ਇਸ ਚੁਹਚੁਹੇ ਰੰਗ ਵਿਚ (ਮੋਹ ਪਾ ਕੇ) ਕਦੇ ਕਿਸੇ ਨੇ ਖਸਮ-ਪ੍ਰਭੂ ਨਹੀਂ ਪਾਇਆ, (ਅਜੇਹੀ) ਆਪ-ਹੁਦਰੀ ਮੂਰਖ ਇਸਤ੍ਰੀ (ਇਸ ਮੋਹ ਵਿਚ ਹੀ) ਸੜ ਮਰਦੀ ਹੈ।
ਜੇ ਗੁਰੂ ਮਿਲ ਪਏ ਤਾਂ ਅੰਦਰੋਂ ਹਉਮੈ ਦੂਰ ਕੀਤਿਆਂ ਸ਼ੋਖ਼-ਰੰਗ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ।
ਮਨ ਤੇ ਸਰੀਰ (ਨਾਮ-ਰੂਪ ਮਜੀਠ ਰੰਗ ਨਾਲ) ਰੱਤਾ ਲਾਲ ਹੋ ਜਾਂਦਾ ਹੈ, ਜੀਭ ਪ੍ਰਭੂ ਦੇ ਗੁਣ ਯਾਦ ਕਰ ਕੇ ਰੰਗੀ ਜਾਂਦੀ ਹੈ।
ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਤੇ ਡਰ ਤੇ ਪਿਆਰ ਦੀ ਰਾਹੀਂ (ਆਪਣੇ ਮਨ ਦਾ) ਸੋਹਜ ਬਣਾਇਆ ਹੈ ਜਿਸ ਦੇ ਮਨ ਵਿਚ ਗੁਰ-ਸ਼ਬਦ ਵੱਸਦਾ ਹੈ ਉਹ ਸਦਾ ਲਈ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ।
ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ ਪ੍ਰਭੂ ਨੂੰ ਹਿਰਦੇ ਵਿਚ ਟਿਕਾਇਆਂ ਉਸ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ ॥੧॥
ਹੇ ਜੀਵ-ਇਸਤ੍ਰੀ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ ਤੇ ਪਰਮਾਤਮਾ ਦਾ ਨਾਮ-ਸਿੰਗਾਰ ਬਣਾ ਜੋ (ਮਾਨੋ, ਮਜੀਠ ਦਾ ਪੱਕਾ) ਲਾਲ ਰੰਗ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ ਕਰ, ਜਨਮ ਮਰਨ ਵਾਲਾ ਸਿਲਸਿਲਾ ਮੁੱਕ ਜਾਇਗਾ।
ਉਹ ਜੀਵ-ਇਸਤ੍ਰੀ ਸੋਹਣੀ ਸੁੰਦਰ ਹੈ ਜਿਸ ਦੇ ਹਿਰਦੇ-ਘਰ ਵਿਚ ਅਡੋਲ ਅਵਸਥਾ ਬਣ ਜਾਣ ਕਰਕੇ ਖਸਮ-ਪ੍ਰਭੂ ਆ ਵੱਸਦਾ ਹੈ,
ਹੇ ਨਾਨਕ! ਉਸ ਜੀਵ-ਇਸਤ੍ਰੀ ਨੂੰ ਚੋਜੀ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ ॥੨॥
(ਇਸ ਜਗਤ ਵਿਚ) ਮੋਹ ਕੂੜ ਤੇ ਜੰਜਾਲ (ਪ੍ਰਬਲ) ਹੈ, ਮੂਰਖ ਆਪ-ਹੁਦਰਾ ਮਨੁੱਖ ਇਸ ਵਿਚ ਰੱਤਾ ਹੋਇਆ ਹੈ;
