ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੇਰੇ ਮਨ ਵਿਚ ਧੁਰ ਅੰਦਰ ਪੰਜ ਕਾਮਾਦਿਕ ਲੁਕੇ ਪਏ ਹਨ,
ਉਹ ਠਠੰਬਰੇ ਹੋਇਆਂ ਵਾਂਗ ਭੱਜੇ ਫਿਰਦੇ ਹਨ, ਨਾਹ ਉਹ ਆਪ ਟਿਕਦੇ ਹਨ (ਨਾਹ ਮੇਰੇ ਮਨ ਨੂੰ ਟਿਕਣ ਦੇਂਦੇ ਹਨ) ॥੧॥
ਮੇਰਾ ਮਨ ਦਿਆਲ ਪਰਮਾਤਮਾ ਦੀ ਯਾਦ ਵਿਚ ਜੁੜਦਾ ਨਹੀਂ ਹੈ।
ਇਸ ਉਤੇ ਮਾਇਆ ਨੇ ਬਹੁਤ ਜ਼ੋਰ ਪਾਇਆ ਹੋਇਆ ਹੈ। ਇਹ ਲੋਭੀ ਕਪਟੀ ਪਾਪੀ ਪਾਖੰਡੀ ਬਣਿਆ ਪਿਆ ਹੈ ॥੧॥ ਰਹਾਉ ॥
(ਮੇਰਾ ਸਰੀਰ ਉਸ ਨਾਰ ਵਾਂਗ ਆਪਣੇ ਸਿੰਗਾਰ ਦੇ ਆਹਰਾਂ ਵਿਚ ਰਹਿੰਦਾ ਹੈ ਜੋ ਆਪਣੇ ਪਤੀ ਦੀ ਉਡੀਕ ਵਿਚ ਹੈ ਤੇ ਆਖਦੀ ਹੈ-) ਮੈਂ ਆਪਣੇ ਗਲ ਵਿਚ ਫੁੱਲਾਂ ਦੀ ਮਾਲਾ ਪਾਵਾਂਗੀ, ਫੁੱਲਾਂ ਦਾ ਹਾਰ ਪਾਵਾਂਗੀ,
ਮੇਰਾ ਪਤੀ ਮਿਲੇਗਾ ਤਾਂ ਮੈਂ ਸਿੰਗਾਰ ਕਰਾਂਗੀ ॥੨॥
ਮੇਰੀਆਂ ਪੰਜੇ ਸਹੇਲੀਆਂ ਭੀ (ਗਿਆਨ-ਇੰਦ੍ਰੇ ਭੀ) ਜਿਨ੍ਹਾਂ ਦਾ ਜੀਵਾਤਮਾ ਹੀ ਖਸਮ ਹੈ (ਭਾਵ, ਜਿਨ੍ਹਾਂ ਦਾ ਸੁਖ ਦੁਖ ਜੀਵਾਤਮਾ ਦੇ ਸੁਖ ਦੁਖ ਨਾਲ ਸਾਂਝਾ ਹੈ)
(ਜੀਵਾਤਮਾ ਦੀ ਮਦਦ ਕਰਨ ਦੇ ਥਾਂ) ਸਰੀਰ ਦੇ ਭੋਗ ਵਿਚ ਹੀ ਲੱਗੀਆਂ ਹੋਈਆਂ ਹਨ (ਉਹਨਾਂ ਨੂੰ ਚਿੱਤ ਚੇਤੇ ਹੀ ਨਹੀਂ ਕਿ ਇਸ ਸਰੀਰ ਨਾਲੋਂ ਇਸ ਜੀਵਾਤਮਾ ਦਾ ਵਿਛੋੜਾ ਹੋ ਜਾਣਾ ਹੈ) ਜੀਵਾਤਮਾ ਨੇ ਚਲੇ ਜਾਣਾ ਹੈ ॥੩॥
(ਆਖ਼ਰ ਵਿਛੋੜੇ ਦਾ ਵੇਲਾ ਆ ਜਾਂਦਾ ਹੈ) ਪੰਜੇ ਸਹੇਲੀਆਂ ਰਲ ਕੇ ਸਿਰਫ਼ ਰੋ ਹੀ ਛਡਦੀਆਂ ਹਨ (ਭਾਵ, ਪੰਜੇ ਗਿਆਨ-ਇੰਦ੍ਰੇ ਜੀਵਾਤਮਾ ਦਾ ਸਾਥ ਛੱਡ ਦੇਂਦੇ ਹਨ, ਤੇ)
