ਹਉਮੈ ਵਿਚ ਫਸੇ ਰਿਹਾਂ (ਵਿਕਾਰਾਂ ਵਲੋਂ) ਜਾਗਰਾ ਨਹੀਂ ਹੋ ਸਕਦਾ, (ਹਉਮੈ ਵਿਚ ਟਿਕੇ ਰਹਿ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ (ਭੀ) ਕਬੂਲ ਨਹੀਂ ਹੁੰਦੀ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਹੋਰ ਦੇ ਪਿਆਰ ਵਿਚ ਕਰਮ ਕਰ ਕੇ ਪਰਮਾਤਮਾ ਦੇ ਦਰ ਤੇ ਆਸਰਾ ਨਹੀਂ ਲੱਭ ਸਕਦੇ ॥੪॥
ਜਿਨ੍ਹਾਂ ਮਨੁੱਖਾਂ ਦੀ ਲਗਨ ਮਾਇਆ ਦੇ ਮੋਹ ਵਿਚ ਟਿਕੀ ਰਹਿੰਦੀ ਹੈ, (ਉਹਨਾਂ ਦਾ ਚੰਗੇ ਚੰਗੇ ਪਦਾਰਥ) ਖਾਣਾ ਹੰਢਾਣਾ (ਭੀ ਉਹਨਾਂ ਵਾਸਤੇ) ਫਿਟਕਾਰ-ਜੋਗ (ਜੀਵਨ ਹੀ ਬਣਾਂਦਾ) ਹੈ।
(ਜਿਵੇਂ) ਗੂੰਹ ਦੇ ਕੀੜੇ ਗੂੰਹ ਵਿਚ ਹੀ ਮਸਤ ਰਹਿੰਦੇ ਹਨ (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਮਨੁੱਖ ਭੀ ਵਿਕਾਰਾਂ ਦੇ ਗੰਦ ਵਿਚ ਹੀ ਪਏ ਰਹਿੰਦੇ ਹਨ, ਉਹ) ਜਨਮ ਮਰਨ ਦੇ ਗੇੜ ਵਿਚ ਫਸੇ ਰਹਿੰਦੇ ਹਨ ਅਤੇ ਦੁਖੀ ਹੁੰਦੇ ਰਹਿੰਦੇ ਹਨ ॥੫॥
ਜਿਨ੍ਹਾਂ (ਵਡ-ਭਾਗੀਆਂ) ਨੂੰ ਗੁਰੂ ਮਿਲ ਪੈਂਦਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।
(ਮੇਰੀ ਤਾਂਘ ਹੈ ਕਿ) ਮੈਂ ਉਹਨਾਂ ਦੀ ਸੰਗਤ ਵਿਚ ਟਿਕਿਆ ਰਹਾਂ (ਅਤੇ ਇਸ ਤਰ੍ਹਾਂ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਾਂ ॥੬॥
ਪਰ, ਗੁਰੂ ਵੱਡੀ ਕਿਸਮਤ ਨਾਲ (ਹੀ) ਮਿਲਦਾ ਹੈ, ਕਿਸੇ ਭੀ (ਹੋਰ) ਹੀਲੇ ਨਾਲ ਨਹੀਂ ਲਭਿਆ ਜਾ ਸਕਦਾ।
(ਜੇ ਗੁਰੂ ਮਿਲ ਪਏ, ਤਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਅੰਦਰੋਂ) ਹਉਮੈ ਸਾੜ ਕੇ ਗੁਰੂ ਦੀ ਰਾਹੀਂ (ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ ॥੭॥
ਹੇ ਮੇਰੇ ਮਨ! (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸਰਨ ਪਿਆ ਰਹੁ। ਪਰਮਾਤਮਾ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ।