ਮੈਂ, ਮੇਰੀ ਵਿਚ (ਭਾਵ, "ਮੈਂ ਵੱਡਾ ਹਾਂ", "ਇਹ ਧਨ ਪਦਾਰਥ ਮੇਰਾ ਹੈ" ਇਹ ਆਖ ਆਖ ਕੇ) ਮਨਮੁਖ ਬੰਦੇ (ਏਥੇ ਖ਼ੁਆਰ ਹੁੰਦੇ ਹਨ, (ਤੇ ਮਰਨ ਵੇਲੇ ਏਥੋਂ) ਕੁਝ ਨਾਲ ਨਹੀਂ ਲੈ ਤੁਰਦੇ।
ਮਾਇਆ ਵਿਚ ਭਟਕਣ ਦੇ ਕਾਰਨ (ਇਹਨਾਂ ਨੂੰ) ਸਿਰ ਤੇ ਮੌਤ ਖਲੋਤੀ ਭੀ ਨਹੀਂ ਸੁੱਝਦੀ,
ਤੇ ਜਦੋਂ ਮੌਤ ਨੇ ਆ ਨੱਪਿਆ ਤਦੋਂ ਇਹ ਗੁਆਚਾ ਸਮਾ ਮੁੜ ਮਿਲਦਾ ਨਹੀਂ।
(ਪਰ ਮਨਮੁਖ ਭੀ ਕੀਹ ਕਰਨ?) ਪ੍ਰਭੂ ਨੇ (ਜੀਵਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਲੇਖ ਧੁਰੋਂ ਮੱਥੇ ਤੇ ਲਿਖ ਦਿੱਤੇ, ਜੀਵ ਉਹੋ ਜਿਹੇ ਹੀ ਕਰਮ ਕਮਾਂਦੇ ਹਨ ॥੫॥
ਉਹ ਇਸਤ੍ਰੀਆਂ ਸਤੀ (ਹੋ ਗਈਆਂ) ਨਹੀਂ ਆਖੀਦੀਆਂ ਜੋ (ਪਤੀ ਦੀ) ਲੋਥ ਦੇ ਨਾਲ ਸੜ ਮਰਦੀਆਂ ਹਨ।
ਹੇ ਨਾਨਕ! ਜੋ (ਪਤੀ ਦੀ ਮੌਤ ਤੇ) ਵਿਛੋੜੇ ਦੀ ਹੀ ਸੱਟ ਨਾਲ ਮਰ ਜਾਣ ਉਹਨਾਂ ਨੂੰ ਸਤੀ (ਹੋ ਗਈਆਂ) ਸਮਝਣਾ ਚਾਹੀਦਾ ਹੈ ॥੧॥
ਉਹਨਾਂ ਜ਼ਨਾਨੀਆਂ ਨੂੰ ਭੀ ਸਤੀਆਂ ਹੀ ਸਮਝਣਾ ਚਾਹੀਦਾ ਹੈ, ਜੋ ਪਤਿਬ੍ਰਤ-ਧਰਮ ਵਿਚ ਰਹਿੰਦੀਆਂ ਹਨ,
ਜੋ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ ਤੇ ਸਦਾ ਉੱਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ ॥੨॥
(ਸਤੀ) ਇਸਤ੍ਰੀਆਂ ਆਪਣੇ ਖਸਮ ਦੇ ਜੀਉਂਦਿਆਂ ਉਸ ਦੀ ਸੇਵਾ ਕਰਦੀਆਂ ਹਨ, ਅੱਗ ਨਾਲ ਸੜਦੀਆਂ ਭਾਵ ਜਗਤ ਦੇ ਦੁਖ ਸੁਖ ਵਿਚ ਕੰਤ ਦਾ ਸਾਥ ਦੇਂਦੀਆਂ ਹਨ।
ਪਤੀ ਨੂੰ "ਆਪਣਾ" ਸਮਝਦੀਆਂ ਹਨ ਤਾਂਹੀਏਂ ਸਰੀਰ ਦੇ ਦੁੱਖ ਸਹਿੰਦੀਆਂ ਹਨ।
ਪਰ, ਹੇ ਨਾਨਕ! ਜਿਨ੍ਹਾਂ ਨੇ ਖਸਮ ਨੂੰ ਖਸਮ ਨਾਹ ਜਾਤਾ, ਉਹ ਕਿਉਂ ਦੁੱਖ ਸਹਿਣ?
ਪਤੀ ਚਾਹੇ ਸੁਖੀ ਹੋਵੇ ਚਾਹੇ ਦੁਖੀ ਹੋਵੇ ਉਹ (ਔਖੇ ਵੇਲੇ) ਨੇੜੇ ਨਹੀਂ ਢੁਕਦੀਆਂ ॥੩॥
ਹੇ ਕਰਤਾਰ! (ਜਗਤ ਵਿਚ ਜੀਵ ਪੈਦਾ ਕਰ ਕੇ) ਦੁੱਖ ਤੇ ਸੁਖ ਭੀ ਤੂੰ ਉਹਨਾਂ ਦੇ ਨਾਲ ਹੀ ਪੈਦਾ ਕਰ ਦਿੱਤੇ, (ਦੁੱਖ ਤੇ ਸੁੱਖ ਦਾ) ਲੇਖ ਭੀ (ਤੂੰ ਉਹਨਾਂ ਦੇ ਮੱਥੇ ਤੇ) ਲਿਖ ਦਿੱਤਾ।
