ਹੇ ਭਾਈ! ਉਸ ਮਨੁੱਖ ਦੀ ਸਾਰੇ ਜਗਤ ਵਿਚ ਹਰ ਥਾਂ ਸੋਭਾ ਹੁੰਦੀ ਹੈ, (ਜਗਤ ਦੇ) ਸਾਰੇ ਜੀਵ (ਉਸ ਦਾ ਦਰਸਨ ਕਰਨਾ) ਚਾਹੁੰਦੇ ਹਨ,
ਜਿਸ ਮਨੁੱਖ ਉਤੇ ਗੁਰੂ ਪਰਮਾਤਮਾ ਚੰਗੀ ਤਰ੍ਹਾਂ ਪ੍ਰਸੰਨ ਹੋ ਗਏ, ਉਸ ਮਨੁੱਖ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ ॥੧॥
ਹੇ ਭਾਈ! ਦਇਆ ਦਾ ਸੋਮਾ ਪ੍ਰਭੂ ਜਿਸ (ਮਨੁੱਖ) ਦਾ ਪੱਖ ਕਰਦਾ ਹੈ, ਸਭ ਜੀਵ ਉਸ ਦੇ ਸੇਵਕ ਹੋ ਜਾਂਦੇ ਹਨ।
ਹੇ ਨਾਨਕ! ਗੁਰੂ ਦੇ ਚਰਨਾਂ ਵਿਚ ਰਿਹਾਂ ਸਦਾ ਹੀ ਆਦਰ-ਮਾਣ ਮਿਲਦਾ ਹੈ ॥੨॥੧੨॥੩੦॥
ਰਾਗ ਬਿਲਾਵਲੁ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਮੇਰੇ ਮਨ!) ਇਹ ਜਗਤ (ਪਰਮਾਤਮਾ ਨੇ ਐਸਾ) ਬਣਾਇਆ ਹੈ (ਕਿ ਇਸ ਉਤੇ) ਮੌਤ ਦਾ ਰਾਜ ਹੈ, ਇਹ ਇਉਂ ਹੈ ਜਿਵੇਂ ਰੇਤ ਦੇ ਬਣੇ ਹੋਏ ਘਰ ਆਦਿਕ ਹੋਣ।
ਜਿਵੇਂ ਮੀਂਹ ਦੀਆਂ ਕਣੀਆਂ ਨਾਲ ਕਾਗ਼ਜ਼ (ਤੁਰਤ) ਗਲ ਜਾਂਦੇ ਹਨ, ਤਿਵੇਂ ਇਹਨਾਂ (ਘਰਾਂ) ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥
ਹੇ ਮੇਰੇ ਮਨ ਦੇ ਫੁਰਨੇ! (ਹੇ ਮੇਰੇ ਭਟਕਦੇ ਮਨ!) ਧਿਆਨ ਨਾਲ ਸੁਣ। ਵਿਚਾਰ ਕੇ ਵੇਖ ਲੈ, (ਇਹ) ਸੱਚ (ਹੈ ਕਿ)
ਸਿੱਧ ਸਾਧਿਕ ਜੋਗੀ ਗ੍ਰਿਹਸਤੀ-ਸਾਰੇ ਹੀ (ਮੌਤ ਆਉਣ ਤੇ) ਆਪਣਾ ਸਭ ਕੁਝ (ਇਥੇ ਹੀ) ਛੱਡ ਕੇ (ਇਥੋਂ) ਤੁਰੇ ਜਾ ਰਹੇ ਹਨ ॥੧॥ ਰਹਾਉ ॥
(ਹੇ ਮੇਰੇ ਭਟਕਦੇ ਮਨ!) ਇਹ ਜਗਤ ਇਉਂ ਹੀ ਹੈ ਜਿਵੇਂ ਰਾਤ ਨੂੰ (ਸੁੱਤੇ ਪਿਆਂ ਆਇਆ ਹੋਇਆ) ਸੁਪਨਾ ਹੁੰਦਾ ਹੈ।
ਹੇ ਮੂਰਖ! ਜੋ ਕੁਝ ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ। ਤੂੰ ਇਸ ਵਿਚ ਕਿਉਂ ਮੋਹ ਬਣਾ ਰਿਹਾ ਹੈਂ? ॥੨॥
ਹੇ ਮੂਰਖ! ਅੱਖਾਂ ਖੋਹਲ ਕੇ ਵੇਖ। (ਤੇਰੇ) ਉਹ ਭਰਾ ਉਹ ਮਿੱਤਰ ਕਿੱਥੇ ਗਏ ਹਨ?
