ਗੁਰੂ ਦੀ ਕਿਰਪਾ ਨਾਲ ਮੈਂ ਉਹੀ ਕੰਮ ਕਰਾਂ (ਜਿਨ੍ਹਾਂ ਕਰਕੇ ਮੈਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋਵੇ),
ਤੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਹੋਇਆ ਮੈਂ ਪਰਮਾਤਮਾ ਦਾ ਗੁਣ ਗਾਂਦਾ ਰਹਾਂ ॥੫॥
ਗੁਰੂ ਦੀ ਦੱਸੀ ਹੋਈ ਸੇਵਾ ਦੀ ਰਾਹੀਂ ਜਿਸ ਮਨੁੱਖ ਨੇ ਆਪਣਾ ਅੰਦਰਲਾ ਆਤਮਕ ਜੀਵਨ ਪਛਾਣ ਲਿਆ,
ਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਆਤਮਕ ਆਨੰਦ ਦੇਣ ਵਾਲਾ ਹਰੀ-ਨਾਮ ਵੱਸ ਪਿਆ (ਸਮਝੋ)।
ਉਹ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਹਰ ਰੋਜ਼ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੬॥
(ਪਰ ਇਹ ਖੇਡ ਜੀਵ ਦੇ ਵੱਸ ਦੀ ਨਹੀਂ) ਜਦੋਂ ਪਿਆਰਾ ਪ੍ਰਭੂ ਕਿਸੇ ਜੀਵ ਨੂੰ ਆਪਣੇ ਨਾਮ ਵਿਚ ਲਗਾਂਦਾ ਹੈ ਤਦੋਂ ਹੀ ਕੋਈ ਲੱਗਦਾ ਹੈ,
ਤਦੋਂ ਹੀ ਗੁਰ-ਸ਼ਬਦ ਦੀ ਰਾਹੀਂ ਉਹ ਹਉਮੈ ਨੂੰ ਮਾਰ ਕੇ (ਇਸ ਵਲੋਂ ਸਦਾ) ਸੁਚੇਤ ਰਹਿੰਦਾ ਹੈ।
ਫਿਰ ਲੋਕ ਪਰਲੋਕ ਵਿਚ ਸਦਾ ਆਤਮਕ ਆਨੰਦ ਉਸ ਦੇ ਸਾਹਮਣੇ ਮੌਜੂਦ ਰਹਿੰਦਾ ਹੈ ॥੭॥
ਪਰ ਚੰਚਲ ਮਨ (ਹਉਮੈ ਨੂੰ ਮਾਰਨ ਦਾ) ਤਰੀਕਾ ਨਹੀਂ ਜਾਣ ਸਕਦਾ,
ਕਿਉਂਕਿ ਮਨਮੁਖਿ ਦਾ ਮਨ (ਵਿਕਾਰਾਂ ਨਾਲ ਸਦਾ) ਮੈਲਾ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾ ਸਕਦਾ।
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਪਵਿਤ੍ਰ ਜੀਵਨ ਵਾਲਾ ਹੁੰਦਾ ਹੈ ॥੮॥
ਮੈਂ ਪ੍ਰਭੂ ਜੀ ਅੱਗੇ ਇਹ ਅਰਦਾਸਿ ਕਰਦਾ ਹਾਂ ਕਿ,
ਗੁਰਮੁਖਾਂ ਦੀ ਸੰਗਤਿ ਵਿਚ ਮੇਰਾ ਨਿਵਾਸ ਬਣਿਆ ਰਹੇ,
ਤੇ ਮੇਰੇ ਅੰਦਰ ਪਰਮਾਤਮਾ ਦਾ ਨਾਮ ਚਮਕ ਪਏ, ਤੇ ਉਹ ਨਾਮ ਮੇਰੇ ਪਾਪ ਕਲੇਸ਼ ਕੱਟ ਦੇਵੇ ॥੯॥
ਜਿਹੜਾ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਚੰਗਾ ਆਚਰਨ ਬਣਾਣਾ ਸਮਝ ਲੈਂਦਾ ਹੈ,
ਤੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਇਕ ਪਰਮਾਤਮਾ ਨਾਲ ਸਾਂਝ ਪਾਂਦਾ ਹੈ,
ਉਸ ਦਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਹੇ ਨਾਨਕ! ॥੧੦॥੭॥
ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਗੁਰ-ਸ਼ਬਦ ਤੋਂ ਖੁੰਝ ਕੇ (ਮਾਇਆ-ਵੇੜ੍ਹਿਆ) ਮਨ ਪਾਗਲ ਹਾਥੀ (ਸਮਾਨ) ਹੈ,
ਤੇ ਮਾਇਆ ਦੇ ਮੋਹ ਦੇ ਕਾਰਨ (ਸੰਸਾਰ-) ਜੰਗਲ ਵਿਚ ਭਟਕਦਾ ਫਿਰਦਾ ਹੈ।
(ਮਾਇਆ ਦੇ ਮੋਹ ਦੇ ਕਾਰਨ) ਜਿਨ੍ਹਾਂ ਨੂੰ ਆਤਮਕ ਮੌਤ ਦਬਾ ਲੈਂਦੀ ਹੈ ਉਹ ਇਧਰ ਉਧਰ ਭਟਕਦੇ ਫਿਰਦੇ ਹਨ।
ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਭਾਲ ਕੇ ਆਪਣੇ ਅੰਦਰ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ (ਤੇ ਭਟਕਣਾ ਵਿਚ ਨਹੀਂ ਪੈਂਦਾ) ॥੧॥
ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਮਨ ਇਕ ਥਾਂ ਟਿਕਿਆ ਨਹੀਂ ਰਹਿ ਸਕਦਾ।
(ਇਸ ਮਨ ਨੂੰ ਟਿਕਾਣ ਵਾਸਤੇ ਗੁਰ-ਸ਼ਬਦ ਦੀ ਰਾਹੀਂ) ਪਰਮਾਤਮਾ ਦਾ ਨਾਮ ਸਿਮਰੋ ਜੋ ਬਹੁਤ ਹੀ ਪਵਿਤ੍ਰ ਹੈ, ਅਤੇ ਹੋਰ ਰਸ ਛੱਡੋ ਜੋ ਕੌੜੇ ਭੀ ਹਨ ਤੇ ਹਉਮੈ ਨੂੰ ਵਧਾਂਦੇ ਹਨ ॥੧॥ ਰਹਾਉ ॥
(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਆਪਣੀ ਸੂਝ ਗਵਾ ਲੈਂਦਾ ਹੈ, ਫਿਰ ਦੱਸੋ, ਇਹ ਭਟਕਣੋਂ ਕਿਵੇਂ ਰਹਿ ਸਕਦਾ ਹੈ?
ਆਪਣੇ ਅਸਲੇ ਦੀ ਸੂਝ ਤੋ ਬਿਨਾ ਇਹ ਮਨ ਆਤਮਕ ਮੌਤ ਦਾ ਦੁੱਖ ਸਹਾਰੇਗਾ ਹੀ।
ਜਿਸ ਮਨੁੱਖ ਉਤੇ ਪਰਮਾਤਮਾ ਆਪ ਬਖ਼ਸ਼ਸ਼ ਕਰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ,
ਉਹ ਦੁਖਦਾਈ ਆਤਮਕ ਮੌਤ ਨੂੰ ਸਹਾਰ ਲੈਂਦਾ ਹੈ, ਸਦਾ-ਥਿਰ ਪ੍ਰਭੂ (ਉਸ ਨੂੰ ਆਤਮਕ ਜੀਵਨ ਵਲ) ਪ੍ਰੇਰਦਾ ਹੈ ॥੨॥
(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਹੋਰ ਹੋਰ ਧਾਰਮਿਕ ਰਸਮਾਂ ਰੀਵਾਜ ਕਰਦਾ ਫਿਰਦਾ ਹੈ,
ਤੇ ਇਹ ਮਨ ਪੰਜਾਂ ਤੱਤਾਂ ਤੋਂ ਜੰਮਿਆ ਹੋਇਆ ਹੈ (ਭਾਵ, ਜਨਮ ਮਰਨ ਦੇ ਗੇੜ ਵਿਚ ਲਈ ਫਿਰਦਾ ਹੈ)।
ਮਾਇਆ-ਵੇੜ੍ਹਿਆ ਇਹ ਮਨ ਲਾਲਚੀ ਬਣ ਜਾਂਦਾ ਹੈ, ਮੂਰਖ ਹੋ ਜਾਂਦਾ ਹੈ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਸ ਦਾ ਮਨ ਸੁੰਦਰ (ਘਾੜਤ ਵਾਲਾ ਬਣ ਜਾਂਦਾ) ਹੈ ॥੩॥
ਗੁਰੂ ਦੇ ਸਨਮੁਖ ਹੋਏ ਮਨੁੱਖ ਦਾ ਮਨ ਪਰਮਾਤਮਾ ਨੂੰ (ਆਪਣੇ ਅੰਦਰ) ਥਾਂ ਦੇਂਦਾ ਹੈ,
ਉਸ ਨੂੰ ਉਸ ਪ੍ਰਭੂ ਦੀ ਸੂਝ ਹੋ ਜਾਂਦੀ ਹੈ ਜੋ ਤਿੰਨਾਂ ਭਵਨਾਂ ਵਿਚ ਵਿਆਪਕ ਹੈ।
(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ ਜੋਗ-ਸਾਧਨ ਕਰਦਾ ਹੈ ਕਦੇ ਮਾਇਆ ਦੇ ਭੋਗ ਭੋਗਦਾ ਹੈ ਕਦੇ ਤਪਾਂ ਨਾਲ ਸਰੀਰ ਨੂੰ ਕਸ਼ਟ ਦੇਂਦਾ ਹੈ (ਪਰ ਆਤਮਕ ਆਨੰਦ ਉਸ ਨੂੰ ਕਿਤੇ ਨਹੀਂ ਲੱਭਦਾ)।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਹਰੀ ਪਰਮਾਤਮਾ ਨੂੰ ਆਪਣੇ ਅੰਦਰ ਖੋਜ ਲੈਂਦਾ ਹੈ ॥੪॥
(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ (ਆਪਣੇ ਵਲੋਂ) ਹਉਮੈ ਤਿਆਗ ਕੇ (ਦੁਨੀਆ ਛੱਡ ਕੇ) ਵੈਰਾਗਵਾਨ ਬਣ ਜਾਂਦਾ ਹੈ,
ਕਦੇ ਹਰੇਕ ਸਰੀਰ ਵਿਚ (ਮਾਇਆ-ਵੇੜ੍ਹੇ ਮਨ ਨੂੰ) ਮਾਇਕ ਫੁਰਨਾ ਤੇ ਦੁਬਿਧਾ ਆ ਚੰਬੜਦੇ ਹਨ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਰਸਾਂ ਦਾ ਘਰ ਨਾਮ-ਰਸ ਚੱਖਦਾ ਹੈ,
ਉਸ ਨੂੰ ਅੰਦਰ ਬਾਹਰ ਮਹਲ ਦਾ ਮਾਲਕ-ਪ੍ਰਭੂ (ਦਿੱਸਦਾ ਹੈ) ਜੋ (ਮਾਇਆ ਦੇ ਮੋਹ ਤੋਂ ਬਚਾ ਕੇ) ਉਸ ਦੀ ਇੱਜ਼ਤ ਰੱਖਦਾ ਹੈ ॥੫॥
(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ ਰਣ-ਭੂਮੀ ਵਿਚ ਰਾਜਾ ਤੇ ਸੂਰਮਾ ਬਣਿਆ ਪਿਆ ਹੈ।
ਪਰ ਜਦੋਂ ਇਹ ਮਨ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ ਤਾਂ (ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਜਾਂਦਾ ਹੈ,
ਕਾਮਾਦਿਕ ਪੰਜਾਂ (ਵੈਰੀਆਂ) ਨੂੰ ਮਾਰ ਦੇਂਦਾ ਹੈ, ਆਪਣੇ ਵੱਸ ਵਿਚ ਕਰ ਲੈਂਦਾ ਹੈ,
ਹਉਮੈ ਨੂੰ ਮੁਕਾ ਕੇ ਇਹਨਾਂ ਸਭਨਾਂ ਨੂੰ ਇਕੋ ਥਾਂ ਵਿਚ (ਕਾਬੂ) ਕਰ ਲੈਂਦਾ ਹੈ ॥੬॥
ਗੁਰੂ ਦੇ ਸਨਮੁਖ ਹੋਇਆ ਇਹ ਮਨ ਰਾਗ (ਦ੍ਵੈਖ) ਤੇ ਹੋਰ ਹੋਰ ਸੁਆਦ ਤਿਆਗ ਦੇਂਦਾ ਹੈ,
ਗੁਰੂ ਦੀ ਸਰਨ ਪੈ ਕੇ ਇਹ ਮਨ ਪਰਮਾਤਮਾ ਦੀ ਭਗਤੀ ਵਿਚ ਜੁੜ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਜਾਂਦਾ ਹੈ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ, ਉਹ (ਅੰਦਰਲੇ ਆਤਮਕ ਖੇੜੇ ਦੇ) ਇਕ-ਰਸ (ਹੋ ਰਹੇ ਗੀਤ) ਨੂੰ ਸੁਣ ਸੁਣ ਕੇ (ਉਸ ਵਿਚ) ਗਿੱਝ ਜਾਂਦਾ ਹੈ,
ਆਪਣੇ ਆਪੇ ਨੂੰ ਖੋਜ ਕੇ ਪਰਮਾਤਮਾ ਰੂਪ ਹੋ ਜਾਂਦਾ ਹੈ ॥੭॥
(ਜਦੋਂ) ਇਹ ਮਨ (ਗੁਰੂ ਦੇ ਸਨਮੁਖ ਹੁੰਦਾ ਹੈ ਤਦੋਂ) ਪਵਿਤ੍ਰ ਹੋ ਜਾਂਦਾ ਹੈ, ਇਸ ਨੂੰ ਅੰਦਰ ਬਾਹਰ ਉਹ ਪਰਮਾਤਮਾ ਹੀ ਦਿੱਸਦਾ ਹੈ।
ਗੁਰੂ ਦੇ ਸਨਮੁਖ ਹੋ ਕੇ (ਇਸ ਮਨ ਦੇ ਅੰਦਰ) ਭਗਤੀ ਦੀ ਲਗਨ ਲੱਗ ਪੈਂਦੀ ਹੈ, (ਇਸ ਦੇ ਅੰਦਰ ਪ੍ਰਭੂ ਦਾ) ਪਿਆਰ (ਜਾਗ ਪੈਂਦਾ ਹੈ),
ਗੁਰੂ ਦੀ ਕ੍ਰਿਪਾ ਨਾਲ ਇਹ ਮਨ ਦਿਨ ਰਾਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ।
ਜੋ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਜੋ ਪਰਮਾਤਮਾ ਜੁਗਾਂ ਦੇ ਮੁੱਢ ਤੋਂ ਮੌਜੂਦ ਹੈ ਉਹ ਇਸ ਮਨ ਨੂੰ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ ॥੮॥
ਗੁਰੂ ਦੇ ਸਨਮੁਖ ਹੋ ਕੇ ਇਹ ਮਨ ਰਸਾਂ ਦੇ ਘਰ ਨਾਮ-ਰਸ ਵਿਚ ਮਸਤ ਹੋ ਜਾਂਦਾ ਹੈ,
ਗੁਰੂ ਦੇ ਸਨਮੁਖ ਹੋਇਆ ਇਹ ਮਨ ਸਭ ਰਸਾਂ ਦੇ ਸੋਮੇ ਪ੍ਰਭੂ ਨੂੰ ਪਛਾਣ ਲੈਂਦਾ ਹੈ।
ਜਦੋਂ ਗੁਰੂ ਦੇ ਚਰਨਾਂ ਵਿਚ (ਇਸ ਮਨ ਦਾ) ਨਿਵਾਸ ਹੁੰਦਾ ਹੈ ਤਾਂ (ਇਸ ਦੇ ਅੰਦਰ ਪਰਮਾਤਮਾ ਦੀ) ਭਗਤੀ ਦਾ ਪ੍ਰੇਮ (ਜਾਗ ਪੈਂਦਾ ਹੈ)।
ਹੇ ਨਾਨਕ! ਤਦੋਂ ਇਹ ਮਨ ਗੁਰਮੁਖਾਂ ਦੇ ਦਾਸਾਂ ਦਾ ਦਾਸ ਬਣ ਜਾਂਦਾ ਹੈ ॥੯॥੮॥