ਉੱਤੇ ਹੀ ਫ਼ੈਸਲਾ ਹੁੰਦਾ ਹੈ (ਕਿ ਕਿਸ ਨੂੰ ਪ੍ਰਾਪਤੀ ਹੋਵੇਗੀ। ਸੋ, ਨਿਰਾ ਦੁਨੀਆ ਦੀ ਖ਼ਾਤਰ ਨਾਹ ਭਟਕੋ) ॥੩॥

ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ ॥

ਹੇ ਨਾਨਕ! ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਉਹ ਹਰੇਕ ਜੀਵ ਦੀ ਸੰਭਾਲ ਕਰਦਾ ਹੈ।

ਹੁਕਮੁ ਨ ਜਾਪੀ ਖਸਮ ਕਾ ਕਿਸੈ ਵਡਾਈ ਦੇਇ ॥੪॥੧॥੧੮॥

(ਉੱਦਮ ਦੇ ਫਲ ਬਾਰੇ) ਉਸ ਖਸਮ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ, (ਇਹ ਪਤਾ ਨਹੀਂ ਲੱਗ ਸਕਦਾ) ਕਿ ਕਿਸ ਮਨੁੱਖ ਨੂੰ ਉਹ (ਨਾਮ ਜਪਣ ਦੀ) ਵਡਿਆਈ ਦੇ ਦੇਂਦਾ ਹੈ (ਅਸੀਂ ਜੀਵ ਕਿਸੇ ਮਨੁੱਖ ਦੇ ਦਿੱਸਦੇ ਉੱਦਮ ਤੇ ਗ਼ਲਤੀ ਖਾ ਸਕਦੇ ਹਾਂ। ਉੱਦਮ ਕਰਦੇ ਹੋਏ ਭੀ ਪ੍ਰਭੂ ਪਾਸੋਂ ਮਿਹਰ ਦੀ ਦਾਤ ਮੰਗਦੇ ਰਹੋ) ॥੪॥੧॥੧੮॥

ਗਉੜੀ ਬੈਰਾਗਣਿ ਮਹਲਾ ੧ ॥

ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥

(ਹਰਣੀ ਜੰਗਲ ਵਿਚ ਘਾਹ-ਬੂਟ ਚੁਣ ਕੇ ਖਾਂਦੀ ਹੈ ਤੇ ਮੌਜ ਵਿਚ ਚੁੰਗੀਆਂ ਮਾਰਦੀ ਹੈ (ਹੇ ਪ੍ਰਭੂ! ਤੇਰਾ ਨਾਮ ਮੇਰੀ ਜਿੰਦ ਲਈ ਖ਼ੁਰਾਕ ਬਣੇ, ਜਿਵੇਂ ਹਰਣੀ ਲਈ ਕੰਦ-ਮੂਲ ਹੈ। ਮੈਂ ਤੇਰੇ ਨਾਮ-ਰਸ ਨੂੰ ਪ੍ਰੀਤ ਨਾਲ ਖਾਵਾਂ, ਮੈਂ ਸੰਸਾਰ-ਬਨ ਵਿਚ ਬੇ-ਮੁਥਾਜ ਹੋ ਕੇ ਵਿਚਰਾਂ ਜਿਵੇਂ ਹਰਣੀ ਜੰਗਲ ਵਿਚ।

ਗੁਰਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ॥੧॥

ਜੇ ਗੁਰੂ ਦੀ ਕ੍ਰਿਪਾ ਨਾਲ ਮੇਰਾ ਖਸਮ-ਪ੍ਰਭੂ ਮੈਨੂੰ ਮਿਲ ਪਏ, ਤਾਂ ਮੈਂ ਮੁੜ ਮੁੜ ਉਸ ਤੋਂ ਸਦਕੇ ਕੁਰਬਾਨ ਜਾਵਾਂ ॥੧॥

