(ਹੇ ਭਾਈ!) ਜਗਤ ਦਾ ਮਾਲਕ ਪ੍ਰਭੂ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਹਿਰਦੇ ਵਿਚ ਸਦਾ ਵੱਸਿਆ ਰਹਿੰਦਾ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦੇ ਹਨ।
ਹੇ ਨਾਨਕ! (ਉਹਨਾਂ ਨੂੰ ਇਉਂ ਜਾਪਦਾ ਹੈ ਕਿ) ਪਰਮਾਤਮਾ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਸਭ ਥਾਈਂ ਭਰਪੂਰ ਵੱਸਦਾ ਹੈ ॥੨॥੮॥੧੨॥
(ਜਿਨ੍ਹਾਂ ਜਿਨ੍ਹਾਂ ਨੇ ਭੀ ਹਰੀ ਦਾ ਭਜਨ ਕੀਤਾ) ਉਹਨਾਂ ਸਭਨਾਂ ਨੂੰ (ਗੁਰੂ ਨੇ) ਪਰਮਾਤਮਾ ਦੇ ਭਜਨ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।
ਪੰਛੀਆਂ ਦਾ ਸਰੀਰ ਧਾਰਨ ਵਾਲੇ, ਮੱਛੀਆਂ ਦਾ ਸਰੀਰ ਧਾਰਨ ਵਾਲੇ, ਪਸ਼ੂਆਂ ਦਾ ਸਰੀਰ ਧਾਰਨ ਵਾਲੇ ਸੂਰਾਂ ਦਾ ਸਰੀਰ ਧਾਰਨ ਵਾਲੇ-ਇਹ ਸਭ ਗੁਰੂ ਦੀ ਸੰਗਤ ਵਿਚ ਪਾਰ ਲੰਘਾ ਦਿੱਤੇ ਗਏ ॥੧॥ ਰਹਾਉ ॥
(ਸਾਧ ਸੰਗਤ ਵਿਚ ਸਿਮਰਨ ਦੀ ਬਰਕਤਿ ਨਾਲ) ਦੇਵਤਿਆਂ ਦੀਆਂ ਕੁਲਾਂ, ਦੈਂਤਾਂ ਦੀਆਂ ਕੁਲਾਂ, ਜੱਖ, ਕਿੰਨਰ ਮਨੁੱਖ-ਇਹ ਸਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ।
ਗੁਰੂ ਦੀ ਸੰਗਤ ਵਿਚ ਰਹਿ ਕੇ ਜਿਹੜਾ ਜਿਹੜਾ ਪ੍ਰਾਣੀ ਪਰਮਾਤਮਾ ਦਾ ਭਜਨ ਕਰਦਾ ਹੈ, ਉਹਨਾਂ ਸਭਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥
ਉਹ ਮਨੁੱਖ ਕਾਮ, ਕ੍ਰੋਧ, ਮਾਇਆ ਦੇ ਚਸਕੇ-ਇਹਨਾਂ ਸਭਨਾਂ ਤੋਂ ਨਿਰਲੇਪ ਰਹਿੰਦੇ ਹਨ।
ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ ਤਰਸ-ਸਰੂਪ ਪਰਮਾਤਮਾ ਦਾ ਨਾਮ ਜਿਹੜੇ ਜਿਹੜੇ ਮਨੁੱਖ ਜਪਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ॥੨॥੯॥੧੩॥
ਹੁਣ ਮੈਂ ਉਸ ਹੱਟ (ਸਾਧ ਸੰਗਤ) ਵਿਚ ਆ ਬੈਠਾ ਹਾਂ, (ਜਿੱਥੇ ਹਰਿ-ਨਾਮ ਮਿਲਦਾ ਹੈ)।
ਉਥੇ ਮੈਂ ਸੰਤ ਜਨਾਂ ਨਾਲ ਸਾਂਝ ਪਾ ਕੇ ਹਰਿ-ਨਾਮ ਸਰਮਾਇਆ (ਇਕੱਠਾ ਕੀਤਾ ਹੈ, ਜਿਸ ਦੀ ਬਰਕਤਿ ਨਾਲ) ਮੈਂ ਜਮਦੂਤਾਂ ਦੇ ਪੱਤਣ ਤੇ ਨਹੀਂ ਜਾਂਦਾ (ਭਾਵ, ਮੈਂ ਉਹ ਕਰਮ ਨਹੀਂ ਕਰਦਾ, ਜਿਨ੍ਹਾਂ ਕਰ ਕੇ ਜਮਾਂ ਦੇ ਵੱਸ ਪਈਦਾ ਹੈ) ॥੧॥ ਰਹਾਉ ॥
ਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕੀਤੀ (ਸਾਧ ਸੰਗਤ ਦੀ ਬਰਕਤਿ ਨਾਲ ਉਹਨਾਂ ਦੇ) ਭਰਮ-ਭਟਕਣਾ ਦੇ ਭੱਤ ਖੁਲ੍ਹ ਗਏ।
ਉਹਨਾਂ ਨੇ ਬੇਅੰਤ ਨਾਮ-ਸਰਮਾਏ ਦਾ ਮਾਲਕ ਪ੍ਰਭੂ ਲੱਭ ਲਿਆ। ਉਹਨਾਂ ਨੇ ਪਰਮਾਤਮਾ ਦੇ ਚਰਨਾਂ (ਵਿਚ ਟਿਕੇ ਰਹਿਣ) ਦੀ ਖੱਟੀ ਖੱਟ ਲਈ, ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ॥੧॥
(ਜਿਨ੍ਹਾਂ ਸੇਵਕਾਂ ਨੇ) ਅਟੱਲ ਅਬਿਨਾਸੀ ਪਰਮਾਤਮਾ ਦਾ ਆਸਰਾ ਲੈ ਲਿਆ, ਉਹਨਾਂ ਨੇ (ਆਪਣੇ ਅੰਦਰੋਂ ਸਾਰੇ) ਪਾਪ ਚੁਣ ਚੁਣ ਕੇ ਕੱਢ ਦਿੱਤੇ,
ਹੇ ਨਾਨਕ! ਉਹਨਾਂ ਦਾਸਾਂ ਦੇ ਅੰਦਰੋਂ ਸਾਰੇ ਝਗੜੇ ਕਲੇਸ਼ ਮੁੱਕ ਗਏ, ਉਹ ਮੁੜ ਜੂਨਾਂ ਵਿਚ ਨਹੀਂ ਪੈਂਦੇ ॥੨॥੧੦॥੧੪॥
(ਜੀਵ) ਕਈ ਤਰੀਕਿਆਂ ਨਾਲ ਮਾਇਆ ਦੇ ਮੋਹ ਵਿਚ ਠੱਗੇ ਜਾਂਦੇ ਹਨ।
ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ (ਅਜਿਹਾ) ਸੇਵਕ ਹੁੰਦਾ ਹੈ ਜੋ ਮੁੱਢ ਕਦੀਮਾਂ ਤੋਂ ਹੀ ਪੂਰਾ ਭਗਤ ਹੁੰਦਾ ਹੈ (ਤੇ ਮਾਇਆ ਦੇ ਹੱਥੋਂ ਠੱਗਿਆ ਨਹੀਂ ਜਾਂਦਾ) ॥੧॥ ਰਹਾਉ ॥
(ਮਾਇਆ ਦਾ ਠੱਗਿਆ ਮਨੁੱਖ) ਹਰ ਪਾਸੇ ਭਟਕ ਭਟਕ ਕੇ ਥੱਕਦਾ ਰਹਿੰਦਾ ਹੈ (ਜਿਸ ਸਰੀਰ ਅਤੇ ਧਨ ਦੀ ਖ਼ਾਤਰ ਭਟਕਦਾ ਹੈ, ਉਹ) ਸਰੀਰ ਤੇ ਧਨ (ਆਖ਼ਿਰ) ਬਿਗਾਨਾ ਹੋ ਜਾਂਦਾ ਹੈ।
(ਮਾਇਆ ਦੇ ਮੋਹ ਵਿਚ ਫਸਿਆ ਮਨੁੱਖ) ਲੋਕਾਂ ਤੋਂ ਲੁਕਾ ਲੁਕਾ ਕੇ ਠੱਗੀ ਕਰਦਾ ਰਹਿੰਦਾ ਹੈ (ਜਿਹੜਾ ਪਰਮਾਤਮਾ ਸਦਾ) ਨਾਲ ਰਹਿੰਦਾ ਹੈ ਉਸ ਨਾਲ ਸਾਂਝ ਨਹੀਂ ਪਾਂਦਾ ॥੧॥
(ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ ਆਖ਼ਿਰ) ਪਸ਼ੂ ਪੰਛੀ ਮੱਛੀ-ਇਹਨਾਂ ਨੀਵੀਆਂ ਜੂਨਾਂ ਦੇ ਗੇੜ ਦੇ ਦੁੱਖਾਂ ਵਿਚ ਭਟਕਦਾ ਫਿਰਦਾ ਹੈ।
ਨਾਨਕ ਆਖਦਾ ਹੈ- ਹੇ ਪ੍ਰਭੂ! ਅਸਾਂ ਪੱਥਰਾਂ ਨੂੰ (ਪੱਥਰ-ਦਿਲ ਜੀਵਾਂ ਨੂੰ) ਪਾਰ ਲੰਘਾ ਲੈ, ਅਸੀਂ ਸਾਧ ਸੰਗਤ ਵਿਚ (ਤੇਰੀ ਭਗਤੀ ਦਾ) ਆਨੰਦ ਮਾਣਦੇ ਰਹੀਏ ॥੨॥੧੧॥੧੫॥
