ਹੇ ਆਪੇ ਵਿਚ ਮਸਤ ਤੇ ਕੂੜ ਦੀ ਵਣਜਾਰਨ ਜੀਵ-ਇਸਤ੍ਰੀਏ! ਤੈਨੂੰ ਮਾਇਆ ਦੇ ਪਸਾਰੇ ਨੇ ਲੁੱਟ ਲਿਆ ਹੈ (ਇਸ ਤਰ੍ਹਾਂ ਪ੍ਰਭੂ-ਪਤੀ ਨਾਲ ਮੇਲ ਨਹੀਂ ਹੋ ਸਕਦਾ)।
ਸਦਾ-ਥਿਰ ਰਹਿਣ ਵਾਲਾ ਸੋਹਣਾ ਪ੍ਰਭੂ-ਪਤੀ ਗੁਰੂ ਦੀ ਦੱਸੀ ਵਿਚਾਰ ਤੇ ਤੁਰਿਆਂ ਹੀ ਮਿਲਦਾ ਹੈ ॥੧॥ ਰਹਾਉ ॥
ਜੇਹੜੀਆਂ ਜੀਵ-ਇਸਤ੍ਰੀਆਂ ਆਪਣੇ ਹੀ ਮਨ ਦੇ ਪਿੱਛੇ ਤੁਰਦੀਆਂ ਹਨ, ਖਸਮ-ਪ੍ਰਭੂ ਉਹਨਾਂ ਨੂੰ ਪਛਾਣਦਾ ਭੀ ਨਹੀਂ। ਉਹਨਾਂ ਦੀ (ਜ਼ਿੰਦਗੀ-ਰੂਪ) ਰਾਤ ਕਿਵੇਂ ਬੀਤਦੀ ਹੋਵੇਗੀ? (ਭਾਵ, ਉਹ ਸਾਰੀ ਉਮਰ ਦੁਖੀ ਹੀ ਰਹਿੰਦੀਆਂ ਹਨ)।
ਉਹ ਅਹੰਕਾਰ ਵਿਚ ਨਕਾ-ਨਕ ਭਰੀਆਂ ਹੋਈਆਂ ਤ੍ਰਿਸ਼ਨਾ (ਦੀ ਅੱਗ) ਵਿਚ ਸੜਦੀਆਂ ਹਨ, ਉਹ ਮਾਇਆ ਦੇ ਮੋਹ ਵਿਚ (ਫਸ ਕੇ) ਦੁੱਖ ਸਹਾਰਦੀਆਂ ਹਨ।
(ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ) ਸ਼ਬਦ ਵਿਚ ਰੰਗੀਆਂ ਰਹਿੰਦੀਆਂ ਹਨ ਉਹ ਭਾਗਾਂ ਵਾਲੀਆਂ ਹਨ (ਸ਼ਬਦ ਦੀ ਬਰਕਤਿ ਨਾਲ) ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
ਉਹ ਸਦਾ ਆਪਣੇ ਪ੍ਰਭੂ-ਪਤੀ ਨਾਲ ਮਿਲੀਆਂ ਰਹਿੰਦੀਆਂ ਹਨ ਉਹਨਾਂ ਦੀ ਉਮਰ ਨਿਰੋਲ ਸੁਖ ਵਿਚ ਬੀਤਦੀ ਹੈ ॥੨॥
ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਣ ਤੋਂ ਬਿਨਾ ਹੀ ਰਹੀ, ਉਹ ਖਸਮ-ਪ੍ਰਭੂ ਵਲੋਂ ਛੁੱਟੜ ਹੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦਾ ਪਿਆਰ ਹਾਸਲ ਨਹੀਂ ਕਰ ਸਕਦੀ।
ਅਗਿਆਨ ਵਿਚ ਮੱਤੀ ਹੋਈ ਜੀਵ-ਇਸਤ੍ਰੀ ਨੂੰ (ਮਾਇਆ ਦੇ ਮੋਹ ਦਾ) ਹਨੇਰਾ ਵਿਆਪਿਆ ਰਹਿੰਦਾ ਹੈ, ਪਤੀ-ਪ੍ਰਭੂ ਦੇ ਦਰਸਨ ਤੋਂ ਬਿਨਾ ਉਸ ਦੀ ਇਹ ਮਾਇਆ ਦੀ ਭੁੱਖ ਦੂਰ ਨਹੀਂ ਹੁੰਦੀ।
ਹੇ ਸਤਸੰਗੀ ਜੀਵ-ਇਸਤ੍ਰੀਓ! ਆਓ, ਮੈਨੂੰ ਮਿਲੋ, ਤੇ ਮੈਨੂੰ ਪ੍ਰਭੂ-ਪਤੀ ਮਿਲਾ ਦਿਉ।
ਜਿਸ ਜੀਵ-ਇਸਤ੍ਰੀ ਨੂੰ ਪੂਰੀ ਕਿਸਮਤਿ ਨਾਲ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ ॥੩॥
ਉਹ ਸਤਸੰਗੀ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ, ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ।
ਉਹ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਕੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾਂਦੀਆਂ ਹਨ।
ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਹਉਮੈ ਦੂਰ ਕਰਦੀ ਹੈ ਉਹ ਆਪਣੇ ਹਿਰਦੇ-ਘਰ ਵਿਚ (ਹੀ) ਖਸਮ-ਪ੍ਰਭੂ ਨੂੰ ਲੱਭ ਲੈਂਦੀ ਹੈ।
ਹੇ ਨਾਨਕ! ਉਹ ਸੋਭਾ ਵਾਲੀ ਬਣਦੀ ਹੈ ਉਹ ਭਾਗਾਂ ਵਾਲੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦੀ ਭਗਤੀ ਕਰਦੀ ਹੈ ॥੪॥੨੮॥੬੧॥
ਕਈ (ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ) ਆਪਣੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰਦੀਆਂ ਹਨ (ਉਹਨਾਂ ਨੂੰ ਵੇਖ ਕੇ ਮੇਰੇ ਅੰਦਰ ਭੀ ਤਾਂਘ ਪੈਦਾ ਹੁੰਦੀ ਹੈ ਕਿ) ਮੈਂ ਕਿਸ ਦੇ ਦਰ ਤੇ ਜਾ ਕੇ (ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦਾ ਤਰੀਕਾ) ਪੁੱਛਾਂ?
