ਜਿਸ ਪਰਮਾਤਮਾ ਦੇ ਨਾਮ ਨੂੰ ਅਨੇਕਾਂ ਦੇਵਤੇ ਤਰਸਦੇ ਹਨ,
ਸਾਰੇ ਹੀ ਭਗਤ ਜਿਸ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ,
ਜਿਹੜਾ ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਜਿਹੜਾ ਪਰਮਾਤਮਾ ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਪਾਸੋਂ ਮਿਲਦਾ ਹੈ ॥੩॥
ਹੋਰ ਕੋਈ ਦਰ (ਐਸਾ) ਨਹੀਂ ਸੁੱਝਦਾ (ਜਿਥੋਂ ਨਾਮ-ਰਤਨ ਮਿਲ ਸਕੇ)।
ਜੇ ਮਨੁੱਖ ਤਿੰਨਾਂ ਭਵਨਾਂ ਵਿਚ ਦੌੜ-ਭੱਜ ਕਰਦਾ ਫਿਰੇ ਤਾਂ ਭੀ ਉਸ ਨੂੰ ਨਾਮ-ਰਤਨ ਦੀ ਕੋਈ ਸਮਝ ਨਹੀਂ ਪੈ ਸਕਦੀ।
ਇਕ ਗੁਰੂ ਹੀ ਐਸਾ ਸ਼ਾਹ ਹੈ ਜਿਸ ਦੇ ਪਾਸ ਨਾਮ ਦਾ ਖ਼ਜ਼ਾਨਾ ਹੈ। ਉਸ ਗੁਰੂ ਪਾਸੋਂ ਨਾਮ-ਰਤਨ ਮਿਲ ਸਕਦਾ ਹੈ ॥੪॥
ਜਿਸ (ਪ੍ਰਭੂ) ਦੀ ਚਰਨ-ਧੂੜ ਪਵਿੱਤਰ ਕਰ ਦੇਂਦੀ ਹੈ,
ਹੇ ਮਿੱਤਰ! ਉਸ ਨੂੰ ਦੇਵਤੇ ਮਨੁੱਖ ਪ੍ਰਾਪਤ ਨਹੀਂ ਕਰ ਸਕਦੇ।
ਸਿਰਫ਼ ਹਰੀ-ਰੂਪ ਗੁਰੂ ਪੁਰਖ ਹੀ ਹੈ ਜਿਸ ਨੂੰ ਮਿਲਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ॥੫॥
ਹੇ ਪਿਆਰੇ ਮਨ! ਜੇ ਤੂੰ (ਸੁਰਗ ਦਾ) ਪਾਰਜਾਤ (ਰੁੱਖ) ਹਾਸਲ ਕਰਨਾ ਚਾਹੁੰਦਾ ਹੈਂ,
ਜੇ ਤੂੰ ਚਾਹੁੰਦਾ ਹੈਂ ਕਿ ਕਾਮਧੇਨ ਤੇਰੇ ਬੂਹੇ ਉਤੇ ਸੋਭ ਰਹੀ ਹੋਵੇ,
ਤਾਂ ਪੂਰੇ ਗੁਰੂ ਦੀ ਸਰਨ ਪਿਆ ਰਹੁ, ਗੁਰੂ ਪਾਸੋਂ ਪੂਰਨ ਸੰਤੋਖ ਪ੍ਰਾਪਤ ਕਰ, (ਗੁਰੂ ਦੇ ਰਾਹੇ ਤੁਰ ਕੇ) ਨਾਮ-ਸਿਮਰਨ ਦੀ ਕਮਾਈ ਕਰ, ਹਰਿ-ਨਾਮ ਹੀ ਸਾਰੇ ਰਸਾਂ ਦਾ ਸੋਮਾ ਹੈ ॥੬॥
ਹੇ ਪਿਆਰੇ ਮਨ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਕਾਮਾਦਿਕ ਪੰਜੇ ਵਿਸ਼ੇ ਮਰ ਜਾਂਦੇ ਹਨ,
(ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਤੂੰ ਪਵਿੱਤਰ ਹੋ ਜਾਇਂਗਾ।