ਹੇ ਨਾਨਕ! (ਤੂੰ ਸਦਾ ਅਰਦਾਸ ਕਰਦਾ ਰਹੁ ਕਿ ਪਰਮਾਤਮਾ ਦਾ) ਨਾਮ ਨਾਹ ਭੁੱਲ ਜਾਏ, ਹੋਵੇਗਾ ਉਹੀ ਕੁਝ ਜੋ ਉਹ ਆਪ ਕਰਦਾ ਹੈ (ਭਾਵ, ਉਸ ਦਾ ਨਾਮ ਉਸ ਦੀ ਮਿਹਰ ਨਾਲ ਹੀ ਮਿਲੇਗਾ) ॥੮॥੨॥੭॥੨॥੯॥
ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ (ਪਰਵਾਰਾਂ ਦੇ ਇਹ ਸਾਰੇ ਸਾਥੀ)-
ਰਲ ਕੇ ਮੌਜ ਨਾਲ (ਮਾਇਆ ਦੇ) ਭੋਗ ਭੋਗਦੇ ਰਹਿੰਦੇ ਹਨ।
(ਸਭਨਾਂ ਦੇ) ਮਨ (ਮਾਇਆ ਦੇ) ਮੋਹ ਦੀ ਮਿਠਾਸ ਵਿਚ ਫਸੇ ਰਹਿੰਦੇ ਹਨ।
(ਪਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ) ਗੁਣਾਂ ਦੇ ਗਾਹਕ (ਸੰਤ-ਜਨ) ਮੇਰੀ ਜ਼ਿੰਦਗੀ ਦਾ ਆਸਰਾ ਬਣ ਗਏ ਹਨ ॥੧॥
ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਹੀ ਮੇਰਾ (ਰਾਖਾ) ਹੈ।
ਮੈਨੂੰ ਸਿਰਫ਼ ਪਰਮਾਤਮਾ ਦਾ ਹੀ ਆਸਰਾ ਹੈ, ਮੈਨੂੰ ਸਿਰਫ਼ ਇਕ ਪਰਮਾਤਮਾ ਦਾ ਹੀ ਸਹਾਰਾ ਹੈ। (ਮੇਰਾ) ਉਹ ਮਾਲਕ ਵੱਡੇ ਵੱਡੇ ਬਾਦਸ਼ਾਹਾਂ ਦੇ ਸਿਰ ਉੱਤੇ (ਭੀ) ਖਸਮ ਹੈ ॥੧॥ ਰਹਾਉ ॥
(ਸੋ, ਗੁਰੂ ਦੀ ਕਿਰਪਾ ਨਾਲ) ਇਸ ਛਲ ਕਰਨ ਵਾਲੀ ਸਪਣੀ (-ਮਾਇਆ) ਨਾਲੋਂ ਮੇਰਾ ਸੰਬੰਧ ਟੁੱਟ ਗਿਆ ਹੈ,
(ਕਿਉਂਕਿ) ਗੁਰੂ ਨੇ (ਮੈਨੂੰ) ਦੱਸ ਦਿੱਤਾ ਹੈ ਕਿ ਇਹ (ਮਾਇਆ) ਝੂਠੀ ਹੈ ਤੇ ਠੱਗੀ ਕਰਨ ਵਾਲੀ ਹੈ।
(ਇਹ ਮਾਇਆ ਉਸ ਚੀਜ਼ ਵਰਗੀ ਹੈ ਜੋ) ਮੂੰਹ ਵਿਚ ਮਿੱਠੀ ਲੱਗਦੀ ਹੈ, ਪਰ ਖਾਧਿਆਂ ਕੌੜਾ ਸੁਆਦ ਦੇਂਦੀ ਹੈ।
ਮੇਰਾ ਮਨ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਨਾਲ ਰੱਜਿਆ ਰਹਿੰਦਾ ਹੈ ॥੨॥
ਲੋਭ ਮੋਹ (ਆਦਿਕ) ਨਾਲੋਂ ਮੇਰਾ ਇਤਬਾਰ ਮੁੱਕ ਗਿਆ ਹੈ,
ਕਿਰਪਾਲ ਗੁਰੂ ਨੇ ਮੇਰੇ ਉੱਤੇ (ਇਹ) ਬਖ਼ਸ਼ਸ਼ ਕੀਤੀ ਹੈ।
ਠੱਗਾਂ ਦੇ ਇਸ ਟੋਲੇ ਨੇ ਅਨੇਕਾਂ ਘਰ (ਹਿਰਦੇ) ਤਬਾਹ ਕਰ ਦਿੱਤੇ ਹਨ।
ਮੈਨੂੰ ਤਾਂ (ਇਹਨਾਂ ਪਾਸੋਂ) ਦਇਆ ਦੇ ਸੋਮੇ ਗੁਰੂ ਨੇ ਬਚਾ ਲਿਆ ਹੈ ॥੩॥
ਕਾਮ ਕ੍ਰੋਧ (ਆਦਿਕ) ਨਾਲ ਮੇਰੀ ਸਾਂਝ ਨਹੀਂ ਬਣੀ।
ਗੁਰੂ ਦਾ ਉਪਦੇਸ਼ ਮੈਂ ਬੜੇ ਧਿਆਨ ਨਾਲ ਸੁਣਿਆ ਹੈ।