ਮੈਂ ਸਰਧਾ ਧਾਰ ਕੇ ਸਤਿਗੁਰੂ ਦੀ ਸਰਨ ਪਕੜਦੀ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦੀ ਹਾਂ ਕਿ) (ਮੈਨੂੰ ਪ੍ਰਭੂ-ਪਤੀ ਦਾ ਮਿਲਾਪ ਕਰਾਵਾ ਦਿਓ।)
ਪ੍ਰਭੂ ਆਪ ਹੀ ਸਾਰਾ ਜਗਤ ਪੈਦਾ ਕਰਦਾ ਹੈ ਤੇ (ਸਭ ਦੀ) ਸੰਭਾਲ ਕਰਦਾ ਹੈ, ਹਰੇਕ ਜੀਵ ਵਿਚ ਇਕ ਸਮਾਨ ਮੌਜੂਦ ਹੈ।
ਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਸਰਨ ਪੈ ਕੇ) ਉਸ ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਜਾਣ ਲਿਆ ਹੈ, ਉਹ ਉਸ ਹਾਜ਼ਰ-ਨਾਜ਼ਰ ਵੱਸਦੇ ਨੂੰ ਸਦਾ ਹਿਰਦੇ ਵਿਚ ਵਸਾਂਦੀ ਹੈ ॥੧॥
ਹੇ ਜੀਵ-ਇਸਤ੍ਰੀਏ! ਤੂੰ ਗੁਰੂ ਦੇ ਪ੍ਰੇਮ ਵਿਚ (ਰਹਿ ਕੇ ਜੀਵਨ-ਸਫ਼ਰ ਤੇ) ਤੁਰ।
(ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿਚ ਤੁਰਦੀਆਂ ਹਨ ਉਹ) ਆਤਮਕ ਅਡੋਲਤਾ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਹਰ ਵੇਲੇ ਆਪਣੇ ਪ੍ਰਭੂ-ਪਤੀ ਨੂੰ ਮਿਲੀਆਂ ਰਹਿੰਦੀਆਂ ਹਨ ॥੧॥ ਰਹਾਉ ॥
ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸ਼ਬਦ ਵਿਚ ਰੰਗੀਆਂ ਰਹਿੰਦੀਆਂ ਹਨ, ਉਹ ਭਾਗਾਂ ਵਾਲੀਆਂ ਹੋ ਜਾਂਦੀਆਂ ਹਨ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਆਪਣੇ ਜੀਵਨ ਨੂੰ ਸੰਵਾਰ ਲੈਂਦੀਆਂ ਹਨ।
ਉਹ (ਆਪਣੇ) ਗੁਰੂ ਦੇ ਪ੍ਰੇਮ ਵਿਚ, ਪਿਆਰ ਵਿਚ ਟਿਕ ਕੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ-ਘਰ ਵਿਚ ਲੱਭ ਲੈਂਦੀਆਂ ਹਨ।
ਪ੍ਰਭੂ (-ਪਤੀ) ਉਹਨਾਂ ਦੀ ਸੋਹਣੀ ਹਿਰਦੇ-ਸੇਜ ਉਤੇ ਪ੍ਰੇਮ ਨਾਲ ਆ ਪ੍ਰਗਟਦਾ ਹੈ। ਉਹਨਾਂ ਪਾਸ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ।
ਉਹਨਾਂ ਦੇ ਮਨ ਵਿਚ ਉਹ ਪ੍ਰੀਤਮ ਪ੍ਰਭੂ ਆ ਵਸਦਾ ਹੈ, ਜੇਹੜਾ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ ॥੨॥
ਜੇਹੜੀਆਂ ਜੀਵ-ਇਸਤ੍ਰੀਆਂ ਆਪਣੇ ਪ੍ਰਭੂ-ਪਤੀ ਦੀ ਸਿਫ਼ਤ-ਸਾਲਾਹ ਕਰਦੀਆਂ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦੀ ਹਾਂ।