(ਹੇ ਮਨ! ਗੁਰੂ ਹੀ) ਪਾਰਸ ਹੈ। ਜਦੋਂ ਪੂਰਾ ਗੁਰੂ-ਪਾਰਸ ਮਿਲ ਪੈਂਦਾ ਹੈ, ਤਾਂ ਉਸ ਪਾਰਸ ਨੂੰ ਛੁਹਿਆਂ (ਪਰਮਾਤਮਾ ਹਰ ਥਾਂ) ਦਿੱਸ ਪੈਂਦਾ ਹੈ ॥੭॥
ਅਨੇਕਾਂ ਬੈਕੁੰਠ (ਗੁਰੂ ਦੇ ਦਰਸਨ ਦੀ) ਬਰਾਬਰੀ ਨਹੀਂ ਕਰ ਸਕਦੇ।
ਜਿਹੜਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਮੁਕਤੀ ਨੂੰ ਭੀ ਇਕ ਨਿਮਾਣੀ ਜਿਹੀ ਚੀਜ਼ ਸਮਝ ਕੇ (ਇਸ ਦੀ ਲਾਲਸਾ) ਛਡ ਦੇਂਦਾ ਹੈ।
ਗੁਰੂ ਦੀ ਰਾਹੀਂ ਹੀ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਮੈਂ ਤਾਂ ਗੁਰੂ ਦੇ ਦਰਸਨ ਤੋਂ ਸਦਾ ਸਦਕੇ ਹਾਂ ਸਦਾ ਸਦਕੇ ਹਾਂ ॥੮॥
ਗੁਰੂ ਦੀ ਸਰਨ (ਪੈਣ ਦਾ ਕੀਹ ਮਹਾਤਮ ਹੈ?-ਇਹ ਭੇਤ ਨਿਰੇ ਦਿਮਾਗ਼ੀ ਤੌਰ ਤੇ) ਕੋਈ ਮਨੁੱਖ ਸਮਝ ਨਹੀਂ ਸਕਦਾ (ਸਰਨ ਪਿਆਂ ਹੀ ਸਮਝ ਪੈਂਦੀ ਹੈ)।
ਗੁਰੂ (ਆਤਮਕ ਜੀਵਨ ਵਿਚ) ਉਹੀ ਪਰਮਾਤਮਾ ਹੈ ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।
ਜਿਸ ਮਨੁੱਖ ਦੇ ਮੱਥੇ ਦੇ ਭਾਗ ਜਾਗ ਪੈਣ, ਜਿਸ ਨੂੰ (ਪਰਮਾਤਮਾ ਆਪ ਗੁਰੂ ਦੀ ਚਰਨੀਂ) ਲਾਂਦਾ ਹੈ ਉਹ ਗੁਰੂ ਦਾ ਸੇਵਕ ਬਣਦਾ ਹੈ ॥੯॥
ਗੁਰੂ ਦੀ ਉੱਚ-ਆਤਮਕਤਾ ਵੇਦ (ਭੀ) ਨਹੀਂ ਜਾਣਦੇ,
ਉਹ (ਹੋਰਨਾਂ ਪਾਸੋਂ) ਸੁਣ ਸੁਣ ਕੇ ਰਤਾ-ਮਾਤ੍ਰ ਹੀ ਬਿਆਨ ਕਰ ਸਕੇ ਹਨ।
ਗੁਰੂ (ਉੱਚ-ਆਤਮਕਤਾ ਵਿਚ) ਉਹ ਪਰਮਾਤਮਾ ਹੀ ਹੈ ਜੋ ਪਰੇ ਤੋਂ ਪਰੇ ਹੈ ਅਤੇ ਜਿਸ ਦਾ ਨਾਮ ਸਿਮਰਦਿਆਂ ਮਨ ਸੀਤਲ ਹੋ ਜਾਂਦਾ ਹੈ ॥੧੦॥
ਜਿਸ (ਗੁਰੂ) ਦੀ ਸੋਭਾ ਸੁਣ ਕੇ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ,
ਜੇ ਗੁਰੂ (ਮਨੁੱਖ ਦੇ) ਹਿਰਦੇ ਵਿਚ ਆ ਵੱਸੇ, ਤਾਂ ਹਿਰਦਾ ਸ਼ਾਂਤ ਹੋ ਜਾਂਦਾ ਹੈ।
ਜੇ ਮਨੁੱਖ ਗੁਰੂ ਦੇ ਰਸਤੇ ਉੱਤੇ ਤੁਰ ਕੇ ਹਰਿ-ਨਾਮ ਸਿਮਰੇ, ਤਾਂ ਮਨੁੱਖ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ, ਗੁਰੂ ਉਸ ਮਨੁੱਖ ਨੂੰ ਜਮਰਾਜ ਦੇ ਰਸਤੇ ਨਹੀਂ ਪੈਣ ਦੇਂਦਾ ॥੧੧॥