ਨਾਨਕ ਆਖਦਾ ਹੈ- ਜੀਵਾਤਮਾ (ਇਕੱਲਾ) ਲੇਖਾ ਦੇਣ ਲਈ ਫੜਿਆ ਜਾਂਦਾ ਹੈ ॥੪॥੧॥੩੪॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਆਸਾ, ਘਰ ੬ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਜੇ ਜੀਵ-ਇਸਤ੍ਰੀ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਏ (ਮੋਤੀਆਂ ਦੀ ਮਾਲਾ ਬਣਾਨ ਲਈ ਧਾਗੇ ਦੀ ਲੋੜ ਪੈਂਦੀ ਹੈ) ਜੇ ਸੁਆਸ ਸੁਆਸ (ਦਾ ਸਿਮਰਨ ਮੋਤੀ ਪ੍ਰੋਣ ਲਈ) ਧਾਗਾ ਬਣੇ,
ਜੇ ਦੁਨੀਆ ਦੀ ਵਧੀਕੀ ਨੂੰ ਸਹਾਰ ਲੈਣ ਦੇ ਸੁਭਾਵ ਨੂੰ ਜੀਵ-ਇਸਤ੍ਰੀ ਸਿੰਗਾਰ ਬਣਾ ਕੇ ਆਪਣੇ ਸਰੀਰ ਉਤੇ ਪਹਿਨ ਲਏ, ਤਾਂ ਪਤੀ-ਪ੍ਰਭੂ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਪੈਂਦੀ ਹੈ ॥੧॥
ਹੇ ਬਹੁ-ਗੁਣੀ ਲਾਲ ਪ੍ਰਭੂ! ਜੇਹੜੀ ਜੀਵ-ਇਸਤ੍ਰੀ ਤੇਰੇ ਗੁਣਾਂ ਵਿਚ ਸੁਰਤਿ ਜੋੜਦੀ ਹੈ,
ਉਸ ਨੂੰ ਤੇਰੇ ਵਾਲੇ ਗੁਣ ਕਿਸੇ ਹੋਰ ਵਿਚ ਨਹੀਂ ਦਿੱਸਦੇ (ਉਹ ਤੈਨੂੰ ਵਿਸਾਰ ਕੇ ਕਿਸੇ ਹੋਰ ਪਾਸੇ ਪ੍ਰੀਤ ਨਹੀਂ ਜੋੜਦੀ) ॥੧॥ ਰਹਾਉ ॥
ਜੇ ਜੀਵ-ਇਸਤ੍ਰੀ ਪਰਮਾਤਮਾ ਦੀ ਹਰ ਵੇਲੇ ਯਾਦ ਨੂੰ ਹਾਰ ਬਣਾ ਕੇ ਆਪਣੇ ਗਲ ਵਿਚ ਪਾ ਲਏ, ਜੇ ਪ੍ਰਭੂ-ਸਿਮਰਨ ਨੂੰ (ਦੰਦਾਂ ਦਾ) ਦੰਦਾਸਾ ਵਰਤੇ,
ਜੇ ਕਰਤਾਰ ਦੀ ਭਗਤੀ-ਸੇਵਾ ਨੂੰ ਕੰਗਣ ਬਣਾ ਕੇ ਹੱਥੀਂ ਪਾ ਲਏ, ਤਾਂ ਇਸ ਤਰ੍ਹਾਂ ਉਸ ਦਾ ਚਿੱਤ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੨॥
ਜੇ ਜੀਵ-ਇਸਤ੍ਰੀ ਹਰੀ-ਭਜਨ ਦੀ ਮੁੰਦਰੀ ਬਣਾ ਕੇ ਹੱਥ ਦੀ ਉਂਗਲੀ ਵਿਚ ਪਾ ਲਏ, ਪ੍ਰਭੂ ਨਾਮ ਦੀ ਓਟ ਨੂੰ ਆਪਣੀ ਪਤ ਦਾ ਰਾਖਾ ਰੇਸ਼ਮੀ ਕਪੜਾ ਬਣਾਏ,
(ਸਿਮਰਨ ਦੀ ਬਰਕਤਿ ਨਾਲ ਪ੍ਰਾਪਤ ਕੀਤੀ) ਗੰਭੀਰਤਾ ਨੂੰ ਪੱਟੀਆਂ ਸਜਾਣ ਹਿਤ ਵਰਤੇ, ਲੱਛਮੀ-ਪਤੀ ਪ੍ਰਭੂ ਦੇ ਨਾਮ ਦਾ (ਅੱਖਾਂ ਵਿਚ) ਸੁਰਮਾ ਪਾਏ ॥੩॥