ਜਿਸ ਪ੍ਰਭੂ ਦਾ ਨਾਹ ਕੋਈ ਖ਼ਾਸ ਰੂਪ ਤੇ ਨਾਹ ਰੇਖ ਹੈ, ਉਸ ਦੇ ਨਾਮ ਦੇ ਬਰਾਬਰ (ਜੀਵਾਂ ਲਈ) ਹੋਰ ਕੋਈ ਬਖ਼ਸ਼ਸ਼ ਨਹੀਂ ਹੈ।
'ਨਾਮ' ਇਕ ਐਸਾ ਖ਼ਜ਼ਾਨਾ ਹੈ ਜੋ ਕਦੇ ਮੁੱਕਦਾ ਨਹੀਂ, ਗੁਰੂ ਦੇ ਸਨਮੁਖ ਹੋਇਆਂ ਇਹ ਮਨ ਵਿਚ ਵੱਸਦਾ ਹੈ।
ਜਿਸ ਮਨੁੱਖ ਨੂੰ ਮਿਹਰ ਕਰ ਕੇ ਪ੍ਰਭੂ 'ਨਾਮ' ਦੇਂਦਾ ਹੈ, ਉਸ (ਦੇ ਚੰਗੇ ਮੰਦੇ ਕਰਮਾਂ) ਦਾ ਲੇਖ ਮੁੜ ਨਹੀਂ ਲਿਖਦਾ।
ਪਰ, ਉਹੀ ਮਨੁੱਖ ਪ੍ਰਭੂ ਨੂੰ ਮਿਲਦੇ ਹਨ ਜੋ ਸੇਵਕ-ਭਾਵ ਵਿਚ ਰਹਿ ਕੇ ਹਰਿ-ਨਾਮ ਦਾ ਜਾਪ ਜਪਦੇ ਹਨ ॥੬॥
ਉਹ ਮਨੁੱਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ (ਭਾਵ, ਮਨ ਨੂੰ ਜਗਤ ਦੇ ਧੰਧਿਆਂ ਵਿਚ ਨਹੀਂ ਖਿਲਾਰ ਦੇਂਦੇ) ਜਿਨ੍ਹਾਂ ਇਹ ਸਮਝ ਲਿਆ ਹੈ ਕਿ ਇਥੋਂ ਚਲੇ ਜਾਣਾ ਹੈ;
ਪਰ, ਨਿਰੇ ਦੁਨੀਆ ਦੇ ਕੰਮ ਨਿਜਿੱਠਣ ਵਾਲੇ ਬੰਦੇ (ਇਥੋਂ ਆਖ਼ਰ) ਤੁਰ ਜਾਣ ਦਾ ਖ਼ਿਆਲ ਭੀ ਨਹੀਂ ਕਰਦੇ ॥੧॥
ਜੇ ਸਿਰਫ਼ ਰਾਤ ਦੀ ਖ਼ਾਤਰ ਧਨ ਇਕੱਠਾ ਕਰੀਏ ਤੇ ਸਵੇਰੇ (ਉੱਠ ਕੇ ਓਥੋਂ) ਤੁਰ ਪੈਣਾ ਹੋਵੇ,
ਹੇ ਨਾਨਕ! (ਤੁਰਨ ਲੱਗਿਆਂ ਉਹ ਧਨ) ਨਾਲ ਜਾ ਨਾ ਸਕੇ ਤਾਂ ਹੱਥ ਮਲਣੇ ਪੈਂਦੇ ਹਨ ॥੨॥
ਜੋ ਮਨੁੱਖ ਕੋਈ ਕੰਮ ਬੱਧਾ-ਰੁੱਧਾ ਕਰੇ, ਉਸ ਦਾ ਲਾਭ ਨਾਹ ਆਪਣੇ ਆਪ ਨੂੰ ਤੇ ਨਾਹ ਕਿਸੇ ਹੋਰ ਨੂੰ।
ਹੇ ਨਾਨਕ! ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੋ ਖ਼ੁਸ਼ੀ ਨਾਲ ਕੀਤਾ ਜਾਏ ॥੩॥
ਭਾਵੇਂ ਕਿਤਨੀ ਹੀ ਮਿਹਨਤ ਮਨੁੱਖ ਕਰੇ, ਰੱਬ ਵਾਲਾ ਪਾਸਾ ਮਨ ਦੇ ਹਠ ਨਾਲ ਜਿੱਤਿਆ ਨਹੀਂ ਜਾ ਸਕਦਾ;
ਹੇ ਦਾਸ ਨਾਨਕ! ਉਹ ਮਨੁੱਖ (ਇਹ) ਪਾਸਾ ਜਿੱਤਦਾ ਹੈ ਜੋ ਸੁਭ ਭਾਵਨਾ ਵਰਤਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਵੀਚਾਰਦਾ ਹੈ ॥੪॥
ਜਿਸ ਕਰਤਾਰ ਨੇ ਇਹ ਜਗਤ ਬਣਾਇਆ ਹੈ ਇਸ ਦੀ ਸੰਭਾਲ ਕਰਨੀ ਉਹ ਆਪ ਹੀ ਜਾਣਦਾ ਹੈ।
ਉਸ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਮੁੜ ਨਾਸ ਕਰਦਾ ਹੈ।