ਹੇ ਪ੍ਰਭੂ! ਮੈਂ ਭੀ ਤੇਰੇ ਸੰਤ ਜਨਾਂ ਦੀ ਸਰਨ ਆ ਪਿਆ ਹਾਂ,
ਮੈਂ ਆਪਣੀ ਜਿੰਦ ਆਪਣੇ ਪ੍ਰਾਣ ਆਪਣਾ ਧਨ ਸੰਤ ਜਨਾਂ ਦੇ ਅੱਗੇ ਲਿਆ ਰੱਖਿਆ ਹੈ।
ਮੈਂ ਸੇਵਾ-ਭਗਤੀ ਕਰਨ ਦੀ ਕੋਈ ਸੂਝ ਨਹੀਂ ਜਾਣਦਾ। ਮੈਂ ਨਿਮਾਣੇ ਉੱਤੇ ਤੂੰ ਆਪ ਹੀ ਕਿਰਪਾ ਕਰ ॥੧੨॥
ਹੇ ਪ੍ਰਭੂ! ਮੈਨੂੰ ਗੁਣ-ਹੀਣ ਨੂੰ ਗੁਰੂ ਦੀ ਸੰਗਤ ਵਿਚ ਰਲਾਈ ਰੱਖ।
ਮੈਨੂੰ ਗੁਰੂ ਦੀ ਸੇਵਾ-ਟਹਲ ਵਿਚ ਜੋੜੀ ਰੱਖ।
ਮੈਂ ਗੁਰੂ ਦੇ ਦਰ ਤੇ ਪੱਖਾ ਝੱਲਦਾ ਰਹਾਂ, (ਚੱਕੀ) ਪੀਂਹਦਾ ਰਹਾਂ, ਤੇ ਗੁਰੂ ਦੇ ਚਰਨ ਧੋ ਕੇ ਆਨੰਦ ਮਾਣਦਾ ਰਹਾਂ ॥੧੩॥
ਹੇ ਪ੍ਰਭੂ! ਮੈਂ ਦਰਵਾਜ਼ਿਆਂ ਤੇ ਭਟਕ ਭਟਕ ਕੇ ਆਇਆ ਹਾਂ।
ਤੇਰੀ ਹੀ ਕਿਰਪਾ ਨਾਲ (ਹੁਣ) ਤੇਰੀ ਸਰਨ ਆਇਆ ਹਾਂ।
ਮੈਨੂੰ ਸਦਾ ਹੀ ਆਪਣੇ ਸੰਤ ਜਨਾਂ ਦੀ ਸੰਗਤ ਵਿਚ ਰੱਖ, ਅਤੇ ਉਹਨਾਂ ਪਾਸੋਂ ਆਪਣੇ ਨਾਮ ਦਾ ਖ਼ੈਰ ਪਵਾ ॥੧੪॥
ਜਦੋਂ (ਹੁਣ) ਮੇਰਾ ਮਾਲਕ-ਪ੍ਰਭੂ ਦਇਆਵਾਨ ਹੋਇਆ,
ਤਾਂ ਮੈਨੂੰ ਪੂਰੇ ਗੁਰੂ ਦਾ ਦਰਸਨ ਹੋਇਆ।
ਹੇ ਨਾਨਕ! ਹੁਣ ਮੇਰੇ ਅੰਦਰ ਸਦਾ ਆਤਮਕ ਅਡੋਲਤਾ ਤੇ ਸੁਖ-ਆਨੰਦ ਬਣੇ ਰਹਿੰਦੇ ਹਨ। ਮੈਂ ਉਸ ਦੇ ਦਾਸਾਂ ਦਾ ਦਾਸ ਬਣਿਆ ਰਹਿੰਦਾ ਹਾਂ ॥੧੫॥੨॥੭॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਧਰਤੀ ਪਰਮਾਤਮਾ ਦੀ ਰਜ਼ਾ ਵਿਚ ਤੁਰ ਰਹੀ ਹੈ ਆਕਾਸ਼ ਉਸ ਦੀ ਰਜ਼ਾ ਵਿਚ ਹੈ।
ਚੰਦ ਅਤੇ ਸੂਰਜ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਰਜ਼ਾ ਵਿਚ ਤੁਰ ਰਹੇ ਹਨ।
ਹਵਾ ਪਾਣੀ ਅੱਗ (ਆਦਿਕ ਤੱਤ) ਪ੍ਰਭੂ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ। ਸਾਰੀ ਸ੍ਰਿਸ਼ਟੀ ਉਸ ਦੀ ਰਜ਼ਾ ਵਿਚ ਕੰਮ ਕਰ ਰਹੀ ਹੈ ॥੧॥