ਹੇ ਮਾਂ! (ਮੇਰੇ ਪ੍ਰਭੂ ਦੇ ਮਨ ਵਿਚ ਮੇਰੇ ਉਤੇ ਤਰਸ ਆਇਆ ਹੈ, ਹੁਣ ਕਾਮਾਇਕ) ਚੰਦਰੇ ਵੈਰੀ (ਇਉਂ) ਮੁੱਕ ਗਏ ਹਨ (ਜਿਵੇਂ) ਜ਼ਹਿਰ ਖਾ ਕੇ।
ਹੇ ਮਾਂ! ਮੇਰੇ ਪ੍ਰਭੂ ਨੂੰ (ਜਦੋਂ) ਤਰਸ ਆਉਂਦਾ ਹੈ, ਉਸ ਦੇ ਆਪਣੇ ਹੀ ਹਨ ਇਹ ਸਾਰੇ ਜੀਵ, ਉਹ ਆਪ ਹੀ ਇਹਨਾਂ ਦੀ (ਕਾਮਾਦਿਕ ਵੈਰੀਆਂ ਤੋਂ) ਰੱਖਿਆ ਕਰਦਾ ਹੈ ॥੧॥ ਰਹਾਉ ॥
ਹੇ ਭਾਈ! ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਜੀਵਾਂ ਵਿਚ ਮੌਜੂਦ ਹੈ (ਜਦੋਂ ਇਹ ਨਿਸ਼ਚਾ ਹੋ ਜਾਏ) ਤਾਂ ਕੋਈ ਡਰ ਪੋਹ ਨਹੀਂ ਸਕਦਾ।
ਹੇ ਭਾਈ! ਉਹ ਪ੍ਰਭੂ ਹਰੇਕ ਦੇ ਨਾਲ ਸਾਥੀ ਹੈ, ਉਹ ਛੱਡ ਕੇ ਨਹੀਂ ਜਾਂਦਾ, ਉਹ ਸਭ ਥਾਈਂ ਵੱਸਦਾ ਦਿੱਸਦਾ ਹੈ ॥੧॥
ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ (ਜੀਵਾਂ ਨੂੰ) ਆਪ ਆਪਣੇ ਲੜ ਲਾਂਦਾ ਹੈ।
ਹੇ ਹਰੀ! ਹੇ ਪ੍ਰਭੂ! ਤੇਰੇ ਦਾਸ ਤੇਰੇ ਆਸਰੇ ਜੀਊਂਦੇ ਹਨ, ਮੈਂ ਨਾਨਕ ਭੀ ਤੇਰੀ ਹੀ ਸਰਨ ਪਿਆ ਹਾਂ ॥੨॥੧੨॥੧੬॥
ਹੇ ਮੇਰੇ ਮਨ! ਪਰਮਾਤਮਾ ਦੇ ਚਰਨ ਸਿਮਰਨੇ ਚਾਹੀਦੇ ਹਨ (ਗ਼ਰੀਬੀ ਸੁਭਾਵ ਵਿਚ ਟਿੱਕ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ)।
ਮੇਰਾ ਮਨ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਮਗਨ ਰਹਿੰਦਾ ਹੈ (ਇਉਂ ਜੀ ਕਰਦਾ ਰਹਿੰਦਾ ਹੈ ਕਿ ਉਸ ਨੂੰ) ਉੱਡ ਕੇ ਭੀ ਜਾ ਮਿਲੀਏ ॥੧॥ ਰਹਾਉ ॥
ਭਾਲ ਕਰਦਿਆਂ ਕਰਦਿਆਂ (ਗੁਰੂ ਪਾਸੋਂ ਮੈਂ ਪ੍ਰਭੂ ਦੇ ਮਿਲਾਪ ਦਾ) ਰਸਤਾ ਲੱਭ ਲਿਆ ਹੈ। ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ।
ਹੇ ਮੇਰੇ ਮਾਲਕ ਪ੍ਰਭੂ! (ਮੇਰੇ ਉਤੇ) ਮਿਹਰ ਕਰ, ਤੇਰਾ ਬੜਾ ਹੀ ਸੁਆਦਲਾ ਨਾਮ-ਜਲ ਪੀਤਾ ਜਾ ਸਕੇ ॥੧॥
(ਹੇ ਪ੍ਰਭੂ!) ਵਿਕਾਰਾਂ ਤੋਂ 'ਬਚਾ ਲੈ' 'ਬਚਾ ਲੈ'-ਇਹ ਆਖ ਕੇ (ਜੀਵ) ਤੇਰੀ ਸਰਨ ਆਉਂਦੇ ਹਨ। ਹੇ ਪ੍ਰਭੂ! (ਵਿਕਾਰਾਂ ਦੀ ਅੱਗ ਵਿਚ) ਸੜਦੇ ਉਤੇ (ਤੂੰ ਆਪ) ਮਿਹਰ ਕਰ।
(ਹੇ ਪ੍ਰਭੂ!) ਦਾਸ ਦਾ ਹੱਥ ਫੜ ਲੈ, ਮੈਨੂੰ ਨਾਨਕ ਨੂੰ ਆਪਣਾ ਬਣਾ ਲੈ ॥੨॥੧੩॥੧੭॥