(ਮੈਨੂੰ) ਦੀਦਾਰ ਦੇਹ; ਮੇਰੇ ਮਨ ਵਿਚ ਇਹ ਤਾਂਘ ਹੈ, (ਮਿਹਰ ਕਰ) ਮੇਰਾ ਇਹ ਮਨ ਤੇਰੀ ਭਗਤੀ ਵਿਚ ਟਿਕ ਜਾਏ।
(ਗੁਰੂ ਨਾਨਕ) ਹਨੇਰੇ ਵਿਚ ਦੀਵਾ ਜਗ ਪਿਆ ਹੈ, (ਉਸ ਦੇ ਦੱਸੇ ਹੋਏ) ਨਾਮ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ।
ਤੇਰਾ ਸੇਵਕ, ਹੇ ਪਾਰਬ੍ਰਹਮ! ਤੇਰਾ ਰੂਪ ਗੁਰੂ ਨਾਨਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ ॥੯॥
ਗੁਰੂ ਅਰਜਨਦੇਵ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸਵਯੇ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੈਂ ਦੁਰਜਨ ਹਾਂ, ਕਠੋਰ-ਦਿਲ ਹਾਂ, ਮੰਦੇ ਕੰਮਾਂ ਵਿਚ ਲੱਗਾ ਰਹਿੰਦਾ ਹਾਂ ਅਤੇ ਮੂਰਖ ਹਾਂ। (ਇਕ ਤਾਂ ਅੱਗੇ ਹੀ ਮੇਰਾ) ਸਰੀਰ ਸਦਾ-ਥਿਰ ਰਹਿਣ ਵਾਲਾ ਨਹੀਂ ਹੈ, ਉੱਤੋਂ ਸਗੋਂ ਇਹ ਮੋਹ ਨਾਲ ਜਕੜਿਆ ਪਿਆ ਹੈ,
(ਇਸ ਮੋਹ ਦੇ ਕਾਰਣ) ਭਟਕਦਾ ਫਿਰਦਾ ਹਾਂ, (ਮਨ) ਟਿਕਦਾ ਨਹੀਂ ਹੈ, ਤੇ ਨਾ ਹੀ ਮੈਂ ਇਹ ਜਾਣਿਆ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ।
ਮੈਂ ਜੁਆਨੀ, ਸੋਹਣੀ ਸ਼ਕਲ ਤੇ ਮਾਇਆ ਦੇ ਮਾਣ ਵਿਚ ਮਸਤ ਹੋਇਆ ਹੋਇਆ ਹਾਂ, ਆਪਣੇ ਆਪ ਨੂੰ ਭੁਲਾ ਕੇ ਭਟਕ ਰਿਹਾ ਹਾਂ ਅਤੇ ਬੜਾ ਅਹੰਕਾਰੀ ਹਾਂ।
ਪਰਾਇਆ ਧਨ, ਪਰਾਈ ਬਖ਼ੀਲੀ, ਪਰਾਈ ਇਸਤ੍ਰੀ ਵੱਲ ਮੰਦੀ ਨਿਗਾਹ ਨਾਲ ਤੱਕਣਾ ਅਤੇ ਪਰਾਈ ਨਿੰਦਾ-ਮੈਨੂੰ ਆਪਣੇ ਹਿਰਦੇ ਵਿਚ ਇਹ ਗੱਲਾਂ ਮਿੱਠੀਆਂ ਤੇ ਪਿਆਰੀਆਂ ਲੱਗਦੀਆਂ ਹਨ।
ਹੇ ਅੰਤਰਜਾਮੀ ਪ੍ਰਭੂ! ਮੈਂ ਲੁਕ ਲੁਕ ਕੇ ਠੱਗੀ ਦੇ ਉਪਰਾਲੇ ਕਰਦਾ ਹਾਂ, (ਪਰ) ਤੂੰ ਵੇਖਦਾ ਤੇ ਸੁਣਦਾ ਹੈਂ।