ਜੇ ਜੀਵ-ਇਸਤ੍ਰੀ ਆਪਣੇ ਮਨ ਦੇ ਮਹਿਲ ਵਿਚ ਗਿਆਨ ਦਾ ਦੀਵਾ ਜਗਾਏ, ਹਿਰਦੇ ਨੂੰ (ਪ੍ਰਭੂ-ਮਿਲਾਪ ਵਾਸਤੇ) ਸੇਜ ਬਣਾਏ,
ਹੇ ਨਾਨਕ! (ਉਸ ਦੇ ਇਸ ਸਾਰੇ ਆਤਮਕ ਸਿੰਗਾਰ ਉਤੇ ਰੀਝ ਕੇ) ਜਦੋਂ ਗਿਆਨ-ਦਾਤਾ ਪ੍ਰਭੂ ਉਸ ਦੀ ਹਿਰਦੇ-ਸੇਜ ਉਤੇ ਪਰਗਟ ਹੁੰਦਾ ਹੈ, ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੪॥੧॥੩੫॥
(ਪਰ) ਹੇ ਭਾਈ! ਜੀਵ ਦੇ ਕੀਹ ਵੱਸ? ਜੀਵ ਉਹੀ ਕੁਝ ਕਰਦਾ ਹੈ ਜੋ ਪਰਮਾਤਮਾ ਉਸ ਤੋਂ ਕਰਾਂਦਾ ਹੈ।
ਜੀਵ ਦੀ ਕੋਈ ਸਿਆਣਪ ਕੰਮ ਨਹੀਂ ਆਉਂਦੀ, ਜੋ ਕੁਝ ਅਕਾਲ ਪੁਰਖ ਕਰਨਾ ਚਾਹੁੰਦਾ ਹੈ, ਉਹੀ ਕਰ ਰਿਹਾ ਹੈ ॥੧॥
(ਹੇ ਪ੍ਰਭੂ!) ਜੇਹੜਾ ਜੀਵ ਤੈਨੂੰ ਚੰਗਾ ਲਗਦਾ ਹੈ, ਉਸ ਨੂੰ ਤੇਰੀ ਰਜ਼ਾ ਮਿੱਠੀ ਲੱਗਣ ਲੱਗ ਪੈਂਦੀ ਹੈ।
(ਸੋ) ਹੇ ਨਾਨਕ! (ਪ੍ਰਭੂ ਦੇ ਦਰ ਤੋਂ) ਉਸ ਜੀਵ ਨੂੰ ਆਦਰ ਮਿਲਦਾ ਹੈ ਜੋ (ਉਸ ਦੀ ਰਜ਼ਾ ਵਿਚ ਰਹਿ ਕੇ) ਉਸ ਸਦਾ-ਥਿਰ ਮਾਲਕ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
ਸਾਡੇ ਜਨਮ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਜੋ ਇਕੱਠ ਸਾਡੇ ਮਨ ਵਿਚ ਉਕਰਿਆ ਪਿਆ ਹੁੰਦਾ ਹੈ, ਉਸ ਦੇ ਅਨੁਸਾਰ ਸਾਡੀ ਜੀਵਨ-ਰਾਹਦਾਰੀ ਲਿਖੀ ਪਈ ਹੁੰਦੀ ਹੈ, ਉਸ ਦੇ ਉਲਟ ਜ਼ੋਰ ਨਹੀਂ ਚੱਲ ਸਕਦਾ।
ਫਿਰ ਜੇਹੋ ਜੇਹਾ ਉਹ ਜੀਵਨ-ਲੇਖ ਲਿਖਿਆ ਪਿਆ ਹੈ, ਉਸ ਦੇ ਅਨੁਸਾਰ (ਜੀਵਨ-ਸਫ਼ਰ) ਉਘੜਦਾ ਚਲਾ ਆਉਂਦਾ ਹੈ, ਕੋਈ (ਉਹਨਾਂ ਲੀਹਾਂ ਨੂੰ ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ (ਉਹਨਾਂ ਨੂੰ ਮਿਟਾਣ ਦਾ ਇਕੋ ਇਕ ਤਰੀਕਾ ਹੈ-ਰਜ਼ਾ ਵਿਚ ਤੁਰ ਕੇ ਸਿਫ਼ਤਿ-ਸਾਲਾਹ ਕਰਦੇ ਰਹਿਣਾ) ॥੨॥