ਮੈਂ ਜਿਧਰ ਵੇਖਦਾ ਹਾਂ, ਉਧਰ ਇਹ ਵੱਡੇ ਚੰਡਾਲ (ਆਪਣਾ ਜ਼ੋਰ ਪਾ ਰਹੇ ਹਨ),
ਮੈਨੂੰ ਤਾਂ ਮੇਰੇ ਗੁਰੂ ਨੇ ਗੋਪਾਲ ਨੇ (ਇਹਨਾਂ ਤੋਂ) ਬਚਾ ਲਿਆ ਹੈ ॥੪॥
(ਆਪਣੀਆਂ) ਦਸਾਂ ਹੀ ਇੰਦ੍ਰੀਆਂ ਨੂੰ ਮੈਂ ਛੁੱਟੜ ਕਰ ਦਿੱਤਾ ਹੈ,
(ਰਸਾਂ ਦੀ ਖ਼ੁਰਾਕ ਅਪੜਾਣੀ ਬੰਦ ਕਰ ਦਿੱਤੀ ਹੈ, ਕਿਉਂਕਿ) ਗੁਰੂ ਨੇ (ਮੈਨੂੰ) ਦੱਸਿਆ ਹੈ ਕਿ ਇਹ ਰਸਾਂ ਦੀ ਆਤਮਕ ਮੌਤ ਲਿਆਉਣ ਵਾਲੀ ਅੱਗ ਹੈ।
ਇਹਨਾਂ (ਰਸਾਂ) ਨਾਲ ਮੇਲ ਰੱਖਣ ਵਾਲਾ (ਪ੍ਰਾਣੀ) ਆਤਮਕ ਮੌਤ ਦੀ ਨੀਵੀਂ ਖੱਡ ਵਿਚ ਜਾ ਪੈਂਦਾ ਹੈ।
ਪਰਮਾਤਮਾ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ (ਇਹਨਾਂ ਰਸਾਂ ਤੋਂ ਬਚਾ ਲਿਆ ਹੈ ॥੫॥
ਮੈਂ ਅਹੰਕਾਰ ਨਾਲ (ਭੀ) ਮੇਲ-ਮਿਲਾਪ ਛੱਡ ਦਿੱਤਾ ਹੈ,
ਗੁਰੂ ਨੇ (ਮੈਨੂੰ) ਦੱਸਿਆ ਹੈ ਕਿ ਇਹ (ਅਹੰਕਾਰ) ਮੂਰਖ ਹੈ ਜ਼ਿੱਦੀ ਹੈ (ਅਹੰਕਾਰ ਮਨੁੱਖ ਨੂੰ ਮੂਰਖ ਤੇ ਜ਼ਿੱਦੀ ਬਣਾ ਦੇਂਦਾ ਹੈ)।
(ਹੁਣ) ਇਹ (ਅਹੰਕਾਰ) ਬੇ-ਘਰਾ ਹੋ ਗਿਆ ਹੈ (ਮੇਰੇ ਅੰਦਰ) ਇਸ ਨੂੰ ਕੋਈ ਟਿਕਾਣਾ ਨਹੀਂ ਮਿਲਦਾ।
ਪ੍ਰਭੂ-ਚਰਨਾਂ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ ਇਸ ਅਹੰਕਾਰ ਤੋਂ ਬਚਾ ਲਿਆ ਹੈ ॥੬॥
ਇਹਨਾਂ (ਕਾਮ ਕ੍ਰੋਧ ਅਹੰਕਾਰ ਆਦਿਕਾਂ) ਨਾਲੋਂ ਮੈਂ ਬੇ-ਵਾਸਤਾ ਹੋ ਗਿਆ ਹਾਂ,
ਇੱਕੋ (ਸਰੀਰ) ਘਰ ਵਿਚ ਦੋਹਾਂ ਧਿਰਾਂ ਦਾ ਮੇਲ ਨਹੀਂ ਹੋ ਸਕਦਾ।
ਮੈਂ (ਆਪਣੇ ਗੁਰੂ ਦੇ) ਲੜ ਲੱਗ ਕੇ ਪ੍ਰਭੂ ਦੇ ਦਰ ਤੇ ਆ ਗਿਆ ਹਾਂ,
(ਤੇ, ਅਰਦਾਸ ਕਰਦਾ ਹਾਂ-) ਹੇ ਸਰਬੱਗ ਪ੍ਰਭੂ! ਤੂੰ ਆਪ ਹੀ ਨਿਆਂ ਕਰ ॥੭॥
ਪ੍ਰਭੂ ਜੀ ਹੱਸ ਕੇ ਆਖਣ ਲੱਗੇ-ਅਸਾਂ ਨਿਆਂ ਕਰ ਦਿੱਤੇ ਹਨ।
ਪ੍ਰਭੂ ਨੇ (ਕਾਮਾਦਿਕ ਇਹ) ਸਾਰੇ ਵੈਰੀ ਮੇਰੀ ਸੇਵਾ ਵਿਚ ਲਾ ਦਿੱਤੇ ਹਨ।
(ਤੇ ਆਖ ਦਿੱਤਾ ਹੈ-) ਇਹ (ਸਰੀਰ-) ਘਰ ਸਾਰਾ ਤੇਰਾ ਹੈ, ਅਤੇ ਹੁਣ ਤੂੰ ਇਸ ਦਾ ਮਾਲਕ ਹੈਂ (ਕਾਮਾਦਿਕ ਇਸ ਉੱਤੇ ਜ਼ੋਰ ਨਹੀਂ ਪਾ ਸਕਣਗੇ)।
ਨਾਨਕ ਆਖਦਾ ਹੈ- ਗੁਰੂ ਨੇ ਇਹ ਫ਼ੈਸਲਾ ਕਰ ਦਿੱਤਾ ਹੈ ॥੮॥੧॥