ਆਪਣੀ ਵਾਰੀ ਸਿਰ ਕਈ (ਇਥੋਂ) ਜਾ ਚੁਕੇ ਹਨ, ਕਈ ਚਲੇ ਜਾਣਗੇ। ਸਾਰੇ ਹੀ ਜੀਵ ਆਪੋ ਆਪਣੀ ਵਾਰੀ (ਤੁਰੇ ਜਾ ਰਹੇ ਹਨ) ॥੩॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦਾ ਆਸਰਾ ਲਿਆ ਹੈ ਉਹ (ਦਿੱਸਦੇ ਜਗਤ ਵਿਚ ਮੋਹ ਪਾਣ ਦੇ ਥਾਂ) ਪਰਮਾਤਮਾ ਦੇ ਦਰ ਤੇ (ਪਰਮਾਤਮਾ ਦੇ ਚਰਨਾਂ ਵਿਚ) ਟਿਕੇ ਰਹਿੰਦੇ ਹਨ।
ਦਾਸ ਨਾਨਕ (ਤਾਂ) ਪਰਮਾਤਮਾ ਦਾ ਹੀ ਸੇਵਕ ਹੈ (ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਦਾ ਹੈ ਕਿ) ਹੇ ਪ੍ਰਭੂ! (ਮੈਂ ਤੇਰੀ ਸਰਨ ਆਇਆ ਹਾਂ, ਮੇਰੀ) ਲਾਜ ਰੱਖ ॥੪॥੧॥੩੧॥
(ਹੇ ਭਾਈ! ਪਰਮਾਤਮਾ ਦੇ ਮਿਲਾਪ ਦੇ ਟਾਕਰੇ ਤੇ) ਲੋਕਾਂ ਵਲੋਂ ਮਿਲ ਰਹੀਆਂ ਇੱਜ਼ਤਾਂ ਨੂੰ ਤਾਂ ਮੈਂ ਅੱਗ ਵਿਚ ਪਾ ਦੇਣ ਨੂੰ ਤਿਆਰ ਹਾਂ।
(ਦੁਨੀਆ ਦੇ ਲੋਕਾਂ ਦੀ ਖ਼ੁਸ਼ਾਮਦ ਕਰਨ ਦੇ ਥਾਂ) ਮੈਂ ਤਾਂ ਉਹੀ ਬੋਲ ਬੋਲਾਂਗਾ, ਜਿਨ੍ਹਾਂ ਦਾ ਸਦਕਾ ਮੈਨੂੰ ਮੇਰਾ ਪਿਆਰਾ ਪ੍ਰਭੂ ਮਿਲ ਪਏ ॥੧॥
ਹੇ ਭਾਈ! ਜਦੋਂ ਪ੍ਰਭੂ ਜੀ ਮੇਰੇ ਉਤੇ ਦਇਆਵਾਨ ਹੋਣ, ਤਦੋਂ ਹੀ ਮੈਂ ਉਸ ਦੀ ਭਗਤੀ ਵਿਚ ਲੱਗ ਸਕਦਾ ਹਾਂ।
ਇਹ ਮਨ (ਸੰਸਾਰਕ ਪਦਾਰਥਾਂ ਦੀਆਂ) ਵਾਸਨਾਂ ਵਿਚ ਫਸਿਆ ਰਹਿੰਦਾ ਹੈ, ਗੁਰੂ ਦੀ ਸਰਨ ਪੈ ਕੇ ਹੀ ਇਹ ਵਾਸ਼ਨਾਂ ਛੱਡੀਆਂ ਜਾ ਸਕਦੀਆਂ ਹਨ (ਮੈਂ ਛੱਡ ਸਕਦਾ ਹਾਂ) ॥੧॥ ਰਹਾਉ ॥
(ਹੇ ਭਾਈ! ਪ੍ਰਭੂ ਦੇ ਦਰ ਤੇ) ਮੈਂ ਬੜੀ ਅਧੀਨਗੀ ਨਾਲ ਅਰਦਾਸਾਂ ਕਰਾਂਗਾ, ਆਪਣੀ ਇਹ ਜਿੰਦ ਭੀ ਕੁਰਬਾਨ ਕਰ ਦਿਆਂਗਾ।
ਪਿਆਰੇ ਦੇ ਇਕ ਪਲ ਭਰ ਦੇ ਮਿਲਾਪ ਦੇ ਆਨੰਦ ਦੇ ਵੱਟੇ ਵਿਚ ਮੈਂ (ਦੁਨੀਆ ਦੇ) ਸਾਰੇ ਪਦਾਰਥ ਸਦਕੇ ਕਰ ਦਿਆਂਗਾ ॥੨॥
(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰੋਂ ਕਾਮਾਦਿਕ) ਪੰਜਾਂ ਦਾ ਸਾਥ ਮੁੱਕ ਗਿਆ ਹੈ, (ਮੇਰੇ ਅੰਦਰੋਂ) ਦ੍ਵੈਖ ਅਤੇ ਮੋਹ ਦੂਰ ਹੋ ਗਏ ਹਨ।
ਮੇਰੇ ਹਿਰਦੇ ਵਿਚ (ਸਹੀ ਜੀਵਨ ਦਾ) ਚਾਨਣ ਹੋ ਗਿਆ ਹੈ, ਹੁਣ ਮੈਂ (ਕਾਮਾਦਿਕਾਂ ਦੇ ਹੱਲੇ ਵੱਲੋਂ) ਰਾਤ ਦਿਨ ਸੁਚੇਤ ਰਹਿੰਦਾ ਹਾਂ ॥੩॥
ਜਿਸ ਮਨੁੱਖ ਦੇ ਮੱਥੇ ਉੱਤੇ ਚੰਗੇ ਭਾਗ ਜਾਗਦੇ ਹਨ, ਉਹ ਸੁਹਾਗਣ ਇਸਤ੍ਰੀ ਵਾਂਗ (ਗੁਰੂ ਦੀ) ਸਰਨ ਪੈਂਦਾ ਹੈ।
ਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ) ਉਸ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਉਸ ਦਾ ਮਨ ਉਸ ਦਾ ਸਰੀਰ (ਕਾਮਾਦਿਕਾਂ ਵਲੋਂ ਖ਼ਲਾਸੀ ਪ੍ਰਾਪਤ ਕਰ ਕੇ) ਠੰਢਾ-ਠਾਰ ਹੋ ਜਾਂਦਾ ਹੈ ॥੪॥੨॥੩੨॥
ਹੇ ਭਾਈ! ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪੈਣ, ਉਸ ਦੇ ਹੀ ਮਨ ਨੂੰ ਪ੍ਰਭੂ-ਪਿਆਰ ਦਾ ਗੂੜ੍ਹਾ ਲਾਲ ਰੰਗ ਚੜ੍ਹਦਾ ਹੈ।
ਇਹ ਰੰਗ ਐਸਾ ਹੈ ਕਿ ਇਸ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ, ਇਸ ਨੂੰ ਵਿਕਾਰਾਂ ਦਾ ਦਾਗ਼ ਨਹੀਂ ਲੱਗਦਾ ॥੧॥
ਹੇ ਭਾਈ! ਜਿਸ ਮਨੁੱਖ ਨੇ (ਸਾਰੇ) ਸੁਖ ਦੇਣ ਵਾਲਾ ਪਰਮਾਤਮਾ ਲੱਭ ਲਿਆ, ਜਿਸ ਮਨੁੱਖ ਨੂੰ ਆਤਮਕ ਆਨੰਦ ਅਤੇ ਪ੍ਰੇਮ ਵਿਚ ਟਿਕ ਕੇ ਪ੍ਰਭੂ ਮਿਲ ਪਿਆ,
ਉਹ (ਸਦਾ) ਅੰਦਰੋਂ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, (ਉਸ ਨੂੰ ਇਤਨਾ ਰਸ ਆਉਂਦਾ ਹੈ ਕਿ ਫਿਰ ਉਹ ਉਸ ਨੂੰ) ਛੱਡ ਨਹੀਂ ਸਕਦਾ ॥੧॥ ਰਹਾਉ ॥
ਹੇ ਭਾਈ! ਉਸ ਦੀ ਇਸ ਆਤਮਕ ਉੱਚਤਾ ਨੂੰ ਕਦੇ ਬੁਢੇਪਾ ਨਹੀਂ ਆਉਂਦਾ, ਕਦੇ ਮੌਤ ਨਹੀਂ ਆਉਂਦੀ, ਉਸ ਨੂੰ ਫਿਰ ਕਦੇ ਕੋਈ ਦੁੱਖ ਪੋਹ ਨਹੀਂ ਸਕਦਾ।
ਜਿਸ ਮਨੁੱਖ ਨੂੰ ਗੁਰੂ ਨੇ ਅਟੱਲ ਆਤਮਕ ਜੀਵਨ ਦੇ ਦਿੱਤਾ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ (ਮਾਇਆ ਦੀ ਭੁੱਖ ਵਲੋਂ) ਰੱਜ ਜਾਂਦਾ ਹੈ ॥੨॥
ਹੇ ਭਾਈ! ਇਸ ਦੀ ਕਦਰ ਉਹੀ ਮਨੁੱਖ ਜਾਣਦਾ ਹੈ ਜਿਸ ਨੇ ਕਦੇ ਚੱਖ ਵੇਖਿਆ ਹੈ। ਪਰਮਾਤਮਾ ਦਾ ਨਾਮ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਵਿਚ ਨਹੀਂ ਮਿਲ ਸਕਦਾ।
ਹੇ ਭਾਈ! ਹਰਿ-ਨਾਮ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਮੈਂ ਕੀਹ ਆਖ ਕੇ ਮੂੰਹੋਂ (ਇਸ ਦਾ ਮੁੱਲ) ਦੱਸਾਂ? ॥੩॥
ਹੇ ਪਰਮਾਤਮਾ! ਤੇਰਾ ਦਰਸ਼ਨ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਵਾਲਾ ਹੈ, ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਗੁਣਾਂ ਦਾ ਖ਼ਜ਼ਾਨਾ ਹੈ।