ਜੇ ਕੋਈ ਜੀਵ ਇਸ ਧੁਰੋਂ ਲਿਖੇ ਹੁਕਮ ਦੇ ਉਲਟ ਬੜੇ ਇਤਰਾਜ਼ ਕਰੀ ਜਾਏ (ਹੁਕਮ ਅਨੁਸਾਰ ਤੁਰਨ ਦੀ ਜਾਚ ਨ ਸਿੱਖੇ, ਉਸ ਦਾ ਸੰਵਰਦਾ ਕੁਝ ਨਹੀਂ, ਸਗੋਂ) ਉਸ ਦਾ ਨਾਮ ਬੜਬੋਲਾ ਹੀ ਪੈ ਸਕਦਾ ਹੈ।
(ਜੀਵਨ ਦੀ ਬਾਜ਼ੀ) ਸ਼ਤਰੰਜ (ਚੌਪੜ) ਦੀ ਬਾਜ਼ੀ (ਵਰਗੀ) ਹੈ, (ਰਜ਼ਾ ਦੇ ਉਲਟ ਤੁਰਿਆਂ ਤੇ ਗਿਲੇ ਕੀਤਿਆਂ ਇਹ ਬਾਜ਼ੀ) ਜਿੱਤੀ ਨਹੀਂ ਜਾ ਸਕੇਗੀ, ਨਰਦਾਂ ਕੱਚੀਆਂ ਹੀ ਰਹਿੰਦੀਆਂ ਹਨ (ਪੁੱਗਦੀਆਂ ਸਿਰਫ਼ ਉਹੀ ਹਨ ਜੋ) ਪੁੱਗਣ ਵਾਲੇ ਘਰ ਵਿਚ ਜਾ (ਪਹੁੰਚਦੀਆਂ ਹਨ) ॥੩॥
ਇਸ ਰਸਤੇ ਵਿਚ ਨਾਹ ਕੋਈ ਵਿਦਵਾਨ ਪੰਡਿਤ ਸਿਆਣਾ ਕਿਹਾ ਜਾ ਸਕਦਾ ਹੈ, ਨਾਹ ਕੋਈ (ਅਨਪੜ੍ਹ) ਮੂਰਖ ਭੈੜਾ ਮੰਨਿਆ ਜਾ ਸਕਦਾ ਹੈ (ਜੀਵਨ ਦੇ ਸਹੀ ਰਸਤੇ ਵਿਚ ਨਾਹ ਨਿਰੀ ਵਿੱਦਵਤਾ ਸਫਲਤਾ ਦਾ ਵਸੀਲਾ ਹੈ, ਨਾਹ ਅਨਪੜ੍ਹਤਾ ਵਾਸਤੇ ਅਸਫਲਤਾ ਜ਼ਰੂਰੀ ਹੈ)।
ਉਹ ਜੀਵ ਬੰਦਾ ਅਖਵਾ ਸਕਦਾ ਹੈ ਜਿਸ ਨੂੰ ਪ੍ਰਭੂ ਆਪਣੀ ਰਜ਼ਾ ਵਿਚ ਰੱਖ ਕੇ ਉਸ ਪਾਸੋਂ ਆਪਣੀ ਸਿਫ਼ਤਿ-ਸਾਲਾਹ ਕਰਾਂਦਾ ਹੈ ॥੪॥੨॥੩੬॥
(ਹੇ ਜੋਗੀ!) ਗੁਰੂ ਦਾ ਸ਼ਬਦ ਮੈਂ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ ਇਹ ਹਨ ਮੁੰਦ੍ਰਾਂ (ਜੋ ਮੈਂ ਕੰਨਾਂ ਵਿਚ ਨਹੀਂ, ਮਨ ਵਿਚ ਪਾਈਆਂ ਹੋਈਆਂ ਹਨ)। ਮੈਂ ਖਿਮਾ ਦਾ ਸੁਭਾਉ (ਪਕਾ ਰਿਹਾ ਹਾਂ, ਇਹ ਮੈਂ) ਗੋਦੜੀ ਪਹਿਨਦਾ ਹਾਂ।
ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਮੈਂ ਜੀਵਾਂ ਦੀ ਭਲਾਈ ਵਾਸਤੇ ਹੀ ਮੰਨਦਾ ਹਾਂ, ਇਸ ਤਰ੍ਹਾਂ ਮੇਰਾ ਮਨ ਡੋਲਣੋਂ ਬਚਿਆ ਰਹਿੰਦਾ ਹੈ-ਇਹ ਹੈ ਜੋਗ-ਸਾਧਨਾਂ ਦਾ ਖ਼ਜ਼ਾਨਾ, ਜੋ ਮੈਂ ਇਕੱਠਾ ਕਰ ਰਿਹਾ ਹਾਂ ॥੧॥