ਹੇ ਪ੍ਰਭੂ ਦੇ ਭਗਤ-ਜਨੋ! (ਮੈਨੂੰ) ਗੁਰੂ ਦੀ ਸਿਖਿਆ ਦੇ ਕੇ ਪ੍ਰਭੂ ਦਾ ਨਾਮ ਸਿਮਰਨ ਲਈ ਮਦਦ ਕਰੋ।
ਜੇਹੜਾ ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸੁਣਦਾ ਹੈ (ਜਾਂ) ਉਚਾਰਦਾ ਹੈ, ਉਹ (ਦੁਰਮਤਿ ਤੋਂ) ਸੁਤੰਤਰ ਹੋ ਜਾਂਦਾ ਹੈ। ਪ੍ਰਭੂ ਦਾ ਨਾਮ ਜਪ ਜਪ ਕੇ ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਰਹਾਉ ॥
ਹੇ ਭਾਈ! ਜੇ ਕਿਸੇ ਮਨੁੱਖ ਦੇ ਮੱਥੇ ਉਤੇ ਚੰਗੇ ਭਾਗ ਜਾਗ ਪੈਣ, ਤਾਂ ਪਰਮਾਤਮਾ ਉਸ ਨੂੰ ਸੰਤ ਜਨਾਂ ਨਾਲ ਮਿਲਾਂਦਾ ਹੈ।
ਹੇ ਪ੍ਰਭੂ! ਕਿਰਪਾ ਕਰ ਕੇ (ਮੈਨੂੰ) ਸੰਤ ਜਨਾਂ ਦਾ ਦਰਸ਼ਨ ਬਖ਼ਸ਼, (ਸੰਤ ਜਨਾਂ ਦਾ ਦਰਸ਼ਨ ਕਰ ਕੇ) ਸਾਰਾ ਦਰਿੱਦਰ ਦੁੱਖ ਦੂਰ ਹੋ ਜਾਂਦਾ ਹੈ ॥੨॥
ਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ ਸੋਹਣੇ (ਜੀਵਨ ਵਾਲੇ) ਹੁੰਦੇ ਹਨ, ਪਰ ਮੰਦ-ਭਾਗੀ ਮਨੁੱਖਾਂ ਨੂੰ (ਉਹਨਾਂ ਦਾ ਦਰਸ਼ਨ) ਚੰਗਾ ਨਹੀਂ ਲੱਗਦਾ।
ਹੇ ਭਾਈ! ਸੰਤ ਜਨ ਜਿਉਂ ਜਿਉਂ ਹਰਿ-ਨਾਮ ਸਿਮਰਦੇ ਹਨ, ਤਿਉਂ ਤਿਉਂ ਉੱਚੇ ਜੀਵਨ ਵਾਲੇ ਬਣਦੇ ਜਾਂਦੇ ਹਨ, ਪਰ ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਉਹਨਾਂ ਦਾ ਜੀਵਨ ਇਉਂ ਲੱਗਦਾ ਹੈ ਜਿਵੇਂ ਡੰਗ ਵੱਜ ਜਾਂਦਾ ਹੈ ॥੩॥
ਹੇ ਭਾਈ! ਨਿੰਦਕ ਮਨੁੱਖ ਫਿਟਕਾਰ-ਜੋਗ (ਜੀਵਨ ਵਾਲੇ) ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿਣ ਵਾਲੇ ਸੰਤ ਜਨ ਚੰਗੇ ਨਹੀਂ ਲੱਗਦੇ।
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਇੱਜ਼ਤ (ਹੁੰਦੀ) ਪਸੰਦ ਨਹੀਂ ਆਉਂਦੀ, ਉਹ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ, ਉਹ ਰੱਬ ਦੇ ਭੀ ਚੋਰ ਬਣ ਜਾਂਦੇ ਹਨ (ਪ੍ਰਭੂ ਨੂੰ ਭੀ ਮੂੰਹ ਦੇਣ-ਜੋਗੇ ਨਹੀਂ ਰਹਿੰਦੇ, ਵਿਕਾਰਾਂ ਦੇ ਕਾਰਨ) ਉਹ ਭ੍ਰਿਸ਼ਟੇ ਹੋਏ ਮੂੰਹ ਵਾਲੇ ਹੋ ਜਾਂਦੇ ਹਨ ॥੪॥
ਹੇ ਪ੍ਰਭੂ! ਅਸੀਂ ਗਰੀਬ (ਜੀਵ) ਤੇਰੀ ਸਰਨ ਆਏ ਹਾਂ, ਕਿਰਪਾ ਕਰ ਕੇ (ਸਾਨੂੰ ਆਪਣੀ) ਸਰਨ ਵਿਚ ਰੱਖੀ ਰੱਖੋ।
ਹੇ ਮੇਰੇ ਪ੍ਰਭੂ! ਤੂੰ ਸਾਡਾ ਪਿਤਾ ਹੈਂ, ਅਸੀਂ ਤੇਰੇ ਬੱਚੇ ਹਾਂ। ਦਾਸ ਨਾਨਕ ਉਤੇ ਬਖ਼ਸ਼ਸ਼ ਕਰ ਕੇ ਆਪਣੇ ਚਰਨਾਂ ਵਿਚ ਟਿਕਾਈ ਰੱਖ ॥੫॥੨॥
ਹੇ ਭਾਈ! ਪ੍ਰਭੂ ਦੇ ਚਰਨਾਂ ਵਿਚ ਸਦਾ ਰਹਿਣ ਵਾਲੇ ਸਾਧੂ ਜਨ ਸੋਹਣੇ ਜੀਵਨ ਵਾਲੇ ਹੁੰਦੇ ਹਨ, ਪ੍ਰਭੂ ਆਪ ਉਹਨਾਂ ਉਤੇ ਕਿਰਪਾ ਦਾ ਹੱਥ ਰੱਖਦਾ ਹੈ।
ਗੁਰੂ ਦੀ ਸਰਨ ਰਹਿਣ ਵਾਲੇ ਉਹੀ ਸਾਧੂ-ਜਨ ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਪ੍ਰਭੂ ਆਪਣੀ ਮੇਹਰ ਕਰ ਕੇ ਆਪ (ਉਹਨਾਂ ਨੂੰ ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ ॥੧॥
ਹੇ ਮੇਰੇ ਰਾਮ! ਮੈਨੂੰ ਆਪਣੇ ਸੰਤ ਜਨ ਮਿਲਾ, (ਮੇਰੇ) ਮਨ ਵਿਚ ਇਹੀ ਤਾਂਘ ਹੈ।
ਹੇ ਰਾਮ! ਤੇਰਾ ਨਾਮ-ਰਸ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ। (ਤੇਰਾ ਇਹ ਦਾਸ ਤੇਰੇ) ਸੰਤ ਜਨਾਂ ਨੂੰ ਮਿਲ ਕੇ (ਇਹੀ ਅੰਮ੍ਰਿਤ) ਮੂੰਹ ਵਿਚ ਪਾਣਾ ਚਾਹੁੰਦਾ ਹੈ ॥੧॥ ਰਹਾਉ ॥
ਹੇ ਭਾਈ! ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹਨਾਂ ਨੂੰ ਮਿਲ ਕੇ ਮਨੁੱਖ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ।
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਮੇਰਾ ਮਾਲਕ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ॥੨॥
ਹੇ ਭਾਈ! ਜੇਹੜੇ ਸੇਵਕ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ! ਪ੍ਰਭੂ ਉਹਨਾਂ ਦੇ ਹਿਰਦੇ ਵਿਚ ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਆਪਣੇ ਚਰਨਾਂ ਦੀ ਪ੍ਰੀਤ ਪੈਦਾ ਕਰਦਾ ਹੈ।
ਪਰ ਕਈ ਮਨੁੱਖ ਇਸ ਪ੍ਰੀਤ (ਦੀ ਦਾਤਿ) ਤੋਂ ਬਿਨਾ ਹੀ ਬਹੁਤ ਗੱਲਾਂ ਕਰਦੇ ਹਨ। (ਕਿ ਸਾਡੇ ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਵੱਸ ਰਹੀ ਹੈ) ਅਜੇਹਾ ਮਨੁੱਖ ਝੂਠ ਬੋਲ ਕੇ ਝੂਠ ਹੀ (ਉਸ ਦਾ) ਫਲ ਪ੍ਰਾਪਤ ਕਰਦਾ ਹੈ (ਉਸ ਦੇ ਹਿਰਦੇ ਵਿਚ ਪ੍ਰੀਤ ਦੇ ਥਾਂ ਝੂਠ ਹੀ ਸਦਾ ਵੱਸਿਆ ਰਹਿੰਦਾ ਹੈ) ॥੩॥
ਹੇ ਜਗਤ ਨੂੰ ਜ਼ਿੰਦਗੀ ਦੇਣ ਵਾਲੇ ਹਰੀ! ਮੇਰੇ ਉਤੇ ਮੇਹਰ ਕਰ, (ਤਾ ਕਿ ਕੋਈ ਗੁਰਮੁਖ ਮਨੁੱਖ ਮੈਨੂੰ ਤੇਰੇ) ਸੰਤ ਜਨਾਂ ਦੀ ਚਰਨੀਂ ਲਾ ਦੇਵੇ।
ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਆਪਣਾ ਸਿਰ ਕੱਟ ਦਿਆਂ, ਕੱਟ ਵੱਢ ਕੇ ਰੱਖ ਦਿਆਂ, ਜਿਸ ਉਤੇ ਚੜ੍ਹ ਕੇ ਕੋਈ ਸੰਤ ਜਨ ਮੈਨੂੰ ਆ ਮਿਲੇ (ਭਾਵ, ਮੈਂ ਸਦਕੇ ਕੁਰਬਾਨ ਜਾਂਵਾਂ ਉਸ ਰਸਤੇ ਤੋਂ ਜਿਸ ਰਸਤੇ ਕੋਈ ਸੰਤ ਆ ਕੇ ਮੈਨੂੰ ਮਿਲੇ ॥੪॥੩॥
ਹੇ ਭਾਈ! ਸੰਤ ਜਨਾਂ ਨੂੰ ਮਿਲਣ ਵਿਚ ਰਤਾ ਭੀ ਢਿੱਲ ਨਹੀਂ ਕਰਨੀ ਚਾਹੀਦੀ। ਜੇ ਮੇਰੇ ਵੱਡੇ ਭਾਗ ਜਾਗ ਪੈਣ (ਤਾਂ ਹੀ ਸੰਤ ਜਨਾਂ ਨੂੰ ਮਿਲਣ ਦਾ ਅਵਸਰ ਮਿਲਦਾ ਹੈ)।
ਹੇ ਭਾਈ! ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸੋਹਣੇ ਚਸ਼ਮੇ ਹਨ, ਸੋਹਣੇ ਸਰੋਵਰ ਹਨ। ਉਸ ਚਸ਼ਮੇ ਵਿਚ ਉਸ ਸਰੋਵਰ ਵਿਚ ਵੱਡੀ ਕਿਸਮਤ ਨਾਲ ਹੀ ਇਸ਼ਨਾਨ ਕਰ ਸਕੀਦਾ ਹੈ ॥੧॥
ਹੇ (ਮੇਰੇ) ਰਾਮ! ਮੈਨੂੰ (ਆਪਣੇ) ਸੰਤ ਜਨਾਂ ਦੀ ਸੇਵਾ ਵਿਚ ਲਾਈ ਰੱਖ।
ਮੈਂ ਸੰਤ ਜਨਾਂ ਦੇ ਦਰ ਤੇ ਪਾਣੀ ਢੋਵਾਂ, ਪੱਖਾਂ ਝੱਲਾਂ, (ਆਟਾ) ਪੀਹਾਂ। ਮੈਂ ਸੰਤ ਜਨਾਂ ਦੇ ਪੈਰ ਮਲ ਮਲ ਕੇ ਧੋਵਾਂ, ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਂਦਾ ਰਹਾਂ ॥੧॥ ਰਹਾਉ ॥
ਹੇ ਭਾਈ! ਪ੍ਰਭੂ ਦੇ ਸੇਵਕ ਬੜੇ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹਨਾਂ ਦਾ ਮਿਲਾਪ ਸਤਿਗੁਰੂ ਦੀ ਸੰਗਤਿ ਵਿਚ ਬਣਿਆ ਰਹਿੰਦਾ ਹੈ।
ਗੁਰੂ ਜੇਡਾ ਵੱਡਾ ਹੋਰ ਕੋਈ ਨਹੀਂ ਹੈ। ਗੁਰੂ ਨੂੰ ਮਿਲ ਕੇ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ॥੨॥
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਗਏ, ਉਹਨਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਮੇਰੇ ਮਾਲਕ-ਪ੍ਰਭੂ ਨੇ ਉਹਨਾਂ ਦੀ (ਲੋਕ ਪਰਲੋਕ ਵਿਚ) ਇੱਜ਼ਤ ਰੱਖ ਲਈ।
ਪਰ ਅਨੇਕਾਂ ਬੰਦੇ ਐਸੇ ਭੀ ਹਨ ਜੋ ਆਪਣੀ ਕਿਸੇ ਗ਼ਰਜ਼ ਦੀ ਖ਼ਾਤਰ ਗੁਰੂ ਦੇ ਦਰ ਤੇ ਆ ਬੈਠਦੇ ਹਨ ਅਤੇ ਬਗੁਲੇ ਵਾਂਗ ਸਮਾਧੀ ਲਾ ਲੈਂਦੇ ਹਨ ॥੩॥
ਹੇ ਭਾਈ! ਬਗੁਲਾ ਅਤੇ ਕਾਂ ਨੀਚ ਦੀ ਸੰਗਤਿ ਹੀ ਪਸੰਦ ਕਰਦੇ ਹਨ (ਜੇ ਉਹ ਕਿਸੇ ਸੁਆਰਥ ਵਾਸਤੇ ਗੁਰੂ ਦੇ ਦਰ ਤੇ ਆਉਂਦੇ ਭੀ ਹਨ, ਤਾਂ ਇਥੋਂ) ਉੱਠ ਕੇ ਕੋਈ ਮੁਰਦਾਰ ਜਾਂ ਗੰਦ ਹੀ ਮੂੰਹ ਵਿਚ ਪਾਂਦੇ ਹਨ।
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਨੂੰ ਗੁਰੂ ਦੀ ਸੰਗਤਿ ਵਿਚ ਮਿਲਾਈ ਰੱਖ। ਗੁਰੂ ਦੀ ਸੰਗਤਿ ਵਿਚ ਮਿਲ ਕੇ (ਕਾਂ ਤੋਂ) ਹੰਸ ਬਣ ਜਾਈਦਾ ਹੈ ॥੪॥੪॥