ਮੈ ਬਨਜਾਰਨਿ ਰਾਮ ਕੀ ॥

(ਹੇ ਪ੍ਰਭੂ! ਜੇ ਤੇਰੀ ਮਿਹਰ ਹੋਵੇ ਤਾਂ) ਮੈਂ ਤੇਰੇ ਨਾਮ ਦੀ ਵਣਜਾਰਨ ਬਣ ਜਾਵਾਂ,

ਤੇਰਾ ਨਾਮੁ ਵਖਰੁ ਵਾਪਾਰੁ ਜੀ ॥੧॥ ਰਹਾਉ ॥

ਤੇਰਾ ਨਾਮ ਮੇਰਾ ਸੌਦਾ ਬਣੇ, ਤੇਰੇ ਨਾਮ ਨੂੰ ਵਿਹਾਝਾਂ ॥੧॥ ਰਹਾਉ ॥

ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ ॥

(ਕੋਇਲ ਦੀ ਅੰਬ ਨਾਲ ਪ੍ਰੀਤਿ ਪ੍ਰਸਿੱਧ ਹੈ। ਅੰਬ ਉਤੇ ਬੈਠ ਕੇ ਕੋਇਲ ਮਿੱਠੀ ਮਸਤ ਸੁਰ ਵਿਚ ਕੂਕਦੀ ਹੈ। ਜੇ ਮੇਰੀ ਪ੍ਰੀਤਿ ਪ੍ਰਭੂ ਨਾਮ ਉਹੋ ਜੇਹੀ ਹੋ ਜਾਏ ਜੈਸੀ ਕੋਇਲ ਦੀ ਅੰਬ ਨਾਲ ਹੈ ਤਾਂ) ਮੈਂ ਕੋਇਲ ਬਣਾਂ, ਅੰਬ ਉਤੇ ਬੈਠਾਂ (ਭਾਵ ਪ੍ਰਭੂ-ਨਾਮ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਵਾਂ) ਤੇ ਮਸਤ ਅਡੋਲ ਹਾਲਤ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਵਿਚਾਰ ਕਰਾਂ (ਸ਼ਬਦ ਵਿਚ ਚਿੱਤ ਜੋੜਾਂ)।

ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ॥੨॥

ਮਸਤ ਅਡੋਲ ਅਵਸਥਾ ਵਿਚ ਟਿਕਿਆਂ, ਪ੍ਰੇਮ ਵਿਚ ਜੁੜਿਆਂ ਹੀ ਪਿਆਰਾ ਦਰਸ਼ਨੀ ਸੋਹਣਾ ਬੇਅੰਤ ਪ੍ਰਭੂ-ਪਤੀ ਮਿਲਦਾ ਹੈ ॥੨॥

ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ ॥

(ਮੱਛੀ ਪਾਣੀ ਤੋਂ ਬਿਨਾ ਨਹੀਂ ਜਿਊ ਸਕਦੀ। ਪ੍ਰਭੂ ਨਾਲ ਜੇ ਮੇਰੀ ਪ੍ਰੀਤਿ ਭੀ ਇਹੋ ਜਿਹੀ ਬਣ ਜਾਏ, ਤਾਂ) ਮੈਂ ਮੱਛੀ ਬਣਾਂ, ਸਦਾ ਉਸ ਜਲ-ਪ੍ਰਭੂ ਵਿਚ ਟਿਕੀ ਰਹਾਂ ਜੋ ਸਾਰੇ ਜੀਵ-ਜੰਤਾਂ ਦੀ ਸੰਭਾਲ ਕਰਦਾ ਹੈ।

ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ॥੩॥

ਪਿਆਰਾ ਪ੍ਰਭੂ-ਪਤੀ (ਇਸ ਸੰਸਾਰ-ਸਮੁੰਦਰ ਦੇ ਅਸਗਾਹ ਜਲ ਦੇ) ਉਰਲੇ ਪਾਰਲੇ ਪਾਸੇ (ਹਰ ਥਾਂ) ਵੱਸਦਾ ਹੈ (ਜਿਵੇਂ ਮੱਛੀ ਆਪਣੇ ਬਾਜ਼ੂ ਖਿਲਾਰ ਕੇ ਪਾਣੀ ਵਿਚ ਤਾਰੀਆਂ ਲਾਂਦੀ ਹੈ) ਮੈਂ (ਭੀ) ਆਪਣੀਆਂ ਬਾਹਾਂ ਖਿਲਾਰ ਕੇ (ਭਾਵ, ਨਿਸੰਗ ਹੋ ਕੇ) ਉਸ ਨੂੰ ਮਿਲਾਂਗੀ ॥੩॥

ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥

(ਸਪਣੀ ਬੀਨ ਉੱਤੇ ਮਸਤ ਹੁੰਦੀ ਹੈ। ਪ੍ਰਭੂ ਨਾਲ ਜੇ ਮੇਰੀ ਪ੍ਰੀਤਿ ਭੀ ਇਹੋ ਜਿਹੀ ਬਣ ਜਾਏ, ਤਾਂ) ਮੈਂ ਸਪਣੀ ਬਣਾਂ, ਧਰਤੀ ਵਿਚ ਵੱਸਾਂ (ਭਾਵ, ਸਭ ਦੀ ਚਰਨ-ਧੂੜ ਹੋਵਾਂ, ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ) ਗੁਰ-ਸ਼ਬਦ ਵੱਸੇ (ਜਿਵੇਂ ਬੀਨ ਵਿਚ ਮਸਤ ਹੋ ਕੇ ਸਪਣੀ ਨੂੰ ਵੈਰੀ ਦੀ ਸੁੱਧ-ਬੁੱਧ ਭੁਲ ਜਾਂਦੀ ਹੈ) ਮੇਰਾ ਭੀ (ਦੁਨੀਆ ਵਾਲਾ ਸਾਰਾ) ਡਰ-ਭਉ ਦੂਰ ਹੋ ਜਾਏ।

ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤਿ ਸਮਾਇ ॥੪॥੨॥੧੯॥

ਹੇ ਨਾਨਕ! ਜਿਨ੍ਹਾਂ ਜੀਵ-ਇਸਤ੍ਰੀਆਂ ਦੀ ਜੋਤਿ (ਸੁਰਤਿ) ਸਦਾ ਜੋਤਿ-ਰੂਪ ਪ੍ਰਭੂ ਵਿਚ ਟਿਕੀ ਰਹਿੰਦੀ ਹੈ, ਉਹ ਬੜੀਆਂ ਭਾਗਾਂ ਵਾਲੀਆਂ ਹਨ ॥੪॥੨॥੧੯॥

ਗਉੜੀ ਪੂਰਬੀ ਦੀਪਕੀ ਮਹਲਾ ੧ ॥

ਰਾਗ ਗਉੜੀ-ਪੂਰਬੀ-ਦੀਪਕੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥

ਜਿਸ (ਸਾਧ-ਸੰਗਤਿ-) ਘਰ ਵਿਚ (ਪਰਮਾਤਮਾ ਦੀ) ਸਿਫ਼ਤ-ਸਾਲਾਹ ਆਖੀਦੀ ਹੈ ਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ (ਹੇ ਜਿੰਦ-ਕੁੜੀਏ!)

ਤਿਤੁ ਘਰਿ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ ॥੧॥

ਉਸ ਸਤਸੰਗ-ਘਰ ਵਿਚ (ਜਾ ਕੇ ਤੂੰ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ (ਸੁਹਾਗ ਮਿਲਾਪ ਦੀ ਤਾਂਘ ਦੇ ਸ਼ਬਦ) ਗਾ, ਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰ ॥੧॥

ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥

(ਹੇ ਜਿੰਦੇ!) ਤੂੰ (ਸਤਸੰਗੀਆਂ ਨਾਲ ਮਿਲ ਕੇ) ਪਿਆਰੇ ਨਿਰਭਉ (ਖਸਮ) ਦੀ ਸਿਫ਼ਤ-ਸਾਲਾਹ ਦੇ ਗੀਤ ਗਾ (ਤੇ ਆਖ-)

ਹਉ ਵਾਰੀ ਜਾਉ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥

ਮੈਂ ਸਦਕੇ ਹਾਂ ਉਸ ਸਿਫ਼ਤਿ ਦੇ ਗੀਤ ਤੋਂ ਜਿਸ ਦੀ ਬਰਕਤ ਨਾਲ ਸਦਾ ਦਾ ਸੁਖ ਮਿਲਦਾ ਹੈ ॥੧॥ ਰਹਾਉ ॥

ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥

(ਹੇ ਜਿੰਦੇ! ਜਿਸ ਖਸਮ ਦੀ ਹਜ਼ੂਰੀ ਵਿਚ) ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ (ਹਰੇਕ ਜੀਵ ਦੀ) ਸੰਭਾਲ ਕਰਦਾ ਹੈ।

ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥

(ਜਿਸ ਦਾਤਾਰ ਦੀਆਂ) ਦਾਤਾਂ ਦਾ ਮੁੱਲ (ਹੇ ਜਿੰਦੇ!) ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਕੀਹ ਅੰਦਾਜ਼ਾ (ਤੂੰ ਲਾ ਸਕਦੀ ਹੈਂ)? (ਭਾਵ, ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ) ॥੨॥

ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥

(ਸਤਸੰਗ ਵਿਚ ਜਾ ਕੇ, ਹੇ ਜਿੰਦੇ! ਅਰਜ਼ੋਈ ਕਰਿਆ ਕਰ-) ਉਹ ਸੰਮਤ ਉਹ ਦਿਹਾੜਾ (ਪਹਿਲਾਂ ਹੀ) ਮਿਥਿਆ ਹੋਇਆ ਹੈ (ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਮੌਤ-ਪਹੋਚਾ ਆਉਣਾ ਹੈ।

ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥

ਹੇ ਸਤਸੰਗੀ ਸਹੇਲੀਓ!) ਰਲ ਕੇ ਮੈਨੂੰ ਮਾਂਈਏਂ ਪਾਓ, ਤੇ, ਹੇ ਸੱਜਣ (ਸਹੇਲੀਓ!) ਮੈਨੂੰ ਸੋਹਣੀਆਂ ਅਸੀਸਾਂ ਭੀ ਦਿਉ (ਭਾਵ, ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪਤੀ-ਪ੍ਰਭੂ ਨਾਲ ਮੇਰਾ ਮੇਲ ਹੋ ਜਾਏ ॥੩॥

ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥

(ਪਰਲੋਕ ਵਿਚ ਜਾਣ ਲਈ ਮੌਤ-ਰੂਪ) ਇਹ ਪਹੋਚਾ ਹਰੇਕ ਘਰ ਵਿਚ ਆ ਰਿਹਾ ਹੈ, ਇਹ ਸੱਦੇ ਨਿੱਤ ਪੈ ਰਹੇ ਹਨ;

ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥੨੦॥

(ਹੇ ਸਤਸੰਗੀਓ!) ਉਸ ਸੱਦਾ ਭੇਜਣ ਵਾਲੇ ਪਤੀ-ਪ੍ਰਭੂ ਨੂੰ ਯਾਦ ਕਰਨਾ ਚਾਹੀਦਾ ਹੈ, (ਕਿਉਂਕਿ) ਹੇ ਨਾਨਕ! (ਸਾਡੇ ਭੀ) ਉਹ ਦਿਨ (ਨੇੜੇ) ਆ ਰਹੇ ਹਨ ॥੪॥੧॥੨੦॥

ਰਾਗੁ ਗਉੜੀ ਗੁਆਰੇਰੀ ॥ ਮਹਲਾ ੩ ਚਉਪਦੇ ॥

ਰਾਗ ਗਉੜੀ-ਗੁਆਰੇਰੀ ਵਿੱਚ-ਗੁਰੂ ਅਮਰਦਾਸ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਗੁਰਿ ਮਿਲਿਐ ਹਰਿ ਮੇਲਾ ਹੋਈ ॥

ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ,

ਆਪੇ ਮੇਲਿ ਮਿਲਾਵੈ ਸੋਈ ॥

ਉਹ ਪਰਮਾਤਮਾ ਆਪ ਹੀ (ਜੀਵ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ।

ਮੇਰਾ ਪ੍ਰਭੁ ਸਭ ਬਿਧਿ ਆਪੇ ਜਾਣੈ ॥

ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ ਚਰਨਾਂ ਵਿਚ ਮਿਲਣ ਦੇ) ਸਾਰੇ ਤਰੀਕੇ ਜਾਣਦਾ ਹੈ।

ਹੁਕਮੇ ਮੇਲੇ ਸਬਦਿ ਪਛਾਣੈ ॥੧॥

(ਜਿਸ ਮਨੁੱਖ ਨੂੰ ਪਰਮਾਤਮਾ ਆਪਣੇ) ਹੁਕਮ ਅਨੁਸਾਰ (ਗੁਰੂ ਨਾਲ) ਮਿਲਾਂਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ ॥੧॥

ਸਤਿਗੁਰ ਕੈ ਭਇ ਭ੍ਰਮੁ ਭਉ ਜਾਇ ॥

ਗੁਰੂ ਦੇ ਡਰ-ਅਦਬ ਵਿਚ ਰਿਹਾਂ (ਦੁਨੀਆ ਵਾਲੀ) ਭਟਕਣਾ ਤੇ ਡਰ ਦੂਰ ਹੋ ਜਾਂਦਾ ਹੈ।

ਭੈ ਰਾਚੈ ਸਚ ਰੰਗਿ ਸਮਾਇ ॥੧॥ ਰਹਾਉ ॥

ਜੇਹੜਾ ਮਨੁੱਖ (ਗੁਰੂ ਦੇ) ਡਰ-ਅਦਬ ਵਿਚ ਮਗਨ ਰਹਿੰਦਾ ਹੈ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਪ੍ਰੇਮ) ਰੰਗ ਵਿਚ ਸਮਾਇਆ ਰਹਿੰਦਾ ਹੈ ॥੧॥ ਰਹਾਉ ॥

ਗੁਰਿ ਮਿਲਿਐ ਹਰਿ ਮਨਿ ਵਸੈ ਸੁਭਾਇ ॥

ਜੇ ਗੁਰੂ ਮਿਲ ਪਏ ਤਾਂ ਪਰਮਾਤਮਾ (ਭੀ ਆਪਣੀ) ਪਿਆਰ-ਰੁਚੀ ਦੇ ਕਾਰਨ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ।

ਮੇਰਾ ਪ੍ਰਭੁ ਭਾਰਾ ਕੀਮਤਿ ਨਹੀ ਪਾਇ ॥

ਪਿਆਰਾ ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ, ਕੋਈ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ (ਭਾਵ, ਇਹ ਨਹੀਂ ਦੱਸ ਸਕਦਾ ਕਿ ਦੁਨੀਆ ਦੇ ਕਿਸੇ ਪਦਾਰਥ ਦੇ ਵੱਟੇ ਪਰਮਾਤਮਾ ਮਿਲ ਸਕਦਾ ਹੈ)।

ਸਬਦਿ ਸਾਲਾਹੈ ਅੰਤੁ ਨ ਪਾਰਾਵਾਰੁ ॥

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਦੀ ਹਸਤੀ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ,

ਮੇਰਾ ਪ੍ਰਭੁ ਬਖਸੇ ਬਖਸਣਹਾਰੁ ॥੨॥

ਬਖ਼ਸ਼ਣਹਾਰ ਪ੍ਰਭੂ (ਉਸ ਦੇ ਸਾਰੇ ਗੁਨਾਹ) ਬਖ਼ਸ਼ ਲੈਂਦਾ ਹੈ ॥੨॥

ਗੁਰਿ ਮਿਲਿਐ ਸਭ ਮਤਿ ਬੁਧਿ ਹੋਇ ॥

ਜੇ ਗੁਰੂ ਮਿਲ ਪਏ (ਤਾਂ ਮਨੁੱਖ ਦੇ ਅੰਦਰ) ਉੱਚੀ ਬੁੱਧੀ ਪੈਦਾ ਹੋ ਜਾਂਦੀ ਹੈ,


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430