ਹੇ ਜੀਅ-ਦਾਨ ਦੇਣ ਵਾਲੇ! ਮੇਰੇ ਵਿਚ ਨਾਹ ਸੀਲ ਹੈ ਨਾਹ ਧਰਮ; ਨਾਹ ਦਇਆ ਹੈ ਨਾਹ ਸੁੱਚ। ਮੈਂ ਤੇਰੀ ਸਰਨ ਆਇਆ ਹਾਂ।
ਹੇ ਸ੍ਰਿਸ਼ਟੀ ਦੇ ਸਮਰੱਥ ਕਰਤਾਰ! ਹੇ ਮਾਇਆ ਦੇ ਮਾਲਕ! ਹੇ ਨਾਨਕ ਦੇ ਸੁਆਮੀ! (ਮੈਨੂੰ ਇਹਨਾਂ ਤੋਂ) ਰੱਖ ਲੈ ॥੧॥
ਮਨ ਨੂੰ ਮੋਹ ਲੈਣ ਵਾਲੇ ਹਰੀ ਦੀ ਸਿਫ਼ਤ-ਸਾਲਾਹ ਕਰਨੀ ਤੇ ਉਸ ਦੀ ਸਰਨੀ ਪੈਣਾ-(ਜੀਵਾਂ ਦੇ) ਪਾਪਾਂ ਦੇ ਨਾਸ ਕਰਨ ਲਈ ਇਹ ਸਮਰੱਥ ਹਨ (ਭਾਵ, ਹਰੀ ਦੀ ਸਰਨ ਪੈ ਕੇ ਉਸ ਦਾ ਜਸ ਕਰੀਏ ਤਾਂ ਪਾਪ ਦੂਰ ਹੋ ਜਾਂਦੇ ਹਨ)।
ਹਰੀ (ਜੀਆਂ ਨੂੰ ਸੰਸਾਰ-ਸਾਗਰ ਤੋਂ) ਤਾਰਨ ਲਈ ਜਹਾਜ਼ ਹੈ ਅਤੇ (ਭਗਤ ਜਨਾਂ ਦੀਆਂ ਅਨੇਕਾਂ ਕੁਲਾਂ ਨੂੰ ਪਾਰ ਉਤਾਰਨ ਲਈ ਪੂਰਨ ਤੌਰ ਤੇ ਸਮਰੱਥ ਹੈ।
ਹੇ (ਮੇਰੇ) ਗ਼ਾਫਲ ਮਨ! (ਰਾਮ ਨੂੰ) ਸਿਮਰ, ਸਾਧ ਸੰਗਤ ਨਾਲ ਸਾਂਝ ਪਾ, ਭਰਮ-ਰੂਪ ਹਨੇਰੇ ਦਾ ਮੁੱਠਿਆ ਹੋਇਆ (ਤੂੰ) ਕਿੱਧਰ ਭਟਕਦਾ ਫਿਰਦਾ ਹੈਂ?
ਮਹੂਰਤ ਮਾਤ੍ਰ, ਘੜੀ ਭਰ, ਚਸਾ ਮਾਤ੍ਰ ਜਾਂ ਪਲ ਭਰ ਹੀ ਰਾਮ ਦਾ ਸਿਮਰਨ ਕਰ, ਜੀਭ ਨਾਲ ਰਾਮ ਦਾ ਨਾਮ ਸਿਮਰ।
(ਇਹ ਦੁਨੀਆ ਦਾ) ਧੰਧਾ ਸਦਾ ਨਾਲ ਨਿਭਣ ਵਾਲਾ ਨਹੀਂ ਹੈ, (ਮਾਇਆ ਦੇ ਇਹ) ਥੋੜੇ ਜਿਹੇ ਸੁਖ (ਜੀਵ ਨੂੰ) ਫਸਾਵਣ ਦਾ ਕਾਰਨ ਹਨ; (ਇਹਨਾਂ ਦੀ ਖ਼ਾਤਰ) ਕਿੱਥੇ ਕ੍ਰੋੜਾਂ ਜਨਮਾਂ ਤਾਈਂ (ਤੂੰ) ਦੁਖਾਂ ਵਿਚ ਭਟਕਦਾ ਫਿਰੇਂਗਾ?
ਤਾਂ ਤੇ, ਹੇ ਨਾਨਕ! ਸੰਤਾਂ ਦਾ ਉਪਦੇਸ਼ ਲੈ ਕੇ ਨਾਮ ਸਿਮਰ, ਤੇ ਰਾਮ ਦੇ ਰੰਗ ਵਿਚ (ਮਗਨ ਹੋ ਕੇ) ਆਪਣੇ ਅੰਦਰ ਹੀ ਆਨੰਦ ਲੈ ॥੨॥
(ਹੇ ਜੀਵ! ਪਰਮਾਤਮਾ ਨੇ ਪਿਤਾ ਦਾ) ਰਤਾ ਕੁ ਬੀਰਜ ਮਾਂ ਦੇ ਪੇਟ-ਰੂਪ ਖੇਤ ਵਿਚ ਨਿੰਮਿਆ ਤੇ (ਤੇਰਾ) ਅਮੋਲਕ (ਮਨੁੱਖਾ) ਸਰੀਰ ਸਜਾ ਕੇ ਰੱਖ ਦਿੱਤਾ।
(ਉਸ ਨੇ ਤੈਨੂੰ) ਖਾਣ ਪੀਣ ਦੇ ਪਦਾਰਥ, ਮਹਲ-ਮਾੜੀਆਂ ਤੇ ਮਾਣਨ ਨੂੰ ਸੁਖ ਬਖ਼ਸ਼ੇ, ਸੰਕਟ ਕੱਟ ਕੇ ਤੇਰੀ ਬਿਪਤਾ ਦੂਰ ਕੀਤੀ।
(ਹੇ ਜੀਵ! ਪਰਮਾਤਮਾ ਦੀ ਮਿਹਰ ਨਾਲ) ਤਦੋਂ ਮਾਂ, ਪਿਉ, ਭਰਾ ਤੇ ਸਾਕ-ਸੈਣ-ਪਛਾਣਨ ਦੀ ਤੇਰੇ ਅੰਦਰ ਸੂਝ ਪੈ ਗਈ।
ਦਿਨੋ-ਦਿਨ ਸਦਾ (ਤੇਰਾ ਸਰੀਰ) ਵਧ-ਫੁੱਲ ਰਿਹਾ ਹੈ ਤੇ ਡਰਾਉਣਾ ਬੁਢੇਪਾ ਨੇੜੇ ਆ ਰਿਹਾ ਹੈ।
ਹੇ ਗੁਣਾਂ ਤੋਂ ਸੱਖਣੇ, ਕੰਗਲੇ, ਮਾਇਆ ਦੇ ਕੀੜੇ! ਇੱਕ ਘੜੀ (ਤਾਂ) ਉਸ ਮਾਲਕ ਨੂੰ ਯਾਦ ਕਰ (ਜਿਸ ਨੇ ਤੇਰੇ ਉੱਤੇ ਇਤਨੀਆਂ ਬਖ਼ਸ਼ਸ਼ਾਂ ਕੀਤੀਆਂ ਹਨ)।
ਹੇ ਦਿਆਲ! ਹੇ ਦਇਆ ਦੇ ਸਮੁੰਦਰ! ਨਾਨਕ ਦਾ ਹੱਥ ਫੜ ਲੈ ਤੇ ਭਰਮਾਂ ਦੀ ਪੰਡ ਲਾਹ ਦੇਹ ॥੩॥
ਹੇ ਮਨ! (ਤੂੰ ਇਸ ਸਰੀਰ ਵਿਚ ਮਾਣ ਕਰਦਾ ਹੈਂ ਜਿਵੇਂ) ਚੂਹਾ ਖੁੱਡ ਵਿਚ ਰਹਿ ਕੇ ਹੰਕਾਰ ਕਰਦਾ ਹੈ, ਅਤੇ ਤੂੰ ਵੱਡੇ ਮੂਰਖਾਂ ਵਾਲੇ ਕੰਮ ਕਰਦਾ ਹੈਂ।
(ਤੂੰ) ਮਾਇਆ ਦੇ ਪੰਘੂੜੇ ਵਿਚ ਹੁਲਾਰੇ ਲੈ ਕੇ ਝੂਟ ਰਿਹਾ ਹੈਂ, ਅਤੇ ਮਾਇਆ ਵਿਚ ਮਸਤ ਹੋ ਕੇ ਉੱਲੂ ਵਾਂਗ ਭਟਕ ਰਿਹਾ ਹੈਂ।
ਪੁੱਤ੍ਰ, ਇਸਤ੍ਰੀ, ਮਿੱਤ੍ਰ, (ਸੰਸਾਰ ਦੇ) ਸੁਖ ਅਤੇ ਸੰਬੰਧੀ-ਇਹਨਾਂ ਨਾਲ (ਤੇਰਾ) ਬਹੁਤਾ ਮੋਹ ਵਧ ਰਿਹਾ ਹੈ।
ਤੂੰ (ਆਪਣੇ ਅੰਦਰ) ਹਉਮੈ ਦਾ ਬੀਜ ਬੀਜਿਆ ਹੋਇਆ ਹੈ (ਜਿਸ ਤੋਂ) ਮਮਤਾ ਦਾ ਅੰਗੂਰ (ਉੱਗ ਰਿਹਾ ਹੈ), ਤੇਰੀ ਉਮਰ ਪਾਪ ਕਰਦਿਆਂ ਬੀਤ ਰਹੀ ਹੈ।
ਮੌਤ-ਰੂਪ ਬਿੱਲਾ ਮੂੰਹ ਖੋਹਲ ਕੇ (ਤੈਨੂੰ) ਤੱਕ ਰਿਹਾ ਹੈ, (ਪਰ) ਤੂੰ ਭੋਗਾਂ ਨੂੰ ਭੋਗ ਰਿਹਾ ਹੈਂ। ਫਿਰ ਭੀ ਤ੍ਰਿਸ਼ਨਾ-ਅਧੀਨ (ਤੂੰ) ਭੁੱਖਾ ਹੀ ਹੈਂ।
ਹੇ ਨਾਨਕ (ਦੇ ਮਨ!) ਸੰਸਾਰ ਨੂੰ ਸੁਫ਼ਨਾ ਜਾਣ ਕੇ ਸਤ-ਸੰਗਤ ਵਿਚ (ਟਿਕ ਕੇ) ਗੋਪਾਲ ਦਇਆਲ ਹਰੀ ਨੂੰ ਸਿਮਰ ॥੪॥