ਮੈਂ ਉਹਨਾਂ ਅੱਗੇ ਆਪਣਾ ਤਨ ਭੇਟਾ ਕਰਦੀ ਹਾਂ, ਮੈਂ (ਉਹਨਾਂ ਦੇ ਚਰਨਾਂ ਵਿਚ) ਆਪਣਾ ਸਿਰ ਧਰਦੀ ਹਾਂ, ਮੈਂ ਉਹਨਾਂ ਦੇ ਚਰਨੀਂ ਲੱਗਦੀ ਹਾਂ,
ਕਿਉਂਕਿ ਉਹਨਾਂ ਜਿਹਨਾ ਨੇ ਮਾਇਆ ਦਾ ਪਿਆਰ (ਆਪਣੇ ਅੰਦਰੋਂ) ਦੂਰ ਕਰ ਕੇ ਸਿਰਫ਼ ਪ੍ਰਭੂ-ਪਤੀ ਨਾਲ ਜਾਣ-ਪਛਾਣ ਪਾ ਲਈ ਹੈ।
ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸ ਦੇ ਨਾਮ ਨਾਲ ਜਾਣ-ਪਛਾਣ ਪੈ ਸਕਦੀ ਹੈ ॥੩॥੨੯॥੬੨॥
ਹੇ ਪ੍ਰਭੂ ਜੀ! ਤੂੰ (ਹੀ) ਸਦਾ-ਥਿਰ ਰਹਿਣ ਵਾਲਾ ਹੈਂ। ਹੋਰ ਸਾਰਾ ਜਗਤ ਤੇਰੇ ਵੱਸ ਵਿਚ ਹੈ।
(ਪਰ ਤੂੰ ਮਿਲਦਾ ਹੈਂ ਗੁਰੂ ਦੀ ਰਾਹੀਂ) ਗੁਰੂ-ਪੀਰ ਨੂੰ ਮਿਲਣ ਤੋਂ ਬਿਨਾ (ਭਾਵ, ਗੁਰੂ ਦੀ ਸਰਨ ਪੈਣ ਤੋਂ ਬਿਨਾ) ਚੌਰਾਸੀ ਲੱਖ ਜੂਨਾਂ ਦੇ ਜੀਵ (ਤੇਰੇ ਦਰਸਨ ਨੂੰ) ਤਰਸਦੇ ਫਿਰਦੇ ਹਨ।
ਜਿਸ ਜੀਵ ਉੱਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਬਖ਼ਸ਼ਸ਼ ਕਰਦਾ ਹੈ, ਉਸ ਦੇ ਹਿਰਦੇ ਵਿਚ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।
(ਮੇਰੇ ਅੰਦਰ ਭੀ ਤਾਂਘ ਹੈ ਕਿ) ਮੈਂ ਗੁਰੂ ਦੀ ਮਿਹਰ ਨਾਲ ਸਦਾ-ਥਿਰ ਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦਾ ਸਿਮਰਨ ਕਰਦਾ ਰਹਾਂ ॥੧॥
ਹੇ ਮੇਰੇ ਮਨ! ਜੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਵੀਏ, ਤਾਂ ਆਤਮਕ ਆਨੰਦ ਮਿਲਦਾ ਹੈ।
(ਪਰ) ਗੁਰੂ ਦੀ ਮਤਿ ਤੇ ਤੁਰ ਕੇ ਹੀ ਪਰਮਾਤਮਾ ਦਾ ਨਾਮ ਸਲਾਹੁਣਾ ਚਾਹੀਦਾ ਹੈ। (ਨਾਮ ਸਿਮਰਨ ਦਾ) ਹੋਰ ਕੋਈ ਤਰੀਕਾ ਨਹੀਂ ਹੈ ॥੧॥ ਰਹਾਉ ॥
ਧਰਮਰਾਜ ਨੂੰ (ਭੀ ਪਰਮਾਤਮਾ ਦਾ) ਹੁਕਮ ਹੈ (ਹੇ ਧਰਮਰਾਜ! ਤੂੰ) ਬੈਠ ਕੇ (ਇਹ) ਅਟੱਲ ਧਰਮ (-ਨਿਆਂ) ਚੇਤੇ ਰੱਖ,
ਕਿ ਉਹ ਵਿਕਾਰੀ ਮਨੁੱਖ ਤੇਰੀ ਰਈਅਤ ਹੈ ਜੇਹੜਾ ਮਾਇਆ ਦੇ ਪਿਆਰ ਵਿਚ (ਫਸਿਆ ਰਹਿੰਦਾ) ਹੈ।
ਆਤਮਕ ਜੀਵਨ ਵਾਲੇ ਬੰਦਿਆਂ ਦੇ ਮਨ ਵਿਚ ਗੁਣਾਂ ਦਾ ਖ਼ਜਾਨਾ ਪਰਮਾਤਮਾ ਆਪ ਵੱਸਦਾ ਹੈ, ਉਹ ਪਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ।