ਰਾਗ ਸੂਹੀ, ਘਰ ੧੦ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਦੁਨੀਆ ਦੀ ਖ਼ੁਸ਼ਾਮਦ ਨਾਹ ਕਰਦਾ ਫਿਰ, ਦੁਨੀਆ ਤਾਂ ਨਾਸ ਹੋ ਜਾਇਗੀ।
ਲੋਕਾਂ ਨੂੰ ਭੀ ਨਾਹ ਵਡਿਆਉਂਦਾ ਫਿਰ, ਖ਼ਲਕਤ ਭੀ ਮਰ ਕੇ ਮਿੱਟੀ ਹੋ ਜਾਇਗੀ ॥੧॥
ਹੇ ਮੇਰੇ ਮਾਲਕ! ਤੂੰ ਧੰਨ ਹੈਂ! ਤੂੰ ਹੀ ਸਲਾਹੁਣ-ਜੋਗ ਹੈਂ।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ, ਅਤੇ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ ॥੧॥ ਰਹਾਉ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਨੀਆ ਦੀ ਮਿਤ੍ਰਤਾ ਵਿਚ ਹੀ ਸੜ ਮਰਦੇ ਹਨ (ਆਤਮਕ ਜੀਵਨ ਸਾੜ ਕੇ ਸੁਆਹ ਕਰ ਲੈਂਦੇ ਹਨ। ਅੰਤ)
ਜਮਰਾਜ ਦੇ ਦਰ ਤੇ ਚੋਟਾਂ ਖਾਂਦੇ ਹਨ। ਤਦੋਂ ਉਹਨਾਂ ਨੂੰ (ਹੱਥੋਂ ਖੁੰਝਿਆ ਹੋਇਆ ਮਨੁੱਖਾ ਜਨਮ ਦਾ) ਸਮਾ ਨਹੀਂ ਮਿਲਦਾ ॥੨॥
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ, ਕਿਉਂਕਿ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ।
ਉਹਨਾਂ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦਾ ਪਰਕਾਸ਼ ਹੋ ਜਾਂਦਾ ਹੈ। ਉਹ ਆਤਮਕ ਅਡੋਲਤਾ ਵਿਚ ਆਨੰਦ ਵਿਚ ਮਗਨ ਰਹਿੰਦੇ ਹਨ ॥੩॥
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਬਾਣੀ ਨੂੰ ਭੁਲਾ ਦੇਂਦੇ ਹਨ, ਉਹ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ,
ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰੇਹ ਭੁੱਖ ਦੂਰ ਨਹੀਂ ਹੁੰਦੀ, ਉਹ ਹਰ ਵੇਲੇ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਫਿਰਦੇ ਹਨ ॥੪॥
ਅਜੇਹੇ ਮਨੁੱਖ ਭੈੜੇ ਬੰਦਿਆਂ ਨਾਲ ਮਿਤ੍ਰਤਾ ਗੰਢੀ ਰੱਖਦੇ ਹਨ, ਅਤੇ ਸੰਤ ਜਨਾਂ ਨਾਲ ਵੈਰ ਕਰਦੇ ਰਹਿੰਦੇ ਹਨ।
ਉਹ ਆਪ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ (ਆਪਣੇ ਹੋਰ ਰਿਸ਼ਤੇਦਾਰਾਂ ਨੂੰ ਭੀ) ਨਾਲ ਹੀ ਡੋਬ ਲੈਂਦੇ ਹਨ ॥੫॥
ਹੇ ਭਾਈ! ਕਿਸੇ ਦੀ ਭੀ ਨਿੰਦਾ ਕਰਨੀ ਚੰਗਾ ਕੰਮ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਹੀ ਨਿੰਦਾ ਕਰਿਆ ਕਰਦੇ ਹਨ।
(ਲੋਕ ਪਰਲੋਕ ਵਿਚ) ਉਹੀ ਬਦਨਾਮੀ ਖੱਟਦੇ ਹਨ, ਅਤੇ ਭਿਆਨਕ ਨਰਕ ਵਿਚ ਪੈਂਦੇ ਹਨ ॥੬॥
ਹੇ (ਮੇਰੇ) ਮਨ! ਤੂੰ ਜਿਹੋ ਜਿਹੇ ਦੀ ਸੇਵਾ-ਭਗਤੀ ਕਰੇਂਗਾ, ਉਹੋ ਜਿਹੇ ਕਰਮ ਕਮਾ ਕੇ ਉਹੋ ਬਣ ਜਾਇਂਗਾ।
(ਪ੍ਰਭੂ ਦੀ ਰਜ਼ਾ ਵਿਚ ਇਹ ਨਿਯਮ ਹੈ ਕਿ ਜੀਵ ਨੇ ਇਸ ਕਰਮ-ਭੂਮੀ ਸਰੀਰ ਵਿਚ) ਆਪ ਬੀਜ ਕੇ ਆਪ ਹੀ (ਉਸ ਦਾ) ਫਲ ਖਾਣਾ ਹੁੰਦਾ ਹੈ। ਇਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ॥੭॥
(ਉੱਚੀ ਆਤਮਾ ਵਾਲੇ) ਮਹਾ ਪੁਰਖਾਂ ਦਾ ਬਚਨ ਕਿਸੇ ਪਰਸੰਗ ਅਨੁਸਾਰ ਹੋਇਆ ਹੈ।
ਉਹ ਮਹਾ ਪੁਰਖ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨਾਲ ਭਰਪੂਰ ਰਹਿੰਦੇ ਹਨ, ਉਹਨਾਂ ਨੂੰ ਕਿਸੇ ਸੇਵਾ ਆਦਿਕ ਦਾ ਲਾਲਚ ਨਹੀਂ ਹੁੰਦਾ (ਪਰ ਜੇਹੜਾ ਮਨੁੱਖ ਉਹਨਾਂ ਦੀ ਸੇਵਾ ਕਰਦਾ ਹੈ, ਉਸ ਨੂੰ ਉਹਨਾਂ ਪਾਸੋਂ ਆਤਮਕ ਜੀਵਨ ਮਿਲ ਜਾਂਦਾ ਹੈ) ॥੮॥
ਉਹ ਮਹਾ ਪੁਰਖ ਹੋਰਨਾਂ ਨੂੰ (ਭੀ ਨਾਮ ਜਪਣ ਦਾ) ਉਪਦੇਸ਼ ਕਰਦੇ ਹਨ। ਗੁਣ ਗ੍ਰਹਿਣ ਕਰਨ ਵਾਲਾ ਮਨੁੱਖ (ਉਹਨਾਂ ਪਾਸੋਂ) ਗੁਣ ਗ੍ਰਹਿਣ ਕਰ ਲੈਂਦਾ ਹੈ।
ਸੋ, ਜੇਹੜੇ ਮਨੁੱਖ ਉਹਨਾਂ ਮਹਾ ਪੁਰਖਾਂ ਦੀ ਸੰਗਤਿ ਵਿਚ ਰਹਿੰਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਭੀ ਹਰ ਵੇਲੇ ਨਾਮ ਜਪਣ ਲੱਗ ਪੈਂਦੇ ਹਨ ॥੯॥
ਹੇ ਭਾਈ! ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ।
ਉਹੀ ਆਪ ਸਭ ਦਾਤਾਂ ਦੇਣ ਵਾਲਾ ਹੈ। ਉਹ ਮਾਲਕ ਸਦਾ ਕਾਇਮ ਰਹਿਣ ਵਾਲਾ (ਭੀ) ਹੈ ॥੧੦॥
ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਤੇਰੇ ਅੰਗ-ਸੰਗ ਵੱਸਦਾ ਹੈ। ਗੁਰੂ ਦੀ ਸਰਨ ਪੈ ਕੇ ਤੂੰ ਉਸ ਨੂੰ ਆਪਣੀ ਅੱਖੀਂ ਵੇਖ ਲੈ।
(ਜਿਸ ਮਨੁੱਖ ਉਤੇ ਉਹ) ਆਪ ਹੀ ਬਖ਼ਸ਼ਸ਼ ਕਰਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ। ਹੇ ਭਾਈ! ਉਸ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖ ॥੧੧॥
ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਸਦਾ) ਪਵਿਤ੍ਰ ਹੈ, (ਜਦੋਂ ਤਕ ਮਨੁੱਖ ਦਾ) ਮਨ (ਵਿਕਾਰਾਂ ਨਾਲ) ਮੈਲਾ ਰਹੇ, ਉਸ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ।
ਜੀਵ ਤਦੋਂ ਹੀ ਉਸ ਪ੍ਰਭੂ ਦੇ ਚਰਨਾਂ ਵਿਚ ਮਿਲ ਸਕਦਾ ਹੈ, ਜਦੋਂ ਪ੍ਰਭੂ ਆਪ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਦੀ ਹਉਮੈ ਸਾੜ ਕੇ ਉਸ ਨੂੰ ਆਪਣੇ ਨਾਲ ਮਿਲਾਂਦਾ ਹੈ ॥੧੨॥
ਹੇ ਭਾਈ! ਜੇ ਉਹ ਸਦਾ ਕਾਇਮ ਰਹਿਣ ਵਾਲਾ ਖਸਮ-ਪ੍ਰਭੂ ਭੁੱਲ ਜਾਏ, ਤਾਂ ਜਗਤ ਵਿਚ ਜੀਊਣਾ ਫਿਟਕਾਰ-ਜੋਗ ਹੈ।
ਜਿਸ ਮਨੁੱਖ ਉਤੇ ਪ੍ਰਭੂ ਆਪ ਮੇਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਪ੍ਰਭੂ ਨਹੀਂ ਭੁੱਲਦਾ। ਉਹ ਮਨੁੱਖ ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਵਿਚ ਸੁਰਤ ਜੋੜਦਾ ਹੈ ॥੧੩॥
ਹੇ ਭਾਈ! (ਅਸਾਂ ਜੀਵਾਂ ਦਾ ਕੋਈ ਆਪਣਾ ਜ਼ੋਰ ਨਹੀਂ ਚੱਲ ਸਕਦਾ) ਜੇ ਗੁਰੂ (ਮੈਨੂੰ ਪ੍ਰਭੂ ਨਾਲ) ਮਿਲਾ ਦੇਵੇ, ਤਾਂ ਹੀ ਮੈਂ ਮਿਲਿਆ ਰਹਿ ਸਕਦਾ ਹਾਂ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮੈਂ ਆਪਣੇ ਹਿਰਦੇ ਵਿਚ ਟਿਕਾ ਕੇ ਰੱਖ ਸਕਦਾ ਹਾਂ।
ਹੇ ਭਾਈ! ਗੁਰੂ ਦੇ ਪਿਆਰ ਦੀ ਬਰਕਤਿ ਨਾਲ ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਏ, ਉਹ ਫਿਰ ਕਦੇ ਉਥੋਂ ਨਹੀਂ ਵਿਛੁੜਦਾ ॥੧੪॥
ਹੇ ਭਾਈ! ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਤੂੰ ਭੀ ਆਪਣੇ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਿਆ ਕਰ।
ਪ੍ਰੀਤਮ ਪ੍ਰਭੂ ਨੂੰ ਮਿਲ ਕੇ ਜਿਸ ਜੀਵ-ਇਸਤ੍ਰੀ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ (ਲੋਕ ਪਰਲੋਕ ਵਿਚ) ਸੋਭਾ ਖੱਟ ਲਈ ॥੧੫॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਮਨ ਪਰਮਾਤਮਾ ਦੇ ਨਾਮ ਵਿਚ ਨਹੀਂ ਭਿੱਜਦਾ (ਹਰਿ-ਨਾਮ ਨਾਲ ਪਿਆਰ ਨਹੀਂ ਪਾਂਦਾ)। ਉਹ ਮਨੁੱਖ ਆਪਣੇ ਮਨ ਵਿਚ ਮੈਲੇ ਅਤੇ ਕਠੋਰ ਰਹਿੰਦੇ ਹਨ।
ਜੇ ਸੱਪ ਨੂੰ ਦੁੱਧ ਭੀ ਪਿਲਾਇਆ ਜਾਏ, ਤਾਂ ਭੀ ਉਸ ਦੇ ਅੰਦਰ ਨਿਰੋਲ ਜ਼ਹਿਰ ਹੀ ਟਿਕਿਆ ਰਹਿੰਦਾ ਹੈ ॥੧੬॥
ਹੇ ਭਾਈ! (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਪ੍ਰਭੂ ਆਪ ਹੀ ਕਰ ਰਿਹਾ ਹੈ। ਕਿਸ ਨੂੰ (ਚੰਗਾ ਜਾਂ ਮੰਦਾ) ਆਖਿਆ ਜਾ ਸਕਦਾ ਹੈ? (ਕੁਰਾਹੇ ਪਏ ਜੀਵਾਂ ਉਤੇ ਭੀ) ਉਹ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ।
ਜਦੋਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਕਿਸੇ ਮਨੁੱਖ ਦੇ ਮਨ ਦੀ) ਮੈਲ ਲਹਿ ਜਾਂਦੀ ਹੈ, ਤਾਂ ਉਸ ਦੇ ਆਤਮਾ ਨੂੰ ਸਦਾ ਕਾਇਮ ਰਹਿਣ ਵਾਲੀ ਸੁੰਦਰਤਾ ਮਿਲ ਜਾਂਦੀ ਹੈ ॥੧੭॥